ਸਿੱਖ ਖਬਰਾਂ

ਬਾਦਲ ਵਲੋਂ ਚੋਣ ਜ਼ਾਬਤੇ ਦੀ ਕੀਤੀ ਜਾ ਰਹੀ ਉਲੰਘਣਾ ਦੇ ਸਬੂਤਾਂ ਸਹਿਤ ਹਾਈ ਕੋਰਟ ਵਿੱਚ ਪਾਈ ਜਾਵੇਗੀ ਪਟੀਸ਼ਨ: ਭਾਈ ਬਲਦੇਵ ਸਿੰਘ ਸਿਰਸਾ

August 15, 2011 | By

* ਬਾਦਲ ਕੇ ਸਰਕਾਰੀ ਅਤੇ ਸ਼੍ਰੋਮਣੀ ਕਮੇਟੀ ਸਾਧਨਾਂ ਦੀ ਚੋਣਾਂ ਵਿੱਚ ਕਰ ਰਹੇ ਹਨ ਦੁਰਵਰਤੋਂ
* ਸਬੂਤਾਂ ਸਹਿਤ ਗੁਰਦੁਆਰਾ ਚੋਣ ਕਮਸ਼ਿਨ ਅਤੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਕੀਤੀ ਸ਼ਿਕਾਇਤ

ਬਠਿੰਡਾ (14 ਅਗਸਤ, 2011): ਬਾਦਲ ਕੇ ਸਰਕਾਰੀ ਅਤੇ ਸ਼੍ਰੋਮਣੀ ਕਮੇਟੀ ਸਾਧਨਾਂ ਦੀ ਚੋਣਾਂ ਵਿੱਚ ਦੁਰਵਰਤੋਂ ਕਰ ਰਹੇ ਹਨ, ਇਸ ਦੀ ਸਬੂਤਾਂ ਸਹਿਤ ਗੁਰਦੁਆਰਾ ਚੋਣ ਕਮਸ਼ਿਨ ਅਤੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਕੀਤੀ ਸ਼ਿਕਾਇਤ ਦਰਜ਼ ਕਰਵਾਈ ਜਾ ਚੁੱਕੀ ਹੈ, ਤੇ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਪਾਉਣ ਲਈ ਸਾਰੇ ਸਬੂਤ ਆਪਣੇ ਵਕੀਲ ਕੋਲ ਭੇਜ ਦਿੱਤੇ ਹਨ ਤੇ ਇੱਕ ਦੋ ਦਿਨਾਂ ਵਿੱਚ ਪਟੀਸ਼ਨ ਫਾਈਲ ਕਰ ਦਿੱਤੀ ਜਾਵੇਗੀ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਵਿਸ਼ੇਸ਼ ਸਕੱਤਰ ਅਤੇ ਅਜਨਾਲਾ ਹਲਕੇ ਤੋਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਸਾਂਝੇ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਹੇ। ਇਸ ਦੀਆਂ ਉਦਾਹਰਣਾਂ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਵਿੱਚ ਫਾਜ਼ਲਕਾ ਨੂੰ ਜਿਲ੍ਹਾ ਬਣਾਏ ਜਾਣ ਦੇ ਸਬੰਧ ਵਿੱਚ ਧੰਨਵਾਦ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਜਿੱਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਧੇ ਤੌਰ ‘ਤੇ ਵੋਟਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਉਪ੍ਰੰਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਭਾਈ ਰਾਮ ਸਿੰਘ ਤੇ ਹੋਰਨਾਂ ਨੂੰ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਕਰਨ ਦੇ ਸਬੰਧ ਵਿੱਚ ਸ: ਬਾਦਲ ਨੇ ਚੰਡੀਗਡ਼੍ਹ ਵਿਖੇ ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ। ਜਦੋਂ ਕਿ ਚੋਣ ਜ਼ਾਬਤਾ ਲੱਗੇ ਹੋਣ ਕਾਰਣ ਚੋਣ ਲਡ਼ ਰਹੀ ਕੋਈ ਵੀ ਪਾਰਟੀ ਕਿਸੇ ਵੀ ਤਰ੍ਹਾਂ ਸਰਕਾਰੀ ਸਟੇਜ, ਸਰਕਾਰੀ ਭਵਨ ਜਾਂ ਹੋਰ ਕਿਸੇ ਕਿਸਮ ਦੇ ਸਰਕਾਰੀ ਸਾਧਨਾਂ ਦੀ ਵਰਤੋਂ ਨਹੀਂ ਕਰ ਸਕਦੀ। ਇਸੇ ਤਰ੍ਹਾਂ ਬਾਦਲ ਦਲ ਵਲੋਂ ਚੋਣ ਲਡ਼ ਰਹੇ ਉਮੀਦਵਾਰਾਂ ਵਲੋਂ ਕਾਗਜ਼ ਭਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿੱਚ ਰੱਖੇ ਗਏ ਅਖੰਡਪਾਠਾਂ ਦੇ ਭੋਗ ਸਮੇਂ, ਆਪਣੇ ਵਲੋਂ ਇਕੱਠੇ ਕੀਤੇ ਗਏ ਪਾਰਟੀ ਵਰਕਰਾਂ ਦੇ ਛਕਣ ਲਈ ਗੁਰੂ ਕੀ ਗੋਲਕ ਵਿੱਚੋਂ ਸ਼ਾਹੀ ਖਾਣੇ ਤਿਆਰ ਕੀਤੇ ਜਾਂਦੇ ਹਨ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਪਾਰਟੀ ਵਰਕਰਾਂ ਦੇ ਤੌਰ ‘ਤੇ ਵਿਚਰਦੇ ਹੋਏ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਨਾਹਰੇ ਮਾਰ ਰਹੇ ਹੁੰਦੇ ਹਨ, ਜਿਸ ਦੀ ਗੁਰਦੁਆਰਾ ਐਕਟ ਇਜ਼ਾਜ਼ਤ ਨਹੀਂ ਦਿੰਦਾ। ਭਾਈ ਸਿਰਸਾ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਹਲਕੇ ਤੋਂ ਬਾਦਲ ਦਲ ਦੇ ਉਮੀਦਵਾਰ ਵਲੋਂ ਕਾਗਜ਼ ਭਰਨ ਸਮੇਂ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਅਖੰਡਪਾਠ ਦਾ ਭੋਗ 10 ਅਗੱਸਤ ਨੂੰ ਪਵਾਇਆ ਗਿਆ, ਜਿਸ ਦਾ ਸ਼ਾਹੀ ਖਾਣੇ ਸਮੇਤ ਸਾਰਾ ਖਰਚਾ ਗੁਰਦੁਆਰਾ ਕਮੇਟੀ ਵਲੋਂ ਕੀਤਾ ਗਿਆ ਤੇ ਸੁਰਜੀਤ ਸਿੰਘ ਗ੍ਰੰਥ ਗਡ਼੍ਹ ਤੇ ਉਸ ਦਾ ਪੁੱਤਰ ਰਮਨਦੀਪ ਸਿੰਘ ਜਿਹਡ਼ੇ ਕਿ ਦੋਵੇਂ ਹੀ ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ, ਜਿਨ੍ਹਾਂ ਨੇ ਪਾਰਟੀ ਵਰਕਰਾਂ ਦੇ ਤੌਰ ‘ਤੇ ਵਿਚਰਦੇ ਹੋਏ ਆਪਣੇ ਘਰ ਵਿੱਚ ਬਾਦਲ ਦਲ ਦੇ ਉਮੀਦਵਾਰ ਦੇ ਹੱਕ ਵਿੱਚ ਮੀਟਿੰਗ ਕਰਵਾਈ ਤੇ ਕਾਗਜ਼ ਭਰਨ ਸਮੇਂ ਟਰੱਕ ਵਿੱਚ ਚਡ਼੍ਹ ਕੇ ਨਾਹਰੇ ਮਾਰ ਰਹੇ ਸਨ, ਜਿਸ ਦਾ ਉਨ੍ਹਾਂ ਪਾਸ ਤਸ਼ਵੀਰਾਂ ਅਤੇ ਵੀਡੀਓ ਸਹਿਤ ਸਬੂਤ ਹੈ। ਇਨ੍ਹਾਂ ਸਬੂਤਾਂ ਸਹਿਤ ਉਨ੍ਹਾਂ (ਭਾਈ ਸਿਰਸਾ) ਨੇ 11 ਅਗੱਸਤ ਨੂੰ ਹੀ ਗੁਰਦੁਆਰਾ ਚੋਣ ਕਮਸ਼ਿਨ ਅਤੇ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਕੋਲ ਸ਼ਿਕਾਇਤ ਦਰਜ਼ ਕਰਵਾ ਦਿੱਤੀ ਸੀ।

ਭਾਈ ਸਿਰਸਾ ਨੇ ਹੋਰ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਦੇ ਨਾਲ ਹੀ ਰਮਨਦੀਪ ਸਿੰਘ ਪਿੰਡ ਦਾ ਮੌਜੂਦਾ ਸਰਪੰਚ ਵੀ ਹੈ ਤੇ ਉਸ ਦਾ ਪਿਤਾ ਸੁਰਜੀਤ ਸਿੰਘ ਗ੍ਰੰਥਗਡ਼੍ਹ ਇੱਕ ਸਾਬਕਾ ਵਿਧਾਇਕ ਹੈ ਤੇ ਤਰਨ ਤਾਰਨ ਅਤੇ ਅਜਨਾਲਾ ਤੋਂ ਲੋਕ ਸਭਾ ਮੈਂਬਰ ਡਾ: ਰਤਨ ਸਿੰਘ ਅਜਨਾਲਾ ਦਾ ਪਿਛਲੇ 20 ਸਾਲਾਂ ਤੋਂ ਪੀਏ ਹੈ। ਇਸ ਲਈ ਵੱਡੀ ਸਿਆਸੀ ਪਹੁੰਚ ਰੱਖਣ ਦੇ ਕਾਰਣ ਇਨ੍ਹਾਂ ਨੇ ਆਪਣੇ ਹੱਥ ਨਾਲ ਇੱਕ ਦਿਨ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੇ ਤੌਰ ‘ਤੇ ਹਾਜ਼ਰੀ ਰਜਿਸਟਰਾਂ ਵਿੱਚ ਹਾਜ਼ਰੀ ਨਹੀਂ ਲਾਈ ਪਰ ਹਰ ਮਹੀਨੇ ਤਨਖ਼ਾਹ ਲੈ ਕੇ ਗੁਰੂ ਕੀ ਗੋਲਕ ਨੂੰ ਚੂਨਾ ਲਾ ਰਹੇ ਹਨ। ਭਾਈ ਸਿਰਸਾ ਨੇ ਕਿਹਾ ਕਿ ਬਾਦਲ ਦਲ ਵਲੋਂ ਚੋਣ ਜ਼ਾਬਤੇ ਕੀਤੀ ਜਾ ਰਹੀ ਉਲੰਘਣਾ ਦੇ ਸਬੰਧ ‘ਚ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਪਾਉਣ ਲਈ ਸਾਰੇ ਸਬੂਤ ਆਪਣੇ ਵਕੀਲ ਕੋਲ ਭੇਜ ਦਿੱਤੇ ਹਨ ਤੇ ਇੱਕ ਦੋ ਦਿਨਾਂ ਵਿੱਚ ਪਟੀਸ਼ਨ ਫਾਈਲ ਕਰ ਦਿੱਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,