ਖਾਸ ਖਬਰਾਂ

ਬਾਦਲ ਸਰਕਾਰ ਨੇ ਭਾਈ ਬਲਬੀਰ ਸਿੰਘ ਬੀਰੇ ਦੀ ਪੈਰੋਲ ਛੁੱਟੀ ਦੀ ਵੀ ਨਹੀਂ ਕੀਤੀ ਸਿਫਾਰਸ਼

By ਸਿੱਖ ਸਿਆਸਤ ਬਿਊਰੋ

May 13, 2015

ਪੰਥ ਪਿਛਲੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਉੱਦਮ-ਉਪਰਾਲੇ ਕਰ ਰਿਹਾ ਹੈ ਪਰ ਪੰਜਾਬ ਦੀ ਬਾਦਲ ਸਰਕਾਰ ਸੁਪਰੀਮ ਕੋਰਟ ਵਲੋਂ ਲਾਈ ਅਖੌਤੀ ਸਟੇਅ ਨੂੰ ਅਧਾਰ ਬਣਾ ਕੇ ਉਮਰ ਕੈਦੀਆਂ ਦੀ ਰਿਹਾਈ ਨਾ ਹੋਣ ਦੀਆਂ ਦੁਹਾਈਆਂ ਦਿੰਦੀ ਹੈ ਪਰ ਅਸਲ ਵਿਚ ਰਿਹਾਈਆਂ ਤੋਂ ਪਹਿਲਾਂ ਸਥਾਨਕ ਜਿਲ੍ਹਾ ਪ੍ਰਸਾਸ਼ਨ ਵਲੋਂ ਕੀਤੀਆਂ ਜਾਂਦੀਆਂ ਸਿਫਾਰਸਾਂ ਵੀ ਉਲਟ ਕੀਤੀਆਂ ਜਾਂਦੀਆਂ ਹਨ ਜਿਵੇ ਕਿ ਪਿਛਲੇ ਦਿਨੀ ਭਾਈ ਸੁਬੇਗ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਸੂਹਰੋਂ ਥਾਣਾ ਖੇੜੀ ਗੰਡਿਆਂ (ਸਦਰ ਰਾਜਪੁਰਾ), ਜਿਲ੍ਹਾ ਪਟਿਆਲਾ ਦੀ ਅਗੇਤੀ ਰਿਹਾਈ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਕੀਤੇ ਨਿਰਦੇਸ਼ਾਂ ਦੇ ਬਾਵਜੂਦ ਪਟਿਆਲਾ ਜਿਲ੍ਹਾ ਤੇ ਪੁਲਿਸ ਪ੍ਰਸਾਸ਼ਨ ਵਲੋਂ ਨਾਂਹਪੱਖੀ ਸਿਫਾਰਸ਼ ਕੀਤੀ ਗਈ ਸੀ ਅਤੇ ਹੁਣ ਭਾਈ ਬਲਬੀਰ ਸਿੰਘ ਬੀਰਾ ਦੀ ਚਾਰ ਹਫਤਿਆਂ ਦੀ ਪੈਰੋਲ ਛੁੱਟੀ ਦੀ ਵੀ ਸਿਫਾਰਸ਼ ਨਹੀਂ ਕੀਤੀ ਗਈ।

ਭਾਈ ਬਲਬੀਰ ਸਿੰਘ ਉਰਫ ਬੀਰਾ ਉਰਫ ਭੂਤਨਾ ਪੁੱਤਰ ਬਾਘ ਰਾਮ ਵਾਸੀ ਪਿੰਡ ਮੌਲਵੀਵਾਲਾ ਉਰਫ ਚੱਕ ਟਾਹਲੀਵਾਲਾ, ਜਿਲ੍ਹਾ ਫਿਰੋਜ਼ਪੁਰ ਜਿਸਨੂੰ ਮੁਕੱਦਮਾ ਨੰ. 123 ਮਿਤੀ 25-08-2009 ਪੁਲਿਸ ਥਾਣਾ ਜੀ.ਆਰ.ਪੀ ਲੁਧਿਆਣਾ ਅਧੀਨ ਧਰਾਵਾਂ 302, 307 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਸ ਸਮੇਂ ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਹੈ ਅਤੇ ਉਹ 2009 ਤੋਂ ਸਜ਼ਾ ਕੱਟ ਰਿਹਾ ਹੈ 29 ਅਗਸਤ 2014 ਨੂੰ ਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਕੀਤੀ ਗਈ ਸੀ। ਜਿਕਰਯੋਗ ਹੈ ਕਿ ਇਸ ਕੇਸ ਵਿਚ ਭਾਈ ਬਲਬੀਰ ਸਿੰਘ ਦੀ ਪਤਨੀ ਬੀਬੀ ਸੁਖਜਿੰਦਰ ਕੌਰ ਨੂੰ ਅਦਾਲਤ ਵਲੋ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ ਸੀ ਅਤੇ ਭਾਈ ਬਲਬੀਰ ਸਿੰਘ ਨੂੰ ਵੀ ਅੱਤਵਾਦ ਵਿਰੋਧੀ ਐਕਟ (ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ) ਵਿਚੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਅੱਗੇ ਵੱਧ ਕੇ 2009 ਵਿਚ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵਲੋਂ ਭਾਈ ਬਲਬੀਰ ਸਿੰਘ ਬੀਰਾ ਉਪਰ ਇਸ ਕੇਸ ਤੋਂ ਇਲਾਵਾ ਡੇਰਾ ਸਿਰਸਾ ਪ੍ਰੇਮੀ ਲਿੱਲੀ ਸ਼ਰਮਾ ਪਟਵਾਰੀ ਕਤਲ ਕੇਸ ਸਮੇਤ, ਕਤਲ, ਇਰਾਦਾ ਕਤਲ, ਬਾਰੂਦ ਤੇ ਅਸਲਾ ਐਕਟ ਅਤੇ ਅੱਤਵਾਦ ਵਿਰੋਧੀ ਐਕਟ (ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ) ਦੇ ਅੱਠ ਹੋਰ ਕੇਸ ਪਾਏ ਗਏ ਸਨ, ਜੋ ਕਿ ਸਾਰੇ ਬਰੀ ਹੋ ਚੁੱਕੇ ਹਨ।

ਜਿਲ੍ਹਾ ਮੈਜਿਸਟ੍ਰੇਟ ਫਿਰੋਜਪੁਰ ਵਲੋਂ 28-04-2014 ਨੂੰ ਭਾਈ ਬੀਰੇ ਦੀ ਪੈਰੋਲ ਛੁੱਟੀ ਦੀ ਨਾਂਹਪੱਖੀ ਸਿਫਾਰਸ਼ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ) ਫਿਰੋਜ਼ਪੁਰ ਵਲੋਂ ਪੈਰੋਲ ਛੁੱਟੀ ਦੀ ਸਿਫਾਰਸ਼ ਨਾ ਕਰਨ ਨੂੰ ਆਧਾਰ ਬਣਾ ਕੇ ਕੀਤੀ ਜਿਸ ਨੂੰ ਵਧੀਕ ਜਿਲ੍ਹਾ ਮੈਜਿਸਟ੍ਰੇਟ ਫਿਰੋਜਪੁਰ ਵਲੋਂ ਪਿੱਠ ਅੰਕਣ ਨੰਬਰ: ਫਸ/ਫਕ-3/15/5685 ਮਿਤੀ 30-04-2014 ਤਹਿਤ ਜਾਰੀ ਕੀਤਾ ਗਿਆ।ਭਾਈ ਬਲਬੀਰ ਸਿੰਘ ਦੀ ਪੈਰੋਲ ਛੁੱਟੀ ਦੀ ਸਿਫਾਰਸ਼ ਨਹੀਂ ਕੀਤੀ ਅਤੇ ਹੇਠ ਲਿਖੇ ਅਨੁਸਾਰ ਲਿਖਿਆ ਗਿਆ,

” ਕੈਦੀ ਬਲਬੀਰ ਸਿੰਘ ਉਰਫ ਭੂਤਨਾ ਜੋ ਅੱਤਵਾਦੀ ਸਰਗਰਮੀਆਂ ਵਿਚ ਹਿੱਸਾ ਲੈਂਦਾ ਰਿਹਾ ਹੈ, ਇਸ ਦੇ ਛੁੱਟੀ ਆਊਂਣ ਤੇ ਅਮਨ ਕਾਨੂੰਨ ਭੰਗ ਹੋ ਸਕਦਾ ਹੈ।”। ਜਿਕਰਯੋਗ ਹੈ ਕਿ ਭਾਈ ਬਲਬੀਰ ਸਿੰਘ ਦੀ ਪੈਰੋਲ ਛੁੱਟੀ ਦੀ ਸਿਫਾਰਸ਼ ਕਰਦਾ ਪੰਚਾਇਤਨਾਮਾ ਤਿੰਨ ਪਿੰਡਾਂ ਚੱਕ ਟਾਹਲੀਵਾਲਾ, ਝੋਕ ਮੋਹੜੇ ਤੇ ਕੋਹਰ ਸਿੰਘ ਵਾਲਾ ਦੀਆਂ ਸਮੁੱਚੀਆਂ ਪੰਚਾਇਤਾਂ ਵਲੋਂ ਵੀ ਦਿੱਤਾ ਗਿਆ ਸੀ ਵੀ ਜੇਲ੍ਹ ਪਰਸ਼ਾਸ਼ਨ ਵਲੋਂ ਪੈਰੋਲ ਛੁੱਟੀ ਲਈ ਭੇਜਿਆ ਗਿਆ ਸੀ ਜਿਸ ਵਿਚ ਹੇਠ ਲਿਖੇ ਅਨੁਸਾਰ ਲਿਖਿਆ ਹੈ:

” ਤਸਦੀਕ ਕੀਤਾ ਜਾਂਦਾ ਹੈ ਕਿ ਬਲਬੀਰ ਸਿੰਘ ਉਰਫ ਬੀਰਾ ਉਰਫ ਭੂਤਨਾ ਪੁੱਤਰ ਬਾਘ ਰਾਮ ਵਾਸੀ ਪਿੰਡ ਮੌਲਵੀਵਾਲਾ ਉਰਫ ਚੱਕ ਟਾਹਲੀਵਾਲਾ, ਥਾਣਾ ਲੱਖੋ ਕੇ ਬਹਿਰਾਮ, ਜਿਲ੍ਹਾ ਫਿਰੋਜ਼ਪੁਰਦਾ ਪੱਕਾ ਵਸਨੀਕ ਹੈ ਅਤੇ ਇਸ ਨੂੰ ਗਰਾਮ ਪੰਚਾਇਤ ਚੱਕ ਟਾਹਲੀਵਾਲਾ, ਝੋਕ ਮੋਹੜੇ ਤੇ ਕੋਹਰ ਸਿੰਘ ਵਾਲਾ ਜਾਤੀ ਤੌਰ ਤੇ ਜਾਣਦੀ ਹੈ। ਇਸਦੀ ਮਾਤਾ ਮਹਾਜੋ ਬਿਰਧ ਅਵਸਥਾ ਵਿਚ ਹੈ ਅਤੇ ਬਿਮਾਰ ਰੰਿਦੀ ਹੈ, ਉਸਦੀ ਅਤੇ ਪਰਿਵਾਰ ਦੀ ਦੇਖਭਾਲ ਕਰਨ ਵਾਲਾ ਘਰ ਵਿਚ ਕੋਈ ਯੋਗ ਮੈਂਬਰ ਨਹੀਂ ਹੈ। ਇਹ ਆਪਣੀ ਬਿਰਧ ਮਾਤਾ ਤੇ ਪਰਿਵਾਰ ਦੀ ਦੇਖਭਾਲ ਵਾਸਤੇ ਪੈਰੋਲ ਛੁੱਟੀ ਤੇ ਆਉਂਣਾ ਚਾਹੁੰਦਾ ਹੈ। ਇਹ ਆਪਣੀ ਛੁੱਟੀ ਪਿੰਡ ਚੱਕ ਟਾਹਲੀਵਾਲਾ ਵਿਖੇ ਅਮਨ ਅਮਾਨ ਨਾਲ ਕੱਟੇਗਾ। ਅਸੀਂ ਸਮੂਹ ਗਰਾਮ ਪੰਚਾਇਤਾਂ ਪੁਰਜ਼ੋਰ ਸਿਫਾਰਸ਼ ਕਰਦੇ ਹਾਂ ਕਿ ਉਕਤ ਕੈਦੀ ਬਲਭਰਿ ਸਿੰਘ ਉਰਫ ਭੂਤਨਾ ਨੂੰ ਵੱਦ ਤੋਂ ਵੱਧ ਛੁੱਟੀ ਦਿੱਤੀ ਜਾਵੇ। ਇਸ ਦੇ ਛੁੱਟੀ ਆਉਂਣ ਤੇ ਪਿੰਡ, ਇਲਾਕੇ ਵਿਚ ਅਮਾਨ ਭੰਗ ਹੋਣ ਦਾ ਕੋਈ ਖਤਰਾ ਨਹੀਂ ਹੈ, ਜਿਸਦੀ ਅਸੀਂ ਸਮੂਹ ਪੰਚਾਇਤਾਂ ਜਿੰਮੇਵਾਰੀ ਲੈ ਰਹੀਆਂ ਹਾਂ”।

ਇਸ ਪੰਚਾਇਤਨਾਮੇ ਥੱਲੇ ਤਿੰਨਾਂ ਪਿੰਡਾਂ ਦਾ ਸਰਪੰਚਾਂ, ਹੋਰ ਪੰਚਾਇਤ ਮੈਂਬਰਾਂ, ਨੰਬਰਦਾਰ ਦੀਆਂ ਮੋਹਰਾਂ ਸਹਿਤ ਦਸਤਖਤ ਹਨ ਅਤੇ ਨਾਲ ਹੋਰ ਕਈ ਮੋਹਤਬਾਰ ਪਿੰਡ ਵਾਸੀਆਂ ਦੇ ਦਸਤਖਤ ਹਨ। ਤਾਂ ਫਿਰ ਦੱਸੋਂ ਕਿ ਜੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਿਫਾਰਸ਼ ਕਰਦੇ ਪੰਚਾਇਤਨਾਮੇ ਨਹੀਂ ਮੰਨਣੇ ਤਾਂ ਫਿਰ ਮੈਂ ਇਕ ਵਾਰ ਫਿਰ ਕਹਿ ਸਕਦਾ ਹਾਂ ਕਿ ਹਰ ਸਿੱਖ ਕੈਦੀ ਦੀ ਪੈਰੋਲ ਛੁੱਟੀ ਜਾਂ ਰਿਹਾਈ ਲਈ ਬਾਦਲ ਪਿੰਡ ਦੀ ਸਿਫਾਰਸ ਤਾਂ ਜਰੂਰੀ ਨਹੀਂ ਕਿਤੇ, ਕਿਉਂ ਜੋ ਪੰਜਾਬ ਦਾ ਮੁੱਖ ਮੰਤਰੀ , ਉਪ-ਮੁੱਖ ਮੰਤਰੀ, ਕੇਂਦਰ ਸਰਕਾਰ ਵਿਚ ਮੰਤਰੀ ਬਾਦਲ ਪਿੰਡ ਦੇ ਹਨ।

ਭਾਈ ਬਲਬੀਰ ਸਿੰਘ ਬੀਰੇ ਦੀ ਪੈਰੋਲ ਛੁੱਟੀ ਲਈ ਇਕ ਬਾਦਲ ਦਲ ਦੇ ਐੱਮ.ਪੀ ਵਲੋਂ ਵੀ ਫਿਰੋਜ਼ਪੁਰ ਦੇ ਐੱਸ.ਐੱਸ.ਪੀ ਨੂੰ ਕਹਾਇਆ ਸੀ ਅਤੇ ਅਫਸਰ ਨੇ ਪਹਿਲਾਂ ਤਾਂ ਹਾਂਪੱਖੀ ਸਿਫਾਰਸ਼ ਕਰਨ ਦੀ ਗੱਲ ਕੀਤੀ ਪਰ ਬਾਅਦ ਵਿਚ ਆਪਣੇ ਹੱਥ ਕੁਝ ਨਾ ਕਹਿ ਕੇ ਪੱਲਾ ਝਾੜ ਦਿੱਤਾ।ਵਿਦੇਸ਼ ਦੀ ਇਕ ਸੰਸਥਾ ਵਲੋਂ ਵੀ ਭਾਈ ਬੀਰੇ ਦੀ ਪੈਰੋਲ ਛੁੱਟੀ ਸਬੰਧੀ ਵੀ ਮੁੱਖ-ਮੰਤਰੀ ਤੇ ਡੀ.ਜੀ.ਪੀ ਨਾਲ ਗੱਲ ਹੋਣ ਦੇ ਦਾਅਵੇ ਕੀਤੇ ਗਏ। ਬਾਪੂ ਸੂਰਤ ਸਿੰਘ ਸੰਘਰਸ਼ ਵਿਚ ਸ਼ਾਮਲ ਇਕ ਧਿਰ ਵੀ ਭਾਈ ਬੀਰੇ ਦੀ ਛੁੱਟੀ ਕਰਵਾ ਲੈਣ ਦੇ ਦਾਅਵੇ ਕਰਦੀ ਰਹੀ, ਪਰ ਸਭ ਵਿਅਰਥ ਤੇ ਫੋਕੀਆਂ ਗੱਲਾਂ ਹੀ ਸਾਬਤ ਹੋਈਆਂ।

ਅੰਤ ਵਿਚ ਇਕ ਵਾਰ ਫਿਰ ਇਹੀ ਕਹਿ ਸਕਦਾ ਹਾਂ ਕਿ ਬਾਦਲ ਦਲ ਉਸਦਾ ਪਰਿਵਾਰ, ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ ਪ੍ਰਸਾਸ਼ਨ ਰਲਵੇਂ ਰੂਪ ਵਿਚ ਸਿੱਖ ਬੰਦੀਆਂ ਦੀ ਰਿਹਾਈ ਦੇ ਖਿਲਾਫ ਹਨ ਹੀ ਅਤੇ ਇਹ ਕਿਸੇ ਬੰਦੀ ਸਿੰਘ ਦੀ ਰਿਹਾਈ ਤਾਂ ਇਕ ਪਾਸੇ ਰਹੀਂ ਸਗੋਂ ਉਹਨਾਂ ਦੀ ਪੈਰੋਲ ਛੁੱਟੀ ਦੀ ਸਿਫਾਰਸ਼ ਵੀ ਨਹੀਂ ਕਰਦੇ। ਹਾਂ ! ਰਿਹਾਈਆਂ ਨਾਲ ਇਹਨਾਂ ਦੀ ਸੱਤਾ ਭੁੱਖ ਦੀ ਅੱਗ ਵਿਚ ਹੋਰ ਬਾਲਣ ਪੈ ਜਾਣ ਦਾ ਮੌਕਾ ਬਣਦਾ ਹੋਇਆ ਤਾਂ ਕੁਝ ਕਰਨਗੇ ਨਹੀਂ ਤਾਂ ਗੁਜਰਾਤੀ ਗਾਵਾਂ ਅੱਗੇ ਬੀਨਾਂ ਬਜਾਉਂਣ ਦਾ ਕੋਈ ਫਾਇਦਾ ਨਹੀਂ। ਪਰਮਾਤਮਾ ਸੁਮੱਤ ਬਖਸ਼ੇ।

– ਐਡਵੋਕੇਟ ਜਸਪਾਲ ਸਿੰਘ ਮੰਝਪੁਰ (+91) 98554-01843

-੦-

Download (PDF, 827KB)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: