ਸ਼ੁਰੂ ਹੋਣ ਤੋਂ ਬਿਨਾਂ ਹੀ ਖਤਮ ਹੋਈ ਬਾਦਲ ਦਲ ਦੀ ਕਾਨਫਰੰਸ

ਵਿਦੇਸ਼

ਟਰਾਂਟੋ ਵਿੱਚ ਬਾਦਲ ਦਲ ਦੀ ਕਾਨਫਰੰਸ ਹੋਈ ਠੁੱਸ, ਪੰਜਾਬ ਤੋਂ ਗਏ ਮੰਤਰੀ ਕਾਨਫਰੰਸ ਵਿੱਚ ਜਾਣ ਦਾ ਹੌਸਲਾ ਨਾ ਕਰ ਸਕੇ

By ਸਿੱਖ ਸਿਆਸਤ ਬਿਊਰੋ

July 18, 2015

ਟਰਾਂਟੋ ( 17 ਜੁਲਾਈ, 2015) ਪੰਜਾਬ ਦੀ ਸੱਤਾ ‘ਤੇ ਕਾਬਜ਼ ਬਾਦਲ ਦਲ ਦੇ ਮੁੱਖ ਆਗੂਆਂ ਅਤੇ ਮੰਤਰੀਆਂ ਨੂ ਕੈਨੇਡਾ ਦੇ ਸਿੱਖ ਭਾਈਚਾਰੇ ਦੇ ਤਕੜੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਸ਼ੁਕਰਵਾਰ 17 ਜੁਲਾਈ ਨੂੰ ਟਰਾਂਟੋ ਵਿੱਚ ਰੱਖੀ ਗਈ ਬਾਦਲ ਦਲ ਦੀ ਕਾਨਫਰੰਸ ਮੁਕੰਮਲ ਤੌਰ ਤੇ ਠੁੱਸ ਹੋ ਕੇ ਰਹਿ ਗਈ ਅਤੇ ਅਕਾਲੀ ਮੰਤਰੀ ਕਾਨਫਰੰਸ ਵਿੱਚ ਆਉਣ ਦਾ ਹੌਸਲਾ ਨਾ ਕਰ ਸਕੇ ਅਤੇ ਹੋਟਲ ਵਿੱਚ ਹੀ ਬੈਠੇ ਰਹੇ।

ਪਿਛਲੇ ਇੱਕ ਹਫਤੇ ਤੋਂ ਟਰਾਂਟੋ ਵਿੱਚ ਰੱਖੀ ਗਈ ਬਾਦਲ ਦਲ ਦੀ ਇਹ ਕਾਨਫਰੰਸ ਕਾਫੀ ਚਰਚਾ ਵਿੱਚ ਰਹੀ। ਇਸ ਕਾਨਫਰੰਸ ਵਿੱਚ ਅਕਾਲੀ ਸਰਕਾਰ ਦੇ ਕਈ ਕੈਬਨਿਟ ਮੰਤਰੀਆਂ ਨੇ ਸ਼ਮੂਲੀਅਤ ਕਰਕੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨਾ ਸੀ।

ਉਧਰ ਪੰਥਕ ਜਥੇਬੰਦੀਆਂ ਅਤੇ ਦਰਜਨ ਦੇ ਕਰੀਬ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਨੇ ਬਾਦਲ ਦਲ ਦੇ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ।

ਪਿਛਲੇ ਇੱਕ ਹਫਤੇ ਦੌਰਾਨ ਵੱਖ ਵੱਖ ਰੇਡੀਓ ਸਟੇਸ਼ਨਾਂ ਉਪਰ ਬਾਦਲ ਦਲ ਦੀ ਕਾਨਫਰੰਸ ਨੂੰ ਲੈ ਕੇ ਚਰਚਾਵਾਂ ਹੋਈਆਂ, ਓਪਨ ਲਾਈਨ ਟਾਕ ਸ਼ੋਅ ਹੋਏ ਸਨ।

ਜਿਸ ਵਿੱਚ ਟਰਾਂਟੋ ਵੱਸਦੇ ਸਿੱਖਾਂ ਨੇ ਬਾਦਲ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ, ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ, ਪੰਜਾਬ ਵਿੱਚ ਨਸ਼ਿਆਂ ਵਿੱਚ ਬਰਬਾਦ ਹੋ ਰਹੀ ਜੁਆਨੀ ਦੇ ਮੁੱਦਿਆਂ ‘ਤੇ ਧਾਰਨ ਕੀਤੇ ਰਵੱਈਏ ਅਤੇ ਬਾਦਲ ਦਲ ਵੱਲੋਂ ਪੰਥਕ ਮਸਲਿਆਂ ਨੂੰ ਰਾਜਨੀਤੀ ‘ਚੋਂ ਦਰਕਿਨਾਰ ਕਰਨ ‘ਤੇ ਖੁੱਲੀ ਵਿਚਾਰ ਚਰਚਾ ਹੋਈ ਸੀ।

ਕਾਨਫਰੰਸ ਦੇ ਪ੍ਰਬੰਧਕਾਂ ਨੇ ਪੰਜਾਬ ਤੋਂ ਗਏ ਬਾਦਲ ਦਲ ਦੇ ਮੰਤਰੀਆਂ ਦੇ ਸਿੱਖ ਜੱਥੇਬੰਦੀਆਂ ਵੱਲੋਂ ਕੀਤੇ ਜਾਣ ਵਾਲੇ ਸੰਭਾਵਿਤ ਵਿਰੋਧ ਨੂੰ ਦੇਖਦਿਆਂ ਪੁਲਿਸ ਨੂੰ ਸੱਦਿਆ ਹੋਇਆ ਸੀ।

ਕਾਨਫਰੰਸ ਦੇ ਪ੍ਰਬੰਧਕਾਂ ਵੱਲੋਂ ਸ਼ੁਰੂ ਵਿੱਚ ਢਾਡੀ ਜੱਥਾ ਲਾ ਦਿੱਤਾ ਗਿਆ ਅਤੇ ਵੱਡੀ ਤਾਦਾਦ ਵਿੱਚ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਹਾਲ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ, ਜਿਸ ਤੋਂ ਪ੍ਰਬੰਧਕ ਭਾਂਪ ਗਏ ਹੋਣਗੇ ਕਿ ਕਾਨਫਰੰਸ ਦਾ ਹੋਣਾ ਮੁਸ਼ਕਲ ਹੈ।

ਇਸ ਮੌਕੇ ਇੱਕ ਪ੍ਰਬੰਧਕਾਂ ਨੇ ਪੁਲੀਸ ਮੁਲਾਜ਼ਮ ਨੂੰ ਨਾਲ ਲੈ ਕੇ ਹਾਲ ਵਿੱਚ ਖੜੇ ਲੋਕਾਂ ਨੂੰ ਇਹ ਕਹਿਕੇ ਬਾਹਰ ਕਢਵਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਕਿ ਇਹ ਕਾਨਫਰੰਸ ਨਿੱਜ਼ੀ ਹੈ।ਪੰਥਕ ਜੱਥੇਬੰਦੀਆਂ ਦੇ ਕਾਰਕੂਨਾਂ ਨੇ ਪੁਲਿਸ ਨੂੰ ਅਖਬਾਰਾਂ ਵਿੱਚ ਛਪਿਆ ਉਹ ਮਜ਼ਬੂਨ ਵਿਖਾਇਆ ਜਿਸ ਵਿੱਚ ਅੱਜ ਦੇ ਸਮਾਗਮ ਨੂੰ “ਜਨਤਕ ਕਾਨਫਰੰਸ” ਲਿਖ ਕੇ ਲੋਕਾਂ ਨੂੰ ਬੁਲਾਇਆ ਗਿਆ ਸੀ। ਪੁਲੀਸ ਨੇ ਇਸਤੋਂ ਬਾਅਦ ਪੰਥਕ ਕਾਰਕੂਨਾਂ ਨੂੰ ਬਾਹਰ ਨਾ ਕੱਢਿਆ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ।

ਢਾਡੀ ਜਥੇ ਦੀ ਸਮਾਪਤੀ ਤੋਂ ਬਾਅਦ ਸਟੇਜ ਖਾਲੀ ਹੋ ਗਈ ਅਤੇ ਸਟੇਜ਼ ਨੂੰ ਸੰਭਾਲਣ ਵਾਸਤੇ ਕੋਈ ਵੀ ਪ੍ਰਬੰਧਕ ਅੱਗੇ ਨਾ ਆਇਆ ਤਾਂ ਪੰਥਕ ਜਥੇਬੰਦੀਆਂ ਦੇ ਬੁਲਾਰਿਆਂ ਨੇ ਸਟੇਜ ਨੂੰ ਸੰਭਾਲ ਲਿਆ। ਸਫਰ ਰੇਡੀਓ ਦੇ ਸੰਚਾਲਕ ਹਰਪ੍ਰੀਤ ਸਿੰਘ ਨੇ ਲਗਾਤਾਰ 35 ਮਿੰਟ ਬਾਦਲ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ ਬਿਆਨਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸੀ ਨਿਖੇਧੀ ਕੀਤੀ।

ਇਸ ਮੌਕੇ ਬੁਲਾਰਿਆਂ ਨੇ ਬਾਦਲ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ, ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ, ਪੰਜਾਬ ਵਿੱਚ ਨਸ਼ਿਆਂ ਵਿੱਚ ਬਰਬਾਦ ਹੋ ਰਹੀ ਜੁਆਨੀ ਦੇ ਮੁੱਦਿਆਂ ‘ਤੇ ਧਾਰਨ ਕੀਤੇ ਰਵੱਈਏ ਅਤੇ ਬਾਦਲ ਦਲ ਵੱਲੋਂ ਪੰਥਕ ਮਸਲਿਆਂ ਨੂੰ ਰਾਜਨੀਤੀ ‘ਚੋਂ ਦਰਕਿਨਾਰ ਕਰਨ ‘ਤੇ ਸਵਾਕਾਂ ਦੇ ਜੁਵਾਬ ਮੰਗੇ

ਇਸ ਮੌਕੇ ਇੱਕ ਸੱਜਣ ਨੇ ਸਟੇਜ ਤੋਂ ਦੱਸਿਆ ਕਿ ਕਿਸ ਤਰ੍ਹਾਂ ਉਸਨੂੰ ਬਠਿੰਡੇ ਵਿੱਚ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਝੂਠਾ ਕੇਸ ਪਾ ਦਿੱਤਾ।

ਇਸ ਦਰਮਿਆਨ ਇਸ ਕਾਨਫਰੰਸ ਦੇ ਪ੍ਰਬੰਧਕ ਨੇ 5-6 ਪੁਲੀਸ ਵਾਲਿਆਂ ਦੇ ਘੇਰੇ ਵਿੱਚ ਆ ਕੇ ਬੋਲਣ ਦੀ ਕੋਸਿ਼ਸ਼ ਕੀਤੀ, ਪਰ ਲੋਕਾਂ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ, ਫਲਸਰੂਪ ਬੇਅੰਤ ਧਾਲੀਵਾਲ ਨੂੰ ਬੋਲਣ ਤੋਂ ਰੁਕਣ ਲਈ ਮਜਬੂਰ ਹੋਣਾ ਪਿਆ।

ਸ਼੍ਰੋਮਣੀ ਅਕਾਲੀ ਦਲ (ਅ) ਕੈਨੇਡਾ ਈਸਟ ਦੇ ਜਨਰਲ ਸਕੱਤਰ ਜਗਦੇਵ ਸਿੰਘ ਤੂਰ ਅਤੇ ਯੂਥ ਸਕੱਤਰ ਖੁਸ਼ਵੰਤ ਸਿੰਘ ਬਾਜਵਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਜੇਕਰ ਅਕਾਲੀ ਵਾਕਿਆਂ ਹੀ ਪੰਜਾਬ ਅਤੇ ਸਿੱਖਾਂ ਨਾਲ ਸੁਹਿਰਦ ਹਨ ਤਾਂ ਉਹ ਪੰਜਾਬ ਅੰਦਰ ਬਾਪੂ ਸੂਰਤ ਸਿੰਘ ਵਲੋਂ ਵਿੱਢੀ “ਬੰਦੀ ਸਿੰਘਾਂ ਦੀ ਰਿਹਾਈ” ਵਾਲੇ ਸੰਘਰਸ਼ ਦੀ ਹਮਾਇਤ ਕਰਨ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ।

ਜ਼ਿਕਰਯੋਗ ਹੈ ਕਿ ਬਾਦਲ ਦਲ ਦੇ ਮੁੱਖ ਆਗੂਆਂ  ਅਤੇ ਪੰਜਾਬ ਸਰਕਾਰ ਦੇ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਤੋਤਾ ਸਿੰਘ ਅਤੇ ਮਹੇਸ਼ਇੰਦਰ ਗਰੇਵਾਲ ਇਸ ਸਮੇਂ ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਲਈ ਪ੍ਰਚਾਰ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੀ ਹਮਾਇਤ ਹਾਸਲ ਕਰਨ ਵਾਸਤੇ ਵਿਦੇਸ਼ੀ ਦੌਰੇ ‘ਤੇ ਗਏ ਹੋਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: