ਸਿੱਖ ਖਬਰਾਂ

ਭਾਈ ਬਿਟੂ ਵਲੋਂ ਪੰਥਕ ਮੋਰਚੇ ਨੂੰ ਜਿਤਾ ਕੇ ਬਾਦਲਕਿਆਂ ਨੂੰ ਭਾਂਜ ਦੇਣ ਦਾ ਸੱਦਾ

By ਸਿੱਖ ਸਿਆਸਤ ਬਿਊਰੋ

September 15, 2011

ਭਾਈ ਦਲਜੀਤ ਸਿੰਘ ਬਿੱਟੂ ਦੀ ਅਗਲੀ ਪੇਸ਼ੀ 21 ਅਕਤੂਬਰ

ਫ਼ਤਿਹਗੜ੍ਹ ਸਾਹਿਬ (15 ਸਤੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਜਿਤਾ ਗੁਰਧਾਮਾਂ ਵਿੱਚੋਂ ਸਿੱਖ ਵਿਰੋਧੀ ਸ਼ਕਤੀਆਂ ਨੂੰ ਭਾਂਜ ਦਿੱਤੀ ਜਾਵੇ।ਪੰਜਾਬ ਦੀ ਕਥਿਤ ‘ਪੰਥਕ’ ਸਰਕਾਰ ਵਲੋਂ ਪਾਏ ਗਏ ਇਕ ਕੇਸ ਦੀ ਪੇਸ਼ੀ ਦੇ ਸਬੰਧ ਵਿੱਚ ਭਾਈ ਬਿੱਟੂ ਨੂੰ ਪੁਲਿਸ ਅੰਮ੍ਰਿਤਸਰ ਜੇਲ੍ਹ ਤੋਂ ਇੱਥੇ ਜਿਲ੍ਹਾ ਕਚਹਿਰੀਆਂ ਵਿੱਚ ਲੈ ਕੇ ਆਈ। ਮਾਨਯੋਗ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 21 ਅਕਤੂਬਰ ’ਤੇ ਪਾ ਦਿੱਤੀ ਹੈ। ਪੇਸ਼ੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ’ਤੇ ਲੰਮੇ ਸਮੇਂ ਤੋਂ ਸਿੱਖ ਰੂਪ ਵਿੱਚ ਕਾਬਜ਼ ਸ਼ਕਤੀਆਂ ਨੇ ਗੁਰਧਾਮਾਂ ਦਾ ਸਮੁੱਚਾ ਪ੍ਰਬੰਧ ਤਹਿਤ ਨਹਿਸ ਕਰ ਕੇ ਰੱਖ ਦਿੱਤਾ ਹੈ।ਸਿੱਖ ਸਿਧਾਂਤਾਂ ਨੂੰ ਵੱਡੇ ਪੱਧਰ ’ਤੇ ਢਾਹ ਲਗਾਈ ਗਈ ਹੈ। ਸਿੱਖ ਨੌਜਵਾਨ ਨਸ਼ਿਆਂ ਅਤੇ ਪਤਿਤਪੁਣੇ ਵਲ ਰੁਚਿਤ ਹੋ ਰਹੇ ਹਨ ਇਸ ਸਭ ਲਈ ਸ਼੍ਰੋਮਣੀ ਕਮੇਟੀ ਦੇ ਮੌਜ਼ੂਦਾ ਪ੍ਰਬੰਧਕ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਗੁਰਧਾਮਾਂ ਦੀਆ ਜਾਇਦਾਦਾਂ ਅਤੇ ਗੁਰੂ ਦੀ ਗੋਲਕ ਦੀ ਹੋ ਰਹੀ ਲੁੱਟ ਦਾ ਕੋਈ ਹਿਸਾਬ ਹੀ ਨਹੀਂ। ਸਿੱਖ ਸੰਗਤਾਂ ਵਲੋਂ ਚੜ੍ਹਾਏ ਪੈਸਿਆਂ ਨੂੰ ਹੀ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸ਼ਕਤੀਆਂ ਪੰਥ ਵਿਰੋਧੀ ਕੰਮਾਂ ਲਈ ਵਰਤ ਰਹੀਆਂ ਹਨ। ਉਨ੍ਹਾਂ ਸਿੱਖੀ ਦੇ ਬੋਲ-ਬਾਲੇ ਅਤੇ ਸਿੱਖ ਸਭਿਆਚਾਰ ਦੀ ਪੁਨਰ-ਸੁਰਜੀਤੀ ਲਈ ਪੰਥਕ ਮੋਰਚੇ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ। ਭਾਈ ਬਿੱਟੂ ਦੀ ਪੇਸ਼ੀ ਮੌਕੇ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਤੇ ਹਲਕਾ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ, ਅਮਰਜੀਤ ਸਿੰਘ ਬਡਗੁਜਰਾਂ, ਹਰਪਾਲ ਸਿੰਘ ਸ਼ਹੀਦਗੜ੍ਹ, ਹਰਪ੍ਰੀਤ ਸਿੰਘ ਹੈਪੀ ਅਤੇ ਪਰਮਜੀਤ ਸਿੰਘ ਸਿੰਬਲੀ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: