ਲੁਧਿਆਣਾ (22 ਜੁਲਾਈ , 2015): ਸਜ਼ਾ ਪੂਰੂ ਕਰਨ ਤੋਂ ਬਾਅਦ ਵੀ ਸਰਕਾਰ ਵੱਲੋਂ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਪਿੱਛਲੇ ਛੇ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਪੁਲਿਸ ਵੱਲੋਂ ਜਬਰੀ ਸਿਵਲ ਹਸਪਤਲਾ ਲੁਦਿਆਣਾ ਦਾਖਲ ਕਰਵਾਇਆ ਸੀ, ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੰਘੀ ਰਾਤ ਤਕਰੀਬਨ 1 ਵਜੇ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਦਿਆਨੰਦ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਸਿਵਲ ਸਰਜਨ ਤੇ ਐੱਸ. ਐੱਸ. ਪੀ. ਸਮੇਤ ਹੋਰ ਉੱਚ ਅਧਿਕਾਰੀਆਂ ਦੀ ਮੀਟਿੰਗ ਹੋਈ ਤੇ ਮੀਟਿੰਗ ਤੋਂ ਬਾਅਦ ਇਹ ਸਾਰੀ ਗੱਲ ਚੰਡੀਗੜ੍ਹ ਬੈਠੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦੀ ਗਈ ਤੇ ਉੱਥੋਂ ਹਰੀ ਝੰਡੀ ਮਿਲਣ ‘ਤੇ ਹੀ ਅਧਿਕਾਰੀਆਂ ਵੱਲੋਂ ਬਾਪੂ ਸੂਰਤ ਸਿੰਘ ਖ਼ਾਲਸਾ ਨੂੰ ਦਿਆਨੰਦ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਬਾਪੂ ਸੂਰਤ ਸਿੰਘ ਖਾਲਸਾ ਨੂੰ ਪੁਲਿਸ ਨੇ ਅੱਜ ਸਿਵਲ ਹਸਪਤਾਲ ਦੇ ਕਮਰੇ ਵਿਚ ਹੀ ਨਜ਼ਰਬੰਦ ਕਰਕੇ ਜ਼ਬਰਦਸਤੀ ਗੁਲੂਕੋਜ਼ ਵਿਚ ਖੁਰਾਕ ਦੇ ਦਿੱਤੀ। ਜਾਣਕਾਰੀ ਅਨੁਸਾਰ ਬੀਤੇ ਦਿਨ ਬਾਪੂ ਖਾਲਸਾ ਵੱਲੋਂ ਪਾਣੀ ਪੀਣਾ ਵੀ ਛੱਡ ਦਿੱਤਾ ਗਿਆ ਸੀ, ਜਿਸ ਕਾਰਨ ਬੀਤੀ ਰਾਤ ਤੋਂ ਹੀ ਉਨ੍ਹਾਂ ਦੀ ਸਿਹਤ ਵਿਚ ਗਿਰਾਵਟ ਆਉਣ ਲੱਗ ਪਈ। ਅੱਜ ਤੜਕੇ ਬਾਪੂ ਖਾਲਸਾ ਦੀ ਹਾਲਤ ਅਚਾਨਕ ਵਿਗੜ ਗਈ, ਜਿਸ ‘ਤੇ ਉਥੇ ਤੈਨਾਤ ਪੁਲਿਸ ਅਧਿਕਾਰੀਆਂ ਅਤੇ ਡਾਕਟਰਾਂ ਨੇ ਇਸ ਦੀ ਸੂਚਨਾ ਪੁਲਿਸ ਤੇ ਹੋਰ ਅਧਿਕਾਰੀਆਂ ਨੂੰ ਦਿੱਤੀ।
ਸੂਚਨਾ ਮਿਲਦੇ ਹੀ ਲੁਧਿਆਣਾ ਦਿਹਾਤੀ ਦੇ ਐਸ. ਐਸ. ਪੀ ਰਵਚਰਨ ਸਿੰਘ ਬਰਾੜ, ਡਿਪਟੀ ਕਮਿਸ਼ਨਰ ਰੱਜਤ ਅਗਰਵਾਲ ਅਤੇ ਸਿਵਲ ਸਰਜਨ ਰੇਨੂੰ ਛਤਵਾਲ ਮੌਕੇ ‘ਤੇ ਪਹੁੰਚੇ। ਸਿਵਲ ਹਸਪਤਾਲ ਵਿਚ ਪਹੁੰਚਦੇ ਸਾਰ ਹੀ ਐਸ. ਐਸ. ਪੀ. ਨੇ ਉਥੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਬਾਪੂ ਸੂਰਤ ਸਿੰਘ ਦੇ ਕੋਲ ਬੈਠੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਕਮਰੇ ਵਿਚੋਂ ਬਾਹਰ ਕੱਢਣ ਦਾ ਹੁਕਮ ਦਿੱਤਾ, ਜਿਸ ‘ਤੇ ਉਥੇ ਤੈਨਾਤ ਪੁਲਿਸ ਮੁਲਾਜ਼ਮਾਂ ਨੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਚਲੇ ਜਾਣ ਲਈ ਕਿਹਾ। ਪਰਿਵਾਰਕ ਮੈਂਬਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਪਰ ਪੁਲਿਸ ਅਧਿਕਾਰੀਆਂ ਨੇ ਸਖ਼ਤ ਰਵੱਈਆ ਅਪਣਾਉਂਦੇ ਜ਼ਬਰਦਸਤੀ ਉਨ੍ਹਾਂ ਨੂੰ ਕਮਰੇ ਵਿਚੋਂ ਬਾਹਰ ਕੱਢ ਦਿੱਤਾ।
ਇਨ੍ਹਾਂ ਤਿੰਨਾਂ ਅਧਿਕਾਰੀਆਂ ਨੇ ਬਾਪੂ ਖਾਲਸਾ ਨੂੰ ਪਹਿਲਾਂ ਖੁਰਾਕ ਲੈਣ ਲਈ ਕਿਹਾ ਪਰ ਜਦੋਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤਾਂ ਡਾਕਟਰਾਂ ਵੱਲੋਂ ਪੁਲਿਸ ਦੀ ਮਦਦ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਨੂੰ ਗੁਲੂਕੋਜ਼ ਵਿਚ ਖੁਰਾਕ ਪਾ ਕੇ ਦੇ ਦਿੱਤੀ।
ਪੁਲਿਸ ਵੱਲੋਂ ਅੱਜ ਸਿਵਲ ਹਸਪਤਾਲ ਵਿਚ ਵੀ ਪਹਿਲਾਂ ਤੋਂ ਜ਼ਿਆਦਾ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਪੁਲਿਸ ਅਧਿਕਾਰੀ ਮਿੰਟ-ਮਿੰਟ ਦੀ ਰਿਪੋਰਟ ਚੰਡੀਗੜ੍ਹ ਬੈਠੇ ਉਚ ਅਧਿਕਾਰੀਆਂ ਨੂੰ ਭੇਜ ਰਹੇ ਸਨ। ਬਾਪੂ ਖਾਲਸਾ ਨੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਸੀ ਕਿ ਜਿੰਨੀ ਦੇਰ ਤੱਕ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਉਨ੍ਹਾਂ ਦੇ ਹਮਾਇਤੀ ਰਿਹਾਅ ਨਹੀਂ ਕੀਤੇ ਜਾਂਦੇ, ਓਨੀ ਦੇਰ ਤੱਕ ਉਹ ਪਾਣੀ ਨਹੀਂ ਪੀਣਗੇ ।