February 14, 2010 | By ਸਿੱਖ ਸਿਆਸਤ ਬਿਊਰੋ
ਪੰਜਾਬ ਸਰਕਾਰ ਨੇ ਸੁਖਬੀਰ-ਕਾਲੀਆ ਕਮੇਟੀ ਦੇ ਫੈਸਲੇ ਨੂੰ ਸਵੀਕਾਰ ਕਰਦਿਆਂ ਬੱਸ ਕਿਰਾਏ ਵਿਚ ਤੁਰੰਤ ਵਾਧਾ ਲਾਗੂ ਕਰ ਦਿੱਤਾ ਹੈ। ਕਾਰਨ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ। ਪਰ ਇਹ ਤਾਂ ਉਹ ਗੱਲ ਹੋਈ,‘ਅਖੇ ਧੀ ਦਾ ਪੱਜ ਤੇ ਮਾਂ ਦਾ ਰੱਜ’। ਸਰਕਾਰ ਦਾ ਖਜ਼ਾਨਾ ਭਰੇ ਨਾ ਭਰੇ ਪਰ ਸ: ਬਾਦਲ ਦੇ ਘਰ ਦਾ ਖਜ਼ਾਨਾ ਤਾਂ ਭਰ ਹੀ ਜਾਏਗਾ। ਤੁਸੀਂ ਸੋਚੋਗੇ ਕਿ ਇਹ ਗੱਲ ਕਿੱਧਰ ਨੂੰ ਗਈ। ਜਨਾਬ ਜਦ ਦੀ ਪੰਜਾਬ ਵਿਚ ਸ: ਬਾਦਲ ਦੀ ਸਰਕਾਰ ਹੈ,ਉਸ ਸਮੇਂ ਤੋਂ ਸਰਕਾਰੀ ਚੰਗੇ ਰੂਟ ਬੰਦ ਕਰਕੇ ਉਨ੍ਹਾ ਤੇ ਸ: ਬਾਦਲ ਅਤੇ ਉਨ੍ਹਾ ਦੇ ਰਿਸ਼ਤੇਦਾਰਾਂ ਦੀਆਂ ਬੱਸਾਂ ਚੱਲ ਰਹੀਆਂ ਹਨ। ਜਿਹੜੇ ਨਿੱਕੇ ਟਰਾਂਸਪੋਰਟ ਸੀ, ਉਨ੍ਹਾ ਨੂੰ ਵੀ ਪੰਜਾਬ ਸਰਕਾਰ ਦਾ ਅਜਗਰ ਸੱਪ ਸਬੂਤੇ ਹੀ ਨਿਗਲ ਗਿਆ ਹੈ।
ਕੁੱਲ ਮਿਲਾਕੇ 60 ਪ੍ਰਤੀਸ਼ਤ ਪ੍ਰਾਈਵੇਟ ਟਰਾਂਸਪੋਰਟ ਸ: ਬਾਦਲ ਦੀ ਹੈ। ਇੱਕ ਬੱਬੂ ਮਾਨ ਦਾ ਗੀਤ,ਇਕ ਬਾਬਾ ਨਾਨਕ ਸੀ ਜੀਹਨੇ ਤੁਰਕੇ ਦੁਨੀਆਂ ਗਾਹਤੀ ਤਾਂ ਤੁਸੀਂ ਸਭ ਨੇ ਸੁਣਿਆਂ ਪਰ ਇਸਦੀ ਪੈਰੋਡੀ ਮੁਕਤਸਰ ਦੇ ਮੇਲੇ ਤੇ ਕਾਂਗਰਸੀ ਆਗੂ ਜਗਮੀਤ ਸਿੰਘ ਬਰਾੜ ਨੇ ਸਟੇਜ ਤੋਂ ਸੁਣਾਕੇ ਇਹ ਗੱਲ ਆਮ ਲੋਕਾਂ ਦੀ ਜਾਣਕਾਰੀ ਵਿਚ ਲਿਆ ਦਿੱਤੀ ਹੈ। ਪੁੱਛੋਗੇ ਕਿਹੜੀ? ਲਉ ਸੁਣੋ,‘ ਇਕ ਬਾਬਾ ਬਾਦਲ ਸੀ ਵੀਹਾਂ ਤੋਂ 800 ਬੱਸ ਬਣਾਤੀ’। ਬੱਸ ਕਿਰਾਏ ਵਿਚ 7 ਪੈਸੇ ਪ੍ਰਤੀ ਕਿਲੋਮੀਟਰ ਦੇ ਵਾਧੇ ਨਾਲ ਸ: ਬਾਦਲ ਦੇ ਘਰ ਦੀ ਰੋਜ਼ਾਨਾ ਦੀ 16 ਲੱਖ ਰੁਪਏ ਆਮਦਨ ਵਧ ਗਈ ਹੈ। ਇਹ ਪੈਸਾ ਸਿੱਧਾ ਗਰੀਬ ਲੋਕਾਂ ਅਤੇ ਕਿਸਾਨਾ ਦੀਆਂ ਜੇਬਾਂ ਵਿਚੋਂ ਕੱਢਿਆ ਗਿਆ ਹੈ, (ਵਪਾਰੀਆਂ ਨਾਲ ਤਾਂ ਸ: ਬਾਦਲ ਦੀ ਸਾਂਝ ਭਿਆਲੀ ਹੈ),ਕਿਉਂ ਕਿ ਵੱਡੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਣਾ,ਉਨ੍ਹਾ ਨੇ ਆਪਣੀਆਂ ਕਾਰਾਂ ਤੇ ਸਫਰ ਕਰਨਾ ਜਿਸ ਵਿਚ ਵਪਾਰੀ ਵਰਗ ਤੇ ਮੁਲਾਜ਼ਮ ਵਰਗ ਆਉਂਦਾ ਹੈ।
ਲੀਡਰਾਂ ਲਈ ਸਰਕਾਰੀ ਤੇਲ ਸਰਕਾਰੀ ਗੱਡੀਆਂ। ਆਮ ਤੌਰ ਤੇ ਕਿਰਾਏ ਚ ਵਾਧਾ ਉਦੋਂ ਕੀਤਾ ਜਾਂਦਾ ਹੈ ਜਦੋਂ ਤੇਲ ਦੀਆਂ ਕੀਮਤਾਂ ਵਧਣ ਪਰ ਇਹ ਵਾਧਾ ਤਾਂ ਫਿਰ ਘਰ ਦੀ ਆਮਦਨ ਵਧਾਉਣ ਲਈ ਹੀ ਕੀਤਾ ਗਿਆ ਹੈ। ਅੱਗੇ ਲੋਕਾਂ ਨੂੰ ਲੁਟੇਰੇ ਚੋਰ ਲੁੱਟਦੇ ਸੀ ਹੁਣ ਲੀਡਰ ਲੁੱਟਣ ਲੱਗ ਪਏ ਨੇ। ਲੱਗਦਾ ਲੀਡਰ ਬੇਸ਼ਰਮ ਹੋ ਗਏ ਨੇ ਤੇ ਲੋਕ ਗਧੇ ਵਾਂਗ ਇਨਾਂ ਗੱਲਾਂ ਦੇ ਆਦੀ ਹੋ ਗਏ ਨੇ ਕਿ ਜਿੰਨਾ ਮਰਜ਼ੀ ਭਾਰ ਲੱਦ ਦਿਉ ਅਸੀਂ ਨਹੀਂ ਬੋਲਦੇ। ਸਿਰਫ ਕਿਸਾਨਾ ਨੇ ਬਿਜਲੀ ਬਿੱਲ ਲਗਾਉਣ ਦਾ ਵਿਰੋਧ ਕੀਤਾ ਹੈ, ਕੋਈ ਰਾਜਨੀਤਕ ਪਾਰਟੀ ਅਖਬਾਰੀ ਬਿਆਨਾ ਤੋਂ ਸਿਵਾਏ ਵੱਡਾ ਰੋਸ ਲੈ ਕੇ ਸਾਹਮਣੇ ਨਹੀਂ ਆਈ। ਅੱਗੇ ਤਾਂ ਪਤੰਦਰ ਕਾਮਰੇਡ ਝੱਟ ਡੰਡੇ ਚ ਝੰਡਾ ਪਾ ਕੇ ਜਿੰਦਾਬਾਦ ਮੁਰਦਾਬਾਦ ਕਰਨ ਲੱਗ ਪੈਂਦੇ ਸੀ ਹੁਣ ਉਹ ਵੀ ਪਤਾ ਨਹੀਂ ਕਿਹੜੇ ਨਾਨਕੀਂ ਉਠ ਗਏ। ਕਾਂਗਰਸ ਵਾਲੇ ਤਾਂ ਬਿਨਾ ਕੈਪਟਨ ਸਾਹਿਬ ਤੋਂ ਸਰਦਾਰ ਬਾਦਲ ਦੇ ਖਿਲਾਫ ਮੂੰਹ ਹੀ ਨਹੀਂ ਖੋਲ੍ਹਦੇ,ਪਤਾ ਨਹੀਂ ਕੀ ਰਿਸ਼ਤੇਦਾਰੀ ਕੱਢੀ ਬੈਠੇ ਨੇ ਸ: ਬਾਦਲ ਨਾਲ। ‘ਇਸ਼ਾਰੋਂ ਕੋ ਅਗਰ ਸਮਝੋ ਰਾਜ ਕੋ ਰਾਜ ਰਹਿਨੇ ਦੋ’। ਇਸ ਗੱਲ ਤੇ ਚਰਚਾ ਆਪਾਂ ਜਿੰਨੀ ਮਰਜ਼ੀ ਕਰ ਲਈਏ। ਪੰਜਾਬ ਦੀ ਰਾਜਨੀਤੀ ਬਹੁਤ ਹੀ ਗਲਤ ਪੈਂਤੜਾ ਅਖਤਿਆਰ ਕਰਦੀ ਜਾ ਰਹੀ ਹੈ। ਕਾਮਰੇਡ ਆਪਣੇ ਡਰਾਮੇਂ ਚ ਇਕ ਗੀਤ ਗਾਉਂਦੇ ਹੁੰਦੇ ਸੀ ਆਸੀ ਵਾਲੇ ਅਨਪੜ੍ਹ ਬਚਿੱਤਰ ਦਾ ਲਿਖਿਆ (ਜੀਹਦੇ ਬਾਰੇ ਤੁਸੀਂ ਅਖਬਾਰਾਂ ਵਿਚ ਇਨ੍ਹਾ ਦਿਨਾ ਵਿਚ ਉਹਦੀ ਮੌਤ ਬਾਅਦ ਚਰਚਾ ਪੜ੍ਹੀ ਹੈ) ਕਿ ‘ਹਾਲ ਰਿਹਾ ਜੇ ਇਹੋ ਤਾਂ ਭਾਂਡੇ ਵੀ ਨਾ ਰਹਿਣੇ ਨੀ’। ਲੋਕੋ ਲੀਡਰ ਦਿਨ ਦੇ ਲੁਟੇਰੇ ਬਣ ਚੁੱਕੇ ਹਨ ਤੁਹਾਨੂੰ ਲੁੱਟਦੇ ਨੇ ਸ਼ਰੇਆਮ ਤੇ ਆਮ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ। ਇਸ ਲਈ ਜਾਗੋ ਆਪਣੀ ਵੋਟ ਪਰਚੀ ਦੀ ਵਰਤੋਂ ਸਹੀ ਢੰਗ ਨਾਲ ਕਰੋ। ਖੁਦਗਰਜ਼ੀਆਂ ਅਤੇ ਨਿੱਕੇ ਨਿੱਕੇ ਲਾਲਚ ਤਿਆਗ ਕੇ ਆਪਣੇ ਫਰਜ਼ ਪਛਾਣੋ,ਤੁਹਾਡੀ ਇਸ ਗਲਤੀ ਦਾ ਖਮਿਆਜਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਜਿਨ੍ਹਾ ਦੇ ਲਈ ਸਿਵਾਏ ਵੱਡੇ ਲੋਕਾਂ ਦੀ ਲੇਬਰ ਕਰਨ ਦੇ ਹੋਰ ਕੁੱਝ ਨਹੀਂ ਬਚੇਗਾ। ਅੰਗਰੇਜ਼ ਨੇ ਤਾਂ 100 ਸਾਲਾਂ ਚ ਵੀ ਐਨਾ ਨਹੀਂ ਲੁੱਟਿਆ ਜੋ ਅੱਜ ਦੀ ਰਾਜਨੀਤੀ ਤੁਹਾਡਾ ਲੁੱਟ ਰਹੀ ਹੈ। ਇਹ ਖਜ਼ਾਨਾ ਤਾਂ ਖਾਲੀ ਹੀ ਰਹਿਣਾ ਆਮ ਲੋਕਾਂ ਲਈ ਇਹਦੇ ਵਿਚੋਂ ਕੁੱਝ ਨਹੀਂ ਨਿਕਲਣਾ।
Related Topics: Badal Dal, Punjab Government