ਰਵਿਦਾਸ ਭਗਤ ਬਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਭਗਤ ਭਗਤ ਜਗ ਵਜਿਆ ਚਹੁੰ ਚੱਕਾਂ ਦੇ ਵਿਚ ਚਮਰੇਟਾ।। ਪਾਣਾ ਗੰਢੈ ਰਾਜ ਵਿਚ ਕੁੱਲਾ ਧਰਮ ਢੋਇ ਢੋਇ ਸਮੇਟਾ।। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਲਪੇਟਾ।। ਚਹੁੰ ਵਰਨਾ ਉਪਦੇਸ਼ ਦਾ ਧਿਆਨ ਗਿਆਨ ਕਰ ਭਗਤ ਸਹੇਟਾ।। ਨਾਵਣ ਆਯਾ ਸੰਗ ਮਿਲ ਬਾਨਾਰਸ ਕਰ ਗੰਗਾ ਬੇਟਾ।। ਕੱਢ ਕਸੀਰਾ ਸਉਪਿਆ ਰਵਿਦਾਸੇ ਗੰਗਾ ਦੀ ਭੇਟਾ।। ਲੱਗਾ ਪੁਰਬ ਅਭੀਚ ਦਾ ਡਿੱਠਾ ਚਲਿਤ ਅਚਰਜ ਅਮੇਟਾ।। ਲਇਆ ਕਸੀਰਾ ਹੱਥ ਕੱਢ ਸੂਤ ਇਕ ਜਿਉ ਤਾਣਾ ਪੇਟਾ।। ਭਗਤ ਜਨਾ ਹਰਿ ਮਾਂ ਪਿਉ ਬੇਟਾ।।
ਇਸ ਸ਼ਬਦ ਦੇ ਭਾਵ ਅਰਥ ਹਨ ਕਿ ਜਦੋਂ ਰਵਿਦਾਸ ਜੀ ਗੰਗਾ ਤੇ ਇਸ਼ਨਾਨ ਕਰਨ ਗਏ ਸਨ ਤਾਂ ਉੱਥੇ ਅਮੀਰ ਲੋਕ ਸੋਨਾ, ਚਾਂਦੀ ਪੈਸੇ ਗੰਗਾ ਨੂੰ ਭੇਟ ਕਰ ਰਹੇ ਸਨ ,ਪਰ ਰਵਿਦਾਸ ਤਾਂ ਗਰੀਬ ਸਨ ਅਤੇ ਉਨ੍ਹਾ ਕੋਲ ਇਕ ਚਮੜੇ ਦਾ ਟੁਕੜਾ ਸੀ ਜਿਸਨੂੰ ਭੇਟ ਕਰਨ ਲੱਗਿਆ ਗੰਗਾ ਵਿਚੋਂ ਇਕ ਮਨੁੱਖ ਵਰਗਾ ਹੱਥ ਨਿਕਲਿਆ ਅਤੇ ਉਸਨੇ ਰਵਿਦਾਸ ਤੋਂ ਇਹ ਭੇਟਾ ਫੜ ਲਈ ਅਤੇ ਨਾਲ ਹੀ ਆਵਾਜ਼ ਆਈ ਕਿ ਰਵਿਦਾਸ ਤੇਰੀ ਭੇਟਾ ਪ੍ਰਵਾਨ। ਇਸ ਕੌਤਕ ਨਾਲ ਧਨਾਢ ਹੈਰਾਨ ਹੋ ਗਏ ਤੇ ਰਵਿਦਾਸ ਦੀ ਉਪਮਾਂ ਹੋਣ ਲੱਗੀ ਅਤੇ ਉਹ ਰਵਿਦਾਸ ਭਗਤ ਵਜੋਂ ਜਾਣੇ ਜਾਣ ਲੱਗੇ। ਉਹ ਆਪਣਾ ਪਿਤਾ ਪੁਰਖੀ ਕੰਮ ਕਰਦੇ ਰਹੇ,ਸਭ ਵਰਨਾ ਨੂੰ ਉਪਦੇਸ਼ ਦਿੰਦੇ ਰਹੇ। ਜਿਸਨੂੰ ਵੇਖਕੇ ਬ੍ਰਾਹਮਣ ਲੋਕ ਈਰਖਾ ਕਰਨ ਲੱਗ ਪਏ। ਉਨ੍ਹਾ ਨੇ ਐਸੇ ਕਾਨੂੰਨ ਘੜੇ ਜਿਸ ਅਨੁਸਾਰ ਸ਼ੂਦਰ ਪ੍ਰਮਾਤਮਾਂ ਦੀ ਭਗਤੀ ਨਹੀਂ ਕਰ ਸਕਦਾ ਸੀ,ਮੰਦਰ ਨਹੀਂ ਜਾ ਸਕਦਾ ਸੀ,ਵੇਦ ਵਿੱਦਿਆ ਪੜ੍ਹ ਸੁਣ ਨਹੀਂ ਸਕਦਾ ਸੀ। ਅਜਿਹਾ ਕਰਨ ਤੇ ਕਰੜੀ ਸਜ਼ਾ ਦਿੱਤੀ ਜਾਂਦੀ ਸੀ। ਬ੍ਰਾਹਮਣਾ ਨੇ ਰਵਿਦਾਸ ਭਗਤ ਤੇ ਧਰਮ ਭ੍ਰਿਸ਼ਟ ਕਰਨ ਦੇ ਦੋਸ਼ ਕਾਂਸ਼ੀ ਦੇ ਨਵਾਬ ਕੋਲ ਲਗਾਏ ਸੀ ਅਤੇ ਮੰਗ ਕੀਤੀ ਸੀ ਕਿ ਇਹਦੇ ਮੰਦਰ ਚੋਂ ਦੇਵਤਿਆਂ ਦੀਆਂ ਮੂਰਤੀਆਂ ਚੁਕਵਾ ਦਿੱਤੀਆਂ ਜਾਣ ,ਕਿਉਂ ਕਿ ਬ੍ਰਾਹਮਣ ਤੋਂ ਬਿਨਾ ਹੋਰ ਨੀਵੀਂ ਜਾਤ ਦਾ ਬੰਦਾ ਇਨਾਂ ਦੀ ਪੂਜਾ ਨਹੀਂ ਕਰ ਸਕਦਾ। ਪਰ ਉਹ ਆਪਣੀ ਭਗਤੀ ਵਿਚ ਖਰੇ ਉੱਤਰੇ ਅਤੇ ਉਨ੍ਹਾ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਈ। ਪਰ ਅੱਜ ਜੋ ਪੜ੍ਹਨ ਨੂੰ ਮਿਲਿਆ ਹੈ ਕਿ ਰਵਿਦਾਸ ਜੀ ਦੇ 633 ਵੇਂ ਪ੍ਰਕਾਸ਼ ਪੁਰਬ ਤੇ ਉਨ੍ਹਾ ਦੇ ਜਨਮ ਸਥਾਨ ਕਾਂਸ਼ੀ ਵਿਖੇ ਰਵਿਦਾਸ ਭਗਤਾਂ ਨੇ ਆਪਣੇ ਵੱਖਰੇ ਧਰਮ,ਵੱਖਰੇ ਗ੍ਰੰਥ,ਵੱਖਰੇ ਨਿਸ਼ਾਨ ਵੱਖਰੀ ਬਾਣੀ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਸਭ ਪਿੱਛੇ ਸਿੱਖ ਧਰਮ ਵਿਚ ਵੰਡੀਆਂ ਪਾਉਣ ਵਾਲੀ ਕੋਈ ਵੱਡੀ ਸਾਜਿਸ਼ ਨਜ਼ਰ ਆ ਰਹੀ ਹੈ। ਕਿਉਂ ਕਿ ਰਵਿਦਾਸ ਭਗਤ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਕਰਕੇ ਉਹ ਤਾਂ ਸਭ ਸਿੱਖਾਂ ਦੇ ਸਤਿਕਾਰਤ ਹਨ। ਉਨ੍ਹਾ ਦੀ ਬਾਣੀ ਨੂੰ ਅਲੱਗ ਕਰਕੇ ਉਨ੍ਹਾ ਨੂੰ ਸਿਰਫ ਆਪਣੀ ਜਾਤੀ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਹੈ। ਸਿੱਖ ਕੌਮ ਵਿਚ ਵੰਡੀਆਂ ਪਾਉਣ ਵਾਲਿਆਂ ਨੇ ਪਹਿਲਾਂ,ਬਿਆਸਾ,ਸਿਰਸਾ,ਨੂਰ ਮਹਿਲ ਤੇ ਹੋਰ ਕਈ ਨਵੇਂ ਧਰਮਾਂ ਵਿਚ ਵੰਡ ਛੱਡਿਆ ਹੈ ਅਤੇ ਸਿੱਖੀ ਤੇ ਇਹ ਇਕ ਹੋਰ ਨਵਾਂ ਹਮਲਾ ਹੈ। ਹੁਣ ਇਸਤੋਂ ਅੱਗੇ ਕਬੀਰ ਭਗਤਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਆ ਜਾਏਗਾ। ਸਿੱਖ ਕੌਮ ਦੇ ਆਗੂ ਸੁੱਤੇ ਹੋਏ ਨੇ,ਐਸ਼ੋ ਇਸ਼ਰਤ,ਮਾਇਆ,ਕੁਰਸੀ ਦੀ ਭੁੱਖ ਵਿਚ ਗਲਤਾਨ ਹਨ ਅਤੇ ਸਿੱਖੀ ਦੀਆਂ ਜੜ੍ਹਾਂ ਦਿਨੋ ਦਿਨ ਖੋਖਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਸਿੱਖੀ ਦੇ ਬੂਟੇ ਨੂੰ ਸ਼੍ਰੀ ਗੁਰੂ ਗੋਬਿੰਦ ਸਾਹਿਬ ਨੇ ਆਪਣੇ ਪਰੀਵਾਰ ਦਾ ਖੂਨ ਪਾ ਕੇ ਪਾਲਿਆ ਸੀ ਅਤੇ ਇਸਨੂੰ ਛਾਂਗਣ ਤੋਂ ਬਚਾਉਣ ਲਈ ਅਨੇਕਾਂ ਸ਼ਹੀਦਾਂ ਨੇ ਆਪਣੀਆਂ ਜਾਨਾ ਦੀ ਅਹੂਤੀ ਦਿੱਤੀ ਸੀ ਪਰ ਅੱਜ ਘੁਰਾੜੇ ਮਾਰ ਰਹੇ ਸਿੱਖ ਆਗੂਆਂ ਦੀ ਛਤਰ ਛਾਇਆ ਹੇਠ ਹੀ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਵਿਚ ਤੇਲ ਚੋਇਆ ਜਾ ਰਿਹਾ ਹੈ। ਇਹ ਤਾਂ ਲੱਗੇ ਹੋਏ ਨੇ ਇਕ ਦੂਜੇ ਨੂੰ ਨੀਵਾਂ ਵਿਖਾਉਣ, ਸਿੱਖ ਕੌਮ ਚੋਂ ਛੇਕਣ। ਲੋਕ ਤਾਂ ਖੁਦ ਹੀ ਇਸਤੋਂ ਦੂਰ ਹੁੰਦੇ ਜਾ ਰਹੇ ਹਨ,ਛੇਕਣ ਦੀ ਜਰੂਰਤ ਹੀ ਨਹੀਂ। ਮੇਰੀ ਸਮੁੱਚੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਜਾਗੋ,ਇਨ੍ਹਾ ਦੀਆਂ ਚਾਲਾਂ ਨੂੰ ਸਮਝੋ ਤੇ ਇਨ੍ਹਾ ਦੀ ਅਗਵਾਈ ਨੂੰ ਨਿਕਾਰ ਦਿਉ ਨਹੀਂ ਤਾਂ ਤੁਹਾਨੂੰ ਸਿੱਖੀ ਨੂੰ ਬਚਾਉਣ ਲਈ ਬਹੁਤ ਵੱਡਾ ਮੁੱਲ ਤਾਰਨਾ ਪਏਗਾ।
— ਗੁਰਭੇਜ ਸਿੰਘ ਚੌਹਾਨ (ਫਰੀਦਕੋਟ)