ਸਿੱਖ ਖਬਰਾਂ

ਭਾਈ ਮਨਦੀਪ ਸਿੰਘ ਵਲੋਂ ਕੀਤੀ ਕਾਰਵਾਈ ਦੇ ਕਾਰਨ ਸਮਝਣਾ ਸਮੇਂ ਦੀ ਲੋੜ : ਪੰਚ ਪ੍ਰਧਾਨੀ

By ਪਰਦੀਪ ਸਿੰਘ

September 06, 2012

ਚੰਡੀਗੜ੍ਹ, 5 ਸਤੰਬਰ  : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ’ਚ ਬਾਹਰਲੇ ਸੂਬਿਆਂ ਤੋਂ ਆ ਰਹੀ ਲੇਬਰ ਦੀ ਰਜਿਸਟ੍ਰੇਸ਼ਨ ਸਖ਼ਤੀ ਨਾਲ ਲਾਜ਼ਮੀ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲੇਬਰ ਦੀ ਲੋੜ ਹੈ ਪਰ ਅਸੀਂ ਆਪਣੀ ਧਰਤੀ ’ਤੇ ਸਾਂਤੀ ਅਤੇ ਰਾਜ ਦੀ ਆਰਥਿਕ ਹਾਲਤ ਤੋਂ ਵੀ ਚਿੰਤਤ ਹਾਂ ਅਤੇ ਨਹੀਂ ਚਾਹੁੰਦੇ ਕਿ ਬਾਹਰਲੇ ਰਾਜਾਂ ਤੋਂ ਆ ਰਹੀ ਲੇਬਰ ਇੱਥੇ ਆ ਕੇ ਅਪਰਾਧਾਂ ਨੂੰ ਅੰਜ਼ਾਮ ਦਵੇ।ਉਨ੍ਹਾਂ ਕਿਹਾ ਕਿ ਪੰਜਾਬ ’ਚ ਆ ਰਹੇ ਇਨ੍ਹਾਂ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਤੋਂ ਪੰਜਾਬ ਦਾ ਨੌਜਵਾਨ ਬੇਹੱਦ ਦੁਖੀ ਹੈ। ਇਸੇ ਕਾਰਨ ਭਾਈ ਮਨਦੀਪ ਸਿੰਘ ਵਰਗੇ ਨੌਜਵਾਨਾਂ ਨੂੰ ਆਪਣੀ ਹਸਦੀ ਵਸਦੀ ਜ਼ਿੰਦਗੀ ਨੂੰ ਛੱਡ ਕੇ ਕੁਰਬਾਨੀਆਂ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸ ਲਈ ਇਸ ਕੁਰਬਾਨੀ ਪਿਛਲੇ ਕਾਰਨਾਂ ਨੂੰ ਸਮਝਣ ਦੀ ਲੋੜ ਹੈ। ਭਾਈ ਚੀਮਾ ਨੇ ਕਿਹਾ ਕਿ ਪੰਜਾਬ ’ਚ ਇਸ ਸਮੇਂ 20 ਲੱਖ ਤੋਂ ਵੱਧ ਪ੍ਰਵਾਸੀ ਲੋਕ ਰਹਿ ਰਹੇ ਹਨ। ਜਿਸ ਕਾਰਨ ਹਰ ਮਹੀਨੇ ਇਨ੍ਹਾਂ ਵਲੋਂ ਸਿਰਫ਼ ਜਾਇਜ਼ ਕਮਾਈ ਦੀ ਪੰਜਾਬ ਚੋਂ ਆਪਣੇ ਸੂਬਿਆਂ ਨੂੰ ਭੇਜੀ ਜਾਂਦੀ ਰਕਮ ਵੀ 1 ਅਰਬ ਤੋਂ ਵੱਧ ਬਣਦੀ ਹੈ। ਨਜ਼ਾਇਜ ਕਮਾਈ ਦਾ ਹਿਸਾਬ ਇਸ ਤੋਂ ਕਿਤੇ ਵੱਧ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਮਾੜੀ ਆਰਥਿਕ ਹਾਲਤ ’ਚੋਂ ਲੰਘ ਰਿਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਪ੍ਰਵਾਸੀ ਦੀ ਰਜਿਸਟ੍ਰੇਸ਼ਨ ਕਰਕੇ ਰਿਕਾਰਡ ਰੱਖਿਆ ਜਾਵੇ ਤੇ ਹਰ ਪ੍ਰਵਾਸੀ ’ਤੋਂ ਟੈਕਸ ਵਜੋਂ 50 ਰੁਪਏ ਮਹੀਨਾ, ਜੋ ਕਿ ਮਾਮੂਲੀ ਰਕਮ ਬਣਦੀ ਹੈ, ਵਸੂਲੇ ਜਾਣ ਤਾਂ ਹਰ ਮਹੀਨੇ ਪੰਜਾਬ ਦੇ ਖਜ਼ਾਨੇ ’ਚ ਘੱਟ-ਘੱਟ 10 ਕਰੋੜ ਰੁਪਏ ਜਮ੍ਹਾ ਹੋਣੇ ਸ਼ੁਰੂ ਹੋ ਜਾਣਗੇ। ਭਾਈ ਚੀਮਾ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਨਿੱਤ ਦਿਨ ਹੁੰਦੀਆਂ ਵਾਰਦਤਾਂ ’ਚ 70 ਫ਼ੀਸਦੀ ਤੋਂ ਵੱਧ ਇਨ੍ਹਾਂ ਲੋਕਾਂ ਦੀ ਹੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ। ਇਸ ਸਮੇਂ ਪੰਜਾਬ ਦੀਆਂ ਜੇਲ੍ਹਾਂ ’ਚ ਹਜ਼ਾਰਾਂ ਦੀ ਗਿਣਤੀ ’ਚ ਭਈਏ ਬੰਦ ਹਨ। ਉਨ੍ਹਾ ਕਿਹਾ ਕਿ ਹੁਣ ਤੱਕ ਗੁਰਦੁਆਰਿਆਂ ’ਤੇ ਹਮਲੇ ਕਰਨ ਦੇ ਵੀ ਕਿੰਨੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਾਹਨੇਵਾਲ ਦੇ ਤਾਜ਼ਾ ਮਾਮਲੇ ਦੀ ਮਿਸਾਲ ਸਾਹਮਣੇ ਹੈ। ਜਿੱਥੇ ਅੱਧੀ ਰਾਤ ਨੂੰ ਨਸ਼ੇ ’ਚ ਗੜੁੱਚ ਹੋ ਕੇ ਭਈਆਂ ਨੇ ਗੁਰਦੁਆਰਾ ਸਾਹਿਬ ’ਤੇ ਹਮਲਾ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਭਾਈ ਚੀਮਾ ਨੇ ਕਿਹਾ ਕਿ ਇਸ ਘਟਨਾ ਪਿੱਛੇ ਬਹੁਤ ਵੱਡੀ ਸਾਜ਼ਿਸ ਕੰਮ ਕਰਦੀ ਨਜ਼ਰ ਆ ਰਹੀ ਹੈ। ਪੰਜਾਬ ਦੀ ਧਰਤੀ ’ਤੇ ਵੱਡੇ ਪੱਧਰ ’ਤੇ ਆ ਰਹੇ ਇਨ੍ਹਾਂ ਲੋਕਾਂ ਰਾਹੀਂ ਕਦੇ ਵੀ ਸਿੱਖ ਵਸੋਂ ਦੇ ਵਿਰੁੱਧ ਹਿੰਸਕ ਵਰਤੋਂ ਕੀਤੀ ਜਾ ਸਕਦੀ ਹੈ। ਪਿਛਲੇ ਸਮੇਂ ’ਚ ਲੁਧਿਆਣਾ ਵਿਖੇ ਭਈਆਂ ਵਲੋਂ ਮਚਾਇਆ ਤਾਂਡਵ ਨਾਚ ਕਿਸੇ ਨੂੰ ਭੁੱਲਣਾ ਨਹੀਂ ਚਾਹੀਦਾ ਜਦੋਂ ਪੁਲਿਸ ਨੇ ਵੀ ਇਸ ਗੁੰਡਾਗਰਦੀ ਸਾਹਮਣੇ ਹੱਥ ਖੜ੍ਹੇ ਕਰ ਦਿੱਤੇ ਸਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਮੂਲ ਬਸ਼ਿੰਦਿਆਂ ਨੂੰ ਆਪਣੇ ਰਾਸ਼ਨ ਕਾਰਡ ਬਣਵਾਉਣ ’ਚ ਵੱਡੀਆਂ ਮੁਸ਼ਕਿਲਾਂ ਆਉਂਦੀਆਂ ਹਨ ਪਰ ਪ੍ਰਸਾਸ਼ਨ ਵੱਲੋਂ ਇਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਬਿਨਾਂ ਕਿਸੇ ਦਸਤਾਵੇਜ਼ੀ ਪਛਾਣ ਤੋਂ ਪਹਿਲ ਦੇ ਆਧਾਰ ਬਣਾਏ ਜਾ ਰਹੇ ਹਨ। ਇਸ ਪਿੱਛੇ ਕੰਮ ਕਰਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੈ ਨਹੀਂ ਤਾਂ ਇਕ ਦਿਨ ਬਹੁਤ ਪਛਤਾਵਾ ਕਰਨਾ ਪਵੇਗਾ ਅਤੇ ਉਦੋਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਇਸ ਲਈ ਇਨ੍ਹਾ ਲੋਕਾਂ ਦੀ ਰਜਿਸਟ੍ਰੇਸ਼ਨ ਕੲਕੇ ਸਨਾਖਤੀ ਕਾਰਡ ਜਾਰੀ ਕੀਤੇ ਜਾਣ ਅਤੇ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਲਈ ਟੈਕਸ ਵਸੂਲਣਾ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕਿਸ ਤਰ੍ਹਾਂ ਭਾਰਤੀ ਸੂਬਿਆਂ ’ਚ ਉਨ੍ਹਾਂ ਤੋਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਪਹਿਲਾਂ ਉਤਰਾਖੰਡ, ਹਰਿਆਣਾ ਅਤੇ ਹੁਣ ਗੁਜਰਾਤ ਦੀਆਂ ਮਿਸ਼ਾਲਾਂ ਸਾਹਮਣੇ ਹਨ।ਪੰਜਾਬ ਸਰਕਾਰ ਨੂੰ ਨਿੱਜ਼ੀ ਅਤੇ ਸਿਆਸੀ ਲਾਭਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਲੋਕ-ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: