ਸਿੱਖ ਖਬਰਾਂ

ਬੰਦੀ ਸਿੰਘ ਰਿਹਾਈ ਮੋਰਚਾ ਬਿਨਾਂ ਕਿਸੇ ਪ੍ਰਾਪਤੀ ਤੋਂ ਖਤਮ, ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਛੱਡੀ

By ਸਿੱਖ ਸਿਆਸਤ ਬਿਊਰੋ

January 16, 2015

ਅੰਬਾਲਾ (15 ਜਨਵਰੀ,2015): ਭਾਈ ਗੁਰਬਖਸ਼ ਸਿੰਘ ਖਲਾਸਾ ਵੱਲੌਂ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭਿਆ ਸ਼ੰਘਰਸ਼ ਅੱਜ ਉਸ ਸਮੇਂ ਬਿਨਾ ਕਿਸੇ ਪ੍ਰਾਪਤੀ ਤੋਂ ਖਤਮ ਹੋ ਗਿਆ, ਜਦ ਉਨ੍ਹਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਹੱਥੋਂ ਜੂਸ ਪੀ ਕੇ ਪਿੱਛਲੇ 63 ਦਿਨਾਂ ਤੋਂ ਚੱਲ ਰਹੀ ਭੱਖ ਹੜਤਾਲ ਖਤਲ ਕਰ ਦਿੱਤੀ।

ਇਸਤੋਂ ਪਹਿਲਾਂ ਸਾਲ 2013 ਵਿੱਚ ਵੀ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ 48 ਦਿਨ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿੱਚ ਭੁੱਖ ਹੜਾਲ ਕੀਤੀ ਸੀ, ਜਿਸਨੂੰ ਉਨ੍ਹਾਂ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਹਿਣ ‘ਤੇ ਖਤਮ ਕੀਤੀ ਸੀ।ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ‘ਤੇ ਭੁੱਖ ਹੜਤਾਲ ਖਤਮ ਕਰਵਾਉਣ ਦਾ ਠੀਕਰਾ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਭੰਨਦੇ ਰਹੇ ਜਨ।

ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਅੱਜ ਸ਼ਾਮ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਥੇਬੰਦੀਆਂ ਵੱਲੋਂ ਬੇਨਤੀ ਕਰਨ ’ਤੇ ਸਿਵਲ ਹਸਪਤਾਲ ਵਿੱਚ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਤੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਠੋਲ ਨੇੜੇ ਪੈਂਦੇ ਆਪਣੇ ਜੱਦੀ ਪਿੰਡ ਠਸਕਾ ਅਲੀ ਨੂੰ ਚਲੇ ਗਏ। ਭਾਈ ਖ਼ਾਲਸਾ ਨੇ ਮੀਡੀਆ ਨੂੰ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਲੋਕ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੇ ਲਿਖਤ ਰੂਪ ਵਿੱਚ ਹੁਕਮ ਦਿੱਤਾ ਹੈ ਕਿ ਹੁਣ ਉਹ ਆਪਣੀ ਭੁੱਖ ਹੜਤਾਲ ਖਤਮ ਕਰਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਬਾਠ ਵੱਲੋਂ ਜੋ ਪੱਤਰ ਭਾਈ ਗੁਰਬਖ਼ਸ਼ ਸਿੰਘ ਨੂੰ ਆਪਣੀ ਭੁੱਖ ਹੜਤਾਲ ਖਤਮ ਕਰਨ ਲਈ ਦਿੱਤਾ ਗਿਆ। ਉਸ ਵਿੱਚ ਕਿਹਾ ਗਿਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਇੱਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿੱਤਾ ਗਿਆ ਹੈ ਜਿਸ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਦੇਸ਼ ਦੇ ਗ੍ਰਹਿ ਸਕੱਤਰ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੀਤ ਪ੍ਰਧਾਨ ਹਰਪਾਲ ਸਿੰਘ ਮਛੌਂਡਾ ਨੇ ਕਿਹਾ ਕਿ ਭਾਈ ਗੁਰਬਖ਼ਸ਼ ਸਿੰਘ ਨੇ ਸੰਗਤਾਂ ਨੂੰ ਦੋ ਮਹੀਨੇ ਗੰੁਮਰਾਹ ਕੀਤਾ ਹੈ। ਜੇ ਉਨ੍ਹਾਂ ਨੇ ਸੰਕਲਪ ਲਿਆ ਸੀ ਤਾਂ ਉਸ ਨੂੰ ਪੂਰਾ ਕਰਨਾ ਚਾਹੀਦਾ ਸੀ।

ਸ਼੍ਰ ਮਛੌਂਡਾ ਨੇ ਕਿਹਾ ਕਿ ਭਾਈ ਖ਼ਾਲਸਾ ਤਾਂ ਕਾਫੀ ਦੇਰ ਦਾ ਇਸ ਸੰਘਰਸ਼ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਸੀ। ਭਾਈ ਖ਼ਾਲਸਾ ਨੇ ਦਿੱਲੀ ਕਮੇਟੀ ਦੇ ਮੈਂਬਰਾਂ ਦਰਸ਼ਨ ਸਿੰਘ, ਸਮਰਦੀਪ ਸਿੰਘ ਸੰਨੀ, ਜਸਬੀਰ ਸਿੰਘ ਅਤੇ ਕੁਲਵੰਤ ਸਿੰਘ ਦੀ ਮੌਜੂਦਗੀ ਵਿਚ ਜੂਸ ਪੀ ਕੇ 63ਵੇਂ ਦਿਨ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ।

ਇਨ੍ਹਾਂ ਮੈਂਬਰਾਂ ਨੇ ਭਾਈ ਖ਼ਾਲਸਾ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਿੱਖ ਕੈਦੀਆਂ ਦੀ ਰਿਹਾਈ ਕਾਨੂੰਨੀ ਮਾਮਲਾ ਹੈ, ਇਸ ਲਈ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: