ਸਿੱਖ ਖਬਰਾਂ

ਭਾਈ ਦਿਲਾਵਰ ਸਿੰਘ ਸਿੱਖਾਂ ਦੇ ਕੌਮੀ ਸ਼ਹੀਦ; ਭਾਈ ਬਲਵੰਤ ਸਿੰਘ ਜ਼ਿੰਦਾ ਸ਼ਹੀਦ: ਸ਼੍ਰੀ ਅਕਾਲ ਤਖਤ ਸਾਹਿਬ

March 23, 2012 | By

ਅੰਮ੍ਰਿਤਸਰ, ਪੰਜਾਬ (ਮਾਰਚ 23, 2012): ਸ਼੍ਰੀ ਅਕਾਲ ਤਖਤ ਸਾਹਿਬ ਨੇ ਭਾਈ ਦਿਲਾਵਰ ਸਿੰਘ ਨੂੰ ਸਿੱਖ ਕੌਮ ਦਾ ਕੌਮੀ ਸ਼ਹੀਦ ਐਲਾਨਿਆ ਹੈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਿੱਖ ਕੌਮ ਦਾ ਜ਼ਿੰਦਾ ਸ਼ਹੀਦ ਐਲਾਨਿਆ ਹੈ। ਪੰਜ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬ ਨੇ ਅੱਜ ਇਕੱਤਰਤਾ ਤੋਂ ਬਾਅਦ ਐਲਾਨ ਕੀਤਾ ਹੈ ਕਿ ਸ. ਪਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਬਾਦਲ ਦਲ), ਸ. ਸੁਖਬੀਰ ਸਿੰਘ ਬਾਦਲ (ਪ੍ਰਧਾਨ ਬਾਦਲ ਦਲ) ਅਤੇ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਰਾਸ਼ਟਰਪਤੀ ਨੂੰ ਮਿਲ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਉਪਰਾਲਾ ਕਰਨ ਤੇ ਭਾਰਤ ਸਰਕਾਰ ਤੱਕ ਸਿੱਖਾਂ ਦੀਆਂ ਭਾਵਨਾਵਾਂ ਪਹੁੰਚਦੀਆਂ ਕਰਨ।
ਉਨ੍ਹਾਂ ਸਿੱਖ ਸੰਗਤਾਂ ਨੂੰ ਕਿਹਾ ਹੈ ਕਿ ਉਹ 28 ਮਾਰਚ, 2012 ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਕਰਕੇ ਨਾਮ ਸਿਮਰਨ ਕਰਨ।
ਇਹ ਐਲਾਨ ਸੁਣਨ ਤੋਂ ਬਾਅਦ ਸਿੱਖ ਜਥੇਬੰਦੀਆਂ ਉੱਤੇ ਅਧਾਰਤ ਸੱਤ ਮੈਂਬਰੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੇ ਵਿਰੋਧ ਵਿਚ 28 ਮਾਰਚ, 2012 ਨੂੰ ਪੰਜਾਬ ਬੰਦ ਕੀਤਾ ਜਾਵੇਗਾ। 29 ਮਾਰਚ, 2012 ਸਿੱਖ ਸੰਗਤਾਂ ਦੇ ਭਾਰੀ ਕਾਫਲੇ ਖਾਲਸਾ ਮਾਰਚਾਂ ਦੇ ਰੂਪ ਵਿਚ ਪੰਜਾਬ ਵਿਚ ਸਥਿਤ ਤਿੰਨ ਤਖਤ ਸਾਹਿਬਾਨ ਤੋਂ ਪਟਿਆਲਾ ਤੱਕ ਪਹੁੰਚਣਗੇ। 30 ਅਤੇ 31 ਮਾਰਚ ਨੂੰ ਪਟਿਆਲਾ ਵਿਖੇ ਰੋਹ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਦੋਵੇਂ ਦਿਨ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰੇ ਦੇ ਵਿਰੋਧ ਵਿਚ ਧਰਨਾ ਜਾਰੀ ਰਹੇਗਾ। ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ (ਮਾਨ ਦਲ), ਅਕਾਲੀ ਦਲ ਪੰਚ ਪ੍ਰਧਾਨੀ, ਦਲ ਖਾਲਸਾ, ਖਾਲਸਾ ਐਕਸ਼ਨ ਕਮੇਟੀ ਆਦਿ ਦੇ ਨਾਂ ਜ਼ਿਕਰਯੋਗ ਹਨ, ਨੇ ਸੰਗਤਾਂ ਨੂੰ ਇਸ ਫਾਂਸੀ ਵਿਰੁੱਧ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,