ਸਿੱਖ ਖਬਰਾਂ

ਅਕਾਲੀ ਦਲ ਬਾਦਲ ਵੱਲੋਂ ਵੱਖਰੀ ਕਮੇਟੀ ਵਿਰੁੱਧ ਸਿੱਖਾਂ ਦੀ ਲਾਮਬੰਦੀ ਲਈ ਕੀਤੀ ਮੀਟਿੰਗ, ਅੰਤਮ ਫੈਸਲਾ 27 ਦੇ ਇਕੱਠ ਵਿੱਚ

By ਸਿੱਖ ਸਿਆਸਤ ਬਿਊਰੋ

July 23, 2014

ਚੰਡੀਗੜ੍ਹ (22 ਜੁਲਾਈ 2014): ਵੱਖਰੀ ਹਰਿਆਣਾ ਕਮੇਟੀ ਦੇ ਮਾਮਲੇ ਵਿੱਚ ਅਕਾਲੀ ਦਲ ਬਾਦਲ ਦੀ ਹੋਈ ਮੀਟਿੰਗ ਵਿੱਚ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸ੍: ਬਾਦਲ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ, ਵੱਖਰੀ ਗੁਰਦੁਆਰਾ ਕਮੇਟੀ ਦੇ ਮੁੱਦੇ ‘ਤੇ ਉਨ੍ਹਾਂ ਨਾਲ ਪੂਰੀ ਤਰਾਂ ਸਹਿਮਤ ਹੈ।ਹਰਿਆਣਾ ਕਮੇਟੀ ਦੇ ਮੋਰਚੇ ਦੇ ਬਹਾਨੇ ਆਪਣੇ ਪੁੱਤਰ ਸੂਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣ ਲਈ ਉਨ੍ਹਾਂ ਨੂੰ ਕਿਸੇ ਬਹਾਨੇ ਦੀ ਲੋੜ ਨਹੀਂ ਹੈ। ਬਾਦਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਲੋੜ ਪੈਣ ‘ਤੇ ਕਿਸੇ ਵੀ ਲਹਿਰ ਦੀ ਅਗਵਾਈ ਕਰਨ ਲਈ ਤਿਆਰ ਹਨ।

 ਸ਼੍ਰੋਮਣੀ ਅਕਾਲੀ ਦਲ ਨੇ 27 ਜੁਲਾਈ ਨੂੰ ਅੰਮ੍ਰਿਤਸਰ ‘ਚ ਕੀਤੀ ਜਾ ਰਹੀ ਇਕੱਤਰਤਾ ਤੋਂ ਪਹਿਲਾਂ ਪਾਰਟੀ ਦੇ ਹੋਰਨਾਂ ਸੂਬਿਆਂ ਦੇ ਅਹੁਦੇਦਾਰਾਂ ਦਾ ਇਕੱਠ ਕਰਕੇ ਬਾਹਰਲੇ ਸਿੱਖਾਂ ਨੂੰ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਦੇ ਵਿਰੁੱਧ ਲਾਮਬੰਦ ਕੀਤਾ ਜਾ ਰਿਹਾ  ਹੈ।

“ਪੰਜਾਬੀ ਟ੍ਰਿਬਿਊਨ” ਅਖਬਾਰ ਅਨੁਸਾਰ ਉਨ੍ਹਾਂ ਕਿਹਾ ਕਿ ਸਿੱਖਾਂ ਨੇ ਕਦੇ ਵੀ ਆਪਣੇ ਧਾਰਮਕ ਮਾਮਲਿਆਂ ‘ਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਲਈ ਸਰਵਉੱਚ ਹੈ ਅਤੇ ਦੁਨੀਆ ਭਰ ਦੇ ਸਿੱਖ ਇਸ ਦੀ ਸਰਵਉੱਚਤਾ ਨੂੰ ਮੰਨਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਪੰਜਾਬ, ਹਰਿਆਣਾ ਜਾਂ ਭਾਰਤ ਨਾਲ ਹੀ ਸਬੰਧਤ ਨਹੀਂ ਬਲਕਿ ਇਹ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੇ ਇਸ ਫੈਸਲੇ ਪਿੱਛੇ ਗਾਂਧੀ ਪਰਿਵਾਰ ਦਾ ਹੱਥ ਹੈ ਅਤੇ ਇਸ ਮੁੱਦੇ ‘ਤੇ ਕਾਂਗਰਸ ਪਾਰਟੀ ਵਿਰੁੱਧ ਲੜਾਈ ਲੜਨ ਲਈ ਸਮੁੱਚਾ ਸਿੱਖ ਪੰਥ ਤਿਆਰ-ਬਰ-ਤਿਆਰ ਹੈ ਅਤੇ ਹਰਿਆਣਾ ਸਰਕਾਰ ਸਮੇਤ ਦੁਨੀਆ ਦੀ ਕੋਈ ਵੀ ਤਾਕਤ ਐਸ.ਜੀ.ਪੀ.ਸੀ ‘ਚ ਵੰਡੀਆਂ ਨਹੀਂ ਪਾ ਸਕਦੀ।

ਉਨ੍ਹਾਂ ਨੇ ਕਿਹਾ ਕਿ 27 ਜੁਲਾਈ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੇ ਪੰਥਕ ਇਕੱਠ ਦੌਰਾਨ ਸੰਗਤ ਵੱਲੋਂ ਕਾਂਗਰਸ ਦੀ ਇਹ ਇਤਿਹਾਸਕ ਭੁੱਲ ਸੋਧਣ ਲਈ ਮੋਰਚੇ ਆਰੰਭਣ ਸਬੰਧੀ ਆਖਰੀ ਫੈਸਲਾ ਲਿਆ ਜਾਵੇਗਾ ਅਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਵੇਗੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਅਤੇ ਉਸ ਦੇ ਹਮਾਇਤੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਇਸ ਮੁੱਦੇ ‘ਤੇ ਸਿੱਖ ਕੌਮ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕੀਮਤ ‘ਤੇ ਸ਼੍ਰੋਮਣੀ ਕਮੇਟੀ ਦੇ ਟੁਕੜੇ ਨਹੀਂ ਹੋਣ ਦੇਵੇਗਾ।

ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਪਹਿਲਾਂ ਵੀ ਆਪਣੇ ਏਜੰਟਾਂ ਰਾਹੀਂ ਸਿੱਖ ਪੰਥ ਅੰਦਰ ਘੁਸਪੈਠ ਕਰਦੀ ਰਹੀ ਹੈ। ਪਾਰਟੀ ਪ੍ਰਧਾਨ ਨੇ ਕਿਹਾ, ”ਸਿੱਖ ਕੌਮ ਪਹਿਲਾਂ ਹੀ ਸਰਨਾ ਭਰਾਵਾਂ ਵਰਗੇ ਕਾਂਗਰਸੀ ਏਜੰਟਾਂ ਨੂੰ ਨਕਾਰ ਚੁੱਕੀ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਕੌਮ ਨਾਲ ਗ਼ਦਾਰੀ ਕਰਕੇ ਹਰਿਆਣਾ ਦੀ ਕਾਂਗਰਸ ਸਰਕਾਰ ਨਾਲ ਗੰਢ-ਤੁੱਪ ਕਰਨ ਵਾਲੇ ਦੀਦਾਰ ਸਿੰਘ ਨਲਵੀ, ਜਗਦੀਸ਼ ਸਿੰਘ ਝੀਂਡਾ ਅਤੇ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਵਰਗਿਆਂ ਦਾ ਵੀ ਉਹੀ ਹਸ਼ਰ ਹੋਵੇਗਾ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: