ਬਠਿੰਡਾ: ਪੰਜਾਬ ਦੇ ਮੁੱਖ ਮਾਰਗਾਂ ‘ਤੇ ਲੱਗੇ ਦਿਸ਼ਾ ਬੋਰਡਾਂ ‘ਤੇ ਪੰਜਾਬੀ ਨੂੰ ਅੱਵਲ ਦਰਜੇ ‘ਤੇ ਲਿਖਣ ਦੀ ਮੰਗ ਕਰਨ ਵਾਲੇ ਮਾਲਵਾ ਯੂਥ ਫੈਡਰੇਸ਼ਨ ਦੇ ਆਗੂ ਲੱਖਾ ਸਿਧਾਣਾ ਅਤੇ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਗ੍ਰਿਫਤਾਰ ਕਰਨ ਲਈ ਸੀ.ਆਈ.ਏ. ਸਟਾਫ਼ ਬਠਿੰਡਾ-1 ਅਤੇ ਥਾਣਾ ਨੇਹੀਆਂ ਵਾਲਾ ਪੁਲਿਸ ਵਲੋਂ ਬੀਤੇ ਕੱਲ੍ਹ (26 ਅਕਤੂਬਰ, 2017) ਉਨ੍ਹਾਂ ਦੇ ਘਰਾਂ ਅਤੇ ਦੋਸਤਾਂ ਰਿਸ਼ਤੇਦਾਰਾਂ ਦੇ ਘਰਾਂ ‘ਚ ਛਾਪੇਮਾਰੀ ਕੀਤੀ ਗਈ ਪਰ ਉਕਤ ਦੋਨੋਂ ਆਗੂ ਘਰੋਂ ਬਾਹਰ ਹੋਣ ਕਾਰਨ ਪੁਲਿਸ ਦੇ ਹੱਥ ਨਾ ਆਏ।
ਬਾਅਦ ਦੁਪਹਿਰ ਕੀਤੀ ਗਈ ਛਾਪੇਮਾਰੀ ਦੌਰਾਨ ਸੀ.ਆਈ.ਏ. ਸਟਾਫ਼-1 ਦੀ ਅਗਵਾਈ ਐੱਸ.ਆਈ. ਜਗਰੂਪ ਸਿੰਘ ਕਰ ਰਿਹਾ ਸੀ ਜਦ ਕਿ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਵਿਚ ਛਾਪੇਮਾਰੀ ਕੀਤੀ। ਉਕਤ ਆਗੂਆਂ ‘ਤੇ 21 ਅਕਤੂਬਰ ਨੂੰ ਬਠਿੰਡਾ-ਅੰਮ੍ਰਿਤਸਰ ਸੜਕ ‘ਤੇ 20 ਕਿਲੋਮੀਟਰ ਦੂਰੀ ਤੱਕ ਲੱਗੇ ਦਿਸ਼ਾ ਬੋਰਡਾਂ ‘ਤੇ ਪੰਜਾਬੀ ਨੂੰ ਪਹਿਲਾਂ ਥਾਂ ਦਿਵਾਉਣ ਲਈ ਦੂਜੀਆਂ ਭਾਸ਼ਾਵਾਂ ‘ਤੇ ਕਾਲਾ ਪੋਚਾ ਫੇਰਿਆ ਗਿਆ ਸੀ ਜਿਸ ‘ਤੇ ਥਾਣਾ ਨੇਹੀਆਂ ਵਾਲਾ ਅਤੇ ਥਾਣਾ ਥਰਮਲ ਵਿਖੇ ਪਰਚੇ ਦਰਜ ਕੀਤੇ ਗਏ ਸਨ। ਇਨ੍ਹਾਂ ਪਰਚਿਆਂ ਵਿਚ ਉਕਤ ਆਗੂਆਂ ਤੋਂ ਇਲਾਵਾ 70-80 ਹੋਰ ਅਣਪਛਾਤੇ ਪੰਜਾਬੀ ਭਾਸ਼ਾ ਪ੍ਰੇਮੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਸਬੰਧਤ ਖ਼ਬਰ: ਪੰਜਾਬੀ ਦੇ ਹੱਕ ‘ਚ ਹਿੰਦੀ ਸਾਈਨ ਬੋਰਡਾਂ ‘ਤੇ ਕਾਲਖ ਪੋਤਣ ਵਾਲਿਆਂ ‘ਤੇ ਨੇਹਿਆਂਵਾਲਾ ‘ਚ ਕੇਸ ਦਰਜ …