Download e-Book Now
ਲੁਧਿਆਣਾ, 21 ਜਨਵਰੀ 2012 (ਸਿੱਖ ਸਿਆਸਤ)- ਸਿੱਖ ਸਿਆਸਤ ਬਿਊਰੋ ਮੁਤਾਬਕ ਅੱਜ ਸ਼ਾਮ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਵਲੋਂ ਭਾਈ ਦਲਜੀਤ ਸਿੰਘ ਬਿੱਟੂ ਦੀਆਂ ਪੰਥਕ ਸਰਗਰਮੀਆਂ ਨੂੰ ਤਸਵੀਰਾਂ ਰਾਹੀਂ ਰੂਪਮਾਨ ਕਰਦੀ ਈ-ਬੁੱਕ “ਸਿੱਖ ਸਿਆਸਤ ਦਾ ਸੱਚਾ ਪਾਂਧੀ” ਜਾਰੀ ਕੀਤੀ ਗਈ।
ਇਸ ਈ-ਬੁੱਕ ਵਿਚ ਜਿੱਥੇ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਸਤ 2009 ਵਿਚ ਹੋਈ ਗ੍ਰਿਫਤਾਰੀ ਅਤੇ ਪਾਏ ਕੇਸਾਂ ਦੀ ਪੜਚੋਲ ਕਰਦੀ ਰਿਪੋਰਟ “ਅਨਿਆਂਕਾਰੀ ਰਾਜ ਪ੍ਰਬੰਧ ਵਿਚ ਨਿਆਂ-ਪਸੰਦਾਂ ਦੀ ਯੋਗ ਥਾਂ ਕੈਦਖਾਨਾ” ਨੂੰ ਛਾਪਿਆ ਗਿਆ ਉਥੇ ਭਾਈ ਦਲਜੀਤ ਸਿੰਘ ਬਿੱਟੂ ਵਲੋਂ 1 ਜਨਵਰੀ 2009 ਤੋਂ ਉਨ੍ਹਾਂ ਦੀ ਗ੍ਰਿਫਤਾਰੀ 27 ਅਗਸਤ 2009 ਤਕ ਦੀਆਂ ਪੰਥਕ ਸਰਗਰਮੀਆਂ ਨੂੰ ਤਸਵੀਰਾਂ ਰਾਹੀਂ ਤਰਤੀਬਬੱਧ ਦਰਸਾਇਆ ਗਿਆ ਹੈ।
ਉਕਤ ਈ-ਬੁੱਕ ਰਾਹੀਂ ਭਾਈ ਦਲਜੀਤ ਸਿੰਘ ਬਿੱਟੂ ਦੇ ਸੰਖੇਪ ਜੀਵਨ ਬਿਓਰੇ ਵਿਚ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਉਹ 1984 ਤੋਂ ਲੈ ਕੇ ਹੁਣ ਤਕ ਲਗਾਤਾਰ ਬੇਖੌਫ ਹੋ ਕੇ ਵੱਖ ਵੱਖ ਰੂਪਾਂ ਵੇਸਾਂ ਰਾਹੀਂ ਸੰਘਰਸ਼ ਕਰ ਰਹੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਉਹ ਭਾਈ ਦਲਜੀਤ ਸਿੰਘ ਦੀ 2005 ਵਿਚ ਰਿਹਾਈ ਤੋਂ ਬਾਅਦ ਲਗਾਤਾਰ ਉਨ੍ਹਾਂ ਨਾਲ ਵਿਚਰਦੇ ਰਹੇ ਹਨ ਅਤੇ ਮੇਰੀ ਇਹੀ ਦਿਲੀ ਇੱਛਾ ਸੀ ਕਿ ਦੁਨੀਆਂ ਦੇ ਲੋਕਾਂ ਤੇ ਖਾਸ ਕਰ ਸਿੱਖ ਪੰਥ ਤਕ ਇਹ ਗੱਲ ਲੈ ਕੇ ਜਾਵਾਂ ਕਿ ਕਿਸ ਤਰ੍ਹਾਂ ਭਾਈ ਦਲਜੀਤ ਸਿੰਘ ਨੇ ਪਹਿਲਾਂ 1984 ਦੇ ਘੱਲੂਘਾਰੇ ਤੋਂ ਬਾਅਦ ਹਥਿਆਰਬੰਦ ਸੰਘਰਸ਼ ਦੀ ਰੂਪੋਸ਼ੀ ਅਤੇ ਉਪਰੰਤ ਜੇਲ੍ਹਾਂ ਦੀ ਨਜ਼ਰਬੰਦੀ ਤੋਂ ਬਾਅਦ ਰਿਹਾਅ ਹੋ ਕੇ ਆਪਣੀ ਜ਼ਿੰਦਗੀ ਨੂੰ ਅਕਾਲਪੁਰਖ ਵਲੋਂ ਬਖਸ਼ੀ ਰਹਿਮਤ ਮੰਨਦੇ ਹੋਏ ਪੰਥ ਦੇ ਲੇਖੇ ਲਾਇਆ ਹੈ। ਉਨ੍ਹਾਂ ਕਿਹਾ ਕਿ ਬਦਲਦੇ ਹਾਲਾਤਾਂ ਮੁਤਾਬਕ ਸਿੱਖ ਦੁਨੀਆਂ ਦੇ ਨਕਸ਼ੇ ਉਤੇ ਆਪਣੇ ਕੌਮੀ ਘਰ ਦੀਆਂ ਭੂਗੋਲਿਕ ਹੱਦਾਂ ਦੇਖ ਸਕਦੇ ਹਨ ਪਰ ਸਭ ਤੋਂ ਜ਼ਰੂਰੀ ਗੱਲ ਹੈ ਕਿ ਗੁਰੂ ਸਾਹਿਬਾਨ ਵਲੋਂ ਬਖਸ਼ੇ ਮੀਰੀ ਪੀਰੀ ਦੇ ਸਿਧਾਂਤ ਮੁਤਾਬਕ ਸਿੱਖ ਸਿਆਸਤ ਨੂੰ ਚਲਾਉਣ ਵਾਲਾ ਸੱਚਾ ਆਗੂ ਸਿੱਖਾਂ ਕੋਲ ਹੋਵੇ ਤੇ ਬਿਨਾਂ ਸ਼ੱਕ ਸਿੱਖ ਕੌਮ ਭਾਈ ਦਲਜੀਤ ਸਿੰਘ ਬਿੱਟੂ ਦੇ ਮੋਢਿਆਂ ਉਤੇ ਇਹ ਭਾਰ ਪਾ ਸਕਦੀ ਹੈ।
ਐਡਵੋਕੇਟ ਮੰਝਪੁਰ ਨੇ ਕਿਹਾ ਕਿ ਈ-ਬੁੱਕ ‘ਸਿੱਖ ਸਿਆਸਤ ਦਾ ਸੱਚਾ ਪਾਂਧੀ’ ਦਾ ਇਹ ਪਹਿਲਾ ਭਾਗ ਹੈ ਅਤੇ ਆਉਂਦੇ ਸਮੇਂ ਵਿਚ ਇਸਦੇ ਅਗਲੇ ਭਾਗਾਂ ਨੂੰ ਵੀ ਜਾਰੀ ਕੀਤਾ ਜਾਵੇਗਾ।
Download e-Book Now