"ਗਿਲੇ ਸ਼ਿਕਵੇ" ਦੂਰ ਕਰਕੇ ਬਰਨਾਲਾ ਪਰਿਵਾਰ ਦੇ ਬਾਦਲ ਦਲ 'ਚ ਸ਼ਾਮਲ ਹੋਣ ਦਾ ਦ੍ਰਿਸ਼

ਸਿਆਸੀ ਖਬਰਾਂ

ਸਾਰੇ “ਗਿਲੇ ਸ਼ਿਕਵੇ” ਦੂਰ ਕਰਕੇ ਬਰਨਾਲਾ ਪਰਿਵਾਰ ਆਪਣੇ ਸਮਰਥਕਾਂ ਸਮੇਤ ਬਾਦਲ ਦਲ ’ਚ ਪਰਤਿਆ

By ਸਿੱਖ ਸਿਆਸਤ ਬਿਊਰੋ

January 29, 2017

ਸੰਗਰੂਰ: ਪੰਜਾਬ ਦੀ ਸਿਆਸਤ ਵਿੱਚ ਹਾਸ਼ੀਏ ‘ਤੇ ਗਏ ਸਾਬਕਾ ਮੁੱਖ ਮੰਤਰੀ ਸੁਰਜੀਤ ਬਰਨਾਲਾ ਦੇ ਪਰਿਵਾਰ ਨੇ ਆਪਣੇ ਸਮਰਥਕਾਂ ਸਮੇਤ ਬਾਦਲ ਦਲ ਵਿੱਚ ਵਾਪਸੀ ਕਰਦੇ ਹੋਏ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪੂਰਨ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਸਮਾਗਮ ਦੌਰਾਨ ਸਾਬਕਾ ਮੁੱਖ ਮੰਤਰੀ ਸੁਰਜੀਤ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਅਤੇ ਸਿਮਰਪ੍ਰਤਾਪ ਸਿੰਘ ਬਰਨਾਲਾ ਅਤੇ ਬਲਦੇਵ ਸਿੰਘ ਮਾਨ ਆਪਣੇ ਸਮਰਥਕਾਂ ਸਮੇਤ ਸੁਖਬੀਰ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ ਸਾਰੇ “ਗਿਲੇ ਸ਼ਿਕਵੇ” ਭੁਲਾ ਕੇ “ਸੂਬੇ ਦੇ ਹਿੱਤ” ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ।

ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬਰਨਾਲਾ ਪਰਿਵਾਰ ਦੀ ਘਰ ਵਾਪਸੀ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਬਹੁਤ ਵੱਡਾ ਪਰਿਵਾਰ ਹੈ ਅਤੇ ਪਰਿਵਾਰਾਂ ਵਿੱਚ ਅਕਸਰ ਗਿਲੇ ਸ਼ਿਕਵੇ ਹੋ ਜਾਂਦੇ ਹਨ, ਪਰ ਜਦੋਂ ਗੱਲ ਪੰਜਾਬ ਦੇ ਹਿੱਤਾਂ ਦੀ ਹੋਵੇ ਤਾਂ ਸਮੂਹ ਆਗੂ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਝੰਡੇ ਹੇਠ ਇੱਕਜੁਟ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ ਲੋਕ ਵਿਰੋਧੀ ਪਾਰਟੀਆਂ ‘ਕਾਂਗਰਸ’ ਅਤੇ ‘ਆਪ’ ਤੋਂ ਬਚਾਉਣਾ ਵੀ ਸਮੇਂ ਦੀ ਅਹਿਮ ਲੋੜ ਹੈ। ‘ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇੱਕਜੁਟ ਹੋਏ ਅਕਾਲੀ-ਭਾਜਪਾ ਗੱਠਜੋੜ ਨੂੰ ਹਰਾਉਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਹੈ।’

ਇਸ ਦੌਰਾਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਪੰਜਾਬੀਆਂ ਉਪਰ ਕੋਈ ਭਰੋਸਾ ਹੈ। ਇਸੇ ਕਰ ਕੇ ਉਸ ਨੇ ਪੰਜਾਬ ਦੇ ਦੋ ਇੰਚਾਰਜ ਲਗਾਏ, ਜਿਨ੍ਹਾਂ ਵਿੱਚੋਂ ਇੱਕ ਯੂਪੀ ਤੋਂ ਹੈ ਅਤੇ ਦੂਜਾ ਬਿਹਾਰ ਤੋਂ। ਇਹ ਸਿਰਫ਼ ਕਾਂਗਰਸ ਪਾਰਟੀ ਦੇ ਨਕਸ਼ੇ ਕਦਮ ’ਤੇ ਚਲਦੇ ਹੋਏ ਸੂਬੇ ਦੀ ਖੁਸ਼ਹਾਲੀ ਭੰਗ ਕਰਨਾ ਚਾਹੁੰਦੇ ਹਨ। ਇਹ ਸਿਰਫ਼ ਗੁੰਮਰਾਹਕੁਨ ਪ੍ਰਚਾਰ ਕਰ ਕੇ ਵੋਟ ਬੈਂਕ ਲੁੱਟਣਾ ਚਾਹੁੰਦੇ ਹਨ।

ਹਲਕਾ ਸੰਗਰੂਰ ਤੋਂ ਬਾਦਲ-ਭਾਜਪਾ ਦੇ ਉਮੀਦਵਾਰ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਬਰਨਾਲਾ ਪਰਿਵਾਰ ਦੀ ਘਰ ਵਾਪਸੀ ਨਾਲ ਹਲਕਾ ਸੰਗਰੂਰ ਹੀ ਨਹੀਂ, ਸਗੋਂ ਪੂਰੇ ਸੂਬੇ ਵਿੱਚ ਅਕਾਲੀ-ਭਾਜਪਾ ਗਠਜੋੜ ਹੋਰ ਵਧੇਰੇ ਮਜ਼ਬੂਤ ਹੋਇਆ ਹੈ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਬਰਨਾਲਾ ਪਰਿਵਾਰ ਅਤੇ ਸਮਰਥਕਾਂ ਵੱਲੋਂ ਸੁਖਬੀਰ ਬਾਦਲ ਨੂੰ ਭਰੋਸਾ ਦਵਾਇਆ ਕਿ ਉਹ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਧੂਰੀ ਤੋਂ ਉਮੀਦਵਾਰ ਹਰੀ ਸਿੰਘ, ਪ੍ਰਸਿੱਧ ਗਾਇਕ ਕੇ ਐਸ ਮੱਖਣ, ਗੋਬਿੰਦ ਸਿੰਘ ਲੌਂਗੋਵਾਲ, ਤੇਜਾ ਸਿੰਘ ਕਮਾਲਪੁਰ, ਵਿਨਰਜੀਤ ਸਿੰਘ ਗੋਲਡੀ, ਕਰਨ ਘੁਮਾਣ ਕੈਨੇਡਾ, ਰਾਗੀ ਗ੍ਰੰਥੀ ਸਭਾ ਦੇ ਸੂਬਾ ਪ੍ਰਧਾਨ ਜਗਮੇਲ ਸਿੰਘ ਛਾਜਲਾ ਅਤੇ ਹੋਰ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: