ਫ਼ਤਹਿਗੜ੍ਹ ਸਾਹਿਬ (28 ਮਾਰਚ, 2012): ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਮਾਨ ਦਲ ਦੇ ਨੌਜਵਾਨ ਆਗੂ ਸ. ਰਣਦੇਵ ਸਿੰਘ ਦੇਬੀ ਅਤੇ 7-8 ਦੇ ਕਰੀਬ ਹੋਰ ਨੌਜਵਾਨਾਂ ਨੂੰ ਗੁਰੁਦਆਰਾ ਫ਼ਤਹਿਗੜ੍ਹ ਸਾਹਿਬ ਨੇੜਿਉਂ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਉਣ ਦੇ ‘ਦੋਸ਼’ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਆਗੂ ਪਿਛਲੇ ਕਈ ਦਿਨਾਂ ਤੋਂ ਭਾਈ ਰਾਜੋਆਣਾ ਦੀ ਫ਼ਾਂਸੀ ਦੇ ਵਿਰੋਧ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਸਨ। ਵੱਖ-ਵੱਖ ਪੰਥਕ ਆਗੂਆਂ ਨੇ ਇਨ੍ਹਾ ਗ੍ਰਿਫ਼ਤਾਰੀਆਂ ਦੀ ਨਿਖੇਧੀ ਕੀਤੀ ਗਈ ਹੈ। ਪੰਥਕ ਆਗੂਆਂ ਦਾ ਕਹਿਣਾ ਹੈ ਕਿ ਭਾਈ ਰਾਜੋਆਣਾ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਉਣਾ ਕੋਈ ਗੁਨਾਹ ਨਹੀਂ ਅਤੇ ਪੁਲਿਸ ਸਿੱਖਾਂ ਵਿੱਚ ਡਰ ਅਤੇ ਸਹਿਮ ਦੀ ਪੈਦਾ ਕਰਨ ਲਈ ਅਜਿਹੀਆਂ ਕੋਝੀਆਂ ਕਾਰਵਾਈਆਂ ’ਤੇ ਉਤਰ ਆਈ ਹੈ ਤਾਂ ਜੋ ਸਿੱਖ ਕੌਮ ਇਸ ਡਰ ਅਤੇ ਸਹਿਮ ਕਾਰਨ ਆਪਣੇ ਹੱਕਾਂ ਲਈ ਆਵਾਜ਼ ਚੁੱਕਣੀ ਬੰਦ ਕਰ ਦਵੇ ਪਰ ਹੁਣ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦਬਾਇਆ ਨਹੀਂ ਜਾ ਸਕੇਗਾ। ਗ੍ਰਿਫ਼ਤਾਰ ਕਰਨ ਸਮੇਂ ਕੁਝ ਸਿੱਖ ਨੌਜਵਾਨਾਂ ਦੀ ਪੁਲਿਸ ਵਲੋਂ ਕੁੱਟਮਾਰ ਕੀਤੇ ਜਾਣ ਦੀਆਂ ਵੀ ਖ਼ਬਰਾਂ ਹਨ।