ਚੰਡੀਗੜ: ਮੂਲ ਨਿਵਾਸੀ ਭਾਰਤੀਆਂ ਦੇ ਹੱਕਾਂ ਲਈ ਜੂਝ ਰਹੀ ਜਥੇਬੰਦੀ ਬਾਮਸੇਫ ਵਲੋਂ ਨਵੇਂ ਸਾਲ ਮੌਕੇ ਪੂਨੇ ਵਿਖੇ ਕਰਵਾਏ ਗਏ ਭੀਮਾ ਕੋਰੇਗਾਉ ਜਿੱਤ ਸਮਾਰੋਹ ਸਮਾਗਮ ਦੀ ਸਫਲਤਾ ਤੋਂ ਬੁਖਲਾਏ ਸੈਂਕੜੇ ਬਜਰੰਗ ਦਲ ਅਤੇ ਸ਼ਿਵ ਸੈਨਿਕਾਂ ਨੇ ਸਮਾਗਮ ਦੇ ਪਹੁੰਚ ਮਾਰਗਾਂ ਤੇ ਦਰਜਨਾਂ ਗੱਡੀਆਂ ਦੀ ਭੰਨਤੋੜ ਕੀਤੀ ਇਸੇ ਦੁਰਾਨ 4 ਮੂਲ ਨਿਵਾਸੀਆਂ ਦੀ ਮੌਤ ਹੋ ਗਈ।
ਪੂਨੇ ਤੋਂ ਟੈਲੀਫੂਨ ਤੇ ਗਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਅਮਰੀਕ ਸਿੰਘ ਬਲੋਵਾਲ ਨੇ ਦੱਸਿਆ ਕਿ ਭੀਮਾ ਕੋਰੇਗਾਉ ਵਿੱਚ ਸ਼ਮੂਲੀਅਤ ਕਰਨ ਲਈ ਲੱਖਾਂ ਦੀ ਗਿਣਤੀ ਵਿੱਚ ਮੂਲ ਨਿਵਾਸੀ ਪੁਜੇ ਹੋਏ ਸਨ ।ਉਨ੍ਹਾਂ ਦੱਸਿਆ ਕਿ ਕਿਉਂਕਿ ਇਹ ਸਮਾਗਮ 200 ਸਾਲ ਪਹਿਲਾਂ ਮਹਾਰਾਂ ਪਾਸੋਂ ਪੇਸ਼ਵਾ ਬ੍ਰਾਹਮਣਾਂ ਉਪਰ ਹੋਈ ਜਿੱਤ ਦੇ ਸਬੰਧ ਵਿੱਚ ,ਇਸਦੀ ਸਫਲਤਾ ਨੂੰ ਵੇਖਦਿਆਂ ਬਜਰੰਗ ਦਲ ਤੇ ਸ਼ਿਵ ਸੈਨਿਕ ਭੜਕ ਉਠੇ।
ਉਨ੍ਹਾਂ ਦੱਸਿਆ ਕਿ ਸਮਾਗਮ ਦੇ ਰਸਤੇ ਇਨ੍ਹਾਂ ਲੋਕਾਂ ਨੇ ਰੱਜ ਕੇ ਹੁੜਦੰਗ ਮਚਾਇਆ ਤੇ ਮੂਲ ਨਿਵਾਸੀਆਂ ਦੀਆਂ ਦਰਜਨਾਂ ਗੱਡੀਆਂ ਦੀ ਤੋੜ ਭੰਨ ਕੀਤੀ। ਮਾਰ ਕੁਟ ਕੀਤੀ ਗਈ ਜਿਸ ਕਾਰਣ 4 ਲੋਕਾਂ ਦੇ ਮਾਰੇ ਜਾਣ ਦੀ ਖਬਰ ਆਈ ਹੈ।ਸ੍ਰ:ਬਲੋਵਾਲ ਨੇ ਦੱਸਿਆ ਕਿ ਸਥਾਨਕ ਪੁਲਿਸ ਤਾਂ ਪੂਰੀ ਤਰ੍ਹਾਂ ਮੂਕ ਦਰਸ਼ਕ ਬਣੀ ਰਹੀ ਹੈ ਪ੍ਰੰਤੂ ਸਮਾਗਮ ਵਿੱਚ ਸ਼ਾਮਿਲ ਲੋਕਾਂ ਦੇ ਗੱੁਸੇ ਨੂੰ ਭਾਂਪਦਿਆਂ ਕੇਂਦਰੀ ਫੋਰਸ ਦੇ ਕੁਝ ਜਵਾਨ ਜਰੂਰ ਸੜਕਾਂ ਤੇ ਆਏ ਹਨ।
ਇਸ ਸਮਾਗਮ ਵਿੱਚ ਸ਼ਾਮਿਲ ਜਥੇਬੰਦੀਆਂ ਨੇ ਕੱਟੜਵਾਦੀ ਬ੍ਰਾਮਹਣੀ ਤਾਕਤਾਂ ਖਿਲਾਫ ਫੈਸਲਾਕੁੰਨ ਜੰਗ ਲੜਨ ਦਾ ਐਲ਼ਾਨ ਕੀਤਾ ਹੈ ।1818 ਵਿੱਚ ਮਹਿਜ 500 ਮਹਾਰਾਂ ਵਲੋਂ 28 ਹਜਾਰ ਪੇਸ਼ਵਾ ਬ੍ਰਾਹਮਣਾ ਨੂੰ ਹਰਾਉਣ ਦੀ ਦੂਸਰੀ ਸ਼ਤਾਬਦੀ ਮਨਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ:ਸਿਮਰਨਜੀਤ ਸਿੰਘ ਮਾਨ ਨੇ ਯਾਦਗਾਰੀ ਸਥਾਨ ਤੇ ਫੁੱਲ ਭੇਟ ਕਰਦਿਆਂ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ਦਾ ਨਾਅਰਾ ਬੁਲੰਦ ਕੀਤਾ ਤਾਂ ਸਮੱੁਚਾ ਪੰਡਾਲ ਜੈਕਾਰੇ ਦੀ ਗੂੰਜ ਨਾਲ ਗੂੰਜ ਉਠਿਆ।
ਦੂਸਰੀ ਸ਼ਤਾਬਦੀ ਸਮਾਗਮ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ:ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਹਰ ਉਸ ਕੌਮ ਦੇ ਨਾਲ ਹਨ ਜੋ ਆਪਣੀ ਵੱਖਰੀ ਹੋਂਦ ਲਈ ਬ੍ਰਾਹਮਣਵਾਦ ਦੇ ਖਿਲਾਫ ਲੜ ਰਹੀ ਹੈ ।ਉਨ੍ਹਾਂ ਕਿਹਾ ਕਿ 28 ਹਜਾਰ ਪੇਸ਼ਵਾ ਬ੍ਰਾਹਮਣਾਂ ਨੂੰ 500 ਮਹਾਰਾਂ ਵਲੋਂ ਹਰਾ ਦੇਣ ਦੀ ਗਾਥਾ ਸੁਣਕੇ ਫਖਰ ਮਹਿਸੂਸ ਹੋਇਆ ਹੈ ਕਿ ਸਿੱਖ ਕੌਮ ਵਾਂਗ ਕੋਈ ਹੋਰ ਕੌਮ ਵੀ ਅਜੇਹੀ ਹੈ ਜਿਸਨੇ ਕੱਟੜਵਾਦੀ ਬ੍ਰਾਹਮਣਾ ਨੂੰ ਲੋਹੇ ਦੇ ਚਨੇ ਚਬਾਏ ਹਨ ।
ਉਨ੍ਹਾਂ ਕਿਹਾ ਇਥੇ ਤਾਂ 28 ਹਜਾਰ ਚੜ੍ਹਕੇ ਆਏ ਹੋਣਗੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਦੁਨੀਆਂ ਦੀ ਸਭਤੋਂ ਵੱਡੀ ਫੌਜੀ ਤਾਕਤ ਜਾਣੇ ਜਾਂਦੇ ਹਿੰਦੁਸਤਾਨ ,ਰੂਸ ਤੇ ਬ੍ਰਿਿਟਸ਼ ਦੀਆਂ ਫੌਜਾਂ ਚੜ੍ਹ ਆਈਆਂ ਸਨ ਲੇਕਿਨ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਹੇਠ ਮਹਿਜ 150 ਸਿੱਖਾਂ ਨੇ ਦੁਸ਼ਮਣ ਦਾ ਮੂੰਹ ਮੋੜ ਦਿੱਤਾ।ਸ੍ਰ:ਮਾਨ ਨੇ ਕਿਹਾ ਕਿ ਇਹ ਲੋਕ ਸਾਨੂੰ ਫੌਜ ਦੇ ਡਰਾਵੇ ਨਾਲ ਜਿੱਤ ਨਹੀ ਸਕੇ ਬਲਕਿ ਆਪਣੀ ਹੋਈ ਹਾਰ ਤੇ ਅਜੇ ਵੀ ਦੰਦ ਪੀਹ ਰਹੇ ਹਨ।
ਬਾਮਸੇਫ ਦੇ ਅੰਤਰਰਾਸ਼ਟਰੀ ਪ੍ਰਧਾਨ ਵਾਮਨ ਮੇਸ਼ਰਾਮ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਨਾਲ ਸਿੱਖ ਕੌਮ ਤੁਰ ਰਹੀ ਹੈ ।ਇੱਕ ਅਜੇਹੀ ਕੌਮ ਜਿਸਦੇ ਰਹਿਬਰਾਂ ਨੇ 300 ਸਾਲ ਪਹਿਲਾਂ ਹੀ ਬ੍ਰਾਹਮਣਵਾਦ ਤੇ ਜਾਤ ਪਾਤ ਨੂੰ ਠੁਕਰਾ ਦਿੱਤਾ।ਸਿੱਖਾਂ ਦੀ ਤਾਕਤ ਦਾ ਜਿਕਰ ਕਰਦਿਆਂ ਵਾਮਨ ਮੇਸ਼ਰਾਮ ਨੇ ਕਿਹਾ ਕਿ ਜਿਸ ਅਫਗਾਨਿਸਤਾਨ ਨੂੰ ਅੰਗਰੇਜ ਨਹੀ ਜਿੱਤ ਸਕੇ ,ਅਮਰੀਕਾ ਸਫਲ ਨਹੀ ਹੋਇਆ ਉਸਨੂੰ ਸਿੱਖ ਜਰਨੈਲਾਂ ਨੇ ਅੱਗੇ ਲਾ ਲਿਆ ਸੀ।ਬੜੇ ਹੀ ਜੋਸ਼ਿਲੇ ਅੰਦਾਜ ਵਿੱਚ ਵਾਮਨ ਮੇਸ਼ਰਾਮ ਨੇ ਕਿਹਾ ਜਿਹੜੇ ਲੋਕ ਸਿੱਖ ਜਰਨੈਲ ਦੀ ਗਰਜ ਤੇ ਪਠਾਣਾਂ ਅੰਦਰ ਖੌਫ ਵੇਖਣਾ ਚਾਹੁੰਦੇ ਹਨ ਉਹ ਕਦੇ ਅਫਗਾਨਿਸਤਾਨ ਜਾਣ ਤੇ ਵੇਖਣ ਕਿ ਜਰਨੈਲ ਹਰੀ ਸਿੰਘ ਨਲੂਆ ਦੀ ਦਹਿਸ਼ਤ ਅੱਜ ਵੀ ਉਨ੍ਹਾਂ ਦੇ ਦਿਲਾਂ ਵਿੱਚ ਮੌਜੂਦ ਹੈ।
ਲੰਗਾਇਤ ਧਰਮ ਦੇ ਮੁਖੀ ਸ੍ਰੀ ਕੁਰੇਸ਼ਵਰ ਅੱਪਾ ਨੇ ਕਿਹਾ ਕਿ ਜਨਮ ਤੋਂ ਲੈਕੇ ਮਰਨ ਤੀਕ ਸਾਡੇ ਆਪਣੇ ਰੀਤੀ ਰਿਵਾਜ ਹਨ ।ਅਸੀਂ ਨਾ ਕਲੱ੍ਹ ਹਿੰਦੂ ਸਾਂ ਤੇ ਨਾ ਹੀ ਅੱਜ ਤੇ ਨਾ ਹੀ ਆਣ ਵਾਲੇ ਕਿਸੇ ਹੋਰ ਕੱਲ੍ਹ ਵਿੱਚ।ਉਨ੍ਹਾਂ ਸੱਦਾ ਦਿੱਤਾ ਕਿ ਲੰਗਾਇਤ ਧਰਮ ਵਲੋਂ 28 ਜਨਵਰੀ ਨੂੰ ਕੋਹਲਾਪੁਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਉਹ ਹਮ ਖਿਆਲੀ ਅਤੇ ਮੂਲ ਨਿਵਾਸੀਆਂ ਦੇ ਹੱਕਾਂ ਖਾਤਿਰ ਜੂਝ ਰਹੀਆਂ ਸੰਸਥਾਵਾਂ ਪਾਸੋਂ ਆਪਣੇ ਵੱਖਰੇ ਧਰਮ ਦੀ ਤਸਦੀਕ ਕਰਵਾਈ ਜਾਵੇਗੀ।
ਆਦੀ ਵਾਸੀਆਂ ਦੇ ਨੁਮਾਇੰਦੇ ਤੇ ਝਾਰਖੰਡ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀ ਮਾਰਖਨ ਮੁਰਗੂ ਨੇ ਕਿਹਾ ਝਾਰਖੰਡ ਦਾ ਸਮੁਚਾ ਖੇਤਰ ਹੀ ਸੋਨੇ ਚਾਂਦੀ ਤੇ ਹੋਰ ਬੇਸ਼ਕੀਮਤੀ ਹੀਰੇ ਰਤਨਾਂ ਦੀਆਂ ਖਾਣਾਂ ਨਾਲ ਭਰਿਆ ਪਿਆ ਹੈ ।ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਉਸ ਸਰਮਾਏ ਦੇ ਹੱਕਦਾਰ ਹਾਂ ਪ੍ਰੰਤੂ ਚਲਾਕ ਬ੍ਰਾਹਮਣ ਸਾਨੂੰ ਅੱਤਵਾਦੀ ਐਲਾਨ ਕੇ ਮਾਰ ਮੁਕਾਉਣ ਦੀ ਸਾਜਿਸ਼ ਕਰ ਰਿਹਾ ਹੈ ।
ਸਮਾਗਮ ਦੀ ਸਮਾਪਤੀ ਕਰਦਿਆਂ ਮੂਲਨਿਵਾਸੀ ਭਾਰਤੀਆਂ,ਲੰਗਾਇਤ,ਆਦੀ ਵਾਸੀਆਂ ਅਤੇ ਸਿੱਖ ਕੌਮ ਦੇ ਨੁਮਾਇੰਦਿਆਂ ਨੇ ਸਾਂਝੇ ਤੌਰ ਤੇ ਐਲਾਨ ਕੀਤਾ ਕਿ ਇਸ ਦੇਸ਼ ਨੂੰ ਕੱਟੜਵਾਦੀ ਬ੍ਰਾਹਮਣ ਵਾਦ ਤੋਂ ਮੁਕਤ ਕਰਨ ਲਈ ਫੈਸਲਾਕੁੰਨ ਜੰਗ ਲੜੀ ਜਾਵੇਗੀ।ਇਸ ਮੌਕੇ ਸਾਬਕਾ ਨਿਰਦੇਸ਼ਕ ਦੂਰਦਰਸ਼ਨ ਸ੍ਰੀ ਐਮ.ਕੇ.ਪਰਮਾਰ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ,ਅਮਰੀਕ ਸਿੰਘ ਬਲੋਵਾਲ,ਨਵਦੀਪ ਸਿੰਘ ,ਗੁਰਮੇਲ ਸਿੰਘ ਸ਼ੇਰਗਿੱਲ,ਗੁਰਜੰਟ ਸਿੰਘ ਕੱਟੂ ਪ੍ਰਮੁਖਤਾ ਨਾਲ ਮੌਜੂਦ ਸਨ ।