June 26, 2016 | By ਹਰਿਭਜਨ ਸਿੰਘ
(1)
ਫੌਜਾਂ ਕੌਣ ਦੇੇਸ ਤੋਂ ਆਈਆਂ?
ਕਿਹੜੇ ਦੇਸ ਤੋਂ ਕਹਿਰ ਲਿਆਈਆਂ,
ਕਿੱਥੋਂ ਜ਼ਹਿਰ ਲਿਆਈਆਂ
ਕਿਸ ਫਨੀਅਰ ਦੀ ਫੂਕ ਕਿ
ਜਿਸ ਨੇ ਪੱਕੀਆਂ ਕੰਧਾਂ ਢਾਹੀਆਂ
ਸੱਚ ਸਰੋਵਰ ਡੱਸਿਆ
ਅੱਗਾਂ ਪੱਥਰਾਂ ਵਿੱਚ ਲਾਈਆਂ
ਹਰਿ ਕੇ ਮੰਦਰ ਵਿਹੁ ਦੀਆਂ ਨਦੀਆਂ
ਬੁੱਕਾਂ ਭਰ ਵਰਤਾਈਆਂ
ਫੌਜਾਂ ਕੌਣ ਦੇਸ ਤੋਂ ਆਈਆਂ?
(2)
ਸਿਮਰਨ ਬਾਝੋਂ ਜਾਪ ਰਿਹਾ ਸੀ
ਅਹਿਲੇ ਜਨਮ ਗਵਾਇਆ
ਕਰ ਮਤਾ ਹੈ ਆਖਰ ਉਮਰੇ
ਇਸ ਕਾਫਰ ਰੱਬ ਨੂੰ ਧਿਆਇਆ।
ਦਿੱਲੀ ਨੇ ਜਦ ਅੰਮ੍ਰਿਤਸਰ ’ਤੇ
ਜੰਮ ਕਰ ਮੁਗਲ ਚੜ੍ਹਾਇਆ
ਹੈਵਰ ਗੈਵਰ ਤੋਂ ਵੀ ਤਕੜਾ
ਜਦ ਲੌਹੇਯਾਨ ਦੁੜਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਫੌਜਾਂ ਨੇ ਜਦ ਸੋਨਕਲਸ਼ ’ਤੇ
ਤੁਪਕ ਤਾਨ ਚਲਾਇਆ
ਖੱਖੜੀ-ਖੱਖੜੀ ਹੋ ਕੇ ਡਿੱਗਾ
ਜਦ ਮੇਰੇ ਸਿਰ ਦਾ ਸਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸੱਚ ਤਖਤ ਜਿਨ੍ਹੇ ਢਾਇਆ ਸੀ
ਉਸੇ ਜਦੋਂ ਬਣਾਇਆ
ਤਾਂ ਅਪਰਾਧੀ ਦੂਣਾ ਨਿਵਦਾ
ਮੈਨੂੰ ਨਜ਼ਰੀਂ ਆਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸਤਿਗੁਰ ਇਹ ਕੀ ਕਲਾ ਵਿਖਾਈ।
ਤੰੂ ਕੀ ਭਾਣਾ ਵਰਤਾਇਆ
ਮੈਂ ਪਾਪੀ ਦੀ ਸੋਧ ਲਈ ਤੰੂ
ਆਪਣਾ ਘਰ ਢਠਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
(3)
ਸ਼ਾਮ ਪਈ ਤਾਂ ਸਤਿਗੁਰ ਬੈਠੇ
ਇੱਕੋ ਦੀਵਾ ਬਾਲ ਕੇ
ਪ੍ਰੀਕਰਮਾ ’ਚੋਂ ਜਖ਼ਮ ਬੁਲਾ ਲਏ
ਸੁੱਤੇ ਹੋਏ ਉਠਾਲ ਕੇ
ਜ਼ਹਿਰੀ ਰਾਤ ਗਜ਼ਬ ਦੀ ਕਾਲੀ
ਕਿਤੇ-ਕਿਤੇ ਕੋਈ ਤਾਰਾ ਸੀ
ਭਿੰਨੜੇ ਬੋਲ ਗੁਰੂ ਜੀ ਬੋਲੇ
ਚਾਨਣ ਵਿੱਚ ਨੁਹਾਲ ਕੇ
ਅੱਜ ਦੀ ਰਾਤ ਕਿਸੇ ਨਹੀਂ ਸੌਣਾ
ਹਾਲੇ ਦੂਰ ਸ਼ਹੀਦੀ ਹੈ
ਅਜੇ ਤਾਂ ਸੂਰਜ ਰੌਸ਼ਨ ਕਰਨਾ
ਆਪਣੇ ਹੱਥੀ ਬਾਲ ਕੇ
ਨਾ ਕੋ ਬੈਰੀ ਨਾਹਿ ਬੇਗਾਨਾ
ਸਤਿਗੁਰ ਦਾ ਸਭ ਸਦਕਾ ਹੈ
(ਪਰ) ਵੇਖੋ ਜਾਬਰ ਲੈ ਨਾ ਜਾਏ
ਪਰ-ਪਰਤੀਤ ਉਧਾਲ ਕੇ।
-0-
Related Topics: Audio Articles on June 1984, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)