July 1, 2015 | By ਸਿੱਖ ਸਿਆਸਤ ਬਿਊਰੋ
”ਤਿੰਨ ਜੂਨ ਤੋਂ ਲੈ ਕੇ ਛੇ ਜੂਨ ਤੱਕ ਲਗਾਤਾਰ ਤਿੰਨ ਦਿਨ ਤੇ ਤਿੰਨ ਰਾਤਾਂ ਜੁਝਾਰੂ ਸਿਘਾਂ ਵਲੋਂ ਫੌਜ ਦੇ ਕਹਿਰੀ ਹਮਲਿਆਂ ਨੂੰ ਪਛਾੜ ਕੇ ਰੱਖਿਆ ਗਿਆ। ਸੈਂਕੜੇ ਕਮਾਂਡੋਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਪਰਕਰਮਾ ਉਨ੍ਹਾਂ ਲਈ ਕਤਲਗਾਹ ਸਾਬਤ ਹੋਈ। ਅਖ਼ੀਰ ਛਿਥੇ ਪਏ ਫੌਜੀ ਕਮਾਂਡਰਾਂ ਵਲੋਂ ਛੇ ਜੂਨ ਦੀ ਸਵੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਅਤੇ ਗੋਲੇ ਮਾਰ ਮਾਰ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਹੁਣ ਸਿਰਫ਼ ਸੰਤ ਭਿੰਡਰਾਂਵਾਲਿਆਂ ਕੋਲ ਗਿਣਤੀ ਦੇ ਜੁਝਾਰੂ ਹੀ ਰਹਿ ਗਏ ਸਨ, ਉਹ ਵੀ ਲਗਭਗ ਜ਼ਖ਼ਮੀ ਹਾਲਤ ਵਿਚ। ਅੰਤ ਇਨ੍ਹਾਂ ਜੁਝਾਰੂਆਂ ਵਲੋਂ ਅਰਦਾਸਾ ਸੋਧ ਕੇ ਭਾਰਤੀ ਫੌਜ ਨਾਲ ਨੰਗੇ ਧੜ ਲੜਨ ਦਾ ਫੈਸਲਾ ਕੀਤਾ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਤੇ ਥੋੜੇ ਜਿਹੇ ਹੋਰ ਸਿੰਘ ਫਾਇਰਿੰਗ ਕਰਦੇ ਹੋਏ ਬਾਹਰ ਨਿਸ਼ਾਨ ਸਾਹਿਬਾਨਾਂ ਕੋਲ ਪਹੁੰਚ ਗਏ। ਜਿਥੇ ਆਹਮੋ ਸਾਹਮਣੇ ਲੜਾਈ ਵਿਚ ਸ਼ਹੀਦ ਹੋ ਕੇ ਉਹ ਚਮਕੌਰ ਦੀ ਗੜ੍ਹੀ ਵਾਲੀਆਂ ਭਾਈ ਅਜੀਤ ਸਿੰਘ ਅਤੇ ਭਾਈ ਜੁਝਾਰ ਸਿੰਘ ਵਾਲੀਆਂ ਰਵਾਇਤਾਂ ਨੂੰ ਚਾਰ ਚੰਨ ਲਾ ਗਏ।”
ਜੂਨ 1984 ਵਿਚ ਸ਼ਹੀਦਾਂ ਦੇ ਸਿਰਤਾਜ਼ ਅਤੇ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਉਪਰ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਉਪਰ ਕੀਤਾ ਗਿਆ ਇਨਕਲਾਬੀ ਹਮਲਾ ਵੀਹਵੀਂ ਸਦੀ ਵਿਚ ਲੜੀਆਂ ਗਈਆਂ ਦੁਨੀਆਂ ਦੀਆਂ ਅਣਸਾਂਵੀਆਂ (Unmatched) ਜੰਗਾਂ ਵਿਚੋਂ ਇਕੋ ਇਕ ਸੀ। ਜੰਗੀ ਰਣਨੀਤੀ ਦੇ ਮਾਹਰ ਜੇ ਐਫ਼ ਫੁੱਲਰ ਦੀ ਪੁਸਤਕ ਪੱਛਮੀ ਦੁਨੀਆਂ ਦੇ ਨਿਰਣੈਜਨਕ ਜੰਗ’ ਦੇ ਅਧਿਐਨ ਉਪਰੰਤ ਵੀ ਅਜਿਹੀ ਕਿਸੇ ਜੰਗ ਦੀ ਕੋਈ ਮਿਸਾਲ ਨਹੀਂ ਮਿਲਦੀ ਜੋ ਦੋ ਅਣਸਾਂਵੀਆਂ ਜੰਗਾਂ ਸਿੱਖਾਂ ਵਲੋਂ ਲੜੀਆਂ ਗਈਆਂ ਸਨ। ਇਕ ਅਠਾਰਵੀਂ ਸਦੀ ਵਿਚ 21 ਦਸੰਬਰ 1704 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਗਵਾਈ ਵਿਚ ਚਮਕੌਰ ਦੀ ਕੱਚੀ ਗੜ੍ਹੀ ਵਿਚ ਲੜੀ ਗਈ ਸੀ ਤੇ ਦੂਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਹੇਠ 3 ਜੂਨ ਤੋਂ 6 ਜੂਨ ਤੱਕ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿਚ ਭਾਰਤ ਦੀ ਅਤਿ ਆਧੁਨਿਕ ਫੌਜ ਨਾਲ ਲੜੀ ਗਈ ਸੀ।
ਜਦ 19 ਦਸੰਬਰ 1704 ਦੀ ਵੱਡੀ ਅਤੇ ਕਾਲੀ ਬੋਲੀ ਰਾਤ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਗਿਆ ਤਾਂ ਸਰਸਾ ਨਦੀ ਦੇ ਕੰਢੇ ਉਪਰ ਮੁਗਲ ਫੌਜਾਂ ਨਾਲ ਹੋਏ ਖੂਨੀ ਜੰਗ ਵਿਚ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ ਸਨ ਤੇ ਸਾਰਾ ਪਰਿਵਾਰ ਖੇਰੂੰ ਖੇਰੂੰ ਹੋ ਕੇ ਮਾਲਾ ਦੇ ਮਣਕਿਆਂ ਵਾਂਗ ਬਿਖਰ ਗਿਆ ਸੀ। ਗੁਰੂ ਸਾਹਿਬ ਜੀ ਦੇ ਮਹਿਲ ਮਾਤਾਵਾਂ ਦਿੱਲੀ ਵੱਲ ਚਲੇ ਗਏ ਸਨ ਤੇ ਮਾਤਾ ਗੁਜ਼ਰੀ ਜੀ ਸਮੇਤ ਛੋਟੇ ਸਾਹਿਬਜ਼ਾਦੇ ਭਾਈ ਜ਼ੋਰਾਵਰ ਸਿੰਘ ਅਤੇ ਭਾਈ ਫਤਿਹ ਸਿੰਘ ਗੰਗੂ ਨਾਮ ਦੇ ਰਸੋਈਏ ਨਾਲ ਉਸ ਦੇ ਪਿੰਡ ਵੱਲ ਚਲੇ ਗਏ ਸਨ।
20 ਦਸੰਬਰ ਦਾ ਦਿਨ ਅਤੇ ਰਾਤ ਮੁਗਲ ਫ਼ੌਜਾਂ ਅਤੇ ਸਿੰਘਾਂ ਵਿਚਕਾਰ ਗਹਿ-ਗੱਚ ਭਿਆਨਕ ਲੜਾਈ ਹੁੰਦੀ ਰਹੀ ਸੀ। ਅਖ਼ੀਰ ਚਾਲੀ ਕੁ ਸਿੰਘ ਹੀ ਬਚੇ ਸਨ, ਜਿਨ੍ਹਾਂ ਸਮੇਤ ਗੁਰੂ ਜੀ 21 ਦਸੰਬਰ ਨੂੰ ਚਮਕੌਰ ਦੀ ਕੱਚੀ ਗੜ੍ਹੀ ਵਿਚ ਆ ਕੇ ਡਟ ਗਏ ਸਨ। ਉਸ ਵਕਤ ਦੇ ਇਤਿਹਾਸਕਾਰਾਂ ਅਨੁਸਾਰ ਮੁਗਲ ਫੌਜਾਂ ਦੀ ਗਿਣਤੀ ਦਸ ਲੱਖ ਦੇ ਕਰੀਬ ਸੀ। ਸਿੰਘਾਂ ਵਲੋਂ ਕੀਤੇ ਗਏ ਗੁਰਮਤੇ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਗੁਰੂ ਸਾਹਿਬ ਤਾਂ ਗੜ੍ਹੀ ਦਾ ਘੇਰਾ ਤੋੜ ਕੇ ਪੰਜ ਸਿੰਘਾਂ ਸਮੇਤ ਮਾਛੀਵਾੜੇ ਵੱਲ ਚਲੇ ਗਏ ਤੇ ਇਧਰ 22 ਨਵੰਬਰ ਚਮਕੌਰ ਦੀ ਗੜ੍ਹੀ ਦੇ ਸਾਹਮਣੇ ਮੈਦਾਨ ਵਿਚ ਸਿੰਘਾਂ ਅਤੇ ਮੁਗਲ ਫੌਜਾਂ ਦਰਮਿਆਨ ਦੁਨੀਆਂ ਦਾ ਅਣਸਾਵਾਂ ਯੁੱਧ ਲੜਿਆ ਗਿਆ।
ਪੰਜ ਪੰਜ ਦੀ ਗਿਣਤੀ ਵਿਚ ਸਿੰਘ ਗੜ੍ਹੀ ਵਿਚੋਂ ਨਿਕਲ ਕੇ ਮੁਗਲ ਫੌਜਾਂ ਉਪਰ ਟੁੱਟ ਪੈਂਦੇ ਸਨ ਤੇ ਸੈਂਕੜੇ ਮੁਗਲਾਂ ਨੂੰ ਪਾਰ ਬਾ ਕੇ ਆਪ ਵੀ ਮੈਦਾਨ ਏ ਜੰਗ ਵਿਚ ਸ਼ਹੀਦ ਹੋ ਜਾਂਦੇ ਸਨ। ਸ਼ਾਮ ਤੱਕ ਇਸ ਜੰਗ ਵਿਚ ਗੁਰੂ ਸਾਹਿਬਾਨ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦਿਆਂ, ਭਾਈ ਅਜੀਤ ਸਿੰਘ, ਭਾਈ ਜੁਝਾਰ ਸਿੰਘ ਸਮੇਤ ਭਾਈ ਜੀਵਨ ਸਿੰਘ ਅਤੇ ਭਾਈ ਸੰਗਤ ਸਿੰਘ ਵਰਗੇ ਚਾਲੀ ਕੁ ਸਿੰਘ ਸ਼ਹੀਦ ਹੋ ਗਏ ਸਨ।
ਇਹ ਦੁਨੀਆ ਦੀ ਨਿਰਣੈਜਨਕ ਜੰਗ ਸੀ। ਭਾਵੇਂ ਜਿੱਤ ਮੁਗਲ ਫੌਜਾਂ ਦੀ ਹੀ ਹੋਈ ਸੀ, ਪਰ ਚਾਲ ਸਿੰਘਾਂ ਦੇ ਹੌਂਸਲਿਆਂ ਨੇ ਸਿੱਖ ਭਾਈਚਾਰੇ ਨੂੰ ਇਕ ਅਦੁੱਤੀ ਮਨੋਬਲ ਬਖਸ਼ਿਆ ਸੀ ਕਿ ਗੁਰੂ ਦਾ ਸਾਜਿਆ ਹੋਇਆ ਇਕੱਲਾ ਸਿੰਘ ਸਚਮੁਚ ਹੀ ਸਵਾ ਲੱਖ ਨਾਲ ਲੜ ਸਕਦਾ ਹੈ ਤੇ ਇਹੋ ਮਨੋਬਲ ਅੱਜ ਤੱਕ ਵੀ ਹਰ ਸਿੰਘ ਦੀ ਰੂਹਾਨੀ ਤਾਕਤ ਬਣਿਆ ਹੋਇਆ ਹੈ। ਜਿਸ ਦੇ ਸਿਰ ‘ਤੇ ਸਿੱਖਾਂ ਨੇ ਉਨੀਵੀਂ ਸਦੀ ਵਿਚ ਆਪਣਾ ਰਾਜ ਭਾਗ ਕਾਇਮ ਕਰ ਲਿਆ ਸੀ।
ਇਸੇ ਮਨੋਬਲ ਸਦਕਾ ਹੀ ਸਿੱਖ ਫੌਜਾਂ ਵਲੋਂ 1845 ਈਸਵੀ ਨੂੰ ਸਭਰਾਵਾਂ ਤੇ ਮੁੱਦਕੀ ਦੇ ਮੈਦਾਨ ਵਿਚ ਦੁਨੀਆ ਦੀ ਆਧੁਨਿਕ ਕਹੀ ਜਾਣ ਵਾਲੀ ਅੰਰਗੇਜ਼ ਫੌਜ ਦਾ ਟਾਕਰਾ ਕੀਤਾ ਸੀ ਤੇ ਇਸੇ ਮਨੋਬਲ ਸਦਕਾ 3 ਜੂਨ 1984 ਤੋਂ ਲੈ ਕੇ 6 ਜੂਨ ਤੱਕ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਿਚ ਮੁੱਠੀ ਭਰ ਮਰਜੀਵੜੇ ਸਿੰਘਾਂ ਵਲੋਂ ਦੁਨੀਆ ਦੀ ਅਤਿ ਆਧੁਨਿਕ ਭਾਰਤੀ ਫੌਜ ਦਾ ਟਾਕਰਾ ਕੀਤਾ ਗਿਆ ਸੀ।
ਦਸ ਫਰਵਰੀ 1845 ਨੂੰ ਸਭਰਾਵਾਂ ਦੀ ਫੈਸਲਾਕੁਨ ਜੰਗ ਵਿਚ ਬੁੱਢਾ ਜਰਨੈਲ ਸ੍. ਸ਼ਾਮ ਸਿੰਘ ਅਟਾਰੀਵਾਲਾ ਜਿਸ ਸੂਰਬੀਰਤਾ ਨਾਲ ਲੜਿਆ ਸੀ, ਉਹ ਅੱਜ ਵੀ ਇਕ ਦੰਦ ਕਥਾ ਬਣ ਚੁੱਕੀ ਹੈ। ਇਸ ਜੰਗ ਦਾ ਅੱਖੀਂ ਡਿੱਠਾ ਹਾਲ ਬ੍ਰਿਗੇਡੀਅਰ ਵੀਲ੍ਹਰ ਨੇ ਇੰਝ ਬਿਆਨ ਕੀਤਾ ਹੈ:
ਸਿੱਖ ਸਿਪਾਹੀ ਜਾਨ ਵਾਰੂ ਸੂਰਬੀਰਤਾ ਦੀ ਸੂਰਮਗਤੀ, ਮਜ਼੍ਹਬੀ ਸ਼ੈਦਾਈਆਂ ਦੇ ਜੋਸ਼ ਅਤੇ ਜਨੂੰਨੀ ਦੀਵਾਨਿਆਂ ਦੇ ਜੂਝ ਮਰਨ ਦੇ ਚਾਓ ਨਾਲ ਲੜੇ। ਉਨ੍ਹਾਂ ਜਾਣੋ ਸਹੁੰ ਖਾਧੀ ਹੋਈ ਸੀ ਕਿ ਜਾਂ ਤਾਂ ਜਿੱਤਾਂਗੇ, ਜਾਂ ਹੱਥ ਵਿਚ ਤਲਵਾਰ ਫੜੀ ਰਣਭੂਮੀ ਵਿਚ ਕੰਮ ਆਵਾਂਗੇ। ਮੈਦਾਨੇ ਜੰਗ ਵਿਚ ਚੱਪਾ ਚੱਪਾ ਥਾਂ ਬਦਲੇ ਉਨ੍ਹਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਹੜ੍ਹ ਵਾਂਗ ਅੱਗੇ ਵਧਦੇ ਹੋਏ ਵੈਰੀਆਂ ਦੀਆਂ ਪਲਟਣਾਂ ਅਤੇ ਰਸਾਲਿਆਂ ਨੂੰ ਪਿੱਛੇ ਧੱਕ ਦਿੱਤਾ। ਪਰ ਦਰਦੀ, ਈਮਾਨਦਾਰ ਅਤੇ ਯੋਗ ਫੌਜੀ ਅਫ਼ਸਰਾਂ ਦੀ ਗੈਰ ਹਾਜ਼ਰੀ ਵਿਚ ਛੋਟੇ ਛੋਟੇ ਅਫ਼ਸਰ ਕਦ ਤੋੜੀ ਮੁਕਾਬਲਾ ਕਰ ਸਕਦੇ ਸਨ, ਵਿਸ਼ੇਸ਼ ਕਰਕੇ ਜਦ ਕਿ ਟਾਕਰੇ ਤੇ ਲਾਰਡ ਹਾਰਡਿੰਗ, ਲਾਰਡ ਗੱਫ਼ ਅਤੇ ਸਰ ਜਾਨ ਲਿਟਲਰ ਜੈਸੇ ਕਾਬਲ ਜਰਨੈਲ ਖੁਦ ਆਪਣੀ ਫੌਜ ਦੀ ਕਮਾਨ ਅਫ਼ਸਰੀ ਕਰ ਰਹੇ ਸਨ, ਸਿੱਟਾ ਇਹ ਨਿਕਲਿਆ ਕਿ ਅੰਗਰੇਜ਼ੀ ਫੌਜ ਨੇ ਖਾਲਸਾ ਫੌਜ ਦੇ ਮੋਰਚਿਆਂ ਤੇ ਕਬਜ਼ਾ ਕਰਨਾ ਆਰੰਭ ਦਿੱਤਾ, ਖ਼ਾਲਸੇ ਦੇ ਪੈਰ ਉਖੜ ਗਏ। ਪਰ ਰਣਭੂਮੀ ਵਿਚੋਂ ਬਚ ਕੇ ਨਿਕਲਣ ਦਾ ਕੋਈ ਵੀ ਰਾਹ ਨਹੀਂ ਸੀ। ਤੇਜਾ ਸਿੰਘ ਨੇ ਕਿਸ਼ਤੀਆਂ ਦਾ ਪੁਲ ਤੋੜ ਦਿੱਤਾ ਹੋਇਆ ਸੀ। ਹਜ਼ਾਰਾਂ ਸਿਪਾਹੀ ਆਪਣੀਆਂ ਬੰਦੂਕਾਂ ਅਤੇ ਸੰਗੀਨਾਂ ਸੁੱਟ ਕੇ ਦਰਿਆ ਸਤਲੁਜ ਵਿਚ ਠਿਲ੍ਹ ਪਏ ਕਿ ਤਰ ਕੇ ਪਰਲੇ ਕੰਢੇ ਤੱਕ ਪੁੱਜ ਜਾਵਣ। ਪਰ ਨਿਰਦਈ ਵੈਰੀ ਨੇ ਦਰਿਆ ਵਿਚ ਤੈਰਦੇ ਹੋਏ ਇਨ੍ਹਾਂ ਨਿਹੱਥਿਆਂ ‘ਤੇ ਤੋਪਾਂ ਦੇ ਗੋਲੇ ਵਰਸਾਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਹਜ਼ਾਰਾਂ ਸਿਪਾਹੀ ਮਾਰੇ ਗਏ ਅਤੇ ਦਰਿਆ ਦਾ ਪਾਣੀ ਇਨ੍ਹਾਂ ਦੇ ਲਹੂ ਨਾਲ ਲਾਲ ਸੁਰਖ ਹੋ ਗਿਆ।’
ਅੰਗਰੇਜ਼ੀ ਫੌਜ ਦੇ ਸਭ ਤੋਂ ਵੱਡੇ ਜਰਨੈਲ ਕਮਾਂਡਰ ਇਨ ਚੀਫ਼ ਲਾਰਡ ਗੱਫ਼ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਰ ਰਾਬਰਟ ਪੀਲ ਨੂੰ ਲਿਖੀ ਨਿੱਜੀ ਚਿੱਠੀ ਵਿਚ ਇਸ ਜੰਗ ਬਾਰੇ ਇਉਂ ਲਿਖਿਆ ਸੀ :
ਮੇਰਾ ਅਹੁਦਾ ਅਤੇ ਪਦਵੀ ਇਸ ਗੱਲੋਂ ਵਰਜਦੇ ਸਨ ਕਿ ਮੈਂ ਸਿੱਖ ਫੌਜ ਦੀ ਉਸ ਸ਼ਾਨਦਾਰ ਬਹਾਦਰੀ, ਹੁਸ਼ਿਆਰੀ ਅਤੇ ਸ਼ਰਧਾ ਦਾ ਆਪਣੀਆਂ ਲਿਖਤਾਂ ਵਿਚ ਜ਼ਿਕਰ ਕਰਦਾ, ਜਿਸ ਨਾਲ ਉਨ੍ਹਾਂ ਨੇ ਸਾਡੀ ਫੌਜ ਦਾ ਮੁਕਾਬਲਾ ਕੀਤਾ, ਜਾਂ ਉਨ੍ਹਾਂ ਸਖਸ਼ੀ ਬਹਾਦਰੀਆਂ ਨੂੰ ਵਰਨਣ ਕਰਦਾ ਜੇ ਉਨ੍ਹਾਂ ਦੇ ਕੁਝ ਕੁ ਸਿਪਾਹੀਆਂ ਅਤੇ ਸਰਦਾਰਾਂ ਨੇ ਇਨ੍ਹਾਂ ਮੌਕਿਆਂ ਤੇ ਦਿਖਾਈਆਂ ਸਨ। ਜੇ ਇਸ ਮੌਕੇ ਤੇ ਮੈਨੂੰ ਸੱਚੇ ਦਿਲੋਂ ਇਹ ਵਿਸ਼ਵਾਸ਼ ਨਾ ਹੁੰਦਾ ਜਾਂ ਮੇਰੇ ਅੰਦਰ ਇਹ ਵਲਵਲਾ ਨਾ ਹੁੰਦਾ ਕਿ ਮੇਰੀ ਕੌਮ ਅਤੇ ਮੇਰੇ ਦੇਸ਼ ਦੀ ਕੁਰਬਾਨੀ ਲਈ ਇਹ ਜ਼ਰੂਰੀ ਹੈ ਕਿ ਖਾਲਸਾ ਫੌਜ ਖਤਮ ਹੋ ਜਾਵੇ, ਮੈਂ ਸੱਚ ਕਹਿੰਦਾ ਹਾਂ, ਕਿ ਇਸ ਪ੍ਰਕਾਰ ਦਾ ਜ਼ੁਲਮ ਭਰਪੂਰ ਅਤੇ ਨਿਰਵੈਰਤਾ ਭਰਿਆ ਕਤਲ ਜੋ ਡੁੱਬਦੇ ਹੋਏ ਸਿੰਘਾਂ ਦਾ ਕੀਤਾ ਗਿਆ, ਉਸ ਨੂੰ ਵੇਖ ਕੇ ਦਿਲ ਖੋਲ੍ਹ ਕੇ ਰੋਂਦਾ।’
ਸ਼ਾਹ ਮੁਹੰਮਦ ਨੇ ਆਪਣੀ ਪੁਸਤਕ ‘ਜੰਗ ਸਿੰਘਾਂ ਤੇ ਫਰੰਗੀਆਂ’ ਵਿਚ ਖ਼ਾਲਸਾ ਫੌਜ ਦੀ ਬਹਾਦਰੀ ਨੂੰ ਇਸ ਤਰ੍ਹਾਂ ਕੀਤਾ ਹੈ :
‘ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀਆਂ ਦੇ ਮੋੜ ਸੁੱਟੇ,
ਸ਼ਾਮ ਸਿੰਘ ਸਰਦਾਰ ਅਟਾਰੀਵਾਲੇ, ਬੰਨ੍ਹ ਸ਼ਸਤਰੀ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।’
‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜੇੜ੍ਹੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।’
ਤਿੰਨ ਜੂਨ 1984 ਨੂੰ ਦੋਵੇਂ ਪਾਸੀਂ ਫੌਜਾਂ ਤਾਂ ਭਾਰੀਆਂ ਨਹੀਂ ਸਨ ਪਰ ਸ੍ਰੀ ਦਰਬਾਰ ਸਾਹਿਬ ਦੀ ਹਦੂਦ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਲੇ ਦੀ ਅਗਵਾਈ ਵਿਚ ਡਟੇ ਬੈਠੇ ਸਿੰਘਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੇ ਮੁੜ ਚਮਕੌਰ ਦੀ ਗੜ੍ਹੀ ਅਤੇ ਸਭਰਾਵਾਂ ਵਾਲੇ ਸਾਕੇ ਤਾਜ਼ੇ ਕਰਵਾ ਦੇਣੇ ਸਨ।
ਉਘੇ ਸਿੱਖ ਚਿੰਤ ਸ਼ਅਜਮੇਰ ਸਿੰਘ ਅਨੁਸਾਰ :
‘ਫੌਜੀ ਦ੍ਰਿਸ਼ਟੀ ਤੋਂ ਦੇਖਿਆ ਇਹ ਟੱਕਰ ਸਰਾਸਰ ਬੇਮੇਚੀ ਸੀ, ਨਫ਼ਰੀ ਦੇ ਹਿਸਾਬ ਨਾਲ ਅਤੇ ਅਸਲੇ ਤੇ ਹਥਿਆਰਾਂ ਦੀ ਕੁਆਲਟੀ ਪੱਖੋਂ ਕੋਈ ਮੁਕਾਬਲਾ ਨਹੀਂ ਸੀ। ਇਕ ਪਾਸੇ ਦੁਨੀਆਂ ਦੀਆਂ ਸ਼ਕਤੀਸ਼ਾਲੀ ਫੌਜਾਂ ਵਿਚੋਂ ਗਿਣੀ ਜਾਂਦੀ ਭਾਰਤੀ ਫੌਜ ਸੀ, ਜਿਸ ਕੋਲ ਟੈਂਕ, ਬਖਤਰਬੰਦ ਗੱਡੀਆਂ, ਹਵਾਈ ਜਹਾਜ਼, ਹੈਲੀਕਾਪਟਰ ਅਤੇ ਭਾਰੀ ਤੋਪਖਾਨਾ ਸੀ। ਭਾਰਤੀ ਫੌਜ ਦੀਆਂ ਕੁਲ ਮਿਲਾ ਕੇ ਸੱਤ ਡਵੀਜ਼ਨਾਂ ਨੂੰ ਲੜਾਈ ਲਈ ਲਾਮਬੰਦ ਕੀਤਾ ਗਿਆ ਸੀ। ਇਕੱਲੇ ਦਰਬਾਰ ਸਾਹਿਬ ‘ਤੇ ਹਮਲੇ ਦੀ ਕਾਰਵਾਈ ਵਿਚ ਹੀ ਘੱਟੋ ਘੱਟ 15 ਹਜ਼ਾਰ ਫੌਜੀ ਜਵਾਨ ਸਿੱਧਾ ਹਿੱਸਾ ਲੈ ਰਹੇ ਸਨ। ਜ਼ਮੀਨੀ ਲਸ਼ਕਰ ਦੀ ਮਦਦ ਲਈ ਸਮੁੰਦਰੀ ਅਤੇ ਹਵਾਈ ਫੌਜ ਦੇ ਵੀ ਕੁਝ ਅੰਗ ਹਰਕਤ ਵਿਚ ਲਿਆਂਦੇ ਗਏ ਸਨ।
ਭਾਰਤੀ ਫੌਜ ਕੋਲ ਉਤਮ ਅਸਲੇ ਅਤੇ ਹਥਿਆਰਾਂ ਤੋਂ ਇਲਾਵਾ ਆਹਲਾ ਦਰਜੇ ਦੇ ਸਾਧੇ ਹੋਏ ਜਰਨੈਲ ਸਨ। ਵਾਧੇ ਦੀ ਗੱਲ ਇਹ ਕਿ ਸਮੁੱਚੀ ਸਰਕਾਰੀ ਮਸ਼ੀਨਰੀ ਫੌਜ ਦੀ ਸੇਵਾ ਵਿਚ ਹਾਜ਼ਰ ਸੀ। ਦੂਜੇ ਪਾਸੇ ਗਿਣਤੀ ਦੇ ਜੁਝਾਰੂ ਸਿੰਘ ਸਨ। ਜਿਨ੍ਹਾਂ ਦੀ ਨਫ਼ਰੀ ਕਿਸੇ ਤਰ੍ਹਾਂ ਡੇਢ ਸੈਂਕੜੇ ਤੋਂ ਵਧ ਨਹੀਂ ਸੀ ਅਤੇ ਉਨ੍ਹਾਂ ਕੋਲ ਉਂਗਲਾਂ ਤੇ ਗਿਣਨ ਜੋਗੀਆਂ ਹਲਕੀਆਂ ਮਸ਼ੀਨਗੰਨਾ ਸਨ। ਦਰਮਿਆਨੀ ਜਾਂ ਭਾਰੀ ਮਸ਼ੀਨਗੰਨ ਇਕ ਵੀ ਨਹੀਂ ਸੀ। ਨਾਮਾਤਰ ਰਾਕਟ ਲਾਂਚਰ ਸਨ। ਬਾਕੀ ਸਾਧਾਰਨ ਕਿਸਮ ਦੀਆਂ ਰਾਈਫਲਾਂ ਤੇ ਹੱਥ ਗੋਲਿਆਂ (ਗਰਨੇਡ) ਤੋਂ ਬਿਨਾਂ ਉਨ੍ਹਾਂ ਕੋਲ ਹੋਰ ਹਥਿਆਰ ਨਹੀਂ ਸਨ। ਪਰ ਇਸ ਫੌਜੀ ਪੱਖ ਦੀ ਕਮਜ਼ੋਰੀ ਦੀ ਤੁਲਨਾ ਵਿਚ ਜੁਝਾਰੂ ਸਿੰਘਾਂ ਦੇ ਨੈਤਿਕ ਪੱਖ ਵਾਲਾ ਪੱਲੜਾ ਕਿਤੇ ਵੱਧ ਵਜ਼ਨਦਾਰ ਸੀ। ਭਾਰਤੀ ਫੌਜ ਕਹਿਣ ਨੂੰ ਭਾਵੇਂ ਦੇਸ਼ ਦੇ ਹਿੱਤਾਂ ਦੀ ਰੱਖਿਆ ਦੀ ਲੜਾਈ ਲੜ ਰਹੀ ਸੀ ਪਰ ਅਸਲੀਅਤ ਵਿਚ ਉਹ ਦੇਸ਼ ਦੇ ਨਹੀਂ ਦੇਸ਼ ਦੇ ਧਿੰਗਾਣੇ ਹਾਕਮਾਂ ਦੇ ਪੱਕ ਦੀ ਲੜਾਈ ਲੜ ਰਹੀ ਸੀ। ਇਹ ਪੱਖ ਪੁੱਜ ਕੇ ਝੂਠਾ ਅਤੇ ਬੇਨਿਆਈਂ ਸੀ। ਇਸ ਦੀ ਤੁਲਨਾ ਵਿਚ ਸਿੱਖ ਜੁਝਾਰੂ ਜਿਸ ਕਾਜ ਲਈ ਲੜ ਰਹੇ ਸਨ, ਉਹ ਸੱਚਾ ਤੇ ਨਿਆਈਂ ਸੀ। ਉਹ ਆਪਣੇ ਧਰਮ ਤੇ ਸੱਭਿਆਚਾਰ ਦੀ ਰਾਖੀ ਲਈ ਲੜ ਰਹੇ ਸਨ, ਕਿਸੇ ਦੇ ਧਰਮ ਤੇ ਸੱਭਿਆਚਾਰ ਨੂੰ ਉਜਾੜਨ ਲਈ ਨਹੀਂ। ਉਨ੍ਹਾਂ ਅੰਦਰ ਲੜਨ ਦਾ ਨਿਸ਼ਕਾਮ ਜ਼ਜਬਾ ਸੀ। ਜੂਝ ਮਰਨ ਦਾ ਦ੍ਰਿੜ ਨਿਸ਼ਾ ਸੀ ਅਤੇ ਆਪਣੇ ਗੁਰੂ ਦੇ ਚਰਨਾਂ ਵਿਚ ਸ਼ਹੀਦ ਹੋ ਜਾਣ ਦਾ ਨਿਰਮਲ ਚਾਓ ਸੀ। ਇਸ ਕਰਕੇ ਸਿੰਘਾਂ ਨੇ ਆਪਣੀ ਮੂਲੋਂ ਹੀ ਥੋੜੀ ਨਫ਼ਰੀ ਤੇ ਮਾੜੇ ਹਥਿਆਰਾਂ ਦੇ ਬਾਵਜੂਦ ਭਾਰਤੀ ਫੌਜ ਦੇ ਹੱਲੇ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ।’
ਤਿੰਨ ਜੂਨ ਤੋਂ ਲੈ ਕੇ ਛੇ ਜੂਨ ਤੱਕ ਲਗਾਤਾਰ ਤਿੰਨ ਦਿਨ ਤੇ ਤਿੰਨ ਰਾਤਾਂ ਜੁਝਾਰੂ ਸਿਘਾਂ ਵਲੋਂ ਫੌਜ ਦੇ ਕਹਿਰੀ ਹਮਲਿਆਂ ਨੂੰ ਪਛਾੜ ਕੇ ਰੱਖਿਆ ਗਿਆ। ਸੈਂਕੜੇ ਕਮਾਂਡੋਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਪਰਕਰਮਾ ਉਨ੍ਹਾਂ ਲਈ ਕਤਲਗਾਹ ਸਾਬਤ ਹੋਈ। ਅਖ਼ੀਰ ਛਿਥੇ ਪਏ ਫੌਜੀ ਕਮਾਂਡਰਾਂ ਵਲੋਂ ਛੇ ਜੂਨ ਦੀ ਸਵੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਅਤੇ ਗੋਲੇ ਮਾਰ ਮਾਰ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਹੁਣ ਸਿਰਫ਼ ਸੰਤ ਭਿੰਡਰਾਂਵਾਲਿਆਂ ਕੋਲ ਗਿਣਤੀ ਦੇ ਜੁਝਾਰੂ ਹੀ ਰਹਿ ਗਏ ਸਨ, ਉਹ ਵੀ ਲਗਭਗ ਜ਼ਖ਼ਮੀ ਹਾਲਤ ਵਿਚ। ਅੰਤ ਇਨ੍ਹਾਂ ਜੁਝਾਰੂਆਂ ਵਲੋਂ ਅਰਦਾਸਾ ਸੋਧ ਕੇ ਭਾਰਤੀ ਫੌਜ ਨਾਲ ਨੰਗੇ ਧੜ ਲੜਨ ਦਾ ਫੈਸਲਾ ਕੀਤਾ ਗਿਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਤੇ ਥੋੜੇ ਜਿਹੇ ਹੋਰ ਸਿੰਘ ਫਾਇਰਿੰਗ ਕਰਦੇ ਹੋਏ ਬਾਹਰ ਨਿਸ਼ਾਨ ਸਾਹਿਬਾਨਾਂ ਕੋਲ ਪਹੁੰਚ ਗਏ। ਜਿਥੇ ਆਹਮੋ ਸਾਹਮਣੇ ਲੜਾਈ ਵਿਚ ਸ਼ਹੀਦ ਹੋ ਕੇ ਉਹ ਚਮਕੌਰ ਦੀ ਗੜ੍ਹੀ ਵਾਲੀਆਂ ਭਾਈ ਅਜੀਤ ਸਿੰਘ ਅਤੇ ਭਾਈ ਜੁਝਾਰ ਸਿੰਘ ਵਾਲੀਆਂ ਰਵਾਇਤਾਂ ਨੂੰ ਚਾਰ ਚੰਨ ਲਾ ਗਏ।
ਜਿਵੇਂ ਲਾਰਡ ਗੱਫ਼ ਨੇ ਸਭਰਾਵਾਂ ਦੇ ਮੈਦਾਨ ਵਾਲੇ ਸਿੰਘਾਂ ਦੀ ਸਿਫ਼ਤ ਕੀਤੀ ਸੀ ਉਵੇਂ ਜਨਰਲ ਬਰਾੜ ਵੀ ਕਹਿਣੋ ਨਾ ਰਹਿ ਸਕਿਆ। ‘ਮੈਂ ਆਪਣੇ ਫੌਜੀ ਜੀਵਨ ਦੇ ਤੀਹ ਵਰ੍ਹਿਆਂ ਅੰਦਰ ਇਸ ਤਰ੍ਹਾਂ ਦੀ ਫਾਇਰ ਪਾਵਰ ਨਹੀਂ ਵੇਖੀ। ਪਾਕਿਸਤਾਨ ਨਾਲ ਜੰਗ ਦੇ ਦੌਰਾਨ ਵੀ ਨਹੀਂ।’
ਅਜਿਹੇ ਮਰਦ ਅਗੰਮੜਿਆਂ ਦੇ ਕਾਰਨਾਮੇ ਦੇਖ ਕੇ ਹੀ ਵਾਰਸ ਸ਼ਾਹ ਕਹਿ ਉਠਦਾ ਹੈ :
‘ਜ਼ੌਕ ਛੱਡ ਕੇ ਜਿਨ੍ਹਾਂ ਨੇ ਜੁਹਦ ਕੀਤੇ, ਵਾਹ! ਵਾਹ! ਓਹ ਰੱਬ ਦੇ ਬੰਦੜੇ ਈ।’
Related Topics: ਜੂਨ 1984 ਫੌਜੀ ਹਮਲਾ ( Indian Army Attack on Sri Darbar Sahib), ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (Shaheed Sant Jarnail Singh Bhindranwale), ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ