ਹਮਲੇ ਵਿਚ ਨੁਕਸਾਨੀ ਗੱਡੀ ਦੀ ਜਾਂਚ ਕਰਦੇ ਪੁਲਿਸ ਅਫਸਰ (ਫਾਈਲ ਫੋਟੋ)

ਵਿਦੇਸ਼

ਢੱਡਰੀਆਂਵਾਲਿਆਂ ‘ਤੇ ਕਾਤਲਾਨਾ ਹਮਲਾ ਡੂੰਘੀ ਸਾਜਿਸ਼ ਦਾ ਸਿੱਟਾ: ਯੂਨਾਈਟਿਡ ਖਾਲਸਾ ਦਲ

By ਸਿੱਖ ਸਿਆਸਤ ਬਿਊਰੋ

May 18, 2016

ਲੰਡਨ: ਯੁਨਾਇਟਡ ਖਾਲਸਾ ਦਲ ਨੇ ਅੱਜ ਇਕ ਲਿਖਤੀ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਬੀਤੇ ਦਿਨ (17 ਮਈ ਨੂੰ) ਲੁਧਿਆਣਾ ਨੇੜੇ ਕੀਤਾ ਗਿਆ ਹਮਲਾ ਗਹਿਰੀ ਸਾਜਿਸ਼ ਦਾ ਹਿੱਸਾ ਹੈ, ਜਿਸ ਦੀ ਕਿਸੇ ਨਿਰਪੱਖ ਏਜੰਸੀ ਪਾਸੋਂ ਪੂਰੀ ਤਰਾਂ ਜਾਂਚ ਕਰਵਾਉਣੀ ਜਰੂਰੀ ਹੈ।

ਯੂਨਾਈਟਿਡ ਖਾਲਸਾ ਦਲ ਯੂ. ਕੇ. ਦੇ ਪ੍ਰਧਾਨ ਸ੍ਰ. ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਸ੍ਰ. ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਭਾਈ ਰਣਜੀਤ ਸਿੰਘ ਉੱਤੇ ਹੋਏ ਹਮਲੇ ਦੀ ਸਖਤ ਨਿਖੇਧੀ ਕਰਦਿਆਂ ਇਸ ਹਮਲੇ ਦੌਰਾਨ ਅਕਾਲ ਚਲਾਣਾ ਕਰ ਗਏ ਭਾਈ ਭੁਪਿੰਦਰ ਸਿੰਘ ਦੀ ਆਤਮਿਕ ਸ਼ਾਤੀ ਲਈ ਅਰਦਾਸ ਕੀਤੀ ਗਈ।

ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਉਕਤ ਹਮਲੇ ਰਾਹੀਂ ਸਿੱਖ ਵਿਰੋਧੀ ਲਾਬੀ ਇੱਕ ਤੀਰ ਨਾਲ ਕਈ ਨਿਸ਼ਾਨੇ ਸਰ ਕਰਨ ਦੀ ਫਿਰਾਕ ਵਿੱਚ ਜਾਪਦੀ ਹੈ। ਸਿੱਖ ਵਿਰੋਧੀ ਲਾਬੀ ਪੰਜਾਬ ਦੀ ਜਵਾਨੀ ਨੂੰ ਨਸਿ਼ਆਂ ਵਿੱਚ ਗਰਕ ਕਰਕੇ ਖਤਮ ਕਰਨ ਦੀ ਕੁਚਾਲ ਅਧੀਨ ਕਾਰਜਸ਼ੀਲ ਹੈ ਅਤੇ ਬਾਬਾ ਰਣਜੀਤ ਸਿੰਘ ਵਲੋਂ ਸਿੱਖ ਨੌਜਵਾਨਾਂ ਨੂੰ ਨਸਿ਼ਆਂ ਦੇ ਕੋਹੜ ਵਿੱਚੋਂ ਕੱਢ ਕੇ ਸਿੱਖ ਸਿਧਾਂਤਾਂ ਨਾਲ ਜੋੜਿਆ ਜਾ ਰਿਹਾ ਹੈ ਜੋ ਕਿ ਸਿਖ ਦੁਸ਼ਮਣਾ ਨੂੰ ਕਿਸੇ ਵੀ ਪੱਖ ਤੋਂ ਚੰਗਾ ਨਹੀਂ ਲੱਗ ਰਿਹਾ।

ਆਗੂਆਂ ਨੇ ਕਿਹਾ ਕਿ ਸਿੱਖੀ ਸਰੂਪ ਦੀ ਪ੍ਰਫੁੱਲਤਾ ਤੋਂ ਦੁਖੀ ਸਿੱਖ ਵਿਰੋਧੀ ਲਾਬੀ ਅਤੇ ਉਸ ਦੇ ਦੁੱਮਛੱਲੇ ਤਰਾਂ ਤਰਾਂ ਦੇ ਮਨਸੂਬੇ ਘੜ ਕੇ ਸਿੱਖੀ ਦੇ ਪ੍ਰਚਾਰ ਨੂੰ ਖਤਮ ਕਰਨ ਲਈ ਵਿਉਤਾਂ ਘੜ ਰਹੇ ਹਨ। ਪਰਦੇ ਪਿੱਛੇ ਛਿਪੇ ਇਹੋ ਜਿਹੇ ਕਾਰਨਾਂ ਨੂੰ ਬੇਪਰਦ ਕਰਕੇ ਦੋਸ਼ੀ ਵਿਆਕਤੀਆਂ ਨੂੰ ਬੇਨਕਾਬ ਕਰਦਿਆਂ ਉਹਨਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਲੋੜ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਸਿੱਖ ਪ੍ਰਚਾਰਕ ਨਾਲ ਅਜਿਹਾ ਭਾਣਾ ਨਾ ਵਾਪਰ ਸਕੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: