ਬਠਿੰਡਾ: ਬਠਿੰਡਾ ਦੀ ਅਦਾਲਤ ਨੇ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਕਰਵਾਏ ਝੂਠੇ ਪਰਚਿਆਂ ਵਿੱਚੋਂ ਸਿੱਖ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਦੋ ਹੋਰ ਸਿੰਘਾਂ ਨੂੰ ਬਾਇੱਜਤ ਬਰੀ ਕਰ ਦਿੱਤਾ। ਇਸ ਮੌਕੇ ਪ੍ਰੈਸ ਨਾਲ ਗੱਲ ਕਰਦਿਆ ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਬਾਦਲਾਂ ਨੇ ਡੇਰੇ ਵਾਲਿਆਂ ਤੋਂ ਵੋਟਾਂ ਲੈਣ ਤੇ ਸਿੱਖ ਪੰਥ ਦੇ ਉਲਟ ਕਾਰਵਾਈਆਂ ਕਰਵਾਉਣ ਲਈ ਵੱਖ ਵੱਖ ਸਮੇਂ ਵੱਡੀ ਗਿਣਤੀ ਵਿੱਚ ਸਿੱਖਾਂ ‘ਤੇ ਝੂਠੇ ਪਰਚੇ ਪਾ ਕੇ ਬਹੁਤਿਆਂ ‘ਤੇ ਤਸ਼ੱਦਦ ਵੀ ਕੀਤਾ ਗਿਆ, ਤੇ ਇਹ ਫੈਸਲਾ ਬਾਦਲਾਂ ਦੇ ਮੂੰਹ ‘ਤੇ ਇੱਕ ਕਰਾਰਾ ਥੱਪੜ ਹੈ। ਇਸ ਧਿਰ ਵੱਲੋਂ ਵਕੀਲ ਹਰਪਾਲ ਸਿੰਘ ਖਾਰਾ ਪੇਸ਼ ਹੋਏ।
ਬਠਿੰਡਾ ਸੈਸ਼ਨ ਅਦਾਲਤ ਦੇ ਮਾਣਯੋਗ ਜੱਜ ਬਲਜਿੰਦਰ ਸਿੰਘ ਨੇ 9 ਸਾਲ ਪਹਿਲਾਂ ਧਾਰਾ 342, 323, 332, 353, 186, 427, 149 ਭਾਰਤੀ ਦੰਡ ਵਾਲੀ ਤਹਿਤ ਦਰਜ ਹੋਏ ਮਾਮਲੇ ਵਿਚ ਬਾਬਾ ਹਰਦੀਪ ਸਿੰਘ, ਰਣਜੀਤ ਸਿੰਘ, ਘੁੱਦਰ ਸਿੰਘ ਸਾਰੇ ਵਾਸੀ ਮਹਿਰਾਜ ਨੂੰ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਮਿਤੀ 4 ਅਕਤੂਬਰ 2009 ਨੂੰ ਡੇਰਾ ਸਿਰਸਾ ਸਰਧਾਲੂਆਂ ਸਤਪਾਲ, ਸ਼ਾਮ ਲਾਲ ਨੇ ਥਾਣਾ ਫੂਲ ਵਿੱਚ ਇੱਕ ਦਰਖਾਸਤ ਦਿੱਤੀ ਸੀ ਕਿ ਮਹਿਰਾਜ ਪਿੰਡ ਦੀ ਦਾਣਾ ਮੰਡੀ ਵਿੱਚ ਉਹ ਸਵੇਰੇ 7 ਵਜੇ ਦੇ ਕਰੀਬ ਨਾਮ ਚਰਚਾ ਕਰ ਰਹੇ ਸਨ ਤਾਂ ਸਾਢੇ ਸੱਤ ਵਜੇ ਉਕਤ ਬੰਦਿਆਂ ਨੇ 80-90 ਵਿਅਕਤੀਆਂ ਤੇ ਹੋਰ ਸਿੱਖ ਜਥੇਬੰਦੀਆਂ ਨੂੰ ਲੈ ਕੇ ਨਾਮ ਚਰਚਾ ਲਈ ਚੱਲ ਰਹੀਆਂ ਤਿਆਰੀਆਂ ‘ਤੇ ਹੱਲਾ ਬੋਲ ਦਿੱਤਾ ਤੇ ਉਹਨਾਂ ‘ਤੇ ਵੀ ਟਰੈਕਟਰ ਚੜਾਉਣ ਦੀ ਕੋਸ਼ਿਸ ਕੀਤੀ। ਇਸ ਸਬੰਧ ਵਿੱਚ ਫੂਲ ਅਦਾਲਤ ਦੇ ਜੱਜ ਸੁਮਿੱਤ ਭੱਲਾ ਵੱਲੋਂ 4 ਨਵੰਬਰ 2016 ਨੂੰ ਉਕਤਾਂ ਨੂੰ ਤਿੰਨ-ਤਿੰਨ ਸਾਲ ਦੀ ਕੈਦ ਤੇ 25-25 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ ਜਿਸ ਸਬੰਧੀ ਬਾਬਾ ਹਰਦੀਪ ਸਿੰਘ ਤੇ ਦੂਜੇ ਸਿੰਘਾਂ ਵੱਲੋਂ ਬਠਿੰਡਾ ਅਦਾਲਤ ਵਿੱਚ ਕੇਸ ਲਾਇਆ ਗਿਆ ਤਾਂ ਅਦਾਲਤ ਨੇ ਵਕੀਲ ਹਰਪਾਲ ਸਿੰਘ ਖਾਰਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ ਉਕਤ ਤਿੰਨਾਂ ਨੂੰ ਸਾਫ਼ ਬਰੀ ਕਰ ਦਿੱਤਾ।
ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸਿੱਖੀ ਦੀ ਵੱਖਰੀ ਪਛਾਣ ਤੇ ਸਿੱਖਾਂ ਦੀ ਹੋਂਦ ਨੂੰ ਖ਼ਤਮ ਕਰਨ ਲਈ ਚਲਾਈਆਂ ਜਾਂਦੀਆਂ ਕੁਚਾਲਾਂ ਵਿੱਚ ਇਹ ਵੀ ਇੱਕ ਕੜੀ ਹੈ ਕਿ ਬਾਦਲਾਂ ਨੇ ਡੇਰਾ ਸਿਰਸਾ ਪ੍ਰੇਮੀਆਂ ਤੋਂ ਵੋਟਾਂ ਲੈਣ ਲਈ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਵੀ ਕਰਵਾਈਆਂ ਤੇ ਸਿੱਖਾਂ ‘ਤੇ ਅਥਾਹ ਜ਼ੁਲਮ ਕਰਵਾਏ ਜਿਸ ਦਾ ਨਤੀਜਾ ਬਾਦਲ ਗੈਂਗ ਤੇ ਇਸ ਦੇ ਪਰਿਵਾਰ ਅੱਜ ਭੁਗਤ ਰਹੇ ਹਨ। ਉਹਨਾਂ ਦੱਸਿਆ ਕਿ ਇਸ ਮਸਲੇ ‘ਤੇ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬਾਦਲਾਂ ਨਾਲ ਲਿਹਾਜ ਪੁਗਾ ਰਹੇ ਹਨ, ਅਜਿਹੇ ਲੋਕ ਪੰਜਾਬ ਦਾ ਮਾਹੌਲ ਖ਼ਰਾਬ ਕਰ ਸਕਦੇ ਹਨ ਜਿਹਨਾਂ ਤੋਂ ਸੁਚੇਤ ਹੋਣ ਦੀ ਜਰੂਰਤ ਹੈ।