ਚੰਡੀਗੜ੍ਹ: ਤਿਹਾੜ ਜੇਲ੍ਹ ਵਿੱਚ ਕੈਦ ਬੰਦੀ ਸਿੰਘ ਭਾਈ ਦਇਆ ਸਿੰਘ ਲਾਹੌਰੀਆ ਅੱਜ ਜੇਲ੍ਹ ਵਿੱਚੋਂ 20 ਦਿਨਾਂ ਦੀ ਪੈਰੋਲ (ਛੁੱਟੀ) ਉੱਤੇ ਰਿਹਾਅ ਹੋ ਕੇ ਪੰਜਾਬ ਵਿਚਲੇ ਆਪਣੇ ਪਿੰਡ ਵਿਖੇ ਪਹੁੰਚੇ।
ਬੰਦੀ ਸਿੰਘਾਂ (ਸਿੱਖ ਸਿਆਸੀ ਕੈਦੀਆਂ) ਦੀ ਸੂਚੀ ਤਿਆਰ ਕਰਨ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਭਾਈ ਦਇਆ ਸਿੰਘ ਲਾਹੌਰੀਆ ਦੀ ਗ੍ਰਿਫਤਾਰੀ ਸਾਲ 1997 ਵਿੱਚ ਹੋਈ ਸੀ ਅਤੇ ਉਹ ਪਿਛਲੇ 23 ਸਾਲਾਂ ਤੋਂ ਜੇਲ੍ਹ ਵਿੱਚ ਕੈਦ ਸਨ। ਉਨ੍ਹਾਂ ਦੱਸਿਆ ਕਿ ਭਾਈ ਦਇਆ ਸਿੰਘ ਲਾਹੌਰੀਆ ਨੂੰ ਜੈਪੁਰ ਹਾਈਕੋਰਟ ਦੇ ਆਦੇਸ਼ਾਂ ਤਹਿਤ 20 ਦਿਨਾਂ ਦੀ ਛੁੱਟੀ ਉੱਤੇ ਰਿਹਾਅ ਕੀਤਾ ਗਿਆ ਹੈ ਤਾਂ ਕਿ ਉਹ 14 ਫਰਵਰੀ ਨੂੰ ਆਪਣੇ ਸਪੁੱਤਰ ਦੇ ਹੋਣ ਵਾਲੇ ਆਨੰਦ ਕਾਰਜਾਂ ਵਿੱਚ ਸ਼ਾਮਲ ਹੋ ਸਕਣ।
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਤਿਹਾੜ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਭਾਈ ਦਇਆ ਸਿੰਘ ਲਾਹੌਰੀਆ ਅੱਜ ਆਪਣੇ ਜ਼ਿਲ੍ਹਾ ਸੰਗਰੂਰ ਵਿਚਲੇ ਪਿੰਡ ਕਸਬਾ ਭਰਾਲ ਵਿਖੇ ਆਪਣੇ ਪਰਿਵਾਰਕ ਜੀਆਂ ਕੋਲ ਆ ਗਏ ਹਨ।