ਫ਼ਤਿਹਗੜ੍ਹ ਸਾਹਿਬ (2 ਅਗਸਤ, 2011): ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਇੱਥੋਂ ਜਾਰੀ ਇਕ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੇਂਦਰ ਸਰਕਾਰ ਨਾਲ ਜੁੜੇ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤੀ ਪ੍ਰਭੂਸੱਤਾ ’ਤੇ ਕਾਬਜ਼ ਹਿੰਦੂਵਾਦੀਏ ਪੰਜਾਬ ਵਿੱਚ ਅਪਣੀਆਂ ਫ਼ਿਰਕੂ ਨੀਤੀਆਂ ਲਾਗੂ ਕਰਨ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਉਸਦੀ ਪਾਰਟੀ ਨੂੰ ਹੀ ਸਭ ਤੋਂ ‘ਯੋਗ’ ਸਮਝਦੇ ਹਨ। ਇਸੇ ਲਈ ਕੇਂਦਰ ਵਿੱਚ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ੳਸਨੇ ਪੰਜਾਬ ਵਿੱਚ ਬਾਦਲ ਦਲ ਨੂੰ ਹੀ ਸੱਤਾ ਵਿੱਚ ਰੱਖਣ ਨੂੰ ਤਰਜੀਹ ਦਿੱਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਕੇਂਦਰ ਸਰਕਾਰਾਂ ਹਮੇਸ਼ਾਂ ਖੁੱਲ੍ਹ ਕੇ ਬਾਦਲ ਦੇ ਪੱਖ ਵਿੱਚ ਭੁਗਤਦੀਆਂ ਆ ਰਹੀਆਂ ਹਨ।
ਉਕਤ ਆਗੂਆਂ ਨੇ ਕਿਹਾ ਕਿ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਜਨਾਬ ਐਸ.ਵਾਈ. ਕੁਰੈਸ਼ੀ ਦਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਸਬੰਧੀ ਬਿਆਨ ਵੀ ਕੇਂਦਰ ਸਰਕਾਰ ਨਾਲ ਬਾਦਲ ਦਲ ਦੀ ਮਿਲੀਭੁਗਤ ਵੱਲ ਹੀ ਇਸ਼ਾਰਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਾਦਲ ਦਲ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸ਼੍ਰੋਮਣੀ ਕਮੇਟੀ ਚੋਣਾਂ ਤੋਂ ਬਾਅਦ ਦਸੰਬਰ ਤੱਕ ਕਰਵਾ ਸਕਦੀ ਹੈ। ਉਕਤ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉ¤ਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਂ-ਸਮੇਂ ’ਤੇ ਨਿੱਜ਼ੀ ਲਾਭ ਲੈਣ ਲਈ ਕੇਂਦਰ ਸਰਕਾਰ ਨਾਲ ਰਾਬਤਾ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਖੁਦ ਇਸ ਗੱਲ ਦਾ ਖੁਲਾਸਾ ਕਰ ਚੁੱਕੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੂੰ ਮਿਲਦੇ ਰਹਿੰਦੇ ਹਨ ਅਤੇ ਅਤੇ ਹਰ ਵਾਰ ਅਪਣੀਆਂ ਨਿੱਜ਼ੀ ਮੰਗਾਂ ਨੂੰ ਲੈ ਕੇ ਹੀ ਆਏ ਹਨ; ਕਦੇ ਵੀ ਉਨ੍ਹਾਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਕੋਈ ਮੰਗ ਉਨ੍ਹਾਂ ਸਾਹਮਣੇ ਨਹੀਂ ਰੱਖੀ।
ਉਕਤ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰਾਂ ਨੂੰ ਖੁਸ਼ ਰੱਖਣ ਦੀ ਨੀਤੀ ਨਾਲ ਹੀ ਅੱਜ ਤੱਕ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੀ ਯਾਦਗਾਰ ਵੀ ਨਹੀਂ ਬਣਾਈ ਗਈ। ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਵਿੱਚ ਵੀ ਇਨ੍ਹਾ ਲੋਕਾਂ ਦਾ ਦੋਗਲਾ ਕਿਰਦਾਰ ਸਾਹਮਣੇ ਆ ਚੁੱਕਿਆ ਹੈ। ਅਦਾਲਤਾਂ ਵਿੱਚ ਬਾਦਲ ਦਲੀਆਂ ਦੀ ਕਾਰਗੁਜ਼ਾਰੀ ਪ੍ਰੋ. ਭੁੱਲਰ ਦੇ ਵਿਰੁਧ ਦਰਜ਼ ਹੈ। ਸਿਆਸੀ ਲਾਹਾ ਲੈਣ ਲਈ ਦਿੱਤੇ ਬਿਆਨਾਂ ਤੋਂ ਬਿਨਾਂ ਇਨ੍ਹਾਂ ਲੋਕਾਂ ਨੇ ਪ੍ਰੋ. ਭੁੱਲਰ ਦੇ ਹੱਕ ਵਿੱਚ ਕੁਝ ਨਹੀਂ ਕੀਤਾ ਇੱਥੋਂ ਤੱਕ ਕਿ ਪੰਜਾਬ ਦੀਆਂ ਸਮੁੱਚੀਆ ਪੰਚਾਇਤਾਂ ਤੋਂ ਮਤੇ ਪਾਸ ਕਰਵਾਉਣ ਦੇ ਕੌਮ ਨਾਲ ਵਾਅਦੇ ਕਰਨ ਦੇ ਬਾਵਯੂਦ ਕੋਈ ਇਕ ਵੀ ਮਤਾ ਉਨ੍ਹਾਂ ਦੀ ਰਿਹਾਈ ਲਈ ਪਾਸ ਨਹੀਂ ਕਰਵਾਇਆ। ਉਕਤ ਆਗੂਆਂ ਨੇ ਕਿਹਾ ਕਿ ਗੁਰਧਾਮਾਂ ਵਿੱਚ ਵੀ ਕੇਂਦਰ ਦੀਆਂ ਹਿੰਦੂਵਾਦੀ ਨੀਤੀਆਂ ਲਾਗੂ ਕਰਨ ਲਈ ਹੀ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਅਵਤਾਰ ਸਿੰਘ ਮੱਕੜ ਵਰਗੇ ‘ਜੀ ਹਜ਼ੂਰ’ ਦੀ ਯੋਗਤਾ ਵਾਲੇ ਹੋਛੇ ਵਿਅਕਤੀਆਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਪ੍ਰਧਾਨਗੀਆਂ ਦੇ ਆਹੁਦੇ ਨਿਵਾਜ਼ੇ ਹਨ। ਇਸ ਸਮੇਂ ਉਕਤ ਆਗੂਆਂ ਨਾਲ ਦਰਸ਼ਨ ਸਿੰਘ ਬੈਣੀ ਅਮਰਜੀਤ ਸਿੰਘ ਬਡਗੁਜਰਾਂ, ਹਰਪਾਲ ਸਿੰਘ ਸ਼ਹੀਦਗੜ੍ਹ ਪ੍ਰਮਿੰਦਰ ਸਿੰਘ ਕਾਲਾ ਅਤੇ ਭਗਵੰਤਪਾਲ ਸਿਘ ਮਹੱਦੀਆਂ ਵੀ ਹਾਜ਼ਰ ਸਨ।