ਫ਼ਤਿਹਗੜ੍ਹ ਸਾਹਿਬ (29 ਸਤੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੈਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਫ਼ਤਿਹਗੜ੍ਹ ਸਾਹਿਬ ਵਿਖੇ ਚਲਦੇ ਕੇਸ ਵਿੱਚੋਂ ਅੱਜ ਬਰੀ ਹੋ ਗਏ ਕਿਉਂਕਿ ਪੰਜਾਬ ਪੁਲਿਸ ਵੱਲੋ ਭਾਈ ਬਿੱਟੂ ਤੇ ਲਗਾਏ ਦੋਸ਼ ਸਿੱਧ ਨਾ ਹੋ ਸਕੇ।
ਭਾਈ ਬਿੱਟੂ ਅੱਜ ਸਖਤ ਸੁਰੱਖਿਆਂ ਪ੍ਰਬੰਧਾਂ ਹੇਠ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕੀਤੇ ਗਏ। ਦੱਸਣਯੋਗ ਹੈ ਕਿ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਭਾਈ ਬਿੱਟੂ ’ਤੇ ਦੇਸ਼ ਧ੍ਰੋਹ ਦਾ ਕੇਸ 31 ਮਈ 2007 ਨੂੰ ਸੌਦਾ ਸਾਧ ਵਿਰੁੱਧ ਕੱਢੇ ਗਏ ਖ਼ਾਲਸਾ ਮਾਰਚ ਦੌਰਾਨ ਖ਼ਾਲਿਸਤਾਨ ਦੇ ਨਾਹਰੇ ਮਾਰਨ ਦਾ ਅਤੇ ਖਾਲਸਾ ਮਾਰਚ ਵਾਲੀ ਬੱਸ ਰੋਕਣੇ ਦੇ ਦੋਸ਼ ਲਗਾ ਕੇ ਧਾਰਾ 124-ਏ, 153-ਏ, 341 ਅਤੇ 505 ਤਹਿਤ ਦਰਜ਼ ਕੀਤਾ ਸੀ। ਸਾਲ 2007 ਵਿੱਚ ਸੌਦਾ ਸਾਧ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਕਾਰਨ ਪੈਦਾ ਹੋਏ ਵਿਵਾਦ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਅਨੁਸਾਰ ਗਵਰਨਰ ਪੰਜਾਬ ਨੂੰ ਇੱਕ ਮੈਮੋਰੰਡਮ ਦੇਣ ਲਈ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ 31 ਮਈ 2007 ਨੂੰ ਉਕਤ ਖ਼ਾਲਸਾ ਮਾਰਚ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਚੰਡੀਗੜ੍ਹ ਤੱਕ ਕੱਢਿਆ ਜਾਣਾ ਸੀ, ਪ੍ਰੰਤੂ ਪੰਜਾਬ ਦੇ ਗਵਰਨਰ ਦੇ ਏ.ਡੀ.ਸੀ. ਨੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਪਹੁੰਚ ਕੇ ਹੀ ਇਹ ਮੈਮੋਰੰਡਮ ਪ੍ਰਾਪਤ ਕਰਕੇ ਇਸ ਰੋਸ ਮਾਰਚ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਹੀ ਸਮਾਪਤ ਕਰ ਦਿੱਤਾ ਗਿਆ। ਇਸ ਮਾਰਚ ਵਿਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਮੇਤ ਦੂਸਰੇ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਸੰਤ ਸਮਾਜ ਦੇ ਤਤਕਾਲੀ ਆਗੂ ਜਸਵੀਰ ਸਿੰਘ ਰੋਡੇ, ਹਰੀ ਸਿੰਘ ਰੰਧਾਵਾ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ, ਦਿੱਲੀ ਸਿੱਖ ਗੁ: ਪ੍ਰਬੰਧਕ ਕਮੇਟੀ ਦੇ ਪਰਮਜੀਤ ਸਿੰਘ ਸਰਨਾ, ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਬਾਦਲ ਦਲ ਅਤੇ ਹੋਰਨਾਂ ਸਿੱਖ ਰਾਜਸੀ ਦਲਾਂ ਅਤੇ ਜਥੇਬੰਦੀਆਂ ਦੇ ਮੁੱਖ ਆਗੂ ਸ਼ਾਮਿਲ ਹੋਏ ਸਨ । ਮਾਰਚ ਤੋ ਬਾਅਦ ਪੁਲਿਸ ਵੱਲੋ ਸਿਰਫ਼ ਭਾਈ ਬਿੱਟੂ ’ਤੇ ਹੀ ਕੇਸ ਦਰਜ਼ ਕੀਤਾ ਗਿਆ ਸੀ। ਬਾਅਦ ਵਿੱਚ ਇਸ ਕੇਸ ਦੀ ਚੱਲੀ ਸੁਣਵਾਈ ਦੌਰਾਨ ਏ.ਡੀ.ਜੀ.ਪੀ. ਕ੍ਰਾਈਮ ਪੰਜਾਬ ਵਲੋਂ ਐਸ.ਐਸ.ਪੀ. ਫ਼ਤਿਹਗੜ੍ਹ ਸਾਹਿਬ ਨੂੰ ਲਿਖੇ ਪੱਤਰ ਨੰਬਰ 334, ਮਿਤੀ 28 ਜਨਵਰੀ 2008 ਰਾਹੀਂ ਇਸ ਕੇਸ ਵਿੱਚੋਂ ਆਈ.ਪੀ.ਸੀ ਦੀਆਂ ਧਾਰਾਵਾਂ 124-ਏ, 153-ਏ ਅਤੇ 505 ਨੂੰ ਖ਼ਤਮ ਕਰਨ ਦੀ ਹਦਾਇਤ ਕੀਤੀ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਏ ਡੀ ਜੀ ਪੀ ਨੇ ਇਹ ਕੇਸ ਕੇਵਲ ਆਈ ਪੀ ਸੀ ਦੀ ਧਾਰਾ 341 ਅਤੇ 506 ਤਹਿਤ ਚਲਾਏ ਜਾਣ ਦੇ ਹੁਕਮ ਦਿੱਤੇ।
ਕੇਸ ਦੀ ਸੁਣਵਾਈ ਦੋਰਾਨ ਸਰਕਾਰੀ ਪੱਖ ਵਲੋਂ ਪੇਸ਼ ਕੀਤੀ ਉਸ ਮੌਕੇ ਦੀ ਕਥਿਤ ਟੇਪ ਵੀ ਫੋਰੈਂਸਕ ਲੈਬ ਵਿੱਚ ਫ਼ਰਜ਼ੀ ਸਿੱਧ ਹੋਈ। ਇਸ ਕੇਸ ਵਿੱਚ 7 ਗਵਾਹ ਭੁਗਤੇ ਸਨ। ਕੇਸ ਦੇ ਗਵਾਹ ਕੁਝ ਸੀਨੀਅਰ ਪੁਲਿਸ ਅਧਿਕਾਰੀ ਸੰਮਨਾਂ ਦੀ ਤਾਮੀਲ ਹੋਣ ਦੇ ਬਾਵਯੂਦ ਵੀ ਹਾਜ਼ਰ ਨਹੀਂ ਸਨ ਹੋਏ। ਮਾਨਯੋਗ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਦੀ ਬੇਨਤੀ ’ਤੇ ਸਰਕਾਰ ਦੀ ਗਵਾਹੀ ਬੰਦ ਕਰ ਦਿੱਤੀ ਅਤੇ ਬਚਾਅ ਪੱਖ ਦੇ ਵਕੀਲਾਂ ਸ. ਗੁਰਪ੍ਰੀਤ ਸਿੰਘ ਸੈਣੀ ਅਤੇ ਸ: ਹਰਦੇਵ ਸਿੰਘ ਰਾਏ ਵਲੋਂ ਬਹਿਸ ਕੀਤੀ ਗਈ ਕਿ 341 ਅਤੇ 506 ਧਾਰਾਵਾਂ ਦਾ ਕੋਈ ਜ਼ੁਰਮ ਨਹੀਂ ਬਣਦਾ ਕਿਉਂਕਿ ਪੁਲਿਸ ਜਿਸ ਬੱਸ ਨੂੰ ਰੋਕਣ ਸਬੰਧੀ ਕਹਿੰਦੀ ਹੈ ਉਸਦੇ ਡਰਾਇਵਰ ਜਾਂ ਖ਼ਾਲਸਾ ਮਾਰਚ ਵਾਲੀ 11 ਮੈਂਬਰੀ ਕਮੇਟੀ ਵਲੋਂ ਕੋਈ ਵੀ ਸ਼ਿਕਾਇਤ ਦਰਜ਼ ਨਹੀਂ ਕਰਵਾਈ ਗਈ ਅਤੇ 11 ਮੈਂਬਰੀ ਕਮੇਟੀ ਮੈਮੋਰੰਡਮ ਦੇਣ ਲਈ ਗਵਰਨਰ ਹਾਊਸ ਵੀ ਨਹੀਂ ਗਈ ਸਗੋਂ ਪੰਜਾਬ ਅਤੇ ਹਰਿਆਣਾ ਦੇ ਗਵਰਨਰ ਦੇ ਏ.ਡੀ.ਸੀ. ਖੁਦ ਗੁਰਦੁਆਰਾ ਜੋਤੀ ਸਰੂਪ (ਫ਼ਤਿਹਗੜ੍ਹ ਸਾਹਿਬ) ਤੋਂ ਮੈਮੋਰੰਡਮ ਲੈ ਕੇ ਗਏ ਸਨ। ਉਕਤ ਦਲੀਲਾਂ ਨੂੰ ਸੁਣਦਿਆਂ ਮਾਨਯੋਗ ਅਦਾਲਤ ਨੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਬਰੀ ਕਰ ਦਿੱਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਬਿੱਟੂ ਨੇ ਕਿਹਾ ਕਿ ਸਿੱਖ ਸਿਧਾਂਤਾਂ ਅਤੇ ਪੰਥ ਦੇ ਹਿੱਤਾਂ ਦੀ ਗੱਲ ਕਰਨ ਕਾਰਨ ਉਨ੍ਹਾਂ ’ਤੇ ਕੇਸ ਦਰਜ਼ ਕੀਤੇ ਗਏ ਹਨ । ਉਨ੍ਹਾ ਕਿਹਾ ਕਿ ਇਸ ਤਰ੍ਹਾਂ ਕਰਕੇ ਸਰਕਾਰਾਂ ਉਨ੍ਹਾਂ ਨੂੰ ਪੰਥਕ ਹਿੱਤਾਂ ਤੋਂ ਪਿਛਾਂਹ ਨਹੀ ਹਟਾ ਸਕਦੀਆ। ਉਨ੍ਹਾ ਕਿਹਾ ਕਿ ਭਾਵੇਂ ਅੱਜ ਉਨ੍ਹਾਂ ਨੂੰ ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਦੇਸ਼ ਧ੍ਰੋਹ ਦੇ ਕੇਸ ਵਿੱਚ ਬਰੀ ਕਰ ਦਿੱਤਾ ਪ੍ਰੰਤੂ ਪੰਜਾਬ ਸਰਕਾਰ ਵੱਲੋ ਉਨ੍ਹਾਂ ਨੂੰ ਫਸਾਉਣ ਲਈ ਜਾਣਬੁਝ ਕੇ ਕੁਝ ਹੋਰ ਵੀ ਦੂਜੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਉਨ੍ਹਾਂ ਨੂੰ (ਬਿੱਟੂ ਨੂੰ) ਕੋਈ ਪ੍ਰਵਾਹ ਨਹੀਂ।
ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਐਡਵੋਕੇਟ ਭਾਈ ਹਰਪਾਲ ਸਿੰਘ ਚੀਮਾ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਤੇ ਕਾਨੂੰਨ ਦੇ ਵਿਦਿਆਰਥੀ ਪਰਮਜੀਤ ਸਿੰਘ ਗਾਜ਼ੀ ਨੇ ਭਾਈ ਬਿੱਟੂ ਦੇ ਬਰੀ ਹੋਣ ’ਤੇ ਕਿਹਾ ਕਿ ਇਸ ਤੋਂ ਪਹਿਲਾਂ ਭਾਈ ਬਿੱਟੂ ਤੇ ਬਰਨਾਲਾ ਅਤੇ ਅੰਮ੍ਰਿਤਸਰ ਵਿੱਚ ਵੀ ਦੇਸ਼ ਧ੍ਰਹਿ ਦੇ ਕੇਸ ਦਰਜ਼ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਉਹ ਬਰੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ’ਤੇ ਦੇਸ਼ ਧ੍ਰੋਹ ਦਾ ਕੇਸ ਦਰਜ਼ ਕਰਨ ਲਈ ਪੁਲਿਸ ਨੂੰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਉਨ੍ਹਾ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਗ਼ਲਤ ਢੰਗ ਨਾਲ ਭਾਈ ਬਿੱਟੂ ’ਤੇ ਦੇਸ਼ ਧ੍ਰੋਹ ਦੇ ਕੇਸ ਪਾਏ ਹਨ। ਉਨ੍ਹਾਂ ਕਿਹਾ ਕਿ ਖ਼ਾਲਸਾ ਮਾਰਚ ਵਾਲੀ ਜਿਸ ਬੱਸ ਨੂੰ ਰੋਕਣ ਦੇ ਦੋਸ਼ ਵਿੱਚ ਭਾਈ ਬਿੱਟੂ ’ਤੇ ਕੇਸ ਦਰਜ਼ ਕੀਤਾ ਗਿਆ ਸੀ ਉਸ ਬਾਰੇ ਵੀ ਪੁਲਿਸ ਨੇ ਬਿਨਾਂ ਕਿਸੇ ਸ਼ਿਕਾਇਤ ’ਤੇ ਅਪਣੇ ਆਪ ਹੀ ਰਿਪੋਰਟ ਦਰਜ਼ ਕੀਤੀ ਸੀ।
ਅੱਜ ਦੀ ਅਦਾਲਤੀ ਕਾਰਵਾਈ ਦੌਰਾਨ ਭਾਈ ਬਿੱਟੂ ਨਾਲ ਉਨ੍ਹਾਂ ਦੀ ਪਤਨੀ ਬੀਬੀ ਅੰਮ੍ਰਿਤ ਕੌਰ, ਸ. ਰਣਜੀਤ ਸਿੰਘ ਕੁੱਕੀ, ਗੁਰਮੀਤ ਸਿੰਘ ਗੋਗਾ, ਗੁਰਮੁਖ ਸਿੰਘ ਡਡਹੇੜੀ, ਪਲਵਿੰਦਰ ਸਿੰਘ ਤਲਵਾੜਾ, ਅਮਰਜੀਤ ਸਿੰਘ ਬਡਗੁਜਰਾਂ ਅਤੇ ਭਗਵੰਤ ਸਿੰਘ ਮਹੱਦੀਆਂ ਆਦਿ ਵੀ ਹਾਜ਼ਰ ਸਨ।