– ਡਾ. ਅਮਰਜੀਤ ਸਿੰਘ (ਵਾਸ਼ਿੰਗਟਨ)
ਅੱਜ, ਭਾਵੇਂ ਇਸ ਪਟੀਸ਼ਨ ਵਿਚਲੇ ਤੱਥ ਸ. ਜਸਵੰਤ ਸਿੰਘ ਖਾਲੜਾ, ਸ. ਜਸਪਾਲ ਸਿੰਘ ਢਿੱਲੋਂ, ਮਿਸਟਰ ਰਾਮ ਨਰਾਇਣ ਕੁਮਾਰ ਆਦਿ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੇ, ਜ਼ਿਲ੍ਹਾ ਅੰਮ੍ਰਿਤਸਰ ਦੇ ਤਿੰਨ ਸ਼ਮਸ਼ਾਨਘਾਟਾਂ (ਤਰਨਤਾਰਨ, ਪੱਟੀ ਤੇ ਦੁਰਗਿਆਣਾ ਮੰਦਰ-ਅੰਮ੍ਰਿਤਸਰ) ਵਿੱਚ ਵਰ੍ਹੇ 1992 ਦੌਰਾਨ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਲਈ, ਖਰੀਦੀ ਗਈ ਲੱਕੜ ਤੋਂ ਪ੍ਰਾਪਤ ਕੀਤੇ ਸਨ। ਇਹ ਤੱਥ ਚੌਂਕਾ ਦੇਣ ਵਾਲੇ ਸਨ-ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ‘ਅਣਪਛਾਤੀਆਂ ਲਾਸ਼ਾਂ’ ਇੱਕ ਵਰ੍ਹੇ ਦੌਰਾਨ ਸਿਰਫ ਇਨ੍ਹਾਂ ਤਿੰਨਾਂ ਸ਼ਮਸ਼ਾਨਘਾਟਾਂ ਵਿੱਚ ਹੀ ਸਾੜੀਆਂ ਗਈਆਂ ਸਨ ਤੇ ਜੇ (ਹੁਣ ਦੇ) ਪੰਜਾਬ ਦੇ ਲਗਭਗ 20 ਜ਼ਿਿਲ੍ਹਆਂ ਦਾ ਹਿਸਾਬ, ਇਸ ਅਨੁਪਾਤ ਨਾਲ ਲਗਾਇਆ ਜਾਵੇ ਤਾਂ ਇਹ ਇੱਕ ਵਰ੍ਹੇ ਵਿੱਚ 20 ਹਜ਼ਾਰ ਤੋਂ ਵੱਧ ਲਾਸ਼ਾਂ ਦਾ ਬਣਦਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ-‘‘ਇਹ ਬਹੁਤ ਅਸਪੱਸ਼ਟ ਹੈ’ ਤੇ ‘ਸਰਦਾਰ ਖਾਲੜਾ ਦੀ ਮਰਨ ਵਾਲਿਆਂ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈ (ਭਾਵ ਮਰਨ ਵਾਲਿਆਂ ਨੇ ਮਰਨ ਤੋਂ ਪਹਿਲਾਂ ਸ. ਖਾਲੜਾ ਨੂੰ ਕੋਈ ਪਾਵਰ ਆਫ ਅਟਾਰਨੀ ਕਿਉਂ ਨਹੀਂ ਦਿੱਤੀ?)’
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਸ ‘ਹਿੰਦੂ-ਫੈਸਲੇ’ ਦੇ ਖਿਲਾਫ, ਭਾਰਤੀ ਸੰਵਿਧਾਨ ਦੇ ਆਰਟੀਕਲ 32 ਦੇ ਤਹਿਤ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਕਿ ਸੀ. ਬੀ. ਆਈ. ਨੂੰ ਇਨ੍ਹਾਂ ਅਣਪਛਾਤੀਆਂ ਲਾਸ਼ਾਂ ਦੀ ਪੜਤਾਲ ਦਾ ਮਾਮਲਾ ਸੌਂਪਿਆ ਜਾਵੇ। ਸੁਪਰੀਮ ਕੋਰਟ ਵਿੱਚ ਅਪੀਲ ਪਟੀਸ਼ਨ ਅਜੇ ਮੁੱਢਲੀ ਹਾਲਾਤ ਵਿੱਚ ਸੀ, ਜਦੋਂ ਕਿ 6 ਸਤੰਬਰ 1995 ਨੂੰ ਖਾਲੜਾ ਨੂੰ ਅੰਮ੍ਰਿਤਸਰੋਂ ਉਨ੍ਹਾਂ ਦੇ ਕਬੀਰ ਪਾਰਕ ਵਿਚਲੇ ਘਰ ਦੇ ਬਾਹਰੋਂ ਵਰਦੀਧਾਰੀ ਪੁਲਿਸ ਨੇ ਦਿਨ ਦਿਹਾੜੇ ਅਗਵਾ ਕਰ ਲਿਆ। ਅਗਵਾ ਹੋਣ ਤੋਂ ਕੁਝ ਹਫਤੇ ਪਹਿਲਾਂ ਸ. ਖਾਲੜਾ ਇੰਗਲੈਂਡ, ਕੈਨੇਡਾ ਆਦਿ ਦੇਸ਼ਾਂ ਦਾ ਦੌਰਾਨ ਕਰਕੇ ਪਰਤੇ ਸਨ, ਜਿੱਥੇ ਉਨ੍ਹਾਂ ਨੇ ਮੈਂਬਰ ਪਾਰਲੀਮੈਂਟਾਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਰਾਜਸੀ ਨੇਤਾਵਾਂ ਤੇ ਸਿੱਖ ਸੰਗਤਾਂ ਨਾਲ ‘ਅਣਪਛਾਤੀਆਂ ਲਾਸ਼ਾਂ’ ਦੇ ਮਸਲੇ ਨੂੰ ਖੁੱਲ੍ਹ ਕੇ ਵਿਚਾਰਿਆ ਸੀ। ਉਨ੍ਹਾਂ ਆਪਣੇ ਭਾਸ਼ਣਾਂ ਵਿੱਚ ਇਹ ਵੀ ਕਿਹਾ ਸੀ ਕਿ ਤਰਨਤਾਰਨ ਦੇ ਐਸ. ਐਸ. ਪੀ. ਅਜੀਤ ਸੰਧੂ ਨੇ ਮੈਨੂੰ ਧਮਕੀ ਦਿੱਤੀ ਹੈ ਕਿ ‘ਤੂੰ 25 ਹਜ਼ਾਰ ਲਾਸ਼ਾਂ ਦੀ ਗੱਲ ਕਰਦੈਂ, ਤੈਨੂੰ 25 ਹਜ਼ਾਰ ਇੱਕ ਬਣਾ ਦਿੱਤਾ ਜਾਵੇਗਾ।’ ਪਰ ਉਹ ਬੜੇ ਵਿਸ਼ਵਾਸ ਨਾਲ ਕਹਿੰਦੇ ਸਨ ਕਿ ‘ਹਨੇਰੇ ਵਿੱਚ ਚਾਨਣ ਕਰਣ ਲਈ ਪਹਿਲਾਂ ਕਿਸੇ ਝੁੱਗੀ ਵਿੱਚ ਇੱਕ ਨਿੱਕਾ ਜਿਹਾ ਦੀਵਾ ਬਲਦਾ ਹੈ ਪਰ ਵਿਹੰਦਿਆਂ ਵਿਹੰਦਿਆਂ ਹਰ ਝੁੱਗੀ ’ਚੋਂ ਚਾਨਣ ਉੱਠਦਾ ਹੈ।’ ਭਾਵ ਦੀਵਾ ਬੁਝਾਇਆ ਜਾ ਸਕਦਾ ਹੈ-ਚਾਨਣ, ਮਿਟਾਇਆ ਨਹੀਂ ਜਾ ਸਕਦਾ।
ਘਰੋਂ ਚੁੱਕਣ ਉਪਰੰਤ ਘੋਰ ਤਸ਼ੱਦਦ ਕਰਕੇ ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਅਜੀਤ ਸਿੰਘ ਸੰਧੂ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਕੇ. ਪੀ. ਐਸ. ਗਿੱਲ ਦੇ ਅੱਗੇ ਪੇਸ਼ ਕੀਤਾ ਤਾਂ ਖਾਲੜਾ ਸਿੱਖੀ ਰਾਹ ’ਤੇ ਚਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁੱਕਾ ਸੀ। ਵਕਤ ਅੱਗੇ ਕੇਵਲ ਤੇ ਕੇਵਲ ਸ਼ਹਾਦਤ ਦਾ ਸੀ। ਇਹ ਉਹ ਮਾਰਗ ਸੀ ਜੋ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਛੋਟੇ ਸਾਹਿਬਜ਼ਾਦਿਆਂ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਅਨੇਕਾਂ ਹੋਰ ਸਿੱਖ ਸ਼ਹੀਦਾਂ ਨੇ ਪਹਿਲਾਂ ਹੀ ਸਿੱਖ ਇਤਿਹਾਸ ਵਿੱਚ ਸਿਰਜਿਆ ਹੈ। ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈੱਲ ਵਿੱਚ ਲਿਆਂਦਾ ਗਿਆ। ਇੱਕ ਗੋਲੀ ਦੀ ਅਵਾਜ਼ ਸੁਣਾਈ ਦਿੱਤੀ, ਲਾਸ਼ ਲਹੂ ਨਾਲ ਭਿੱਜ ਗਈ। ਦਰਿੰਦਿਆਂ ਨੇ ਲਾਸ਼ ਜਿਪਸੀ ਵਿੱਚ ਸੱੁਟੀ ਤੇ ਹਰੀਕੇ ਪੱਤਣ ਰਾਜਸਥਾਨ ਨਹਿਰ ਵਿੱਚ ਰੋੜ੍ਹ ਦਿੱਤੀ। ਆਪਣੀ ਆਤਮਾ ਦਾ ਕਸ਼ਟ ਦੂਰ ਕਰਨ ਲਈ ਹਰੀ ਕੇ ਪੱਤਣ ਦੇ ਰੈਸਟ ਹਾਊਸ ਵਿੱਚ ਰੱਜ ਕੇ ਸ਼ਰਾਬਾਂ ਪੀਤੀਆਂ ਗਈਆਂ ਅਤੇ ਸਮਝਿਆ ਇਹ ਗਿਆ ਕਿ ਕਹਾਣੀ ਮੁੱਕ ਗਈ ਹੈ। ਮੂਰਖਾਂ ਨੂੰ ਇਹ ਨਹੀਂ ਪਤਾ ਕਿ ਕਹਾਣੀ ਸ਼ਹੀਦ ਦੀ ਸ਼ਹੀਦੀ ਪਿੱਛੋਂ ਆਰੰਭ ਹੁੰਦੀ ਹੈ, ਜੋ ਮੁੱਕਦੀ ਨਹੀਂ ਲੰਮੇ ਸਮੇਂ ਤੱਕ ਲੋਕਾਈ ਵਿੱਚ ਕੂਕਦੀ ਰਹਿੰਦੀ ਹੈ। ਉਸੇ ਕੂਕ ਵੱਸ ਅਜੀਤ ਸਿੰਘ ਸੰਧੂ ਨੇ ਰੇਲ ਗੱਡੀ ਹੇਠ ਸਿਰ ਦਿੱਤਾ ਤੇ ਦੋ ਟੋਟੇ ਹੋ ਗਏ। ਇਸ ਨੇ ਕਦੀ ਇੱਕ ਸੰਤ ਬਾਬਾ ਚਰਨ ਸਿੰਘ ਨੂੰ ਦੋ ਜੀਪਾਂ ਨਾਲ ਇੱਕ ਇੱਕ ਲੱਤ ਬੰਨ੍ਹ ਕੇ ਇੱਕ ਦੂਜੀ ਦੇ ਉਲਟ ਚਲਾ ਕੇ ਦੋਫਾੜ ਕੀਤਾ ਸੀ…..।
‘ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ।’
ਸ. ਜਸਵੰਤ ਸਿੰਘ ਖਾਲੜਾ ਨੂੰ ਗਾਇਬ ਕਰਨ ਦੇ ਕੇਸ ਦੀ ਗੂੰਜ ਅੰਤਰਰਾਸ਼ਟਰੀ ਤੌਰ ’ਤੇ ਪੈਣ ਦੀ ਵਜ੍ਹਾ ਕਰਕੇ ਸੁਪਰੀਮ ਕੋਰਟ ਨੇ ‘ਥੋੜ੍ਹੀ ਹਿਲਜੁਲ’ ਵਿਖਾਉਂਦਿਆਂ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਦੀ ਪੜਤਾਲ ਸੀ. ਬੀ. ਆਈ. ਨੂੰ ਸੌਂਪੀ, ਜਿਸ ਨੇ ਦਸੰਬਰ 1996 ਵਿੱਚ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਦਿੱਤੀ। ਸਮੁੱਚੀ ਰਿਪੋਰਟ ਨੂੰ ‘ਗੁਪਤ’ ਬਣਾ ਦਿੱਤਾ ਗਿਆ ਪਰ ਇਹ ਤੱਥ, ਸੁਪਰੀਮ ਕੋਰਟ ਦੀ ਕਾਰਵਾਈ ਰਾਹੀਂ ਲੋਕਾਂ ਤੱਕ ਪਹੁੰਚਿਆ ਕਿ ਉਪਰੋਕਤ ਤਿੰਨ ਸ਼ਮਸ਼ਾਨਘਾਟਾਂ ਵਿੱਚ ਸੀ. ਬੀ. ਆਈ. ਸਿਰਫ 874 ਸਰੀਰਾਂ ਦੀ ਹੀ ਪਛਾਣ ਕਰ ਸਕੀ ਜਦੋਂ ਕਿ 1238 ਤੋਂ ਜ਼ਿਆਦਾ ਸਰੀਰ ਅਣਪਛਾਤੇ ਹੀ ਰਹੇ। ਸੁਪਰੀਮ ਕੋਰਟ ਦੇ ਜੱਜ ਜਸਟਿਸ ਕੁਲਦੀਪ ਸਿੰਘ ਨੇ ਇਸਨੂੰ ‘ਨਸਲਕੁਸ਼ੀ ਤੋਂ ਵੀ ਮਾੜਾ’ ਕਹਿ ਕੇ ਕੇਸ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਹਵਾਲੇ ਕਰ ਦਿੱਤਾ। ਪਰ ਸਰਕਾਰੀ ਹਲਕਿਆਂ ਵਲੋਂ ਸਮੱਸਿਆ ਇਹ ਖੜ੍ਹੀ ਕਰ ਦਿੱਤੀ ਗਈ ਕਿ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਸਿਰਫ ਇੱਕ ਸਾਲ ਦੇ ਵਿੱਚ ਵਿੱਚ ਹੋਈਆਂ ਉਲੰਘਣਾਵਾਂ ਦੀ ਹੀ ਸੁਣਵਾਈ ਕਰ ਸਕਦਾ ਹੈ। ਭਾਵ ‘ਆਪਣਾ ਪਿਛਲਾ ਡੇਢ ਲੱਖ ਮਰਿਆ ਭੁੱਲ ਜਾਓ, ਅਗਾਂਹ ਨੂੰ ਜਦੋਂ ਤੁਹਾਡੇ ਮੁੰਡੇ-ਕੁੜੀਆਂ ਫੇਰ ਮਾਰਾਂਗੇ, ਤਾਂ ਸਾਲ ਦੇ ਵਿੱਚ-ਵਿੱਚ ਆ ਜਾਇਓ-ਪੜਤਾਲ ਜ਼ਰੂਰ ਕਰਾਂਗੇ।’ ਅਤਿ ਦੁਖਦਾਈ ਗੱਲ ਤਾਂ ਇਹ ਹੈ ਕਿ ਖਾਲੜਾ ਕਿਸੇ ਖਾੜਕੂ ਜਥੇਬੰਦੀ ਦਾ ਮੈਂਬਰ ਨਹੀਂ ਸੀ ਸਗੋਂ ਅਕਾਲੀ ਦਲ (ਬਾਦਲ) ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਸੀ। ਬਾਦਲ ਦਲ ਵਲੋਂ ਪੰਜ ਸਾਲ ਕੇਂਦਰ ਸਰਕਾਰ ਵਿੱਚ ਤੇ ਪੰਜਾਬ ਵਿੱਚ ਪੰਜਵੀ ਵਾਰ ਮੁੱਖ ਮੰਤਰੀ ਵਜੋਂ ਸੱਤਾ ਦਾ ਆਨੰਦ ਭੋਗਣ ਦੇ ਬਾਵਜੂਦ ਵੀ ਇਸ ਸ਼ਹੀਦ ਦੇ ਅਸਲ ਕਾਤਲ ਕੇ. ਪੀ. ਗਿੱਲ ਨੂੰ ਦੋਸ਼ੀ ਦੇ ਕਟਹਿਰੇ ਵਿੱਚ ਖੜਾ ਨਹੀਂ ਕੀਤਾ ਗਿਆ।
ਸ਼ਹੀਦ ਜਸਵੰਤ ਸਿੰਘ ਖਾਲੜਾ (ਸੋਚ, ਸੰਘਰਸ਼ ਅਤੇ ਸ਼ਹਾਦਤ) ਕਿਤਾਬ ਖਰੀਦਣ ਲਈ ਤੰਦ ਛੂਹੋ –
ਪਿਛਲੇ ਸਾਲਾਂ ਵਿਚਲੀ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਕਾਰਗੁਜ਼ਾਰੀ ਵੀ ਇਹ ਹੀ ਦਰਸਾਉਂਦੀ ਹੈ ਕਿ ਸਿੱਖ ‘ਗੁਲਾਮੀ’ ਦਾ ਮਤਲਬ ਕੀ ਹੈ। ਕੁਝ ਸਿੱਖ ਵਕੀਲਾਂ ਅਤੇ ਮਨੱੁਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਦੀ ਲਗਾਤਾਰ ਮਿਹਨਤ ਸਦਕਾ, ਹਿਊਮਨ ਰਾਈਟਸ ਕਮਿਸ਼ਨ ਨੇ 1800 ਦੇ ਲਗਭਗ ‘ਅਣਪਛਾਤੀਆਂ ਲਾਸ਼ਾਂ’ ਦੇ ਵਾਰਸਾਂ ਨੂੰ ਵੱਧ ਤੋਂ ਵੱਧ ਦੋ ਲੱਖ ਰੁਪਈਏ ਤੱਕ ਦਾ ‘ਮੁਆਵਜ਼ਾ’ ਦੇਣ ਦੀ ਸਿਫਾਰਸ਼ ਪੰਜਾਬ ਸਰਕਾਰ ਕੋਲ ਕੀਤੀ। ਇਸ ਤਰ੍ਹਾਂ ਇੱਕ ਸਿੱਖ ਨੌਜਵਾਨ ਦੀ ਜਾਨ ਦੀ ਕੀਮਤ 3500 ਅਮਰੀਕਨ ਡਾਲਰ ਦੇ ਕਰੀਬ ਪਾਈ ਗਈ, ਉਹ ਵੀ ਉਹਨਾਂ ਦੇ ਮਾਰੇ ਜਾਣ ਤੋਂ 15 ਸਾਲ ਬਾਅਦ! ਇੰਨਾ ਕੁ ਖਰਚਾ ਤਾਂ ਉਨ੍ਹਾਂ ਦੇ ਵਾਰਸਾਂ ਨੇ, ਆਪਣੇ ਪਿੰਡਾਂ ਤੋਂ ‘ਚੰਡੀਗੜ੍ਹ’ ਆ ਕੇ ਪੇਸ਼ੀਆਂ ਦੇਂਦਿਆਂ ਹੀ ਕਰ ਦਿੱਤਾ ਹੋਣਾ ਹੈ। ਇਹ ਗੱਲ ਖੁਸ਼ੀ ਤੇ ਮਾਣ ਵਾਲੀ ਹੈ ਕਿ ਸ. ਜਸਵੰਤ ਸਿੰਘ ਖਾਲੜਾ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਬੱਚੇ ਸ. ਖਾਲੜਾ ਦੇ ਮਿਸ਼ਨ ’ਤੇ ਚੱਲਦਿਆਂ ਮਨੁੱਖੀ ਹੱਕਾਂ ਦੇ ਪਿੜ ਵਿੱਚ ਪੂਰੀ ਤਰਾਂ ਸਰਗਰਮ ਹਨ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਿਰੜ ਨਾਲ ਲੜਾਈ ਲੜ ਰਹੇ ਹਨ। ਸ. ਖਾਲੜਾ ਦੀ ਸਪੁੱਤਰੀ ਨਵਕਿਰਣ ਕੌਰ ਵਿੱਚ ਵੀ ਆਪਣੇ ਪਿਤਾ ਵਾਲੀ ਲਗਨ ਅਤੇ ਦ੍ਰਿੜਤਾ ਦਾ ਝਾਉਲਾ ਪੈਂਦਾ ਹੈ।
ਭਾਰਤੀ ਸਟੇਟ, ਮੀਡੀਏ ਅਤੇ ਅਦਾਲਤੀ ਸਿਸਟਮ ਦੇ ਵਰਤਾਰੇ ਵਿੱਚ ਕੋਈ ਤਬਦੀਲੀ ਨਹੀਂ ਆਈ। ਭਾਰਤੀ ਹਾਕਮਾਂ ਵਲੋਂ ਸਿੱਖਾਂ ਦੇ ਸਰਵਨਾਸ਼ ਲਈ, ਜੂਨ 1984 ਤੋਂ ਆਰੰਭੀ ਗਈ ‘ਟੋਟਲ ਵਾਰ’ ਅੱਜ ਵੀ ਬਦਸਤੂਰ ਜਾਰੀ ਹੈ। ਅੱਜ ਵੀ ਸਾਡੇ ਹਵਾਰੇ-ਰਾਜੋਆਣੇ-ਭੁੱਲਰ ਫਾਂਸੀ ਦੇ ਰੱਸਿਆਂ ਨਾਲ ਲਟਕਾਏ ਜਾਣ ਦੇ ‘ਕਾਬਲ’ ਸਮਝੇ ਜਾ ਰਹੇ ਹਨ ਜਦੋਂ ਕਿ ਜੂਨ-1984, ਨਵੰਬਰ-1984 ਅਤੇ 1984 ਤੋਂ 1995 ਤੱਕ ਦੇ ਸਮੇਂ ਦੌਰਾਨ ਸਿੱਖ ਨਸਲਕੁਸ਼ੀ ਦਾ ਹੁਕਮ ਚਾੜ੍ਹਨ ਵਾਲੇ ਅਤੇ ਇਸਨੂੰ ਲਾਗੂ ਕਰਣ ਨਾਲੇ ਟੁੱਕੜਬੋਚ ਅਧਿਕਾਰੀਆਂ (ਕੇ. ਪੀ. ਗਿੱਲ ਵਰਗੇ ਦਰਿੰਦੇ) ਦੇ ਖਿਲਾਫ ਕਿਸੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਅਦਾਲਤ ਵਿੱਚ ਕੋਈ ਸੁਣਵਾਈ-ਸਜ਼ਾ ਨਹੀਂ ਹੈ।;ਗੁਰਵਾਕ ਹੈ-
‘‘ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤ॥
ਖਾਲਸਾ ਜੀ ਦੇ ਚਮਕਦੇ ਸਿਤਾਰਿਆਂ ਵਿੱਚ ਮਨੱੁਖੀ ਹੱਕਾਂ ਦੇ ਪਿੜ ਵਿੱਚ, ਆਪਣੇ ਜੀਵਨ ਦੀ ਰੱਤ ਪਾਉਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਇੱਕ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦਾ ਜੀਵਨ ਵਰਤਮਾਨ ਅਤੇ ਭਵਿੱਖ ਦੀਆਂ ਸਿੱਖ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਸਰੋਤ ਹੈ।
ਭਾਰਤੀ ਬ੍ਰਾਹਮਣਵਾਦੀ ਜ਼ਾਲਮ ਸਾਮਰਾਜ, ਜ਼ੁਲਮ ਕਰਨ ਦੇ ਰਸਤੇ ਤੇ ਤੁਰਦਿਆਂ ਮੁਗਲਾਂ ਤੇ ਅੰਗਰੇਜਾਂ ਨੂੰ ਵੀ ਮਾਤ ਦੇ ਗਿਆ ਹੈ। ਪਰ ਸਿੱਖ ਕੌਮ ਨੂੰ ਆਪਣੇ ‘ਖਾਲੜੇ’ ਵਰਗੇ ਸਪੁੱਤਰਾਂ ਤੇ ਬੜਾ ਮਾਣ ਹੈ, ਜਿਹੜੇ ਦਸਮੇਸ਼ ਪਿਤਾ ਦੇ ਦਰਸਾਏ ਰਸਤੇ-ਸ਼ੁਭ ਕਰਮਨ ਤੇ ਕਬਹੂੰ ਨ ਟਰੋਂ_ ’ਤੇ ਚੱਲਦਿਆਂ, ਆਪਣੇ ਸਰੀਰਾਂ ਦੇ ਠੀਕਰੇ, ਦਿੱਲੀ ਦੇ ਦੁਸ਼ਟ ਹਾਕਮਾਂ ਦੇ ਸਿਰ ਭੰਨ ਕੇ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਰਖਰੂ ਹੋ ਕੇ ਬੈਠੇ ਹਨ। ਪਰ ਇਨ੍ਹਾਂ ਸਿਰਲੱਥ ਮਰਜੀਵੜਿਆਂ ਦੀ ਕੁਰਬਾਨੀ, ਸਾਡੇ ਲਈ ਇੱਕ ਵੰਗਾਰ ਹੈ ਕਿ ਅਸੀਂ ਸ਼ਹੀਦਾਂ ਦੇ ਖੂਨ ਦਾ ਹੱਕ ਜ਼ਰੂਰ ਲੈਣਾ ਹੈ।
ਅੱਜ ਸ. ਖਾਲੜਾ ਦੀ ਸੋਚ ’ਤੇ ਪਹਿਰਾ ਦੇ ਕੇ ਦੇਸ਼-ਵਿਦੇਸ਼ ਦੀਆਂ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਕਾਂਬਾ ਛੇੜਿਆ ਹੋਇਆ ਹੈ। ਬਾਹਰਲੇ ਜੰਮਪਲ ਸਿੱਖ ਬੱਚਿਆਂ ਨੇ ਇਨਸਾਫ ਦੀ ਲੜਾਈ ਆਪਣੇ ਹੱਥ ਲੈ ਲਈ ਹੈ, ਜੋ ਮੌਜੂਦਾ ਸਮੇਂ ਦੇ ਹਾਣੀ ਹੋ ਕੇ ਚੱਲ ਰਹੇ ਹਨ। ਇਹ ਕਾਫਲਾ ਓਨਾ ਚਿਰ ਚੈਨ ਨਾਲ ਬੈਠਣ ਵਾਲਾ ਨਹੀਂ ਜਦ ਤੱਕ ਸ਼ਹੀਦਾਂ ਦੇ ਕਾਤਲ ਸਜ਼ਾ ਯਾਫਤਾ ਨਹੀਂ ਹੋ ਜਾਂਦੇ ਅਤੇ ਸ਼ਹੀਦਾਂ ਦਾ ਸੁਪਨਾ ਪੂਰਾ ਨਹੀਂ ਹੋ ਜਾਂਦਾ।
*ਉਪਰੋਕਤ ਲਿਖਤ ਪਹਿਲਾਂ 11ਸਤੰਬਰ 2018ਨੂੰ ਛਾਪੀ ਗਈ ਸੀ,,