ਵਿਦੇਸ਼

ਅਜ਼ਾਦਨਾਮਾ ਅਤੇ ਅਦਬਨਾਮਾ ਕਿਤਾਬਾਂ ਓਡਬੀ ਗੁਰਦੁਆਰਾ ਸਾਹਿਬ ਵਿਖੇ ਜਾਰੀ

By ਸਿੱਖ ਸਿਆਸਤ ਬਿਊਰੋ

December 30, 2023

ਚੰਡੀਗੜ੍ਹ – ਬੀਤੇ ਦਿਨੀਂ ਅਜ਼ਾਦਨਾਮਾ ਅਤੇ ਅਦਬਨਾਮਾ ਕਿਤਾਬਾਂ ਗੁਰਦੁਆਰਾ ਸਾਹਿਬ, ਓਡਬੀ ਲੈਸਟਰ, ਇੰਗਲੈਂਡ ਵਿਖੇ ਜਾਰੀ ਕੀਤੀਆਂ ਗਈਆਂ ਹਨ।

ਹਾਲੀ ਵਿੱਚ ਛਪੀਆਂ ਇਹ ਦੋ ਕਿਤਾਬਾਂ ‘ਅਜ਼ਾਦਨਾਮਾ – ਫਾਂਸੀ ਦੇ ਤਖਤੇ ਤੋਂ ਜੇਲ੍ਹ ਚਿੱਠੀਆਂ’ ਕਿਤਾਬ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾਂ ਦੀਆਂ ਜੇਲ੍ਹ ਚਿੱਠਿਆ ਦਾ ਸੰਗ੍ਰਹਿ ਹੈ। ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਨੇ ਆਪਣੀ ਜੇਲ੍ਹ ਦੇ ਜੀਵਨ ਦੌਰਾਨ ਕਈ ਚਿੱਠੀਆਂ ਲਿਖੀਆਂ। ਭਾਈ ਸਾਹਿਬਾਨ ਦੀਆਂ ਇਹ ਚਿੱਠੀਆਂ ਪੜ੍ਹਦਿਆਂ ਉਹਨਾਂ ਦੀ ‘ਧੁਰ ਥੀਂ ਅਜ਼ਾਦ’ ਸ਼ਖਸੀਅਤ ਦੇ ਦਰਸ਼ਨ ਹੁੰਦੇ ਹਨ। ਪੜ੍ਹਦਿਆਂ ਤੁਹਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਕਿਵੇਂ ਉਹ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਅਡੋਲ ਤੇ ਪ੍ਰਸੰਨ ਚਿਤ ਖੜ੍ਹੇ ਸਨ ਤੇ ‘ਯਾਰੜੇ ਦੀ ਗਲਵੱਕੜੀ’ ਤੇ ਸ਼ਹਾਦਤ ਦੀ ਸੁਲੱਖਣੀ ਘੜੀ ਦੀ ਉਡੀਕ ਕਰ ਰਹੇ ਹਨ। ਇਸੇ ਅਹਿਸਾਸ ਦੇ ਮੱਦੇਨਜ਼ਰ ਹੀ ਇਸ ਕਿਤਾਬ ਦਾ ਨਾਮ ‘ਅਜ਼ਾਦਨਾਮਾ’ ਰੱਖਣ ਦਾ ਫੁਰਨਾ ਬਣਿਆ। ਇਹ ਕਿਤਾਬ ਸ. ਪਰਮਜੀਤ ਸਿੰਘ ਗਾਜ਼ੀ ਅਤੇ ਸ. ਰਣਜੀਤ ਸਿੰਘ ਦੁਆਰਾ ਸੰਪਾਦਤ ਕੀਤੀ ਗਈ ਹੈ।

ਅਦਬਨਾਮਾ ਕਿਤਾਬਚੇ ਨੂੰ ਜਥੇ ਦੇ ਰੂਪ ਵਿਚ ਸਿੱਖ ਜਥਾ ਮਾਲਵਾ ਵਲੋਂ ਸੰਪਾਦਿਤ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਿੱਚ ਰਹਿ ਜਾਂਦੀਆ ਕਮੀਆਂ ਅਤੇ ਸਿੱਖਾਂ ਵਜੋਂ ਕਰਨਯੋਗ ਕਾਰਜਾਂ ਬਾਰੇ ਇਸ ਕਿਤਾਬਚੇ ਵਿਚ ਨੁਕਤੇ ਦਰਜ ਕੀਤੇ ਗਏ ਹਨ, ਜੋਕਿ ਸਿੱਖਾਂ ਲਈ ਸਹਾਈ ਹੋ ਸਕਦੇ ਹਨ।

ਕਿਤਾਬ ਜਾਰੀ ਹੋਣ ਮੌਕੇ ਭਾਈ ਦਵਿੰਦਰ ਸਿੰਘ ਸੋਢੀ, ਸ. ਹਰਜਿੰਦਰ ਸਿੰਘ ਰਾਏ, ਸ. ਗੁਰਜੀਤ ਸਿੰਘ ਸਮਰਾ. ਸ. ਹਰਭਜਨ ਸਿੰਘ ਚਿੱਟੀ, ਸ. ਅਵਤਾਰ ਸਿੰਘ ਕਲੇਰ, ਸ. ਧਰਮ ਸਿੰਘ, ਸ. ਗੁਰਜੀਤ ਸਿੰਘ ਚਿੱਟੀ, ਸ. ਨਰਿੰਦਰ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: