ਚੰਡੀਗੜ੍ਹ : ਹਾਲ ਹੀ ਵਿੱਚ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਸਿੱਖ ਸਿਆਸੀ ਕੈਦੀ ਭਾਈ ਦਿਲਬਾਗ ਸਿੰਘ ਬਾਘਾ ਦੀ ਜੇਲ੍ਹ ਰਿਹਾਈ ਦਾ ਫੈਸਲਾ ਲੈ ਲਿਆ ਹੈ। ਭਾਈ ਦਿਲਬਾਗ ਸਿੰਘ ਜੀ ਨਾਭਾ ਜੇਲ੍ਹ ਵਿੱਚ ਕੈਦ ਹਨ ਅਤੇ ਫਿਲਹਾਲ ਉਹ ਪੈਰੋਲ ਉੱਤੇ ਹਨ। ਉਹਨਾਂ ਦਾ ਨਾਂ ਵਕੀਲ ਸਰਦਾਰ ਜਸਪਾਲ ਸਿੰਘ ਮੰਝਪੁਰ ਵਲੋਂ ਬਣਾਈ ਗਈ ਰਾਜਸੀ ਸਿੱਖ ਕੈਦੀਆਂ ਦੀ ਸੂਚੀ ਵਿੱਚ ਹੈ।
ਜਿਕਰਯੋਗ ਹੈ ਕਿ ਦਿਲਬਾਗ ਸਿੰਘ ਜੀ ਨੂੰ 26 ਫਰਵਰੀ 2007 ਨੂੰ ਐਫ.ਆਈ.ਆਰ ਨੰ.19/05/1992(ਪੁਲਸ ਥਾਣਾ ਘੱਗਾ) ਦੇ ਮੁਕੱਦਮੇ ਵਿੱਚ ਭਾਰਤੀ ਸਜਾਵਲੀ ਦੀ ਧਾਰਾ 302 ਅਨੁਸਾਰ ਉਮਰਕੈਦ ਦੀ ਸਜਾ ਹੋਈ ਸੀ।
ਸਿੱਖ ਸਿਆਸਤ ਵੱਲੋਂ ਪੜਤਾਲੇ ਗਏ ਦਸਤਾਵੇਜਾਂ ਤੋਂ ਸਾਹਮਣੇ ਆਉਂਦਾ ਹੈ ਕਿ ਭਾਈ ਦਿਲਬਾਗ ਸਿੰਘ ਬਾਘਾ ਨੇ 23 ਸਾਲ(ਛੋਟਾਂ ਸਮੇਤ 23 ਸਾਲ ਅਤੇ ਛੋਟਾਂ ਬਗੈਰ 17 ਸਾਲ) ਕੈਦ ਵਿਚ ਕੱਟੇ ਹਨ।
ਪੰਜਾਬ ਸਰਕਾਰ ਵਲੋਂ ਵਰਤੀ ਜਾਂਦੀ ਨੀਤੀ ਅਨੁਸਾਰ ਉਮਰ ਕੈਦ ਦੀ ਸਜਾ ਕੱਟ ਰਿਹਾ ਕੈਦੀ 18 ਸਾਲ(ਛੋਟਾਂ ਸਮੇਤ ਅਤੇ ਬਗੈਰ ਛੋਟ 12 ਸਾਲ) ਦੀ ਸਜਾ ਕੱਟਣ ਤੋਂ ਬਾਅਦ ਰਿਹਾਅ ਕੀਤਾ ਜਾ ਸਕਦਾ ਹੈ।
ਭਾਈ ਦਿਲਬਾਗ ਸਿੰਘ ਬਾਘਾ ਦੀ ਰਿਹਾਈ ਲਈ ਹੁਕਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਜਾਰੀ ਕੀਤੇ ਗਏ ਹਨ।
ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਲੰਬੇ ਚਿਰ ਤੋਂ ਚੁੱਕਿਆ ਜਾ ਰਿਹਾ ਹੈ।
ਸਾਲ 2004 ਵਿਚ ਪਹਿਲੀ ਵਾਰ ਇਹ ਮਸਲਾ ਸ਼੍ਰੋਮਣੀ ਖਾਲਸਾ ਦਲ ਵਲੋਂ ਚੁੱਕਿਆ ਗਿਆ ਅਤੇ ਪਹਿਲੀ ਵਾਰ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੱਖ ਰਾਜਸੀ ਕੈਦੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ।
ਸਾਲ 2012 ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਸੰਘਰਸ਼ ਕੀਤਾ ਗਿਆ ਸੀ।
ਸਾਲ 2015 ਵਿਚ ਬਾਪੂ ਸਰਤ ਸਿੰਘ ਖਾਲਸਾ ਵਲੋਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ।
1ਜੂਨ 2018 ਨੂੰ ਭਾਈ ਧਿਆਨ ਸਿੰਘ ਮੰਡ ਵਲੋਂ ਬਰਗਾੜੀ ਵਿਖੇ ਇੰਨਸਾਫ ਮੋਰਚਾ ਸ਼ੁਰੂ ਕੀਤਾ ਗਿਆ ਜਿਸ ਦੀਆਂ ਤਿੰਨ ਮੰਗਾਂ ਵਿੱਚੋਂ ਇੱਕ ਮੰਗ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵੀ ਹੈ।