ਬਠਿੰਡਾ (1 ਨਵੰਬਰ, 2014): ਆਲ ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖ ਕਤਲੇਆਮ ਦੇ ਪੀੜਤਾਂ ਅਤੇ ਹੋਰ ਜੱਥੇਬੰਦੀਆਂ ਵੱਲੋਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਮਾਮਾਲੇ ਵਿੱਚ ਪੀੜਤਾਂ ਨੂੰ ਇਨਸਾਫ ਦੇਣ ਤੋਂ ਹੁਣ ਤੱਕ ਟਾਲ ਮਟੋਲ ਕਰਦੀਆਂ ਆ ਰਹੀਆਂ ਸਰਕਾਰਾਂ ਖਿਲਾਫ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅਸਫਲ ਬਣਾਉਣ ਲਈ ਕਈ ਪੰਜਾਬ ਪੁਲਿਸ ਨੇ ਸਿੱਖ ਆਗੂਆਂ ਨੂੰ ਗ੍ਰਿਫਤਾਰ ਲਿਆ।
ਸਿੱਖ ਸਿਆਸਤ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਬੰਦ ਦੇ ਸੱਦੇ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਨੇ ਕਈ ਸਿੱਖ ਆਗੂਆਂ ਅਤੇ ਸਿੱਖ ਕਲਤੇਆਮ ਦੇ ਪੀੜਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਰਾਮਪੁਰਾ ਫੂਲ (ਬਠਿੰਡਾ) ਵਿਖੇ ਅਮਨ ਸ਼ਾਂਤੀ ਨਾਲ ਬਜਾਰ ਬੰਦ ਕਰਨ ਲਈ ਬੇਨਤੀ ਕਰ ਰਹੇ ਬਾਬਾ ਹਰਦੀਪ ਸਿੰਘ ਮਹਿਰਾਜ ਸਮੇਤ ਅਨੇਕਾ ਸਿੱਖ ਨੌਜਵਾਨ ਨਾਲ ਗ੍ਰਿਫਤਾਰ ਕੀਤੇ ਗਏ , ਜਿਨ੍ਹਾਂ ਨੂੰ ਕਿਸੇ ਅਣਦੱਸੀ ਥਾਂ ‘ਤੇ ਲੈ ਗਏ।
ਪੁਲਿਸ ਪ੍ਰਸ਼ਾਸਨ ਦੀ ਇਸ ਧੱਕਾਸ਼ਾਹੀ ਦਾ ਸਮੂਹ ਸਿੱਖ ਜੱਥੇਬੰਦੀਆਂ ਅਤੇ ਸਿੱਖ ਭਾਈਚਾਰੇ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪੂਰਨ ਤੋਰ ‘ਤੇ ਇਸ ਬੰਦ ਦੇ ਸੱਦੇ ਨੂੰ ਸਮਰਥਨ ਦੇ ਰਹੇ ਵਪਾਰੀ ਵਰਗ ਨੇ ਰਾਮਪੁਰਾ ਸ਼ਹਿਰ ਨੂੰ ਬੰਦ ਰੱਖਿਆ ਤੇ ਪੁਲਿਸ ਨੇ ਪੰਥਕ ਆਗੂਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਧੱਕੇ ਨਾਲ ਦੁਕਾਨਾਂ ਖੁੱਲਾ ਦਿੱਤੀਆਂ।
ਸਿੱਖ ਕਤਲੇਆਮ ਦੀ 30ਵੀਂ ਵਰੇਗੰਢ ਮੌਕੇ “ਪੰਜਾਬ ਬੰਦ” ਦਾ ਸੱਦਾ ਸਿੱਖ ਸਟੁਡੈਂਟਸ ਫੈਡਰੇਸ਼ਨ ਅਤੇ ਸਿੱਖ ਕਤਲੇਆਮ ਦੇ ਪੀੜਤਾਂ ਵੱਲੋਂ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਦਿੱਤਾ ਗਿਆ ਸੀ।