ਫ਼ਤਿਹਗੜ੍ਹ ਸਾਹਿਬ (28 ਸਤੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ’ਤੇ ਫ਼ਤਿਹਗੜ੍ਹ ਸਾਹਿਬ ਵਿਖੇ ਚਲ ਰਹੇ ਕੇਸ ਦਾ ਫ਼ੈਸਲਾ 29 ਸਤੰਬਰ, 2011 ਨੂੰ ਸੁਣਾਇਆ ਜਾਵੇਗਾ। ਉਨ੍ਹਾਂ ਦੇ ਵਕੀਲ ਸ. ਗੁਰਪ੍ਰੀਤ ਸਿੰਘ ਸੈਣੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਏ ਜਾਣ ਤੋਂ ਬਾਅਦ ਚੱਲੇ ਪੰਥਕ ਸੰਘਰਸ਼ ਦੌਰਾਨ ਪੰਜਾਬ ਸਰਕਾਰ ਵਲੋਂ ਭਾਈ ਬਿੱਟੂ ’ਤੇ ਪਾਏ ਗਏ ਕੇਸ ਦੀ ਅੱਜ ਪੇਸ਼ੀ ਮੌਕੇ ਅੱਜ ਬਹਿਸ਼ ਪੂਰੀ ਹੋਣ ਉਪਰੰਤ ਅਦਾਲਤ ਨੇ ਇਸ ਕੇਸ ’ਤੇ ਫ਼ੈਸਲਾ ਦੇਣ ਲਈ ਭਲਕੇ 29 ਸਤੰਬਰ ਦਾ ਦਿਨ ਮੁਕਰਰ ਕਰ ਦਿੱਤਾ ਹੈ।
ਅੱਜ ਭਾਈ ਦਲਜੀਤ ਸਿੰਘ ਦੀ ਪੇਸ਼ੀ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਜਿਲ੍ਹਾ ਯੂਥ ਪ੍ਰਧਾਨ ਗੁਰਮੁਖ ਸਿੰਘ ਡਡਹੇੜੀ, ਜਿਲ੍ਹਾ ਪਟਿਆਲਾ ਤੋਂ ਪੰਚ ਪ੍ਰਧਾਨੀ ਦੇ ਪ੍ਰਧਾਨ ਗੁਰਮੀਤ ਸਿੰਘ ਗੋਗਾ, ਭੁਪਿੰਦਰ ਸਿੰਘ ਮਹਿਦੂਦਾਂ, ਦਰਸ਼ਨ ਸਿੰਘ ਬੈਣੀ- ਪ੍ਰਧਾਨ ਸਰਕਲ ਅਮਲੋਹ, ਹਰਪ੍ਰੀਤ ਸਿੰਘ ਡਡਹੇੜੀ ਅਤੇ ਅਮ੍ਰਿਤਪਾਲ ਸਿੰਘ ਡਡਹੇੜੀ ਆਦਿ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ 31 ਮਈ, 2007 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਅਨੁਸਾਰ ਫਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਇਕ ਖਾਲਸਾ ਮਾਰਚ ਕੀਤਾ ਜਾ ਰਿਹਾ ਸੀ ਜਿਸ ਦਾ ਮਨੋਰਥ ਡੇਰਾ ਸਿਰਸਾ ਸਾਧ ਦੀ ਗ੍ਰਿਫਤਾਰੀ ਲਈ ਪੰਜਾਬ ਸਰਕਾਰ ਤੱਕ ਆਵਾਜ਼ ਪਹੁੰਚਾਉਣਾ ਸੀ। ਇਸ ਮਾਰਚ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਣਾ ਸੀ ਪਰ ਐਨ ਆਖਰੀ ਮੌਕੇ ਸਰਕਾਰੀ ਦਬਾਅ ਤਹਿਤ ਇਹ ਮਾਰਚ ਗੁ: ਫਤਹਿਗੜ੍ਹ ਸਾਹਿਬ ਤੋਂ ਦੋ ਕੁ ਕਿੱਲੋ ਮੀਟਰ ਦੀ ਦੂਰੀ ਉੱਤੇ ਗੁ: ਜੋਤੀ ਸਰੂਪ ਸਾਹਿਬ ਵਿਖੇ ਹੀ ਸਮਾਪਤ ਕਰ ਦਿੱਤਾ ਗਿਆ। ਇਸ ਮਾਰਚ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਮੇਤ ਦੂਸਰੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸੰਤ ਸਮਾਜ ਦੇ ਤਤਕਾਲੀ ਆਗੂ ਜਸਵੀਰ ਸਿੰਘ ਰੋਡੇ, ਬਾਬਾ ਬਲਜੀਤ ਸਿੰਘ ਦਾਦੂਵਾਲ, ਸੁਖਚੈਨ ਸਿੰਘ ਧਰਮਪੁਰਾ, ਹਰੀ ਸਿੰਘ ਰੰਧਾਵਾ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ, ਦਿੱਲੀ ਸਿੱਖ ਗੁ: ਪ੍ਰਬੰਧਕ ਕਮੇਟੀ ਦੇ ਪਰਮਜੀਤ ਸਿੰਘ ਸਰਨਾ, ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਬਾਦਲ ਦਲ ਅਤੇ ਹੋਰਨਾਂ ਸਿੱਖ ਰਾਜਸੀ ਦਲਾਂ ਅਤੇ ਜਥੇਬੰਦੀਆਂ ਦੇ ਮੁੱਖ ਆਗੂ ਸ਼ਾਮਲ ਹੋਏ ਸਨ ਪਰ ਇਸ ਦਿਨ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਭਾਈ ਦਲਜੀਤ ਸਿੰਘ ਖਿਲਾਫ ਦੇਸ਼ ਧਰੋਹ ਦਾ ਝੂਠਾ ਮੁਕਦਮਾ ਦਰਜ਼ ਕੀਤਾ ਗਿਆ। ਉਦੋਂ ਤੋਂ ਇਹ ਮੁਕਦਮਾਂ ਫਤਹਿਗੜ੍ਹ ਸਾਹਿਬ ਦੀ ਅਦਾਲਤ ਵਿਚ ਚੱਲ ਰਿਹਾ ਸੀ ਤੇ ਅਦਾਲਤ ਵੱਲੋਂ ਪੁਲਿਸ ਚਲਾਣ ਉੱਤੇ ਬਹਿਸ ਸਮੇਂ ਦੇਸ਼ ਧਰੋਹ ਦੇ ਦੋਸ਼ ਰੱਦ ਕਰ ਦਿੱਤੇ ਗਏ ਸਨ ਤੇ ਇਹ ਮੁਕਦਮਾਂ ਭਾਰਤੀ ਦੰਡਾਵਲੀ ਦੀਆਂ ਹੋਰਨਾਂ ਧਾਰਾਵਾਂ ਤਹਿਤ ਚੱਲ ਰਿਹਾ ਸੀ, ਜਿਸ ਵਿਚ ਅੱਜ ਬਹਿਸ ਪੂਰੀ ਹੋ ਜਾਣ ਉੱਤੇ ਕੱਲ ਫੈਸਲੇ ਦੀ ਤਰੀਕ ਮਿੱਥੀ ਗਈ ਹੈ।
ਪੰਜਾਬ ਸਰਕਾਰ ਨੇ 2009 ਤੋਂ ਭਾਈ ਦਲਜੀਤ ਸਿੰਘ ਉੱਤੇ ਮੁੜ ਲਈ ਝੂਠੇ ਕੇਸ ਪਾਏ ਹਨ, ਜਿਸ ਤਹਿਤ ਉਨ੍ਹਾਂ ਦੀਆਂ ਲਗਾਤਾਰ ਤਰੀਕਾਂ ਵੱਖ-ਵੱਖ ਅਦਲਾਤਾਂ ਵਿਚ ਚੱਲ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ 27 ਸਤੰਬਰ ਨੂੰ ਭਾਈ ਦਲਜੀਤ ਸਿੰਘ ਨੂੰ ਰੋਪੜ ਦੀ ਅਦਾਲਤ ਅਤੇ ਅੱਜ 28 ਤਰੀਕ ਨੂੰ ਫਤਹਿਗੜ੍ਹ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਕੱਲ 29 ਸਤੰਬਰ ਨੂੰ ਉਨ੍ਹਾਂ ਨੂੰ ਮਾਨਸਾ ਅਤੇ ਫਤਹਿਗੜ੍ਹ ਸਾਹਿਬ ਵਿਖੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।