ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਜਾਂ ਉਸਦੇ ਪੈਰੋਕਾਰਾਂ ਨਾਲ ਇਕੱਤਰਤਾਵਾਂ ਕਰਨ ਵਾਲੇ ਸਿਆਸੀ ਆਗੂਆਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦੇ ਦੋਸ਼ੀ ਐਲਾਨਦਿਆਂ ਭਾਈ ਧਿਆਨ ਸਿੰਘ ਮੰਡ ਅਤੇ ਸਾਥੀ ਸਿੰਘਾਂ ਵਲੋਂ ਇਨ੍ਹਾਂ ਸਿਆਸੀ ਲੋਕਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਹੈ।
ਅੱਜ ਅਕਾਲ ਤਖਤ ਸਾਹਿਬ ਵਿਖੇ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਜਗਮੀਤ ਸਿੰਘ ਅਤੇ ਭਾਈ ਮੇਜਰ ਸਿੰਘ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 40 ਦੇ ਕਰੀਬ ਆਗੂਆਂ ਨੂੰ ਵੋਟਾਂ ਖਾਤਿਰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਦੱਸਿਆ ਹੈ ਕਿ ਇਨ੍ਹਾਂ ਸਿਆਸੀ ਆਗੂਆਂ ਨੂੰ ਆਪਣਾ ਪੱਖ ਸਪੱਸ਼ਟ ਕਰਨ ਲਈ ਵਾਰ-ਵਾਰ ਮੌਕਾ ਦਿੱਤਾ ਗਿਆ।
ਸਬੰਧਤ ਖ਼ਬਰ: ਵੋਟਾਂ ਖਾਤਰ ਡੇਰਾ ਸਿਰਸਾ ਜਾਣ ਵਾਲੇ ਸਿਆਸੀ ਆਗੂਆਂ ਵਲੋਂ ਸਜ਼ਾ ਪੂਰੀ ਕਰਕੇ ਅਰਦਾਸ ਕੀਤੀ ਗਈ …
ਭਾਈ ਮੰਡ ਨੇ ਕਿਹਾ ਕਿ ਅਜਿਹਾ ਹਰਗਿਜ਼ ਨਹੀਂ ਹੋ ਸਕਦਾ ਕਿ ਕੋਈ ਵੀ ਸ਼ਖਸ ਭਾਵੇਂ ਉਸ ਕਿੰਨੇ ਵੀ ਵੱਡੇ ਸਮਾਜਿਕ ਅਹੁਦੇ ‘ਤੇ ਕਿਉਂ ਨਾ ਹੋਵੇ ਕਿ ਉਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰੇ। ਭਾਈ ਮੰਡ ਨੇ ਕਿਹਾ ਕਿਉਂਕਿ ਇਹ ਸਿਆਸੀ ਆਗੂ ਸਿਰਫ ਵੋਟਾਂ ਖਾਤਰ ਹੀ ਅਜਿਹੀ ਭੁੱਲ ਕਰਨ ਦੇ ਦੋਸ਼ੀ ਹਨ ਇਸ ਲਈ ਦੇਸ਼-ਵਿਦੇਸ਼ ਵੱਸਦੀ ਸੰਗਤ ਨੂੰ ਅਦੇਸ਼ ਹੈ ਕਿ ਉਹ ਇਨ੍ਹਾਂ ਲੋਕਾਂ ਨੂੰ ਕਦੇ ਵੀ ਵੋਟ ਪਾਉਣ ਦੀ ਗਲਤੀ ਨਾ ਕਰਨ। ਇਸ ਮੌਕੇ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਜਗਦੀਪ ਸਿੰਘ ਭੁੱਲਰ ਹਾਜ਼ਰ ਸਨ।