ਸਿਡਨੀ (28 ਫਰਵਰੀ, 2016): ਗੁਰਦੁਆਰਾ ਗਲੈਨਵੁੱਡ ਵਿਖੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਮੌਜੂਦਾ ਕਮੇਟੀ ਵੱਲੋਂ ਵਿਸ਼ੇਸ਼ ਇਕੱਤਰਤਾ ਰੱਖੀ ਗਈ ਸੀ , ਜਿਸ ਵਿਚ ਕੋਰਮ ਨਾ ਪੂਰਾ ਹੋਣ ‘ਤੇ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਜਨਰਲ ਸੈਕਟਰੀ ਜਗਤਾਰ ਸਿੰਘ ਨੇ ਕਿਹਾ ਕਿ 20 ਫੀਸਦੀ ਕੁੱਲ ਮੈਂਬਰਸ਼ਿਪ ‘ਚ ਹਾਜ਼ਰ ਹੋਣਾ ਜ਼ਰੂਰੀ ਸੀ, ਜਿਸ ਅਧੀਨ 427 ਮੈਂਬਰ ਹਾਜ਼ਰ ਹੋਣੇ ਲਾਜ਼ਮੀ ਸਨ ਪਰ 361 ਹੀ ਹੋਏ ।
ਮਹਿੰਗਾ ਸਿੰਘ ਖੱਖ ਨੇ ਦੱਸਿਆ ਕਿ ਹੁਣ ਅਗਲੀ ਮੀਟਿੰਗ 13 ਮਾਰਚ ਨੂੰ ਹੋਵੇਗੀ । ਦੂਸਰੇ ਪਾਸੇ ਸੰਵਿਧਾਨ ਵਿਚ ਕੀਤੇ ਜਾਂਦੇ ਬਦਲਾਅ ਨੂੰ ਲੈ ਕੇ ਸਾਬਕਾ ਜਨਰਲ ਸੈਕਟਰੀ ਜਸਬੀਰ ਸਿੰਘ ਥਿੰਦ ਤੇ ਬਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਕੋਰਮ ਪੂਰਾ ਹੁੰਦਾ ਸੀ ਪਰ ਮੌਜੂਦਾ ਕਮੇਟੀ ਦੇ ਮਾੜੇ ਪ੍ਰਬੰਧ ਅਤੇ ਜਾਣ-ਬੁੱਝ ਕੇ ਇਸ ਨੂੰ ਪੂਰਾ ਨਹੀਂ ਕੀਤਾ ਗਿਆ । ਮਾੜ ਪ੍ਰਬੰਧ ਨੂੰ ਲੈ ਕੇ ਸੈਕਟਰੀ ਜਗਤਾਰ ਸਿੰਘ ਨੇ ਮੁਆਫੀ ਵੀ ਸੰਗਤ ਤੋਂ ਮੰਗੀ ।
ਮਨਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਅਸੀਂ ਅਕਾਲ ਤਖ਼ਤ ਦੀ ਮਰਿਆਦਾ ਮੰਨਾਂਗੇ ਤੇ ਕਮੇਟੀ ਦੇ ਸੰਵਿਧਾਨ ਵਿਚ ਵੀ ਕੋਈ ਤੋੜ-ਮਰੋੜ ਨਹੀਂ ਮੰਨਾਂਗੇ । ਜਸਬੀਰ ਸਿੰਘ ਥਿੰਦ ਨੇ ਕਿਹਾ ਕਿ ਘੱਟੋ-ਘੱਟ ਗੁਰਦੁਆਰਾ ਨੂੰ ਹੋਰ ਕਮਿਊਨਿਟੀ ਅੱਗੇ ਪੇਸ਼ ਕਰਨ ਵਾਲੇ ਅਹੁਦੇਦਾਰ ਦਸਤਾਰਧਾਰੀ ਸਿੱਖ ਜ਼ਰੂਰ ਹੋਣੇ ਚਾਹੀਦੇ ਹਨ, ਤਾਂ ਜੋ ਧਰਮ ਪ੍ਰਤੀ ਠੀਕ ਸੁਨੇਹਾ ਲੋਕਾਂ ਤੱਕ ਜਾ ਸਕੇ।
ਬਲਵਿੰਦਰ ਸਿੰਘ ਚਾਹਲ ਅਤੇ ਡਾ: ਸੁਰਿੰਦਰ ਸਿੰਘ ਨੇ ਕਿਹਾ ਕਿ ਗੁਰੂ ਘਰ ਨੂੰ ਬਣਾਉਣ ਵਾਲਿਆਂ ਦਾ ਅਸੀਂ ਪੂਰਾ ਸਤਿਕਾਰ ਕਰਦੇ ਹਾਂ ਪਰ ਸੰਵਿਧਾਨ 20-25 ਸਾਲ ਪੁਰਾਣਾ ਹੈ । ਹੁਣ ਸੰਵਿਧਾਨ ਨੂੰ ਅਜਿਹਾ ਬਣਾਓ, ਜਿਸ ਨਾਲ ਅਗਲੇ 2 ਦਹਾਕੇ ਤੱਕ ਸਿੱਖੀ ਦਾ ਵਧੀਆ ਪਸਾਰ ਕੀਤਾ ਜਾ ਸਕੇ ।