ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਪ੍ਰਧਾਨ ਹਿੰਮਤ ਸਿੰਘ ਸ਼ੇਰਗਿਲ ਨੇ ਸੁੱਚਾ ਸਿੰਘ ਛੋਟੇਪੁਰ ਵਲੋਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਲਗਾਏ ਗੰਭੀਰ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇ-ਬੁਨਿਆਦ ਦੱਸਦੇ ਹੋਏ ਕਿਹਾ ਕਿ ਛੋਟੇਪੁਰ ਸਰਾਸਰ ਝੂਠ ਬੋਲ ਰਹੇ ਹਨ, ਨਾਲ ਹੀ ਜਵਾਬੀ ਹਮਲਾ ਕਰਦੇ ਹੋਏ ਛੋਟੇਪੁਰ ਤੋਂ ਪੁੱਛਿਆ ਕਿ ਜੇਕਰ ਉਨ੍ਹਾਂ ਦੇ ਦੋਸ਼ ਠੀਕ ਹਨ ਤਾਂ ਇੱਕ ਸੱਚਾ ਸਿੱਖ ਹੋਣ ਦੇ ਨਾਤੇ ਉਹ 39 ਦਿਨਾਂ ਤੱਕ ਚੁਪ ਕਿਉਂ ਬੈਠੇ ਰਹੇ?
ਐਤਵਾਰ ਨੂੰ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਹਿੰਮਤ ਸਿੰਘ ਸ਼ੇਰਗਿਲ ਨੇ ਕਿਹਾ ਪਿਛਲੇ 26 ਅਗਸਤ ਨੂੰ ਮੀਡੀਆ ਦੇ ਸਾਹਮਣੇ ਸੁੱਚਾ ਸਿੰਘ ਛੋਟੇਪੁਰ ਨੇ ਅਰਵਿੰਦ ਕੇਜਰੀਵਾਲ ਉੱਤੇ ਇਹ ਦੋਸ਼ ਉਸ ਸਮੇਂ ਲਗਾਏ ਹਨ ਜਦੋਂ ਸੁੱਚਾ ਸਿੰਘ ਛੋਟੇਪੁਰ ਨੇ ਬਤੌਰ ਕਨਵੀਨਰ ਰਿਸ਼ਵਤ ਦੇ ਰੂਪ ਵਿੱਚ ਦੋ ਲੱਖ ਰੁਪਏ ਦੇ ਦੋਸ਼ ਵਿੱਚ ਘਿਰੇ ਹੋਏ ਹਨ ਅਤੇ ਉਨ੍ਹਾਂ ਨੇ ਪਾਰਟੀ ਅਤੇ ਮੀਡੀਆ ਦੇ ਸਾਹਮਣੇ ਇਹ ਦੋ ਲੱਖ ਰੁਪਏ ਲੈਣ ਦੀ ਗੱਲ ਕਬੂਲ ਵੀ ਕਰ ਲਈ ਹੈ, ਕਿਉਂਕਿ ਪੈਸੇ ਲੈਂਦੇ ਹੋਏ ਇਕ ਸਟਿੰਗ ਪ੍ਰਮਾਣ ਦੇ ਰੂਪ ਵਿੱਚ ਸਾਹਮਣੇ ਆ ਗਿਆ ਸੀ। ਇਸ ਲਈ ਛੋਟੇਪੁਰ ਵਲੋਂ ਅਰਵਿੰਦ ਕੇਜਰੀਵਾਲ ‘ਤੇ ਲਗਾਇਆ ਦੋਸ਼ ਝੂਠਾ ਹੈ।
ਸ਼ੇਰਗਿਲ ਨੇ ਕਿਹਾ ਕਿ 26 ਅਗਸਤ ਨੂੰ ਛੋਟੇਪੁਰ ਨੇ ਆਪਣੇ ਦੋਸ਼ ਵਿੱਚ ਅੰਮ੍ਰਿਤਸਰ ਦੀ ਜਿਸ ਗੱਲ ਦਾ ਜ਼ਿਕਰ ਕੀਤਾ ਹੈ ਉਹ 18 ਅਗਸਤ ਨੂੰ ਕੀਤੀ ਹੈ, ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਨੇ ਛੋਟੇਪੁਰ ਨੂੰ ਇੰਨੀ ਵੱਡੀ ਗੱਲ ਬੋਲ ਦਿੱਤੀ ਸੀ ਤਾਂ ਇੱਕ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੇ ਉਸੀ ਸਮੇਂ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਰੋਸ਼ ਪ੍ਰਗਟ ਕਰਦੇ ਹੋਏ ਉਨ੍ਹਾਂ ਦੀ ਗੱਡੀ ਤੋਂ ਹੇਠਾਂ ਕਿਉਂ ਨਹੀਂ ਉਤਰੇ? ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ? ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ? 39 ਦਿਨਾਂ ਬਾਅਦ ਹੀ ਉਨ੍ਹਾਂ ਨੂੰ ਉਹ ਗੱਲ ਕਿਉਂ ਯਾਦ ਆਈ, ਜਿਸਦੇ ਬਾਰੇ ਵਿੱਚ ਛੋਟੇਪੁਰ ਕਹਿ ਰਹੇ ਹਨ ਕਿ ਉਹ ਕੰਬ ਗਏ ਸਨ।
ਹਿੰਮਤ ਸਿੰਘ ਸ਼ੇਰਗਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਦਾਨ ਦੇ ਰੂਪ ਵਿੱਚ ਫੰਡ ਲੈਣ ਲਈ ਸਰਲ ਅਤੇ ਸਪੱਸ਼ਟ ਨੀਤੀ ਹੈ ਅਤੇ ਪਾਰਟੀ ਫੰਡ ਦੇ ਰੂਪ ਵਿੱਚ ਲਈ ਗਏ ਪੈਸੇ-ਪੈਸੇ ਦਾ ਹਿਸਾਬ ਰੱਖਦੀ ਹੈ। ਛੋਟੇਪੁਰ ਇਹ ਵੀ ਝੂਠ ਬੋਲ ਰਹੇ ਹਨ ਕਿ ਪਾਰਟੀ ਦਾ ਕੋਈ ਖਾਤਾ ਅਤੇ ਖਜ਼ਾਨਚੀ ਨਹੀਂ ਹੈ। ਪੂਰੇ ਪੰਜਾਬ ਵਿੱਚ ਪਾਰਟੀ ਦੇ ਸਾਰੇ 13 ਜ਼ੋਨ ਅਤੇ ਇੱਕ ਮੁੱਖ ਰਾਜ ਪੱਧਰ ਦਾ ਬੈਂਕ ਖਾਤਾ ਹੈ। ਛੋਟੇਪੁਰ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਅਤੇ ਮੀਡੀਆ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਉਕਤ ਦੋ ਲੱਖ ਰੁਪਏ ਦੀ ਕੋਈ ਰਸੀਦ ਨਹੀਂ ਦਿੱਤੀ। ਉਨ੍ਹਾਂ ਦੇ ਕਬੂਲਨਾਮੇ ਦੇ ਆਧਾਰ ਉੱਤੇ ਹੀ ਪਾਰਟੀ ਦੀ ਪੀਏਸੀ ਨੇ ਛੋਟੇਪੁਰ ਨੂੰ ਕਨਵੀਨਰ ਪਦ ਤੋਂ ਹਟਾ ਕੇ ਪੂਰਾ ਮਾਮਲਾ ਦੋ ਮੈਂਬਰੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ।
ਸ਼ੇਰਗਿਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ਦੀਆਂ ਰੈਲੀਆਂ ਅਤੇ ਜਨ-ਸਭਾਵਾਂ ਬਤੌਰ ਕਨਵੀਨਰ ਛੋਟੇਪੁਰ ਜਾਂ ਕਿਸੇ ਨੇਤਾ ਵਲੋਂ ਦਿੱਤੇ ਗਏ ਫੰਡ ਤੋਂ ਨਹੀਂ ਹੁੰਦੀ, ਉਸਦਾ ਪ੍ਰਬੰਧ ਪਾਰਟੀ ਅਤੇ ਸਥਾਨਕ ਪੱਧਰ ਦੇ ਆਯੋਜਕਾਂ ਵਲੋਂ ਜੁਟਾਏ ਗਏ ਫੰਡ ਨਾਲ ਹੁੰਦਾ ਹੈ, ਜਿਸਦਾ ਪੂਰਾ ਹਿਸਾਬ ਰੱਖਿਆ ਜਾਂਦਾ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਸ਼ੇਰਗਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਰਵਾਇਤੀ ਰਾਜਨੀਤਿਕ ਦਲਾਂ ਵਰਗੀ ਨਹੀਂ ਹੈ। ਇਹ ਭ੍ਰਿਸ਼ਟਾਚਾਰ ਦੇ ਖਿਲਾਫ ਖੜੇ ਹੋਏ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਹੈ। ਇੱਥੇ ਸਿਧਾਂਤ ਕਿਸੇ ਵੀ ਵਿਅਕਤੀ ਤੋਂ ਉਪਰ ਰਹਿੰਦੇ ਹਨ, ਭਲੇ ਹੀ ਉਹ ਛੋਟੇਪੁਰ ਹੋਵੇ, ਹਿੰਮਤ ਸ਼ੇਰਗਿਲ ਹੋਵੇ, ਭਗਵੰਤ ਮਾਨ ਕਿਉਂ ਨਾ ਹੋਵੇ? ਇਸ ਲਈ ਛੋਟੇਪੁਰ ਦੇ ਮਾਮਲੇ ਤੋਂ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋ ਰਿਹਾ।
ਇੱਕ ਜਵਾਬ ਵਿੱਚ ਹਿੰਮਤ ਸਿੰਘ ਸ਼ੇਰਗਿਲ ਨੇ ਕਿਹਾ ਕਿ ਭਗਵੰਤ ਮਾਨ ‘ਤੇ ਵੀ ਛੋਟੇਪੁਰ ਨਿਰਾਧਾਰ ਦੋਸ਼ ਲਗਾ ਰਹੇ ਹਨ, ਜਦੋਂ ਤੱਕ ਭਗਵੰਤ ਮਾਨ ਦੇ ਖੂਨ ਦੀ ਜਾਂਚ ਦੇ ਆਧਾਰ ਉੱਤੇ ਦੋਸ਼ ਸਾਬਤ ਨਹੀਂ ਹੁੰਦੇ ਤੱਦ ਤੱਕ ਉਸ ‘ਤੇ ਸ਼ਰਾਬ ਦੀ ਭੈੜੀ ਆਦਤ ਦੇ ਦੋਸ਼ ਲਗਾਉਣ ਸਹੀ ਨਹੀਂ ਹੈ, ਜਦੋਂ ਕਿ ਭਗਵੰਤ ਮਾਨ ਨੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਵਿਰੋਧੀ ਆਗੂਆਂ ਨੂੰ ਚੁਣੋਤੀ ਦਿੱਤੀ ਹੋਈ ਹੈ ਕਿ ਸਾਰਿਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਪਹਿਲਾਂ ਖੂਨ ਉਹ ਆਪਣੇ ਆਪ ਦੇਣਗੇ।