ਮੋਗਾ: 2011 ਵਿਚ ਹੋਈ ਸਾੜ-ਫੂਕ ਦੀ ਘਟਨਾ ਦੇ ਮਾਮਲੇ ਨੂੰ ਲੈ ਕੇ ਮੋਗਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਡੇਰਾ ਸਿਰਸਾ ਪ੍ਰੇਮੀਆਂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ।
ਮਹਿੰਦਰਪਾਲ ਬਿੱਟੂ ਸਮੇਤ 10 ਡੇਰਾ ਪ੍ਰੇਮੀਆਂ ਨੂੰ ਅੱਜ ਪੁਲਿਸ ਰੀਮਾਂਡ ਖ਼ਤਮ ਹੋਣ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਵੀਡੀਓ ਕਾਨਫ਼ਰੰਸ ਰਾਹੀਂ ਡਿਊਟੀ ਮਜਿਸਟਰੇਟ ਗੁਰਪਿੰਦਰ ਸਿੰਘ ਜੌਹਲ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਉਨ੍ਹਾਂ ਨੂੰ 3 ਜੁਲਾਈ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਅਦਾਲਤ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਇਹਨਾਂ ਡੇਰਾ ਸਿਰਸਾ ਪ੍ਰੇਮੀਆਂ ਦੀ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ 2015 ਵਿਚ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਸ਼ਮੂਲੀਅਤ ਹੈ। ਉਸ ਤੋਂ ਬਾਅਦ ਹੁਣ ਉਪਰੋਕਤ ਬੇਅਦਬੀ ਕੇਸਾਂ ਦੀ ਜਾਂਚ ਕਰ ਰਹੀ ਸੀ.ਬੀ.ਆਈ ਵੀ ਹਰਕਤ ਵਿਚ ਆ ਗਈ ਹੈ ਤੇ ਪੁਲਿਸ ਰਿਮਾਂਡ ‘ਤੇ ਚਲ ਰਹੇ ਇਹਨਾਂ ਡੇਰਾ ਸਿਰਸਾ ਪ੍ਰੇਮੀਆਂ ਤੋਂ ਸੀ.ਬੀ.ਆਈ ਦੇ ਅਫਸਰਾਂ ਨੇ ਵੀ ਪੁੱਛ ਪੜਤਾਲ ਕੀਤੀ ਹੈ।