ਅੰਮ੍ਰਿਤਸਰ: ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਅਸ਼ੀਸ਼ ਖੇਤਾਨ ਵੱਲੋਂ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਵੱਲੋ ਰਿਲੀਜ਼ ਕੀਤੇ ਗਏ ਤਿੰਨ ਜੁਲਾਈ ਨੂੰ ਯੂਥ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਉਸ ਨੂੰ ਸਿੱਖਾਂ ਨੇ ਕਦੇ ਮੁਆਫ ਨਹੀਂ ਕੀਤਾ ਸਗੋਂ ਉਸ ਦੀ ਗਲਤੀ ਦੀ ਸਜ਼ਾ ਜ਼ਰੂਰ ਦਿੱਤੀ ਹੈ।
ਜਾਰੀ ਇੱਕ ਬਿਆਨ ਰਾਹੀਂ ਸਰਨਾ ਨੇ ਕਿਹਾ ਕਿ ਅਸ਼ੀਸ਼ ਖੇਤਾਨ ਨੇ ਇੱਕ ਝੂਠ ਦੇ ਪਲੰਦੇ ਵਜੋਂ ਜਾਣੇ ਜਾਂਦੇ ਆਪਣੇ ਚੋਣ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਕੇ ਬੱਜਰ ਗਲਤੀ ਕੀਤੀ ਹੈ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਸਿੱਖਾਂ ਨੂੰ ਕੋਈ ਵੀ ਹੋਰ ਪਿਆਰੀ ਤੇ ਸਤਿਕਾਰੀ ਜਾਣ ਵਾਲੀ ਵਸਤੂ ਨਹੀਂ ਹੈ ਅਤੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਦੇ ਹਨ।
ਉਹਨਾਂ ਕਿਹਾ ਕਿ ਸਿੱਖ ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਸਿੱਖਾਂ ਦੇ ਗੁਰੂ ਸਾਹਿਬ ਨਾਲ ਕਿਸੇ ਪ੍ਰਕਾਰ ਦੀ ਛੇੜਛਾੜ ਜਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਸਿੱਖ ਪੰਥ ਨੇ ਆਪਣੇ ਤਰੀਕੇ ਨਾਲ ਹੀ ਸਜ਼ਾ ਦਿੱਤੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਲਈ ਚੋਣ ਮਨੋਰਥ ਪੱਤਰ ਜ਼ਰੂਰ ਪਵਿੱਤਰ ਹੋ ਸਕਦਾ ਹੈ ਅਤੇ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਹ ਪੱਤਰ ਨਹੀਂ ਸਗੋ ਲੋਕਾਂ ਨਾਲ ਉਹ ਵਾਅਦੇ ਹੁੰਦੇ ਹਨ ਜਿਹੜੇ ਜਨਤਾ ਦੀ ਕਚਿਹਰੀ ਵਿੱਚ ਕੀਤੇ ਜਾਂਦੇ ਹਨ ਤੇ ਜਿਹੜੀ ਪਾਰਟੀ ਇਹਨਾਂ ਵਾਅਦਿਆਂ ਨੂੰ ਪੂਰਾ ਨਹੀਂ ਕਰਦੀ ਉਸ ਦੀ ਮਾਨਤਾ ਰੱਦ ਕਰਕੇ ਚੋਣ ਅਖਾੜੇ ਵਿੱਚੋਂ ਬਾਹਰ ਕਰ ਦਿੱਤਾ ਜਾਣਾ ਚਾਹੀਦਾ ਹੈ ਪਰ ਇਸ ਦੀ ਤੁਲਨਾ ਕਿਸੇ ਵੀ ਧਾਰਮਿਕ ਗ੍ਰੰਥ ਨਾਲ ਕਰਨੀ ਜਿਥੇ ਕਨੂੰਨਨ ਅਪਰਾਧ ਹੈ ਉਥੇ ਸਮਾਜਿਕ ਅਪਰਾਧ ਵੀ ਹੈ।
ਉਹਨਾਂ ਕਿਹਾ ਕਿ ਇਸ ਗਲਤੀ ਲਈ ਲੋਕ ਆਮ ਆਦਮੀ ਪਾਰਟੀ ਨੂੰ ਜਵਾਬ ਸਮਾਂ ਆਉਣ ‘ਤੇ ਸਮਾਜਿਕ, ਧਾਰਮਿਕ ਤੇ ਰਾਜਸੀ ਤੌਰ ‘ਤੇ ਜ਼ਰੂਰ ਦੇਣਗੇ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹਨਾਂ ਦੇ ਹੀ ਇੱਕ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਸ਼ਰਾਬ ਪੀ ਕੇ ਜਾ ਕੇ ਸਟੇਜ ਤੇ ਬੈਠ ਗਿਆ ਸੀ ਤੇ ਸੰਗਤਾਂ ਦੇ ਵਿਰੋਧ ਉਪਰੰਤ ਉਥੋਂ ਦੁਮ ਦਬਾ ਕੇ ਭੱਜਾ ਸੀ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਿੱਚ ਜੇਕਰ ਥੋੜੀ ਜਿੰਨੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀ ਨੂੰ ਬਿਨਾਂ ਕਿਸੇ ਦੇਰੀ ਤੋ ਪਾਰਟੀ ਵਿੱਚੋਂ ਬਾਹਰ ਕੱਢੇ ਤੇ ਸਿੱਖ ਕੌਮ ਤੋਂ ਜਨਤਕ ਤੌਰ ‘ਤੇ ਮੁਆਫੀ ਮੰਗਣ ਦੇ ਨਾਲ ਨਾਲ ਅਸ਼ੀਸ਼ ਖੇਤਾਨ ਖਿਲਾਫ ਖੁਦ ਮੁਕੱਦਮਾ ਦਰਜ ਕਰਵਾਏ। ਉਹਨਾਂ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਨੇ ਪੰਜਾਬ ਵਿੱਚ ਰਾਜਸੀ ਤੌਰ ‘ਤੇ ਵਿਚਰਨ ਦਾ ਸੁਫਨਾ ਲਿਆ ਹੈ ਤਾਂ ਉਹਨਾਂ ਨੂੰ ਸਿੱਖ ਇਤਿਹਾਸ ‘ਤੇ ਸਿੱਖ ਧਰਮ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ।
ਸਬੰਧਤ ਖ਼ਬਰ: ਚੋਣ ਮਨੋਰਥ ਪੱਤਰ ਦੀ ਤੁਲਨਾ ਧਾਰਮਿਕ ਗ੍ਰੰਥ ਨਾਲ ਕਰਨ ‘ਤੇ ਆਸ਼ੀਸ਼ ਖੇਤਾਨ ਅਤੇ ਕੰਵਰ ਸੰਧੂ ਨੇ ਮੰਗੀ ਮਾਫੀ