ਸਿੱਖ ਖਬਰਾਂ

ਬਰਨਾਲਾ ਪੁਲਿਸ ਨੇ ਨਾਮ-ਚਰਚਾ ਕਰਵਾਈ, ਸਿੱਖਾਂ ਉੱਤੇ ਲਾਠੀ-ਚਾਰਜ, ਅੱਠਾਂ ਨੂੰ ਠਾਣੇ ਬਿਠਾਇਆ

By ਸਿੱਖ ਸਿਆਸਤ ਬਿਊਰੋ

July 17, 2010

ਬਰਨਾਲਾ (ਜੁਲਾਈ 17, 2010): ਇੱਥੋਂ ਨੇੜਲੇ ਪਿੰਡ ਠੀਕਰੀਵਾਲਾ ਵਿਖੇ ਅੱਜ ਡੇਰਾ ਸਿਰਸਾ ਦੇ ਪੈਰੋਕਾਰਾਂ ਵੱਲੋਂ “ਨਾਮ ਚਰਚਾ” ਰੱਖੀ ਗਈ ਸੀ, ਜਿਸ ਨੂੰ ਰੋਕਣ ਲਈ ਇਲਾਕੇ ਦੇ ਸਿੱਖਾਂ ਵੱਲੋਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਪਿੰਡ ਠੀਕਰੀਵਾਲਾ ਦੇ ਵਸਨੀਕ ਸਿੱਖਾਂ ਦੀ ਸੀ, ਵੱਲੋਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਡੇਰੇ ਦੀਆਂ ਗਤੀਵਿਧੀਆਂ ਦਾ ਅਮਨਪਸੰਦ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਸੀ। ਪਰ ਪੁਲਿਸ ਵੱਲੋਂ ਸਿੱਖਾਂ ਉੱਪਰ ਭਾਰੀ ਲਾਠੀ-ਚਾਰਜ ਕੀਤਾ ਗਿਆ, ਜਿਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਆਪਣੀ ਛਤਰ-ਛਾਇਆ ਹੇਠ ਡੇਰੇ ਦੇ ਪੈਰਾਕਾਰਾਂ ਦਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਅੱਠ ਸਿੱਖਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਵੀ ਮਿਲੀ ਹੈ। ਪਰ ਦੁਪਹਿਰ ਤੱਕ (ਜਿਸ ਸਮੇਂ ਖਬਰ ਲਿਖੀ ਗਈ) ਇਹ ਸਪਸ਼ਟ ਨਹੀਂ ਸੀ ਹੋ ਸਕਿਆ ਕਿ ਗ੍ਰਿਫਤਾਰ ਕੀਤੇ ਸਿੱਖਾਂ ਉੱਪਰ ਪੁਲਿਸ ਵੱਲੋਂ ਪਰਚਾ ਦਰਜ ਕੀਤਾ ਗਿਆ ਹੈ ਜਾਂ ਨਹੀਂ?

ਪੁਲਿਸ ਦੀ ਇਸ ਕਾਰਵਾਈ ਬਾਰੇ ਸਿੱਖ ਸੰਗਤਾਂ ਅਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁ: ਗੁਰੂਸਰ ਸਾਹਿਬ, ਮਹਿਰਾਜ ਦੇ ਮੁੱਖ ਸੇਵਾਦਾਰ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀ ਸਿੱਖ ਸੰਗਤ ਪਿੰਡ ਠੀਕਰੀਵਾਲਾ ਦੇ ਸਿੰਖਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ, ਕਿਉਂਕਿ ਉਨ੍ਹਾਂ ਵੱਲੋਂ ਸਿੱਖ ਪੰਥ ਵਿਰੋਧੀ ਕਾਰਵਾਈਆਂ ਨੂੰ ਰੋਕਣ ਲਈ ਹੀ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਖਾਲਸਾ ਐਕਸ਼ਨ ਕਮੇਟੀ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਏਕ ਨੂਰ ਖਾਲਸਾ ਫੌਜ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਵੱਲੋਂ ਵੀ ਪੁਲਿਸ ਕਾਰਵਾਈ ਅਤੇ ਸਿੱਖਾਂ ਦੀ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਗਈ ਹੈ।

ਡੇਰਾ ਸਿਰਸਾ ਦੀਆਂ ਕਾਰਵਾਈਆਂ ਪ੍ਰਤੀ ਸਿੱਖ ਸੰਗਤਾਂ ਵਿੱਚ ਮਈ 2007 ਤੋਂ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਈ 2007 ਵਿੱਚ ਡੇਰਾ ਮੁਖੀ ਨੇ ਅੰਮ੍ਰਿਤ ਦਾ ਸਵਾਂਗ ਰਚ ਕੇ ਸਿੱਖ ਗੁਰੂ ਸਾਹਿਬਾਨ, ਸਿੱਖ ਸਿਧਾਂਤਾਂ, ਇਤਿਹਾਸ ਅਤੇ ਪਰੰਪਰਾਵਾਂ ਦੀ ਬੇਅਦਬੀ ਕਰਨ ਦਾ ਯਤਨ ਕੀਤਾ ਸੀ। ਜਿਸ ਦੇ ਮੱਦੇ-ਨਜ਼ਰ 17 ਅਤੇ 20 ਮਈ ਨੂੰ, ਕ੍ਰਮਵਾਰ ਤਖਤ ਦਮਦਮਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਸਿਰਸਾ ਵਿਰੁੱਧ ਤੋਂ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਵਿੱਚ ਪੰਜਾਬ ਸਰਕਾਰ ਨੂੰ ਡੇਰੇ ਦੀਆਂ ਕਾਰਵਾਈਆਂ ਉੱਤੇ ਰੋਕ ਲਾਉਣ ਲਈ ਕਿਹਾ ਗਿਆ ਸੀ। ਉਸ ਸਮੇਂ ਵੀ ਅਤੇ ਬਾਅਦ ਵਿੱਚ ਵੀ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰੇ ਦੀਆਂ ਗਤੀਵਿਧੀਆਂ ਦਾ ਵਿਰੋਧ ਸ਼ਾਂਤਮਈ ਤਰੀਕੇ ਨਾਲ ਜਾਰੀ ਰੱਖਣ ਦੇ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤੇ ਗਏ ਸਨ।

ਡੇਰਾ ਸਿਰਸਾ ਨੂੰ ਹਾਸਿਲ ਸਿਆਸੀ ਸਰਪ੍ਰਸਤੀ ਦੀ ਚਰਚਾ ਵੀ ਅਕਸਰ ਹੁੰਦੀ ਹੈ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ (ਬਾਦਲ ਦਲ) ਦੀ ਚੋਣ ਮੌਕੇ ਇਹ ਚਰਚਾ ਆਮ ਰਹੀ ਸੀ ਕਿ ਬਾਦਲ ਦਲ ਤੇ ਇਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਡੇਰੇ ਨਾਲ ਗੁਪਤ ਸਮਝੌਤਾ ਕੀਤਾ ਹੈ। ਕਿਹਾ ਜਾਂਦਾ ਹੈ ਕਿ ਇਸ ਸਮਝੌਤੇ ਤਹਿਤ ਡੇਰੇ ਦੇ ਪੈਰੋਕਾਰਾਂ ਦੇ ਵੱਲੋਂ ਵਿੱਚ ਬੀਬੀ ਹਰਸਿਮਰਤ ਕੌਰ ਨੂੰ ਵੋਟਾਂ ਪਾ ਕੇ ਜਿੱਤਣ ਵਿੱਚ ਮਦਦ ਕੀਤੀ ਗਈ, ਜਿਸ ਦੇ ਬਦਲੇ ਵਿੱਚ ਸਰਕਾਰ ਵੱਲੋਂ ਡੇਰੇ ਦੀਆਂ ਗਤੀਵਿਧੀਆਂ ਨੂੰ ਸਰਕਾਰੀ ਸਰਪ੍ਰਸਤੀ ਦਿੱਤੀ ਜਾ ਰਹੀ ਹੈ।

ਬੀਤੇ ਸਾਲ ਫਰਵਰੀ-ਮਾਰਚ ਦੌਰਾਨ ਜਦੋਂ ਡੇਰਾ ਮੁਖੀ ਦੇ ਪੰਜਾਬ ਵਿੱਚ ਸਥਿੱਤ ਡੇਰਾ ਸਲਾਬਤਪੁਰਾ (ਜਿਲ੍ਹਾ ਬਠਿੰਡਾ) ਵਿਖੇ ਆਉਣ ਦੀ ਚਰਚਾ ਚੱਲੀ ਤਾਂ ਕੁਝ ਸਿੱਖ ਜਥੇਬੰਦੀਆਂ ਨੇ ਡੇਰਾ ਸਲਾਬਤਪੁਰਾ ਦੀ ਤਾਲਾਬੰਦੀ ਲਈ ਤਖਤ ਦਮਦਮਾਂ ਸਾਹਿਬ ਤੋਂ ਗ੍ਰਿਫਤਾਰੀਆਂ ਦਾ ਮੋਰਚਾ ਲਗਾ ਦਿੱਤਾ। ਇਸ ਮੋਰਚੇ ਦੀ ਰੂਹੇ-ਰਵਾਂ ਸਮਝੇ ਜਾਂਦੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਤਕਰੀਬਨ ਪਿਛਲੇ 11 ਮਹੀਨੇ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਹਨ, ਪਰ ਉਨ੍ਹਾਂ ਦੀ ਜਥੇਬੰਦੀ ਹੋਰਨਾਂ ਸਿੱਖ ਜਥੇਬੰਧੀਆਂ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ‘ਪੰਜ ਪਿਆਰਿਆਂ’ ਦੀ ਅਗਵਾਈ ਵਿੱਚ ਇਹ ਮੋਰਚਾ ਚਾਲ ਰਹੀ ਹੈ, ਜਿਸ ਤਹਿਤ ਹਰ ਐਤਵਾਰ 11 ਸਿੰਘ/ਸਿੰਘਣੀਆਂ ਦਾ ਜੱਥਾ ਗ੍ਰਿਫਤਾਰੀ ਲਈ ਤਖਤ ਦਮਦਮਾ ਸਾਹਿਬ ਤੋਂ ਰਵਾਨਾ ਹੁੰਦਾ ਹੈ।

ਦਮਦਮਾ ਸਾਹਿਬ ਵਾਲੇ ਮੋਰਚੇ ਦੇ ਸ਼ੁਰੂ ਹੋਣ ਨਾਲ ਮਾਲਵਾ ਖੇਤਰ ਵਿੱਚ ਡੇਰਾ ਸਿਰਸਾ ਦੀਆਂ ਗਤੀਵਿਧੀਆਂ ਕਾਫੀ ਘਟ ਗਈਆਂ ਸਨ, ਪਰ ਅੱਜ ਦੀ ਘਟਨਾ ਡੇਰਾ ਪੈਰੋਕਾਰਾਂ ਦੇ ਮੁੜ ਸਰਗਰਮੀ ਫੜਨ ਵੱਲ ਸੰਕੇਤ ਕਰਦੀ ਹੈ। ਬਾਦਲ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਡੇਰਾ ਪੈਰੋਕਾਰਾਂ ਦੀਆਂ ਵੋਟਾਂ ਬਣਵਾਉਣ ਦੀ ਗੱਲ ਇਨ੍ਹੀਂ ਦਿਨ੍ਹੀਂ ਕਾਫੀ ਚਰਚਾ ਵਿੱਚ ਹੈ ਤੇ ਠੀਕਰੀਵਾਲਾ ਵਿਖੇ ਪੁਲਿਸ ਵੱਲੋਂ ਸਿੱਖਾਂ ਨੂੰ ਦਬਾਉਣ ਅਤੇ ਡੇਰਾ ਸਿਰਸਾ ਦੀਆਂ ਗਤੀਵਿਧੀਆਂ ਨੂੰ ਸਰਪ੍ਰਸਤੀ ਦੇਣ ਦੀ ਘਟਨਾ ਨੂੰ ਕਿਸੇ ਨਵੇਂ ‘ਸਿਆਸੀ ਸਮਝੌਤੇ’ ਦੇ ਨਤੀਜੇ ਵੱਜੋਂ ਵੀ ਦੇਖਿਆ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: