ਮੋਗਾ: ਭਾਰਤ ਵਿਚ ਗ੍ਰਿਫਤਾਰ ਕੀਤੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੋਹਲ ਖਿਲਾਫ ਮੋਗਾ ਦੀ ਭਾਰਤੀ ਅਦਾਲਤ ਵਿਚ ਬੀਤੇ ਕਲ੍ਹ 12 ਜੂਨ ਨੂੰ ਗ੍ਰਿਫਤਾਰੀ ਤੋਂ 8 ਮਹੀਨਿਆਂ ਤੋਂ ਵੱਧ ਸਮੇਂ ਬਾਅਦ ਦੋਸ਼ ਆਇਦ ਕੀਤੇ ਗਏ। ਇਸ ਦੋਸ਼ ਮੋਗਾ ਜ਼ਿਲ੍ਹੇ ਵਿਚ ਪੈਂਦੇ ਬਾਘਾਪੁਰਾਣਾ ਪੁਲਿਸ ਥਾਣੇ ਵਿਚ ਦਰਜ 2016 ਦੇ ਇਕ ਕੇਸ ਨਾਲ ਸਬੰਧਿਤ ਹਨ।
ਬੀਤੇ ਕਲ੍ਹ ਜਗਤਾਰ ਸਿੰਘ ਜੋਹਲ ਨੂੰ ਵਧੀਕ ਸੈਸ਼ਨ ਜੱਜ ਮੋਗਾ, ਚਰਨਜੀਤ ਅਰੋੜਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਜਗਤਾਰ ਸਿੰਘ ਜੋਹਲ ਨਾਲ ਕਪੂਰਥਲਾ ਜੇਲ੍ਹ ਵਿਚ ਨਜ਼ਰਬੰਦ ਹਰਦੀਪ ਸਿੰਘ ਸ਼ੇਰਾ, ਰੋਪੜ ਜੇਲ੍ਹ ਵਿਚ ਨਜ਼ਰਬੰਦ ਰਮਨਦੀਪ ਸਿੰਘ ਬੱਗਾ, ਨਾਭਾ ਜੇਲ੍ਹ ਵਿਚ ਨਜ਼ਰਬੰਦ ਧਰਮਿੰਦਰ ਸਿੰਘ ਗੁਗਨੀ ਅਤੇ ਅਨਿਲ ਕਾਲਾ, ਸੰਗਰੂਰ ਜੇਲ੍ਹ ਵਿਚ ਨਜ਼ਰਬੰਦ ਤਲਜੀਤ ਸਿੰਘ ਜਿੰਮੀ ਅਤੇ ਜਗਜੀਤ ਸਿੰਘ ਜੰਮੂ ਨੂੰ ਵੀ ਪੇਸ਼ ਕੀਤਾ ਗਿਆ। ਇਸ ਕੇਸ ਵਿਚ ਜ਼ਮਾਨਤ ‘ਤੇ ਚੱਲ ਰਹੇ ਤਰਲੋਕ ਸਿੰਘ ਲਾਡੀ ਵੀ ਅਦਾਲਤ ਵਿਚ ਪੇਸ਼ ਹੋਏ।
ਇਹ ਕੇਸ ਅਸਲਾ ਕਾਨੂੰਨ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।
ਜਗਤਾਰ ਸਿੰਘ ਜੋਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਅਸਲਾ ਕਾਨੂੰਨ ਦੀ ਧਾਰਾ 25, ਭਾਰਤੀ ਪੈਨਲ ਕੋਡ ਦੀ ਧਾਰਾ 120ਬੀ, ਯੂਏਪੀ ਕਾਨੂੰਨ ਦੀ ਧਾਰਾ 17, 18, 19 ਅਤੇ 20 ਅਧੀਨ ਉਪਰੋਕਤ ਸਾਰੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਦੀਪ ਸਿੰਘ ਸ਼ੇਰਾ ਖਿਲਾਫ ਵੱਖਰੇ ਤੌਰ ‘ਤੇ ਭਾਰਤੀ ਪੈਨਲ ਕੋਡ ਦੀਆਂ ਧਾਰਾਵਾਂ 419, 420, 467, 468 ਅਤੇ 471 ਵੀ ਲਾਈਆਂ ਗਈਆਂ ਹਨ।
ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਦੱਸਿਆ ਕਿ ਕੇਸ ਦੀ ਅਗਲੀ ਸੁਣਵਾਈ ਲਈ 26 ਜੁਲਾਈ, 2018 ਮਿਥੀ ਗਈ ਹੈ।