ਭਾਈ ਗੁਰਦੀਪ ਸਿੰਘ ਖੇੜਾ

ਸਿੱਖ ਖਬਰਾਂ

ਭਾਈ ਗੁਰਦੀਪ ਸਿੰਘ ਖੇੜਾ ਕਰਨਾਟਕ ਤੋਂ ਅੰਮ੍ਰਿਤਸਰ ਦੀ ਜੇਲ ਵਿੱਚ ਪਹੁੰਚੇ

By ਸਿੱਖ ਸਿਆਸਤ ਬਿਊਰੋ

June 26, 2015

ਅੰਮਿ੍ਤਸਰ (25 ਜੂਨ, 2015): ਸਿੱਖ ਸਿਆਸੀ ਕੈਦੀ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਪੰਜਾਬ ਵਿੱਚ ਜੇਲ ਬਦਲੀ ਤੋਂ ਬਾਅਦ ਅੱਜ ਭਾਈ ਗੁਰਦੀਪ ਸਿੰਘ ਖੇੜਾ ਵੀ ਅੰਮ੍ਰਿਤਸਰ ਦੀ ਜੇਲ ਵਿੱਚ ਪੁੱਜ ਗਏ ਹਨ।ਕਰਨਾਟਕਾ ਦੀ ਗੁਲਬਰਗਾ ਜੇਲ੍ਹ ‘ਚ ਉਮਰ ਕੈਦ ਦੀ ਸਜ਼ਾ ਤਹਿਤ ਬੰਦ ਰਹੇ ਖਾੜਕੂ ਗੁਰਦੀਪ ਸਿੰਘ ਖੇੜਾ  ਨੂੰ ਕਰਨਾਟਕਾ ਦੀ ਪੁਲਿਸ ਅੱਜ ਦੇਰ ਰਾਤ ਸੰਚਖੰਡ ਗੱਡੀ ਰਾਹੀਂ ਲੈ ਕੇ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਅੰਮਿ੍ਤਸਰ ਰੇਲਵੇ ਸਟੇਸ਼ਨ ‘ਤੇ 1.45 ‘ਤੇ ਪੁੱਜੀ ।

ਰੇਲਵੇ ਸਟੇਸ਼ਨ ਪੁੱਜਣ ਤੋਂ ਬਾਅਦ ਪੁਲਿਸ ਗੁਰਦੀਪ ਸਿੰਘ ਖੇੜਾ  ਨੂੰ ਲੈ ਕੇ ਕੇਂਦਰੀ ਜੇਲ੍ਹ ਲਈ ਰਵਾਨਾ ਹੋ ਗਈ । ਗੁਰਦੀਪ ਸਿੰਘ ਨੇ ਕਾਲੇ ਰੰਗ ਦੀ ਛੋਟੀ ਦਸਤਾਰ ਅਤੇ ਕੇਸਰੀ ਰੰਗ ਦੀ ਟੀ ਸ਼ਰਟ ਪਹਿਨੀ ਹੋਈ ਸੀ ।

ਸਟੇਸ਼ਨ ‘ਤੇ ਪੁੱਜਣ ਸਾਰ ਹੀ ਪਹਿਲਾਂ ਤੋਂ ਮੌਜੂਦ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਉਸ ਨੂੰ ਮਿਲਣ ਲਈ ਇਹ ਆਗੂ ਜਿਉਂ ਹੀ ਅੱਗੇ ਵਧੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ । ਜਿਸ ਮਗਰੋਂ ਪੰਥਕ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ।

ਜੀ ਆਰ ਪੀ ਐਫ ਵੱਲੋਂ ਇੰਸਪੈਕਟਰ ਧਰਮਿੰਦਰ ਕਲਿਆਣ ਤੇ ਪੁਲਿਸ ਦੇ ਏ. ਸੀ. ਪੀ. ਹਰਜੀਤ ਸਿੰਘ ਦੀ ਅਗਵਾਈ ਹੇਠ ਪਹਿਲਾਂ ਤੋਂ ਮੌਜੂਦ ਵੱਡੀ ਗਿਣਤੀ ਵਿਚ ਪੁਲਿਸ ਨੇ ਭਾਈ ਗੁਰਦੀਪ ਸਿੰਘ ਖੇੜਾ ਨੂੰ ਗੱਡੀ ‘ਚੋਂ ਉਤਰਦਿਆਂ ਹੀ ਆਪਣੇ ਘੇਰੇ ਵਿਚ ਲੈ ਲਿਆ ।

ਯੂਨਾਇਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਪੁਲਿਸ ਸਿੱਖਾਂ ਨਾਲ ਹਮੇਸ਼ਾ ਵਿਤਕਰਾ ਕਰਦੀ ਹੈ । ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਭਾਈ ਬਲਵੰਤ ਸਿੰਘ ਗੋਪਾਲਾ, ਜ਼ਿਲ੍ਹਾ ਪ੍ਰਧਾਨ ਸਿਮਰਜੀਤ ਸਿੰਘ, ਪਰਮਜੀਤ ਸਿੰਘ ਜਜੋਆਣਾ ਜ਼ਿਲ੍ਹਾ ਪ੍ਰਧਾਨ ਯੂਨਾਇਟਿਡ ਅਕਾਲੀ ਦਲ, ਸ਼ੋ੍ਰਮਣੀ ਅਕਾਲੀ ਦਲ (ਅ) ਤੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਆਦਿ ਰੇਲਵੇ ਸਟੇਸ਼ਨ ‘ਤੇ ਪੁੱਜੇ ਹੋਏ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: