ਫ਼ਤਹਿਗੜ੍ਹ ਸਾਹਿਬ (15 ਮਈ, 2011): ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦੱਲ ਪੰਚ ਪ੍ਰਧਾਨੀ ਵੱਲੋ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖੇ ਪੱਤਰ ਜੋਰਦਾਰ ਹਮਾਇਤ ਕੀਤੀ ਹੈ, ਜਿਸ ਰਾਹੀਂ ਜਥੇਦਾਰ ਸਾਹਿਬ ਨੂੰ ਦਰਬਾਰ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਬਾਰੇ ਲਿਖਿਆ ਗਿਆ ਸੀ। ਪੰਚ ਪ੍ਰਧਾਨ ਨੇ ਕਿਹਾ ਸੀ ਕਿ ਜੇ 27 ਮਈ 2011 ਤੱਕ ਸ਼ਹੀਦੀ ਗੈਲਰੀ ਕੌਮ ਨੂੰ ਸਮਰਪਿਤ ਨਹੀਂ ਕੀਤੀ ਜਾਂਦੀ ਅਤੇ ਸ਼ਹੀਦੀ ਯਾਦਗਾਰੂ ਬਣਾਉਣ ਸੰਬੰਧੀ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ 30 ਮਈ 2011 ਤੋਂ ਇਸ ਸੰਬੰਧੀ ਕੌਮ ਦੀਆਂ ਭਾਵਨਾਵਾਂ ਲਾਗੂ ਕਰਵਾਉਣ ਲਈ ਪੰਥਕ ਜਥੇਬੰਦੀਆਂ, ਸੰਤ ਸਮਾਜ ਅਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਪੰਥਕ ਰੂਪ-ਰੇਖਾ ਅਨੁਸਾਰ ਸੰਘਰਸ਼ ਵਿੱਢਣ ਲਈ ਮਜਬੂਰ ਹੋਵਾਂਗੇ। ਇਸ ਪੱਤਰ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ਼੍ਰੋਮਣੀ ਅਕਾਲੀ ਦੱਲ ਬਾਦਲ ਦੇ ਪ੍ਰਧਾਨ, ਮੁੱਖ ਮੰਤਰੀ ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਨੂੰ ਵੀ ਭੇਜੀ ਗਈ ਹੈ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਅਤੇ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਹੌਥੀ ਨੇ ਕਿਹਾ ਕਿ ਪੰਚ ਪ੍ਰਧਾਨੀ ਨੇ ਬਹੁਤ ਹੀ ਜਾਇਜ ਮੰਗ ਉਠਾਈ ਹੈ। ਇਸ ਲਈ ਸਾਰੇ ਸਿੱਖਾਂ ਨੂੰ ਇਸ ਮੰਗ ਦਾ ਸਮਰਥਣ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ‘ਸ਼ਹੀਦੀ ਪ੍ਰੰਪਰਾ’ ਨੇ ਜੋ ਰੂਪ ਸਿੱਖ ਧਰਮ ਵਿੱਚ ਹਾਸਿਲ ਕੀਤਾ ਹੈ ਅਜਿਹਾ ਸੰਸਾਰ ਦੇ ਹੋਰ ਕਿਸੇ ਧਰਮ ਜਾਂ ਵਿਚਾਰਧਾਰਾ ਵਿਚ ਵੇਖਣ ਨੂੰ ਨਹੀਂ ਮਿਲਦਾ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਵੱਲੋਂ ਆਰੰਭੀ ਇਸ ਸ਼ਹੀਦੀ ਲੜੀ ਨੂੰ, ਗੁਰੂ ਆਸ਼ੇ ਤੇ ਸਿਧਾਂਤ ਉਤੇ ਪਹਿਰਾ ਦੇਂਦਿਆਂ ਅਨੇਕਾਂ ਸਿੰਘਾਂ, ਸਿੰਘਣੀਆਂ, ਭੁਜੰਗੀਆਂ ਤੇ ਮਹਾਂਪੁਰਖਾਂ ਨੇ ਅੱਗੇ ਤੋਰਿਆ, ਜੋ ਅਜੋਕੇ ਸਮੇਂ ਤੱਕ ਵੀ ਜਾਰੀ ਹੈ। ਸਿੱਖ ਕਦਰਾਂ-ਕੀਮਤਾਂ ਮੁਤਾਬਕ ਸਿੱਖਾਂ ਵਿਚ ਸ਼ਹੀਦ ਦਾ ਸਤਿਕਾਰ ਅਤੇ ਰੁਤਬਾ ਬਹੁਤ ਉਚਾ ਹੈ, ਜਿਸ ਦੇ ਪ੍ਰਮਾਣ ਵੱਜੋਂ ਇਸ ਤੱਥ ਉਤੇ ਗੌਰ ਕੀਤਾ ਜਾ ਸਕਦਾ ਹੈ ਕਿ ਕਈ ਇਤਿਹਾਸਕ ਗੁਰਧਾਮ ਸਿੱਖ ਸ਼ਹੀਦਾਂ ਦੀਆਂ ਯਾਦਾਂ ਜਾਂ ਸ਼ਹਾਦਤਾਂ ਦੀਆਂ ਨਿਸ਼ਾਨੀਆਂ ਵਜੋਂ ਸਥਾਪਤ ਕੀਤੇ ਗਏ ਹਨ। ਡੇਹਰਾ ਸਾਹਿਬ (ਲਾਹੌਰ), ਸੀਸ ਗੰਜ ਸਾਹਿਬ ਤੇ ਰਕਾਬ ਗੰਜ ਸਾਹਿਬ (ਦਿੱਲੀ), ਫ਼ਤਹਿਗੜ੍ਹ ਸਾਹਿਬ ਤੇ ਜੋਤੀ ਸਰੂਪ ਸਾਹਿਬ (ਫ਼ਤਹਿਗੜ੍ਹ ਸਾਹਿਬ) ਅਜਿਹੇ ਪ੍ਰਮੁੱਖ ਸਥਾਨ ਹਨ ਜਿਨਾਂ ਦਾ ਸਿੱਧਾ ਸੰਬੰਧ ਸ਼ਹੀਦਾਂ ਨਾਲ ਹੈ। ਇਸ ਤੋਂ ਇਲਾਵਾ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਚ ਸ਼ਹੀਦੀ ਯਾਦਗਾਰਾਂ ਸਥਾਪਤ ਕਰਨਾ ਵੀ ਸਿੱਖ ਪ੍ਰੰਪਰਾ ਦਾ ਹਿੱਸਾ ਹੈ ਜਿਸ ਦੇ ਪ੍ਰਮਾਣ ਵੱਜੋਂ ਅਸੀਂ ਨਨਕਾਣਾ ਸਾਹਿਬ ਵਿਖੇ ਸ਼ਹੀਦੀ ਜੰਡ ਨੂੰ ਸ਼ਹੀਦੀ ਯਾਦਗਾਰ ਵੱਜੋਂ ਸਾਂਭਣਾ, ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਪਰਿਕਰਮਾ ਵਿਚ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੀ ਯਾਦਗਾਰ ਦੀ ਮਿਸਾਲ ਲੈ ਸਕਦੇ ਹਾਂ।
ਇਨਾਂ ਸ਼ਹੀਦੀ ਯਾਦਗਾਰਾਂ ਤੇ ਨਿਸ਼ਾਨੀਆਂ ਨੇ ਜਿਥੇ ਸਿੱਖ ਕੌਮ ਦੇ ਮਾਣਮੱਤੇ ਸ਼ਹੀਦੀ ਇਤਿਹਾਸ ਨੂੰ ਸਾਂਭਿਆ ਹੈ ਉਥੇ ਇਹ ਸਿੱਖਾਂ ਨੂੰ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਿਧਾਂਤਾਂ ਮੁਤਾਬਕ ਉਨਾਂ ਵੱਲੋਂ ਦਰਸਾਏ ਇਸ ਅਗੰਮੀ ਮਾਰਗ ਉਤੇ ਚੱਲਣ ਲਈ ਪ੍ਰੇਰਤ ਵੀ ਕਰਦੀਆਂ ਹਨ। ਅਸੀਂ ਤੁਹਾਡਾ ਧਿਆਨ ਇਕ ਬਹੁਤ ਅਹਿਮ ਮਸਲੇ ਵੱਲ ਦਿਵਾਉਣਾ ਚਾਹੁੰਦੇ ਹਾਂ ਜਿਸ ਦਾ ਸਿੱਧਾ ਸੰਬੰਧ ਸਿੱਖ ਸ਼ਹੀਦੀ ਪ੍ਰੰਪਰਾ, ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਦਬ-ਸਤਿਕਾਰ, ਇਸ ਅਦਬ-ਸਤਿਕਾਰ ਨੂੰ ਕਾਇਮ ਰੱਖਣ ਲਈ ਹੋਈਆਂ ਸ਼ਹਾਦਤਾਂ ਨਾਲ ਹੈ। ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਨੂੰ ਇਸ ਦੀ ਨਿਆਰੀ ਹਸਤੀ ਤੇ ਸੰਕਲਪ ਕਾਰਨ ਸਮੇਂ ਦੀਆਂ ਹਾਕਮ ਤਾਕਤਾਂ ਵੱਲੋਂ ਕੀਤੀਆਂ ਜਾਂਦੀਆਂ ਫੌਜੀ ਕਾਰਵਾਈਆਂ ਦਾ ਕਈ ਵਾਰ ਸਾਹਮਣਾ ਕਰਨਾ ਪਿਆ ਹੈ।ਸਮੇਂ-ਸਮੇਂ ਸਿੱਖਾਂ ਨੇ ਅਜਿਹੇ ਹਮਲਿਆਂ ਦਾ ਟਾਕਰਾ ਕਰਦਿਆਂ ਸ਼ਹਾਦਤਾਂ ਦਿੱਤੀਆਂ ਹਨ। ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਜਿਨਾਂ ਦਰਬਾਰ ਸਾਹਿਬ ਦੇ ਅਦਬ-ਸਤਿਕਾਰ ਨੂੰ ਕਾਇਮ ਰੱਖਣ ਲਈ ਦਰਬਾਰ ਸਾਹਿਬ ਉਤੇ ਹੋਣ ਵਾਲੇ ਹਮਲਿਆਂ ਦਾ ਟਾਕਰਾ ਕਰਕੇ ਸ਼ਹਾਦਤਾਂ ਦਿੱਤੀਆਂ, ਉਨਾਂ ਦੀਆਂ ਯਾਦਗਾਰਾਂ ਦਰਬਾਰ ਸਹਿਬ ਦੇ ਵਿਹੜੇ ਵਿਚ ਸੁਸ਼ੋਭਿਤ ਹਨ।
ਅਜੋਕੇ ਸਮੇਂ ਵਿੱਚ ਜਦੋਂ ਜੂਨ 1984 ਦੇ ਪਹਿਲੇ ਹਫਤੇ ਦੌਰਾਨ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉਤੇ ਸਮੇਂ ਦੀ ਹਕੂਮਤ ਵੱਲੋਂ ਫੌਜੀ ਹਮਲਾ ਕੀਤਾ ਗਿਆ ਤਾਂ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਤੇ ਠਵੀਹਵੀਂ ਸਦੀ ਦੇ ਮਹਾਨ ਸਿੱਖੂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਲਿਆਂ ਦੀ ਅਗਵਾਈ ਵਿਚ ਅਨੇਕਾਂ ਸਿੱਖ ਯੋਧਿਆਂ ਨੇ ਭਾਰਤੀ ਹਕੂਮਤ ਦੀ ਧਾੜਵੀ ਫੌਜ ਦਾ ਟਾਕਰਾ ਕਰਦਿਆਂ ਸ਼ਹਾਦਤਾਂ ਦਿੱਤੀਆਂ।ਇਸ ਤੋਂ ਬਾਅਦ ਸਿੱਖ ਨੌਜਵਾਨਾਂ ਨੇ ਦਰਬਾਰ ਸਾਹਿਬ ਉਤੇ ਕੀਤੇ ਗਏ ਫੌਜੀ ਹਮਲੇ ਦਾ ਹਥਿਆਰਬੰਦ ਲਹਿਰ ਦੇ ਰੂਪ ਵਿਚ ਜਵਾਬ ਦਿੱਤਾ ਅਤੇ ਸਿੱਖ ਕੌਮ ਦੀ ਰਾਜਸੀ ਤਕਦੀਰ ਘੜਨ ਲਈ ਜਦੋ-ਜਹਿਦ ਕੀਤੀ। ਅਜਿਹਾ ਕਰਦਿਆਂ ਉਹ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ “ਜ਼ਫਰਨਾਮਾ” ਵਿਚ ਅੰਕਤ ਕੀਤੇ ਗਏ ਉਨਾਂ ਬਚਨਾਂ ਤੋਂ ਪ੍ਰੇਰਣਾ ਲੈ ਰਹੇ ਸਨ ਕਿ ‘ਜਦੋਂ ਹੋਰ ਸਭ ਹੀਲੇ-ਵਸੀਲੇ ਨਾਕਾਮ ਹੋ ਜਾਣ ਤਾਂ (ਜੁਲਮ ਵਿਰੁੱਧ) ਤਲਵਾਰ ਦੇ ਮੁੱਠੇ ਉਤੇ ਹੱਥ ਜਾਣਾ ਪਾਕ ਵੀ ਹੁੰਦਾ ਹੈ ਅਤੇ ਜ਼ਰੂਰੀ ਵੀ। ਇਸ ਦੌਰ ਵਿਚ ਜਿੱਥੇ ਕੁਰਬਾਨੀਆਂ ਤੇ ਸ਼ਹਾਦਤਾਂ ਦੀਆਂ ਬੇਜੋੜ ਮਿਸਾਲਾਂ ਮੁੜ ਉਜਾਗਰ ਹੋਈਆਂ, ਓਥੇ ਹਕੂਮਤੀ ਤਸ਼ੱਦਦ ਦੌਰਾਨ ਵੀ ਅਨੇਕਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ।
ਇਨਾਂ ਸ਼ਹਾਦਤਾਂ ਨੂੰ ਹੁਣ 27 ਵਰ੍ਹੇ ਬੀਤ ਚੱਲੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਦਰਬਾਰ ਸਾਹਿਬ ਦੇ ਅਦਬ-ਸਤਿਕਾਰ ਲਈ ਫੌਜ ਦਾ ਟਾਕਰਾ ਕਰਕੇ ਸ਼ਹਾਦਤਾਂ ਪਾਉਣ ਵਾਲੇ ਕੌਮੀ ਸੂਰਬੀਰਾਂ ਦੀ ਯਾਦਗਾਰ ਅਜੇ ਤੱਕ ਸਥਾਪਤ ਨਹੀਂ ਕੀਤੀ ਗਈ। ਇਥੇ ਇਹ ਦੱਸਣਯੋਗ ਹੈ ਜਦੋਂ ਸੰਨ 1986 ਵਿਚ ਸਿੱਖ ਕੌਮ ਨੇ ਸ਼੍ਰੀ ਅਕਾਲ ਤਖਤ ਸਹਿਬ ਦੀ ਇਮਾਰਤ ਦੀ ਸਰਕਾਰ ਵੱਲੋਂ ਕਰਵਾਈ ਮੁਰੰਮਤ ਨੂੰ ਰੱਦ ਕਰਦਿਆਂ ਇਸ ਇਤਿਹਾਸਕ ਇਮਾਰਤ ਦੀ ਮੁੜ ਉਸਾਰੀ ਕਰਨ ਦਾ ਫੈਸਲਾ ਕੀਤਾ ਤਾਂ ਉਸ ਸਮੇਂ ਇਸ ਵਿਚ ਇਕ ਮੰਜਲ ਦਾ ਵਾਧਾ ਕੀਤਾ ਗਿਆ, ਜਿਥੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਉਤੇ ਹੋਏ ਫੌਜੀ ਹਮਲੇ ਦੌਰਾਨ ਹੋਏ ਅਤੇ ਅਜੋਕੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੀ “ਸ਼ਹੀਦੀ ਗੈਲਰੀ” ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲਿਆ ਜਾਣਾ ਸੀ। 20 ਫਰਵਰੀ 2002 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪਣੇ ਮਤੇ ਰਾਹੀਂ ਦਰਬਾਰ ਸਾਹਿਬ ਦੇ ਵਿਹੜੇ ਵਿਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਹੋਰਨਾਂ ਸੂਰਬੀਰ ਸ਼ਹੀਦਾਂ ਦੀ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਸੀ।
ਇਤਿਹਾਸ ਗਵਾਹੀ ਭਰਦਾ ਹੈ ਕਿ ਸਿੱਖਾਂ ਨੇ ਜਦੋਂ ਵੀ ਗੁਰਦੁਆਰਾ ਪ੍ਰਬੰਧ ਜਾਂ ਰਾਜਸੀ ਸੱਤਾ, ਮੁਕੰਮਲ ਜਾਂ ਅੰਸ਼ਕ ਰੂਪ ਵਿਚ – ਲੰਮੇ ਜਾਂ ਥੋੜੇ ਸਮੇਂ ਲਈ ਵੀ, ਹਾਸਿਲ ਕੀਤੀ ਹੈ ਤਾਂ ਉਨਾਂ ਦਾ ਇਕ ਅਹਿਮ ਕਾਰਜ ਸ਼ਹੀਦੀ ਯਾਦਗਾਰਾਂ ਸਥਾਪਤ ਕਰਨ ਦਾ ਰਿਹਾ ਹੈ। ਜਦੋਂ ਸਿੱਖਾਂ ਨੇ ਲਾਹੌਰ ਦੀ ਰਾਜਸੱਤਾ ਹਾਸਿਲ ਕੀਤੀ ਤਾਂ ਸਿੰਘਾਂ ਦੀ ਕਤਲਗਾਹ ਵੱਜੋਂ ਜਾਣੇ ਜਾਂਦੇ ਸਥਾਨ ਉਤੇ ਠਸ਼ਹੀਦ ਗੰਜੂ ਸਾਹਿਬ ਸਥਾਪਤ ਕੀਤਾ ਜੋ ਅੱਜ ਵੀ ਬਰਕਰਾਰ ਹੈ। ਇਸੇ ਤਰ੍ਹਾਂ ਜਦੋਂ ਬਾਬਾ ਬਘੇਲ ਸਿੰਘ ਨੇ ਠਦਿੱਲੀ ਫਤਹਿੂ ਕੀਤੀ ਤਾਂ ਉਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਸਥਾਨ ਉਤੇ ਗੁਰ ਅਸਥਾਨ ਸਥਾਪਤ ਕਰਵਾਇਆ। ਜਦੋਂ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਇਸ ਇਤਿਹਾਸਕ ਸਥਾਨ ਦਾ ਪ੍ਰਬੰਧ ਸਿੱਖਾਂ ਕੋਲ ਅਇਆ ਤਾਂ ਬਿਨਾ ਦੇਰੀ ਦੇ ਸ਼ਹੀਦੀ ਜੰਡ ਤੇ ਹੋਰਨਾਂ ਨਿਸ਼ਾਨੀਆਂ ਨੂੰ ਸ਼ਹੀਦਾਂ ਅਤੇ ਸਾਕੇ ਦੀਆਂ ਯਾਦਗਾਰਾਂ ਵੱਲੋਂ ਸਾਂਭਿਆ ਗਿਆ ਜੋ ਕਿ ਅੱਜ ਵੀ ਕਾਇਮ ਹਨ।
ਜੂਨ 1984 ਤੋਂ ਪਹਿਲਾਂ ਤੇ ਇਸ ਤੋਂ ਬਾਅਦ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਕੋਲ ਹੈ। ਇਸ ਅਰਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 1997-2002 ਅਤੇ 2007 ਤੋਂ ਹੁਣ ਤੱਕ ਦੋ ਵਾਰ ਪੰਜਾਬ ਦੀ ਰਾਜਸੀ ਸੱਤਾ ਹਾਸਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਮੌਜ਼ੂਦਾ ਪ੍ਰਧਾਨ ਸਰਦਾਰ ਅਵਤਾਰ ਸਿੰਘ ਕੋਲ ਪਿਛਲੇ ਲੰਮੇ ਸਮੇਂ ਤੋਂ ਹੈ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਤੇ ਹੋਰ ਪੰਥਕ ਜਥੇਬੰਦੀਆਂ ਸ਼ਹੀਦੀ ਯਾਦਗਾਰ ਬਣਾਏ ਜਾਣ ਅਤੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਵਿੱਚ ਸਥਾਪਿਤ ਸ਼ਹੀਦੀ ਗੈਲਰੀ ਸੰਗਤਾਂ ਦੇ ਦਰਸ਼ਨਾਂ ਲਈ ਖੋਲਣ ਸੰਬੰਧੀ ਸਮੂਹ ਸਿੱਖ ਜਗਤ ਵਲੋਂ ਮੰਗ ਕੀਤੀ ਹੈ। ਉਨਾ ਆਸ ਪ੍ਰਗਟ ਕੀਤੀ ਕਿ ਦਰਬਾਰ ਸਾਹਿਬ ਦੇ ਵਿਹੜੇ ਵਿਚ ਦਰਸ਼ਨੀ ਡਿਓਢੀ ਤੇ ਅਕਾਲ ਤਖਤ ਸਾਹਿਬ ਦਰਮਿਆਨ, ਮੀਰੀ-ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਨਜਦੀਕ, ਜਿਸ ਥਾਂ ‘ਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਹੋਈ ਹੈ, ਉਸ ਸਥਾਨ ਉਤੇ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਯਾਦਗਾਰੂ ਸਥਾਪਤ ਕਰਵਾਈ ਜਾਵੇ। ਅਕਾਲ ਤਖਤ ਸਹਿਬ ਵਿਖੇ ਸਥਿਤ ਸ਼ਹੀਦੀ ਗੈਲਰੀ ਨੂੰ ਬਿਨਾ ਦੇਰੀ ਦੇ ਕੌਮ ਨੂੰ ਸਮਰਪਿਤ ਕੀਤਾ ਜਾਵੇ ਤੇ ਇਸ ਸਥਾਨ ‘ਤੇ ਦਰਬਾਰ ਸਾਹਿਬ ਉਪਰ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਦੇ ਸ਼ਹੀਦਾਂ, ਸੰਨ 1978 ਦੇ ਵਿਸਾਖੀ ਦੇ ਸਾਕੇ ਦੇ ਸ਼ਹੀਦਾਂ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਜੀਵਨ ਵੇਰਵੇ ਸਥਾਪਤ ਕਰਵਾਏ ਜਾਣ।