ਅੰਮ੍ਰਿਤਸਰ (13 ਜੂਨ, 2010): ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਨਾਲ ਸਬੰਧਤ ਦੱਸੇ ਜਾਂਦੇ ਬਖਸ਼ੀਸ਼ ਸਿੰਘ ਉਰਫ ਬਾਬਾ ਨੂੰ ਅੱਜ ਲੁਧਿਆਣਾ ਦਿਹਾਤੀ ਪੁਲਿਸ ਰਿਮਾਂਡ ਉੱਤੇ ਲੈ ਗਈ। ਇਸ ਸਬੰਧੀ ਵੱਖ-ਵੱਖ ਅਖਬਾਰੀ ਖਬਰਾਂ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਬਖਸ਼ੀਸ਼ ਸਿੰਘ ਨੂੰ ਅਦਾਲਤ ਵਿਚ ਪੇਸ਼ੀ ਤੋਂ ਬਾਹਰ ਲਿਆਂਦਾ ਗਿਆ ਤਾਂ ਪੱਤਰਕਾਰਾਂ ਵੱਲੋਂ ਡੇਰਾ ਸਿਰਸਾ ਮੁਖੀ ਉੱਤੇ ਹੋਏ ਹਮਲੇ ਬਾਰੇ ਪੁੱਛੇ ਜਾਣ ਉੱਤੇ ਉਸ ਨੇ ਕਿਹਾ ਕਿ ਜੇਕਰ ਉਸਨੂੰ ਦੁਬਾਰਾ ਮੌਕਾ ਮਿਲਿਆ ਤਾਂ ਅਧੂਰਾ ਕਾਰਜ ਜਰੂਰ ਪੂਰਾ ਕਰੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਸੰਖੇਪ ਜਿਹੀ ਗੱਲਬਾਤ ਦੌਰਾਨ ਬਖਸ਼ੀਸ਼ ਸਿੰਘ ਨੇ ਹਮਲੇ ਨੂੰ ਉਸਨੇ ਫਖ਼ਰ ਵਾਲੀ ਗੱਲ ਦੱਸਿਆ ਤੇ ਕਿਹਾ ਕਿ ਇਹ ਹਮਲਾ ਉਸ ਨੇ ਕਿਸੇ ਨਿੱਜੀ ਮਨੋਰਥ ਜਾਂ ਦੁਸ਼ਮਨੀ ਵਿੱਚੋਂ ਨਹੀਂ ਕੀਤਾ, ਬਲਕਿ ਜਦੋਂ ਸਰਕਾਰਾਂ ਡੇਰਾ ਮੁਖੀ ਨੂੰ ਬਣਦੀ ਸਜਾ ਦੇਣ ਵਿੱਚ ਨਕਾਮ ਰਹੀਆਂ ਤਾਂ ਉਨ੍ਹਾਂ ਨੂੰ ਸਖਤ ਕਦਮ ਚੁੱਕਣਾ ਪਿਆ। ਉਸ ਨੇ ਕਿਹਾ ਕਿ ਮਾਰਨਾ ਅਤੇ ਬਚਾਉਣਾ ਪ੍ਰਮਾਤਮਾ ਦੇ ਹੱਥ ਹੈ ਪਰ ਜੇਕਰ ਉਸਨੂੰ ਦੁਬਾਰਾ ਮੌਕਾ ਮਿਲਿਆ ਤਾਂ ਉਹ ਮੁੜ ਡੇਰਾ ਸਿਰਸਾ ਦੇ ਮੁਖੀ ’ਤੇ ਹਮਲਾ ਕਰਨ ਦਾ ਯਤਨ ਕਰੇਗਾ। ਉਸਨੇ ਦੋਸ਼ ਲਾਇਆ ਕਿ ਡੇਰਾ ਸਿਰਸਾ ਦੇ ਮੁਖੀ ’ਤੇ ਪੱਤਰਕਾਰ ਛੱਤਰਪਤੀ ਨੂੰ ਮਾਰਨ ਅਤੇ ਵਿਦੇਸ਼ੀ ਕੁੜੀਆਂ ਨਾਲ ਛੇੜਖਾਨੀ ਦੇ ਗੰਭੀਰ ਦੋਸ਼ ਵੀ ਹਨ। ਪੁਲਿਸ ਦਾ ਦਾਅਵਾ ਹੈ ਕਿ ਉਸ ਨੂੰ 30 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਗ੍ਰਿਫਤਾਰੀ ਸਮੇਂ ਪੁਲੀਸ ਵਲੋਂ ਜੋ ਆਰ.ਡੀ.ਐਕਸ. ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਸ ਬਾਰੇ ਬਖਸ਼ੀਸ਼ ਸਿੰਘ ਨੇ ਅਗਿਆਨਤਾ ਪ੍ਰਗਟਾਈ। ਜ਼ਿਲ੍ਹਾ ਪਟਿਆਲਾ ਦੇ ਪਿੰਡ ਨਿਜਾਮਨੀਵਾਲਾ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਬਾਬਾ ਖਿਲਾਫ਼ ਵੱਖ-ਵੱਖ ਥਾਵਾਂ ’ਤੇ ਕਈ ਕੇਸ ਦਰਜ ਹਨ, ਜਿਨ੍ਹਾਂ ਵਿਚ 2008 ਵਿਚ ਡੇਰਾ ਸਿਰਸਾ ਦੇ ਮੁਖੀ ’ਤੇ ਹਮਲਾ ਕਰਾਉਣ ਦੀ ਯੋਜਨਾ ’ਚ ਹੱਥ ਹੋਣ ਦਾ ਦੋਸ਼ ਵੀ ਹੈ।
ਬਖਸ਼ੀਸ਼ ਨੂੰ ਪੁਲਿਸ ਵੱਲੋਂ ਬੀਤੀ 30 ਮਈ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ, ਪਰ ਇਸ ਸੰਬੰਧੀ ਕਈ ਅਖਬਾਰਾਂ ਵਿੱਚ ਪਹਿਲਾਂ ਹੀ ਖਬਰਾਂ ਨਸ਼ਰ ਹੋ ਚੁੱਕੀਆਂ ਸਨ, ਕਿ ਬਖਸ਼ੀਸ਼ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਪੁਲਿਸ ਉਸ ਨੂੰ ਹਾਲੇ ਪੇਸ਼ ਕਰਨ ਦੇ ਰੌਅ ਵਿੱਚ ਨਹੀਂ ਹੈ। ਇਹ ਵੀ ਕਨਸਆਂ ਨਿਕਲੀਆਂ ਹਨ ਪੁਲਿਸ ਨੇ ਬਖਸ਼ੀਸ਼ ਸਿੰਘ ਨੂੰ 22 ਮਈ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਦੀ ਹਿਰਾਸਤ ਸੰਬੰਧੀ ਉਸ ਦੇ ਪਰਿਵਾਰ ਵੱਲੋਂ ਹਾਈ ਕੋਰਟ ਵਿੱਚ “ਹੈਬੀਜ਼-ਕੋਰਪਸ” ਦੀ ਰਿੱਟ ਪਾ ਦਿੱਤੀ ਗਈ ਸੀ, ਜਿਸ ਦੇ ਦਬਾਅ ਕਾਰਨ ਹੀ ਪੁਲਿਸ ਨੇ ਕਾਹਲੀ ਵਿੱਚ 30 ਮਈ ਨੂੰ ਬਖਸ਼ੀਸ਼ ਸਿੰਘ ਨੂੰ ਪੇਸ਼ ਕਰ ਦਿੱਤਾ।