ਚੋਣਵੀਆਂ ਲਿਖਤਾਂ

ਭਾਰਤ ਵਿਚ ਵਧਦੀ ਵਿਅਕਤੀ ਪੂਜਾ ਨੁਕਸਾਨਦੇਹ

By ਸਿੱਖ ਸਿਆਸਤ ਬਿਊਰੋ

August 10, 2020

ਇੰਡੀਆ ਵਿੱਚ ਪ੍ਰਚੰਡ ਹੋ ਰਹੇ “ਵਿਅਕਤੀ ਪੂਜਾ” ਦੇ ਉਭਾਰ ਬਾਰੇ ‘ਰਾਮਚੰਦਰ ਗੁਹਾ’ ਦਾ ਇਹ ਲੇਖ 9 ਅਗਸਤ 2020 ਦੇ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਹੈ। ‘ਸਿੱਖ ਸਿਆਸਤ’ ਦੇ ਪਾਠਕਾਂ ਲਈ ਮੂਲ ਲਿਖਤ ਦਾ ਸੰਖੇਪ ਰੂਪ ਸਾਂਝਾ ਕਰ ਰਹੇ ਹਾਂ – ਸੰਪਾਦਕ।

‘ਵਿਅਕਤੀ ਪੂਜਾ’ ਕਿਸੇ ਵੇਲੇ ਸੋਵੀਅਤ ਤਾਨਾਸ਼ਾਹ ਜੋਜ਼ੇਫ ਸਟਾਲਿਨ ਲਈ ਹੋਈ, ਕਿਸੇ ਵੇਲੇ ਇਟਲੀ ਦੇ ਮੁਸੋਲਿਨੀ ਤੇ ਜਰਮਨੀ ਦੇ ਹਿਟਲਰ ਨੇ ਆਪਣੇ ਆਪ ਨੂੰ ਰੱਬ-ਵਰਗਾ ਰੁਤਬਾ ਦਿਵਾਉਣ ਵਾਸਤੇ ਪ੍ਰਚਾਰ ਤੇ ਰਿਆਸਤ ਦੇ ਸੰਦਾਂ ਨੂੰ ਵਰਤਿਆ। ਇਸੇ ਤਰ੍ਹਾਂ ਕਿਊਬਾ ਦੇ ਫੀਦਲ ਕਾਸਤਰੋ, ਵੀਅਤਨਾਮ ਦੇ ਹੋ ਚੀ ਮਿੰਨ੍ਹ, ਵੈਨਜ਼ੂਏਲਾ ਦੇ ਹਿਊਗੋ ਸ਼ਾਵੇਜ਼ ਅਤੇ ਇਨ੍ਹਾਂ ਸਾਰਿਆਂ ਤੋਂ ਉੱਪਰ ਚੀਨ ਦੇ ਮਾਓ ਜ਼ਦੌਂਗ (ਮਾਓ ਜ਼ੇ ਤੁੰਗ) ਦੇ ਨਾਂ ਵੀ ਹਨ। ਕਰੋੜਾਂ ਹੀ ਚੀਨੀ ਮਾਓ ਅੱਗੇ ਸਤਿਕਾਰ ਨਾਲ ਝੁਕਣ ਅਤੇ ਉਸ ਦੇ ਹਰੇਕ ਲਫ਼ਜ਼ ਨੂੰ ਰੱਬੀ ਹੁਕਮ ਮੰਨਣ ਲਈ ਮਜਬੂਰ ਸਨ। ਪੇਈਚਿੰਗ ਨੇ ਇੱਥੋਂ ਤੱਕ ਵੀ ਐਲਾਨ ਕੀਤਾ ਸੀ ਕਿ “ਚੇਅਰਮੈਨ ਮਾਓ ਦੀਆਂ ਹਦਾਇਤਾਂ ਨੂੰ ਅਮਲ ਵਿਚ ਲਿਆਉਂਦਿਆਂ ਸਾਨੂੰ ਇਸ ਤੱਥ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ ਕਿ ਉਹ ਸਾਨੂੰ ਸਮਝ ਆਈਆਂ ਜਾਂ ਨਹੀਂ।”

ਸਟਾਲਿਨ ਦੀ ਮੌਤ ਤੋਂ ਤਿੰਨ ਸਾਲਾਂ ਬਾਅਦ ਉਸ ਦੇ ਜਾਂਨਸ਼ੀਨ ਆਗੂ ਨਿਕਿਤਾ ਖ਼ਰੁਸ਼ਚੇਵ ਨੇ ਸਟਾਲਿਨ ਦੀ ਵਿਅਕਤੀ ਪੂਜਾ ਬਾਬਤ ਕਿਹਾ ਕਿ ਪਾਰਟੀ ਤੇ ਮੁਲਕ ਨੂੰ ਇਸ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਤੋਂ ਸੱਤ ਸਾਲ ਪਹਿਲਾਂ ਡਾ. ਭੀਮ ਰਾਓ ਅੰਬੇਡਕਰ ਨੇ ਵੀ ਖ਼ਬਰਦਾਰ ਕੀਤਾ ਸੀ ਕਿ ‘‘ਧਰਮ ਵਿਚ ਭਗਤੀ, ਆਤਮਾ ਦੀ ਮੁਕਤੀ ਦਾ ਰਾਹ ਹੋ ਸਕਦੀ ਹੈ, ਪਰ ਸਿਆਸਤ ਵਿਚ ਭਗਤੀ ਜਾਂ ਨਾਇਕ ਪੂਜਾ ਯਕੀਨਨ ਗਿਰਾਵਟ ਅਤੇ ਅਖ਼ੀਰ ਤਾਨਾਸ਼ਾਹੀ ਤੱਕ ਲੈ ਜਾਵੇਗੀ।”

1970 ਵਿਆਂ ਤੱਕ ਭਾਰਤੀਆਂ ਨੇ ਆਪਣੀਆਂ ਆਜ਼ਾਦੀਆਂ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਦਮਾਂ ਵਿਚ ਵਿਛਾ ਦਿੱਤਾ। ਉਸ ਮੌਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਖ਼ੁਸ਼ਾਮਦ ਸਰੂਪ ਇੱਥੋਂ ਤੱਕ ਆਖ ਦਿੱਤਾ ਕਿ, ‘‘ਇੰਦਰਾ ਹੀ ਇੰਡੀਆ ਹੈ ਅਤੇ ਇੰਡੀਆ ਹੀ ਇੰਦਰਾ,’’ ਉਹ ਵੀ ਮਹਿਜ਼ ਆਪਣੇ ਵੱਲੋਂ ਨਹੀਂ ਸਗੋਂ ਕਰੋੜਾਂ ਭਾਰਤੀਆਂ ਵੱਲੋਂ ਵੀ। ਇੰਜ ਸਿਆਸਤ ਵਿਚ ਭਗਤੀ ਦਾ ਇਹ ਪ੍ਰਗਟਾਵਾ ਸੱਚ-ਮੁੱਚ ਮੁਲਕ ਨੂੰ ਗਿਰਾਵਟ ਅਤੇ ਅਖ਼ੀਰ ਤਾਨਾਸ਼ਾਹੀ ਤੱਕ ਲੈ ਗਿਆ।

ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਫ਼ੌਜ, ਚੋਣ ਕਮਿਸ਼ਨ ਅਤੇ ਭਾਰਤੀ ਰਿਜ਼ਰਵ ਬੈਂਕ ਵੀ ਲਗਾਤਾਰ ਤੇਜ਼ੀ ਨਾਲ ਨਾ ਸਿਰਫ਼ ਹਾਕਮ ਪਾਰਟੀ ਸਗੋਂ ਪ੍ਰਧਾਨ ਮੰਤਰੀ ਦੇ ਸੰਦ ਬਣਦੇ ਜਾ ਰਹੇ ਹਨ। ਮੋਦੀ ਇਜ਼ ਇੰਡੀਆ, ਇੰਡੀਆ ਇਜ਼ ਮੋਦੀ – ਭਾਜਪਾ ਦੇ ਅੰਦਰ ਹਰ ਕਿਸੇ, ਭਾਵੇਂ ਉਹ ਮੰਤਰੀ ਹੋਵੇ, ਸੰਸਦ ਮੈਂਬਰ ਜਾਂ ਆਮ ਪਾਰਟੀ ਵਰਕਰ, ਦਾ ਬੋਲਿਆ ਜਾਂ ਅਣਬੋਲਿਆ ਵਿਸ਼ਵਾਸ ਬਣ ਗਿਆ ਹੈ। ਇੰਦਰਾ ਗਾਂਧੀ ਵਾਂਙ ਹੀ, ਅਖੌਤੀ ‘ਕੌਮੀ ਪ੍ਰੈਸ’ ਨੇ ਬੜੀ ਉਤਸੁਕਤਾ ਨਾਲ ਉਸ ਨੂੰ ਰੱਬੀ ਰੂਪ ਦੇਣ ਦੇ ਇਸ ਕੰਮ ਵਿਚ ਯੋਗਦਾਨ ਪਾਇਆ ਹੈ।

ਆਗੂ ਨੂੰ ਪਾਰਟੀ ਅਤੇ ਲੋਕਾਂ ਤੋਂ ਵੀ ਵੱਡੇ ਅਵਤਾਰ ਵਜੋਂ ਦਿਖਾਉਣ ਦੇ ਮਾਮਲੇ ਵਿਚ ਨਰਿੰਦਰ ਮੋਦੀ ਦੀ ਵਿਅਕਤੀ ਪੂਜਾ ਬਿਲਕੁਲ ਸਟਾਲਿਨ ਦੀ ਵਿਅਕਤੀ ਪੂਜਾ ਨਾਲ ਮੇਲ ਖਾਂਦੀ ਹੈ। ਦੂਜੇ ਪਾਸੇ ਸਰਕਾਰੀ ਮੀਡੀਆ ਵੱਲੋਂ ਆਗੂ ਨੂੰ ਪੂਰੀ ਤਰ੍ਹਾਂ ਉਕਾਈ ਰਹਿਤ ਤੇ ਸਿਆਣਾ ਦਿਖਾਉਣ ਦੇ ਮਾਮਲੇ ਵਿਚ ਇਹ ਵਿਅਕਤੀ ਪੂਜਾ ਹਿਟਲਰ ਤੇ ਮੁਸੋਲਿਨੀ ਵਰਗੀ ਹੈ। ਇਸ ਦੇ ਬਾਵਜੂਦ ਜੇ ਪੁਰਖਿਆਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਸ਼ਾਇਦ ਮੋਦੀ ਦੀ ਵਿਅਕਤੀ ਪੂਜਾ, ਮਾਓ ਦੀ ਵਿਅਕਤੀ ਪੂਜਾ ਨਾਲ ਮੇਲ ਖਾਂਦੀ ਹੈ। ਮਾਓ ਵਾਂਗ ਹੀ, ਮੋਦੀ ਦੀਆਂ ਹਦਾਇਤਾਂ ਨੂੰ ਵੀ ਲੋਕਾਂ ਨੂੰ ਆਗਿਆਕਾਰੀ ਬਣ ਕੇ ਮੰਨਣ ਲਈ ਕਿਹਾ ਜਾਂਦਾ ਹੈ, ਭਾਵੇਂ ਉਨ੍ਹਾਂ ਨੂੰ ਇਹ ਸਮਝ ਨਾ ਵੀ ਆਉਂਦੀਆਂ ਹੋਣ। ਭਾਜਪਾ ਨੇ ਹਮੇਸ਼ਾ ‘ਵਿਅਕਤੀ-ਪੂਜਾ’ ਦਾ ਵਿਰੋਧ ਕੀਤਾ ਹੈ। ਇਹ ਲੰਬਾ ਸਮਾਂ ਕਾਂਗਰਸ ਉੱਤੇ ਅਜਿਹਾ ਕਰਨ ਦੇ ਦੋਸ਼ ਲਾਉਂਦੀ ਰਹੀ। ਪਰ ਹੁਣ ਇਹ ਸਭ ਕੁਝ ਬਦਲ ਚੁੱਕਾ ਹੈ ਅਤੇ ਭਾਜਪਾ ਤੇ ਇਸ ਦੀ ਸਰਕਾਰ ਲਈ ਮੋਦੀ ਉਹੋ ਕੁਝ ਬਣ ਚੁੱਕੇ ਹਨ, ਜੋ ਸੀਪੀਐੱਸਯੂ ਅਤੇ ਇਸ ਦੀ ਪੋਲਿਟ ਬਿਊਰੋ ਲਈ ਸਟਾਲਿਨ ਸੀ।

ਵਿਅਕਤੀ ਪੂਜਾ ਦਾ ਇਤਿਹਾਸ ਸਾਨੂੰ ਦੱਸਦਾ ਹੈ ਕਿ ਇਹ ਹਮੇਸ਼ਾ ਮੁਲਕ ਲਈ ਮਾਰੂ ਸਾਬਤ ਹੁੰਦਾ ਹੈ। ਆਖ਼ਰ ਇਕ ਦਿਨ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿਣਗੇ; ਰੱਬ ਜਾਣੇ ਕਦੋਂ ਤੱਕ। ਕੀ ਮੋਦੀ ਦੀ ਵਿਅਕਤੀ ਪੂਜਾ ਨੇ ਭਾਰਤ ਦੇ ਅਰਥਚਾਰੇ, ਇਸ ਦੇ ਅਦਾਰਿਆਂ, ਸਮਾਜਿਕ ਜ਼ਿੰਦਗੀ ਤੇ ਨੈਤਿਕ ਤਾਣੇ-ਬਾਣੇ ਨੂੰ ਜੋ ਨੁਕਸਾਨ ਪਹੁੰਚਾਇਆ ਹੈ, ਉਹ ਕਦੇ ਪੂਰਿਆ ਜਾਵੇਗਾ?