ਸ੍ਰੀ ਅਨੰਦਪੁਰ ਸਾਹਿਬ (23 ਮਾਰਚ, 2016): ਖਾਲਸੇ ਦੀ ਜਨਮ ਧਰਤ ਆਨੰਦਪੁਰ ਸਾਹਿਬ ‘ਤੇ ਹੋਲੇ ਮੁਹੱਲੇ ਦੇ ਜੋੜ ਮੇਲੇ ‘ਤੇ ਬਾਦਲ ਦਲ ਵੱਲੋਂ ਕੀਤੀ ਸਿਆਸੀ ਕਾਨਫਰੰਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨ ਵਾਸਤੇ ਪੰਜਾਬੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਚਾਹੀਦਾ ਹੈ।
ਬਾਦਲ ਨੇ ਅੱਜ ਐਲਾਨ ਕੀਤਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਦੀ ਇਜਾਜ਼ਤ ਕਿਸੇ ਵੀ ਕੀਮਤ ਤੇ ਹਾਲਤ ਵਿਚ ਨਹੀਂ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੇ ਹਾਲ ਹੀ ਵਿਚ ਪੰਜਾਬ ਵਿਧਾਨ ਸਭਾ ਦੇ ਸਦਨ ਵਿਚ ਇਹ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਰਿਪੇਰੀਅਨ ਸਿਧਾਂਤ ਮੁਤਾਬਕ ਸੂਬੇ ਦੇ ਪਾਣੀਆਂ ਦੀ ਰਾਖੀ ਕਰਨਗੇ। ਉਨ੍ਹਾਂ ਆਖਿਆ ਕਿ ਇਹ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਹੈ ਜਿਥੋਂ ਉਹ ਅੱਜ ਫਿਰ ਐਲਾਨ ਕਰਦੇ ਹਨ ਕਿ ਪੰਜਾਬ ਦੇ ਹਿੱਤਾਂ ‘ਤੇ ਡਾਕਾ ਮਾਰਨ ਵਾਲਾ ਕੋਈ ਵੀ ਫੈਸਲਾ ਮੈਨੂੰ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਨਾ ਕਦੇ ਮਨਜ਼ੂਰ ਸੀ, ਨਾ ਮਨਜ਼ੂਰ ਹੈ ਅਤੇ ਨਾ ਮਨਜ਼ੂਰ ਹੋਵੇਗਾ।
ਮੁੱਖ ਮੰਤਰੀ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦੇ ਆਖਿਆ ਕਿ ਇਸ ਪਾਰਟੀ ਦੀਆਂ ਕੇਂਦਰ ਵਿਚ ਸਮੇਂ ਸਮੇਂ ‘ਤੇ ਬਣੀਆਂ ਸਰਕਾਰਾਂ ਨੇ ਪੰਜਾਬ ਦੇ ਬਣਦੇ ਹੱਕ ਤੇ ਖਾਸ ਕਰਕੇ ਦਰਿਆਈ ਪਾਣੀਆਂ ਦੇ ਹੱਕ ਨੂੰ ਲੁੱਟਿਆ। ਉਨ੍ਹਾਂ ਆਖਿਆ ਕਿ ਜਦੋਂ ਵੀ ਪੰਜਾਬ ਦੇ ਹਿੱਤਾਂ ਦਾ ਮਸਲਾ ਉਠਦਾ ਹੈ ਤਾਂ ਸੂਬੇ ਦੀ ਕਾਂਗਰਸ ਲੀਡਰਸ਼ਿਪ ਮੂਕ ਦਰਸ਼ਕ ਬਣ ਕੇ ਪੰਜਾਬ ਤੇ ਪੰਜਾਬੀਆਂ ਦੀ ਸਾਰ ਲੈਣ ਦੀ ਬਜਾਏ ਆਪਣੀ ਹਾਈਕਮਾਂਡ ਅੱਗੇ ਆਤਮਸਮਰਪਣ ਕਰ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀਆਂ ਸਰਕਾਰਾਂ ਹਮੇਸ਼ਾ ਹੀ ਸੂਬੇ ਨੂੰ ਪੰਜਾਬੀ ਬੋਲਦੇ ਇਲਾਕੇ, ਉਸ ਦੀ ਰਾਜਧਾਨੀ ਚੰਡੀਗੜ੍ਹ ਅਤੇ ਇਥੋਂ ਤੱਕ ਕੇ ਦਰਿਆਈ ਪਾਣੀਆਂ ਦੇ ਜਾਇਜ਼ ਹਿੱਸੇ ਨੂੰ ਦੇਣ ਲਈ ਜਾਣ-ਬੁੱਝ ਕੇ ਨਾਂਹ-ਨੁੱਕਰ ਕਰਦੀਆਂ ਰਹੀਆਂ ਹਨ।
ਬਾਦਲ ਨੇ ਆਖਿਆ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀਂ ਹੈ ਅਤੇ ਨਾ ਹੀ ਦਿੱਤਾ ਜਾਣਾ ਸੰਭਵ ਹੈ। ਇਸ ਸੰਦਰਭ ਵਿਚ ਲਿੰਕ ਨਹਿਰ ਬਣਾਉਣ ਦੀ ਨਾ ਕੋਈ ਲੋੜ ਸੀ, ਨਾ ਲੋੜ ਹੈ ਅਤੇ ਨਾ ਹੀ ਬਣਾਉਣੀ ਸੰਭਵ ਹੈ ਤੇ ਨਾ ਹੀ ਬਣਨ ਦੇਵਾਂਗੇ।