ਚੋਣਵੀਆਂ ਲਿਖਤਾਂ » ਲੇਖ » ਸਾਹਿਤਕ ਕੋਨਾ » ਸਿੱਖ ਇਤਿਹਾਸਕਾਰੀ

ਅੱਜ ਆਪਾ ਜੋਖੋ!

April 9, 2020 | By

 – ਪ੍ਰੋ. ਪੂਰਨ ਸਿੰਘ

ਪ੍ਰੋ. ਪੂਰਨ ਸਿੰਘ

ਗੁਰ ਸਿੱਖੀ ਇਕ ਕਿਰਤ ਹੈ, ਕਰਨੀ ਹੈ, ਰਹਿਣੀ ਹੈ- “ਰਹਿਣੀ ਰਹੈ ਸੋਈ ਸਿਖ ਮੇਰਾ”। ਸਿੱਖੀ ਕੋਈ ਮਜ਼੍ਹਬੀ ਫ਼ਿਰਕਾਬੰਦੀ ਨਹੀਂ, ਪਿਆਰ ਦੀ ਬਰਾਦਰੀ ਹੈ, ਸੇਵਾ ਦਾ ਜੱਥਾ ਹੈ, ਰੱਬ ਦੀ ਬਾਣੀ ਦੀ ਮੂਰਤ ਹੈ “ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” ਇਹ ਧਰਮ ਦੀ ਬਾਦਸ਼ਾਹੀ ਹੈ। ਇਹ ਗੁਰੂ ਦਾ ਪਿਆਰ ਹੈ; ਅਖੰਡ ਬਲਨ ਵਾਲੀ ਪਿਆਰ-ਜੋਤ ਹੈ। ਗੱਲਾਂ, ਬਹਿਸਾਂ, ਸਮਝਾਂ ਤੇ ਸਮਝ ਦੇ ਬਣਾਏ ਅਸੂਲਾਂ ਦੀਆਂ ਫ਼ਰਿਸ਼ਤਾਂ ਬਣਾਉਣੀਆਂ ਤੇ ਬਦਲਣੀਆਂ, ਫ਼ਿਲਾਸਫ਼ੀ ਦੀਆਂ ਚੂਲੀਆਂ ਕਰਨੀਆਂ, ਪਰਮਾਰਥ ਹੋਰ ਤੇ ਵਿਵਹਾਰ ਹੋਰ ਦੀਆਂ ਚਾਲਾਕੀਆਂ ਇਹ ਸਭੇ ਕੂੜ ਹਨ, ਮਜ਼੍ਹਬ ਨਹੀਂ। ਮੁਲਕ ਵਿਚ ਬਾਹਮਣਾਂ, ਪੰਡਿਤਾਂ, ਸਾਧੂਆਂ, ਚੋਰਾਂ, ਕਰਮ-ਕਾਂਡੀਆਂ ਅਨੇਕਾਂ ਜਾਲ ਫੈਲਾ ਰਖੇ ਹੋਏ ਸੀ। ਰੱਬ ਦੀ ਮਖ਼ਲੂਕ ‘ਦੀਨਾ’ ਤੇ ਦੁਨੀਆ ਦੋਹਾਂ ਪਾਸਿਓਂ ਸਤੀ ਹੋਈ ਸੀ। ਲੋਕੀਂ ਜਲ ਰਹੇ ਸਨ। ਠੰਢ ਕਿਧਰੇ ਨਹੀਂ ਸੀ। ਸਰੀਰਕ ਸੁਖ ਤਾਂ ਆਖ਼ਰ ਇਥੇ ਮੁਸ਼ਕਲ ਹੀ ਮਿਲਦਾ ਹੈ, ਪਰ ਮਾਨਸਿਕ ਤੇ ਰੂਹਾਨੀ ਸੁਖ ਵੀ ਕਿਧਰੇ ਨਹੀਂ ਸੀ। ‘ਮਾਨਸਿਕ’ ਅਤਿਆਚਾਰ ਜੋਗੀਆਂ ਫੁਕਰਿਆਂ ਮੁਲਕੀ ਅਤਿਆਚਾਰਾਂ ਥੀਂ ਵੱਧ ਸਨ। ਮੌਤ, ਫਾਂਸੀ, ਜੇਲ੍ਹਖ਼ਾਨਾ ਜ਼ਾਲਮਾਂ ਦੇ ਜ਼ੁਲਮ ਬਡੰਗ ਹੋ ਜਾਂਦੇ ਹਨ, ਜਦ ਅੰਦਰ ਦੀ ਅਵਸਥਾ ਆਦਮੀ ਦੇ ਸੋਹਣੇ ਪ੍ਰਭਾਵਾਂ, ਸੁੱਚੀ ਰੂਹਾਨੀ ਹਾਲਤ ਕਰਕੇ ਉੱਚੀ ਚੜੀ ਤੇ ਤੇਜ ਵਾਲੀ ਹੋਵੇ; ਜਿਹੜੀ ਅੰਦਰ ਨਹੀਂ ਸੀ। ਲੋਕਾਂ ਨੂੰ ਘਰ ਵਾਲਿਆਂ ਭੰਨ ਸੁਟਿਆ ਸੀ। ਘਰ ਘਰ ਦੁਖ ਦੀ ਅੱਗ ਭੜਕ ਰਹੀ ਸੀ; ਬੇਚੈਨੀ ਸੀ, ਅਸ਼ਾਂਤੀ ਸੀ, ਘਬਰਾਹਟ ਸੀ, ਆਪੋ ਧਾਪੀ ਸੀ, ਇਕ ਦੂਜੇ ‘ਤੇ ਵਿਸ਼ਵਾਸ ਨਹੀਂ ਸੀ, ਭਰਾ ਭਰਾ ਦਾ ਵੈਰੀ ਸੀ, ‘ਹਮਦਰਦੀ’ ਇਨਸਾਨੀ ਦਰਦ, ਦਇਆ, ਤਰਸ, ਭੌ, ਰਹਿਮ, ਰੱਬ, ਰਹੀਮ ਸਭ ਦਿਲਾਂ ਤੇ ਸ਼ਹਿਰਾਂ ਥੀਂ ਲੋਪ ਹੋ ਗਿਆ ਸੀ। ਕਸ਼ਮਕਸ਼ ਰੋਟੀ ਦੇ ਟੁਕਰਾਂ ਦੀ ਖ਼ਾਤਰ, ਜੰਗ-ਜਦਲ, ਕਤਲ, ਲੁੱਟਾਂਮਾਰਾਂ, ਅਤਿਆਚਾਰ ਆਮ ਸਨ। ਮਨੁੱਖ ਦੀ ਰੂਹ ਰਹਿਮਤ, ਵਹਿਸ਼ੀ ਜਾਨਵਰਾਂ ਥੀਂ ਬਦਤਰ ਸੀ। ਤੀਵੀਂ—ਜਿਹੜੀ ਇਸ ਦੇਸ਼ ਵਿਚ ‘ਦੇਵੀ’ ਰੂਪ ਮੰਨੀ ਜਾਣੀ ਚਾਹੀਦੀ ਸੀ—ਦੀ ਕੋਈ ਇੱਜ਼ਤ ਨਹੀਂ ਸੀ। ਹਿੰਦੂਆਂ ਦੀਆਂ ਸੋਹਣੀਆਂ ਇਸਤਰੀਆਂ ਸ਼ਰੀਰਕ ਬਲ ਵਾਲੇ ਵਹਿਸ਼ੀ ਲੋਕਾਂ ਦੀਆਂ ਲੁੱਟ ਦੀਆ ਚੀਜ਼ਾਂ ਵਿਚ ਚੀਜ਼ਾਂ ਸਨ। ਹਿੰਦੂਆਂ ਵਿਚ ਕੋਈ ਜਾਨ, ਕੋਈ ਇੱਜ਼ਤ ਕੋਈ ਅਣਖ ਬਾਕੀ ਨਹੀਂ ਸੀ ਰਹੀ। ਮਥਰਾ ਦੀਆਂ ਪੰਡਿਤਾਣੀਆਂ ਗ਼ਜ਼ਨੀ ਵਿਚ ਜਾ ਕੇ ਦੋ ਦੋ ਰੁਪਏ ਥੀਂ ਵਿਕਦੀਆਂ ਸਨ। ਹਾਕਮਾਂ ਦਾ ਡਰ ਐਸਾ ਛਾਇਆ ਹੋਇਆ ਸੀ ਕਿ ਕੁਲ ਲੋਕ ਚੂਹਿਆਂ ਵਾਂਗ ਖੁਡਾਂ ਵਿਚ ਸਿਰ ਲੁਕਾ ਕੇ ਰਹਿੰਦੇ ਸਨ। ਧੀ ਲੁੱਟੀ ਜਾਏ, ਵਹੁਟੀ ਖੁਸ ਜਾਏ, ਆਪਣੀ ਜਾਨ ਬਚ ਜਾਏ। ਹਾਏ! ਜਿੰਦ ਤੂੰ ਚਾਰ ਦਿਨ ਹੋਰ ਜੀ ਸਕੇਂ। ਲੋਕ ਆਪਣੇ ਕੱਚਾ ਚਮੜਾ ਬਚਾਉਣ ਲਈ ਬਿਨ ਆਈ ਮੌਤ, ਹਰ ਰੋਜ਼ ਸੱਜਰੀ ਮੌਤ ਮਰਦੇ ਸਨ।

ਕਿਸੇ ਪਾਸ ਚਾਰ ਪੈਸੇ ਹੋ ਜਾਣ ਤਾਂ ਉਹ ਡਰਦਾ ਸੀ ਮਤੇ ਕਿਸੇ ਹਾਕਮ ਨੂੰ ਇਹ ਖ਼ਬਰ ਨਾ ਲੱਗ ਜਾਏ। ਕਾਇਰਤਾ ਦੀ ਕੋਈ ਹੱਦ ਨਹੀਂ ਸੀ, ਜਿਹੜੇ ‘ਸੁਸਾਇਟੀ’ ਤੇ ਮੁਲਕ ਦੇ ਆਗੂ ਸਨ, ਉਹ ਹਾਕਮਾਂ ਨਾਲ ਨਹੀਂ, ਪਰੰਤੂ ਆਪੇ ਵਿਚ ਲੜਦੇ ਸਨ ਤੇ ਇਕ ਦੂਜੇ ਦੇ ਰੁਤਬੇ ਖੋਹਣ ਵਿਚ ਲੱਗੇ ਰਹਿੰਦੇ ਸਨ। ਗਰੀਬਾਂ ਨੂੰ ਕੋਹਣਾ ਤੇ ਆਪਣੇ ਥੀਂ ਅਮੀਰਾਂ ਅੱਗੇ ਝੁਕਣਾ ਇਹ ਬਸ ਬਹਾਦਰੀ ਸੀ। ‘ਡਰ’ ਨੇ ਕੌਮ ਦੀ ਕੌਮ, ਮੁਲਕ ਦੇ ਮੁਲਕ ਨੂੰ ਮਾਰ ਸੁਟਿਆ ਸੀ, ਕੋਈ ‘ਆਵਾਜ਼’ ਨਹੀਂ ਸੀ। ਜੇ ਸੀ ਤਾਂ ਕਾਇਰਾਂ ਦੀ, ਯਾ ਹਾਕਮਾਂ ਦੀ, ਯਾ ਜ਼ਾਲਮਾਂ ਦੀ, ਯਾ ਲੁਟੇਰਿਆਂ ਦੀ ਤੇ ਉਹ ਮੁੜ ਮੁੜ ਓਥੇ ਹੀ ਸੱਟ ਮਾਰਦਾ ਸੀ। ਦੀਨ ਦੁਨੀਆ ਦੋਵੇਂ ਇਸ ਦੇਸ਼ ਵਿਚ ਜ਼ਹਿਰੀਲੇ ਹੋਏ ਹੋਏ ਸਨ। ਇਕ ਦੂਜੇ ਨੂੰ ਜੇ ਮਦਦ ਵੀ ਕਰਨਾ ਚਾਹੁੰਦੇ ਸਨ ਤਾਂ ਜ਼ਹਿਰ ਹੀ ਉਗਲਦੇ ਸਨ; ਜ਼ਹਿਰ ਹੀ ਫੈਲਾਂਦੇ ਸਨ। ਜ਼ਹਿਰੀਲੇ ਲੋਕੀਂ ਭਲਾ ਵੀ ਕਰਨ ਦੀ ਕਰਦੇ ਸਨ ਤਾਂ ਹੋਰ ਮੌਤ ਦੇ ਸਾਮਾਨ ਇਕੱਠੇ ਕਰ ਦਿੰਦੇ ਸਨ। 

ਕੋਈ ਜਿਹੜੇ ਚੰਗੇ ਲੋਕੀਂ ਸਨ, ਉਹ ਸਨ ਤਾਂ ਭਉ ਵਿਚ, ਭਾਅ ਵਿਚ, ਪਰ ਨਿਰਬਲ ਸਨ। ਆਪਣੀ ਇੱਜ਼ਤ ਬਚਾਣ ਦੀ ਖ਼ਾਤਰ ਛੁਪ ਕੇ ਰਹਿੰਦੇ ਸਨ ਯਾ ਜਲਦੀ ਮਾਰੇ ਜਾਂਦੇ ਸਨ। ਦੁਨੀਆ ਵਿਚ ਵੈਰ ਵਿਰੋਧ, ਖ਼ਾਨਾਜੰਗੀ, ਮੁਲਕੀ ਤੰਗੀ, ਲੁੱਟ ਮਾਰ, ਮੌਤ ਤੇ ਦੁਖ ਦੇ ਸਾਮਾਨ ਰਹਿੰਦੇ ਹੀ ਹਨ, ਪਰ ਇਹਨਾਂ ਨਾਲ ਸਦਾ ਜੰਗ ਕਰਨਾ ਹੀ ਜ਼ਿੰਦਗੀ ਹੈ। ਇਹ ਪਾਪ ਦੁਨੀਆ ਦੀ ਬਨਾਵਟ ਹੀ ਰਚਿਆ ਧਰਿਆ ਹੈ। ਪਰ ‘ਅਦਲ ਕਰਨਾ’ ਕਾਣੀ ਵੰਡ ਨਾ ਕਰਨੀ, ਜ਼ਾਲਮਾਂ ਭੈੜਿਆਂ ਨੂੰ ਸਜ਼ਾ ਦੇਣੀ, ਰਾਜੇ ਦਾ ਗਰੀਬ ਰੱਈਅਤ ਦੇ ਸੁੱਖ ਦਾ ਹਰ ਤਰ੍ਹਾਂ ਪ੍ਰਬੰਧ ਕਰਨਾ, ਧਰਮ, ਨਿਆਂ, ਭੈਅ, ਭੌ ਕਰਨਾ, ਕੁਝ ਕਿਰਤ ਕਰਨੀ, ਨੇਕੀ ਕਰਨੀ, ਸਹਿਜ ਸੁਭਾਅ, ਇਕ ਦੂਜੇ ਦੇ ਦੁਖ-ਸੁਖ ਵਿਚ ਖ਼ਬਰ ਲੈਣੀ, ਸੇਵਾ ਕਰਨੀ, ਦੁਖੀਆਂ ਦਾ ਦਰਦ ਨਵਿਰਤ ਕਰਨਾ; ਇਹ ਸਭ ਇਖ਼ਲਾਕੀ ਤੇ ਰੂਹਾਨੀ ਕ੍ਰਿਸ਼ਮੇ ਦੇਖ ਕੇ ਇਸ ਸੰਸਾਰ ਦੇ ਯਾਤਰੂ ਨਿਰੀ ਮਾਯੂਸੀ, ਨਿਰਾਸਤਾ ਥੀਂ ਦੁਖੀ ਤੇ ਲੋਕ-ਟੁੱਟੇ ਹੋਣ ਦੀ ਥਾਂ ਲੱਕ ਬੰਨ੍ਹ ਲੈਂਦੇ ਸਨ, ਤਾਂ ਕਿ ਦੁਨੀਆ ਵਿਚ ‘ਖ਼ਲਕ’ ਨੂੰ ਸੁਖੀ ਕਰਨ ਵਾਲੀਆਂ ਤਾਕਤਾਂ ਨਾਲ ਹੋ ਕੇ ਲੜੀਏ। 

ਉਸ ਵੇਲੇ ਦੀ ਅੱਗੇ ਪਿੱਛੇ ਦੀ ਦੁਨੀਆ ਦਾ ਜ਼ਿਕਰ ਭਾਈ ਗੁਰਦਾਸ ਜੀ ਇਉਂ ਕਰਦੇ ਹਨ: 

ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪੁ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ। ਪਰਜਾ ਅੰਧੀ ਗਿਆਨ ਬਿਨੁ ਕੂੜੁ ਕੁਸਤਿ ਮੁਖਹੁ ਆਲਾਈ। ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ। ਚੇਲੇ ਬੈਠਨਿ ਘਰਾ ਵਿਚ ਗੁਰਿ ਉਠਿ ਘਰੀ ਤਿਨਾੜੇ ਜਾਈ। ਕਾਜੀ ਹੋਏ ਰਿਸਵਤੀ ਵਢੀ ਲੈ ਕੈ ਹਕੁ ਗਵਾਈ। ਇਸਤ੍ਰੀ ਪੁਰਖੈ ਦਾਮਿ ਹਿਤੁ ਭਾਵੈ ਆਇ ਕਿਥਾਊ ਜਾਈ। ਵਰਤਿਆ ਪਾਪ ਸਭਸ ਜਗਿ ਮਾਂਹੀ।

(ਵਾਰਾਂ ਭਾਈ ਗੁਰਦਾਸ ਜੀ, ਵਾਰ ੧, ਪਉੜੀ ੩੦) 

ਗਿਆਨਵਾਨ ਪੁਰਖ ਜ਼ਿੰਦਗੀ ਥੀਂ ਅੱਗੇ ਹੀ ਕੁਝ ਉਦਾਸ ਰਹਿੰਦੇ ਹਨ, ਪਰ ਜਦ ਮੁਲਕ ਦੀ ਤੇ ਆਚਾਰੀਆਂ ਦੀ ਇਹ ਹਾਲਤ ਹੋਵੇ, ਤੇ ਭਲਾ ਪੁਰਖ, ਮਹਾਂ ਪੁਰਖ ਕੋਈ ਨਜ਼ਰੀਂ ਨਾ ਆਵੇ, ਤਾਂ ਇਹ ਧਰਤੀ ਤਪੇ ਲੋਹੇ ਵਾਂਗ ਉਹਨਾਂ ਨੂੰ ਭਾਸਦੀ ਹੈ। ਸਾਧੂ ਲੋਕ ਬੜੇ ਤੰਗ ਹੁੰਦੇ ਸਨ। ਨਿਆਂ, ਧਰਮ, ਸ਼ੁਭ ਕਰਮ, ਦਇਆ, ਸ਼ੀਲ, ਸੰਤੋਖ, ਸੰਜਮ ਆਦਿਕ ਮਨੁੱਖਾ ਜਨਮ ਦੇ ਰਤਨ ਸਭ ਲੋਪ ਹੋਏ ਦਿੱਸਦੇ ਹਨ। 

ਮੂਰਖ ਸਚੁ ਨ ਜਾਣਨੑੀ ਮਨਮੁਖੀ ਜਨਮੁ ਗਵਾਇਆ॥

(ਅੰਗ ੪੬੭) 

ਤੇ ਸੱਚੇ ਪਾਤਸ਼ਾਹ ਆਪ ਦੁਨੀਆ ਦਾ ਹਾਲ ਦੱਸਦੇ ਹਨ: 

ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥  ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥  ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥ ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ॥ ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥  ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ॥ ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ॥ 

(ਆਸਾ ਕੀ ਵਾਰ, ਮ: ੧, ਅੰਗ ੪੬੮) 

ਇਸ ਵਿਚ ਓਹ ਗੱਲ ਜੋ ‘ਲੂਥਰ’ ਆਦਿਕ ਕਈ ਲੰਮੀਆਂ ਤਕਰੀਰਾਂ ਵਿਚ ਕਰਨ, ਸੱਚੇ ਪਾਤਿਸ਼ਾਹ ਨੇ ਇਕ ਪਉੜੀ ਵਿਚ ਮੁਕਾਈ ਹੈ। ਸਮੁੰਦਰਾਂ ਨੂੰ ਅੱਖਰਾਂ ਵਿਚ ਪਾ ਦੇਣਾ ਬਾਬਾ ਜੀ ਦੀ ਸਾਹਿਤਕ ਕਰਾਮਾਤ ਹੈ : 

ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ॥ 

ਬਸ, ਦੁਨੀਆ ਪਾਪ ਦੇ ਸ਼ੋਰ ਨਾਲ ਭਰੀ ਪਈ ਸੀ ਤੇ ਹੈ। ਜਿਹੜੇ ਪਾਪ ਨਹੀਂ ਕਰਦੇ, ਉਹ ਉਸ ਥੀਂ ਵੱਧ ਪਾਪ ‘ਵਾਦ’ ਕਰਦੇ ਹਨ। “ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ॥” ਇਉਂ ਜਿਸ ਨੂੰ ਉਸ ਜ਼ਮਾਨੇ ਦੇ ਜ਼ਾਲਮਾਂ ਥੀਂ ਵੱਧ ਜ਼ਾਲਮ ਗਿਆਨੀ ਲੋਕੀ ਸ਼ੋਰ ਪਾ ਪਾ ਮਖ਼ਲੂਕ ਦੇ ਭਲੇ ਦੀ ਗੱਲ ਦੱਸਦੇ ਸੀ; ਉਹ ਵੀ ਪਾਪ ਦਾ ਸ਼ੋਰ ਸੀ। ਸਭ ਕੁਛ ਜ਼ਹਿਰ ਨਾਲ ਭਰ ਗਿਆ ਸੀ। 

ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ॥
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ॥ 

ਤੇ ਜਿਹੜੇ ਇਸ ਜ਼ਹਿਰੀਲੇ ਚੁਗਿਰਦੇ ਵਿਚ ਕੁਛ ਧਰਮ-ਕਰਮ ਕਰਦੇ ਸਨ, ਓਹ ਅਜਰ ਵਿਚ “ਮੰਗਹਿ ਮੋਖ ਦੁਆਰੁ”। ਐਸੀ ਜ਼ਹਿਰੀਲੀ ਹਾਲਤ ਵਿਚ ਹਿੰਦੁਸਤਾਨ ਦੇ ਉਸ ਵੇਲੇ ਦੇ ਭਗਤਾਂ ਦੀ ਭਗਤੀ, ਅਥਵਾ ਤਪ ਨੇ ਜਟਾਧਾਰੀ ਬੈਰਾਗੀਆਂ ਦੀਆਂ ਹੋਰ ਸੰਪ੍ਰਦਾਵਾਂ ਤੋਰ ਦਿੱਤੀਆਂ ਸਨ। ਪਰ ਇਹ ਬਾਹਰ ਦੇ ਵੈਰ ਵਿਰੋਧ ਨਾ ਮਿਟਾ ਸਕੇ; ਨਾ ਹੀ ਅੰਦਰ ਦੀ ਸ਼ਾਂਤੀ ਉਪਜਾ ਸਕੇ। ਸੰਸਾਰ ਕਾਲਾ ਸਿਆਹ ਹੋ ਗਿਆ; ਘੁੱਪ ਜ਼ਹਿਰੀਲੀ ਰਾਤ ਪੈ ਗਈ। ਹੁਣ ਉਸ ਆਲਮਗੀਰ ਹਨੇਰੇ ਵਿਚ ਮਾਂ ਪੁੱਤ ਦਾ ਪਿਆਰ ਵੈਰ ਵਿਚ ਬਦਲ ਗਿਆ। ਭਗਤੀ ਵੀ ਇਕ ਕਮਜ਼ੋਰੀ ਹੋ ਗਈ। ਸਾਹਿਤ, ਸੰਗੀਤ, ਕਲਾ ਸਭ ਦੂਸ਼ਨ ਹੋ ਗਏ। ਸਾਰੀ ਹਿੰਦੂ ਸਭਿਅਤਾ ਕਾਲੀ ਹੋ ਗਈ। ਰਾਜੇ, ਜਿਨ੍ਹਾਂ ਨੇ ਪਰਜਾ ਦੀ ਖਿਆ ਕਰਨ ਦੀ ਬੇਗ਼ਰਜ਼ੀ ਦਾ ਪਰਮ ਪਰਉਪਕਾਰ ਚੁਕਿਆ ਸੀ, ਕਸਾਈ ਹੋ ਗਏ। ਵਾਸਤਵ ਵਿਚ ਰਾਜਾ ਦਾ ਧਰਮ ਪਾਲਣਾ ਸਭ ਧਰਮਾਂ ਥੀਂ ਕਠਿਨ ਹੈ। ਰਾਜੇ ਦੇ ਹੱਥ ਵਿਚ ਤੱਕੜੀ ਹੈ, ਦਿਲ ਵਿਚ ਰੱਬ। ਜੋ ਓਹ ਰੱਬ ਵਰਗਾ ਨਾ ਹੋਵੇ, ਤਦ ਓਹ ਕਸਾਈ ਹੋ ਜਾਂਦਾ ਹੈ। ਜੇ ਪੂਰਾ ਨਾ ਤੋਲੇ ਤਦ ਓਹ ਜ਼ਾਲਮ ਹੈ। ਹਮਲਾਵਰਾਂ ਦੇ ਖ਼ਿਲਾਫ਼ ਗ਼ਰੀਬਾਂ ਦੀ ਰੱਛਯਾ ਨਾ ਕਰੇ ਤਦ ਓਹ ਪਤਿਤ ਹੋ ਜਾਂਦਾ ਹੈ। ਜੇ ਰੱਈਅਤ ਨੂੰ ਜਾਨਵਰਾਂ, ਸੱਪਾਂ, ਦਰਿਆਵਾਂ, ਅੱਗਾਂ ਥੀਂ ਨਾ ਬਚਾਵੇ, ਤਦ ਓਹ ਕਿਰਪਣ ਹੈ। ਜੇ ਓਹ ਕਿਸੇ ਨਾਲ ਧੜੇ ਬਾਜ਼ੀ ਕਰੇ, ਯਾ ਕਿਸੀ ਮਜ਼ਬ ਦਾ ਹੋ ਕੇ ਰਾਜ ਕਮਾਵੇ, ਤਦ ਓਹ ਮਹਾਂ ਪਾਤਕੀ ਹੈ। ਰਾਜੇ ਦਾ ਧਰਮ, ਕਰਮ, ਮਜ਼ਬ ਨਿਆਂ ਦੀ ਤੁਲਨਾ ਹੈ। ਬੇਗ਼ਰਜ਼ ਰੱਬ ਦੀ ਮਖ਼ਲੂਕ ਨੂੰ ਸੁਖੀ ਕਰਨ ਦੀ ਸੇਵਾ ਓਹਦਾ ਸ਼ਾਸਨ (ਹੁਕਮ) ਹੈ। ਆਪ ਸਭ ਧਰਮਾਂ ਦਾ, ਸਭ ਕੌਮਾਂ ਦਾ, ਸਭ ਰੱਈਅਤ ਦਾ, ਅਮੀਰਾਂ, ਗਰੀਬਾਂ ਦਾ ਸਾਂਝਾ ਨਿਸ਼ਾਨ ਹੈ। ਕਾਨੂੰਨ ਸੁੱਚਾ ਹੈ। ਕਾਨੂੰਨ ਦਾ ‘ਭੈਅ ਤੇ ਦੰਡ’ ਪਰਜਾ ਦੀ ਰੱਛਾ ਰਾਜੇ ਦੀ ਫ਼ੌਜ ਦਾ ਕੇਵਲ ਇਕ ਧਰਮ ਹੈ। 

ਇਹ ਜਲਨ, ਬਾੜਾ, ਦੈਤ, ਨਫ਼ਰਤ, ਪਰਸਪਰ ਵਿਰੋਧ, ਪਾਪ, ਖ਼ੁਦਗ਼ਰਜ਼ੀ ਜਿਸਮਾਨੀ ਵਿਸ਼ੇ-ਵਿਕਾਰ, ਤੇ ਇਹਨਾਂ ਦੇ ‘ਸਮਾਨ’ ਭੋਗਣ ਦੀ ਆਪੋ ਧਾਪੀ ਜੰਗ, ਰਾਜਿਆਂ ਦਾ ਪਰਜਾ ਨੂੰ ਫ਼ੌਜਾਂ ਦੇ ਡਰ ਨਾਲ ਸਹਿਮ ਦੇ ਡਰ ਵਿਚ ਕਾਬੂ ਰੱਖਣਾ, ਦੁੰਬੇ ਵਾਂਗ ਕੁੱਟਣਾ ਤੇ ਜੋ ਮਨ ਚਾਹੇ ਸੋ ਕਰਨਾ—ਇਹ ਸਭ ਕਾਲੇ ਕੰਮਾਂ ਨੇ ਘੋਰ ਰਾਤ ਪਾ ਰੱਖੀ ਸੀ। ਜੋ ਡਾਢੇ ਦੀ ਰਾਇ ਸੋ ਧਰਮ ਸ਼ਾਸਤਰਾਂ ਦੀ ਰਾਏ ਸੀ। ਗੁਰੂ ਨਾਨਕ ਦੇਵ ਜੀ ਦਾ ਅਵਤਾਰ ਐਸੇ ਘੋਰ ਕਲਜੁਗ ਵਿਚ ਇਸ ਕਾਰਨ ਹੋਇਆ। ਰੱਬ ਦੇ ਸਿੰਘਾਸਨ ਤਕ ਗ਼ਰੀਬ ਮਖ਼ਲੂਕ ਭੇਡਾਂ ਦੇ ਇਜੜ ਦੀ ਪੁਕਾਰ-ਅਰਦਾਸ ਪਹੁੰਚੀ। ਭਾਈ ਗੁਰਦਾਸ ਜੀ ਲਿਖਦੇ ਹਨ: 

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤੁ ਸਿਖਾਂ ਪੀਲਾਇਆ। ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗਿ ਅੰਦਰਿ ਇਕ ਦਿਖਾਇਆ। ਚਾਰੇ ਪੈਰ ਧਰਮ ਦੇ ਚਾਰਿ ਵਰਨਿ ਇਕ ਵਰਨੁ ਕਰਾਇਆ। ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ। ਉਲਟਾ ਖੇਲੁ ਪਿਰੰਮ ਦਾ ਪੈਰਾ ਉਪਰਿ ਸੀਸੁ ਨਿਵਾਇਆ। ਕਲਿਜੁਗ ਬਾਬੇ ਤਾਰਿਆ ਸਤਿ ਨਾਮੁ ਪੜਿ ਮੰਤ੍ਰ ਸੁਣਾਇਆ। ਕਲਿ ਤਾਰਣਿ ਗੁਰੁ ਨਾਨਕ ਆਇਆ॥ 

(ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੩)

ਅੱਜ ਓਸੇ ਗੁਰੂ ਬਾਬੇ ਦਾ ਪੁਰਬ ਹੈ, ਤੇ ਮੇਰਾ ਜੀ ਕੀਤਾ ਹੈ ਕਿ ਗੁਰੂ ਬਾਬੇ ਦੇ ਸਿੱਖ ਅਖਾਉਣ ਵਾਲੇ ਬੰਦੇ ‘ਮਾਈ ਭਾਈ’ ਆਪਣੇ ਗਲਵਾਨ ਵਿਚ ਝਾਤੀ ਪਾ ਕੇ ਤੱਕਣ ਕਿ: 

੧. ਅਸੀਂ ਕਲਜੁਗ ਦੀ ਕਾਲੀ ਰਾਤ ਦੀ ਸਮੂਹ ਸੈਨਾਂ ਨਾਲ ਤਾਂ ਧੜੇਬੰਦੀ ਨਹੀਂ ਪਾ ਰਹੇ ? 

੨. ਕੀਹ ਅਸੀਂ ਵਾਹਿਗੁਰੂ ਨੂੰ ਹੀ ਤਾਂ ਨਹੀਂ ਭੁੱਲੀ ਬੈਠੇ?

੩. ਕੀ ਅਸੀਂ ਮੁੜ ਟਕੜਿਆਂ ਪਿੱਛੇ ਦਰ ਦਰ ਕੜ ਕਸੱਤ ਕਰਨ ਵਾਲੇ ਤਾਂ ਨਹੀਂ ਹੋ ਗਏ?

੪. ਕੀ ਸਾਡੇ ਅੰਦਰ ਦਮ-ਬ-ਦਮ ‘ਸਤਿਨਾਮੁ’ ਦਾ ਵਾਸ ਹੈ ਕਿ ਨਹੀਂ? ਭੂਤਰੇ ਪੰਛੀ ਵਾਂਗ ਐਵੇਂ ਵਹਿਮੀ ਤੇ ਨਕਲਾਂ ਉਚਾਰਨ ਮਾਤਰ ਤਾਂ ਨਹੀਂ? ਕੀ ਸਾਡੇ ਅੰਦਰ ਜਿਸ ਦਾ ਨਾਮ ‘ਸਤਿ’ ਹੈ, ਵਸਦਾ ਹੈ ਕਿ ਨਹੀਂ? ਕੀ ਜੋ ‘ਨਿਰਭਉ’ ਹੈ, ਓਹ ਸਾਡੇ ਅੰਦਰ ਹੈ ਕਿ ਨਹੀਂ?

੫. ਮੌਤ ਥਾਂ ਤਾਂ ਅਸੀਂ ਨਹੀਂ ਡਰ ਰਹੇ?

੬. ਖ਼ੁਦਗਰਜ਼ੀ ਤੇ ਆਪਣਿਆਂ ਮਨਾਂ ਦੇ ਵਿਸ਼ਿਆਂ ਦੇ ਸਵਾਦਾਂ ਪਿੱਛੇ ਗੁਰੂ ਜੀ ਦਾ ਨਾਮ ਬੇ-ਅਰਥ ਤਾਂ ਨਹੀਂ ਲੈ ਰਹੇ? 

੭. ਦਿਨ-ਬ-ਦਿਨ ਸਾਡੇ ਵਿਚ ਮੈਤਰੀ, ਇਨਸਾਨੀ ਦਰਦ, ਦਇਆ, ਉਦਾਰਤਾ ਵਧ ਰਹੇ ਹਨ ਕਿ ਨਹੀਂ? 

੮. ਕੰਗਾਲਤਾ, ਕਿਰਪਣਤਾ, ਕਠੋਰਤਾ, ਕੂੜ ਹੱਠ, ਦਿਲ ਦੁਖਾਣਾ, ਕੂੜ ਫ਼ਰੇਬ ਚਾਲਾਂ, ਬਾਹਰੋਂ ਹੋਰ ਅੰਦਰੋਂ ਹੋਰ ਘਟ ਰਹੇ ਹਨ ਕਿ ਵਧ ਰਹੇ ਹਨ? 

੯. ਆਪਣੇ ਥੀਂ ਨੀਵਿਆਂ ਨਾਲ ਸਾਡਾ ਕੀ ਸਲੂਕ ਹੈ ? ਆਪਣੇ ਮਾਤਹਿਤਾਂ ਨੂੰ ਅਸੀਂ ਚੰਗਾ ਬਸਤਰ, ਚੰਗਾ ਖਾਣ, ਮਿੱਠਾ ਬਚਨ ਤੇ ਮਾਂ-ਪਿਓ ਵਰਗਾ ਪਿਆਰ ਕਰਦੇ ਹਾਂ ਕਿ ਨਹੀਂ?

੧੦. ਇਸਤਰੀ ਜਾਤੀ ਦਾ ਸ਼ੂਦਰਾਂ ਵਾਂਗ ਤ੍ਰਿਸਕਾਰ ਤਾਂ ਨਹੀਂ ਕਰ ਰਹੇ?

੧੧. ਗੁਰੂ ਦੀ ਸ਼ਰਨ ਆ ਕੇ, ਗੁਰੂ ਨਾਮ ਲੈਣ ਵਾਲੇ ਹੋ ਕੇ, ਕੀ ਸਹਿਜ ਸੁਭਾਅ ਦਿਨ-ਬ-ਦਿਨ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਘਟ ਰਹੇ ਹਨ ਕਿ ਨਹੀਂ? 

੧੨. ਕੀ ਗੁਰਮਤੇ ਅਰਥਾਤ ਸਿਖ ਸਾਧ ਸੰਗਤ ਵਿਚ ਪਿਤਾ ਰੂਪ ਦਿੱਸਦਾ ਹੈ ਕਿ ਨਹੀਂ? ਅਸੀਂ ਉਹਦੇ ਪੁੱਤਰ ਇੱਕੋ ਜਿਹੇ ਹਾਂ ਕਿ ਨਹੀਂ; ਚੰਗੇ ਮਾੜੇ ਓਹਦੇ ਹਾਂ ਕਿ ਨਹੀਂ? ਕੀ ਸਾਡੇ ਅੰਦਰ ਉਹਦਾ ਪਿਆਰ ਇਤਨਾ ਤੀਬਰ ਹੈ ਕਿ ਨਹੀਂ, ਕਿ ਉਸ ਦੀ ਖ਼ਾਤਰ ਕੋਈ ਐਸੀ ਘੜੀ ੨੪ ਘੰਟੇ ਵਿਚ ਆਵੇ ਕਿ ਭਰਾਵਾਂ ਦੇ ਔਗੁਣਾਂ ਉਪਰ ਚਾਦਰ ਪਾਉਣ ’ਤੇ ਦਿਲ ਕਰ ਆਉਂਦਾ ਹੋਵੇ ਤੇ ਗੁਰੂ ਦੇ ਹੋਣ ਕਰਕੇ ਉਹਨਾਂ ਨੂੰ ਗਲ ਲਾਉਣ ’ਤੇ ਦਿਲ ਕਰ ਆਉਂਦਾ ਹੋਵੇ? ਦੂਜੇ ਦੇ ਕਸੂਰ ਦੇਖ ਕੇ ਅਸੀਂ ਅਣਡਿੱਠੇ ਕਰ ਸਕਦੇ ਹਾਂ ਕਿ ਨਹੀਂ?

੧੩. ਖ਼ਾਲਸੇ ਵਿਚ ‘ਸਾਧੂਤਾ’, ‘ਮਿੱਠਤਾ’, ‘ਸਰਲਤਾ’ ਵਧ ਰਹੀ ਹੈ ਕਿ ਨਹੀਂ? 

੧੪. ਪੰਥ ਨੂੰ ਕੋਈ ਵੱਟਾ ਤਾਂ ਨਹੀਂ ਲਾਇਆ? ਕੀ ‘ਖਲਬਲ’ ਬੇਚੈਨੀ, ਸੁਰਤ ਦਾ ਖਿੰਡਾਅ ਤੇ ਸੁਰਤ ਦੀ ਕਮਜ਼ੋਰੀ ਕਰਕੇ ਆਪੇ ਨਾਲ ਵੈਰ ਵਿਰੋਧ, ਨਾ ਇਤਫ਼ਾਕੀ ਦੀਆਂ ਝਈਆਂ ਲੈਣ ਹੋ ਰਹੀਆਂ ਹਨ? ਇਕ ਦੂਜੇ ਨੂੰ ਦੰਦਾਂ ਨਾਲ ਪਾੜਨ ਉੱਤੇ ਤਤਪਰ ਹੋਣ ਵਿਚ ਮੇਰਾ ਤੇ ਮੇਰੇ ਲਵਾਹਿਕੀਨ ਦਾ ਕਿੰਨਾ ਕਸੂਰ ਹੈ? ਹਾਂ, ਸ਼ਖ਼ਸੀ ਤੇ ਸਮੂਹੀ ਰੂਪ ਵਿਚ ਮਨਮੁਖਤਾ ਦਾ ਵਾਧਾ ਮੇਰੀ ਜਾਤ ਯਾ ਮੇਰੇ ਮਿੱਤਰਾਂ, ਪਾਰਟੀਆਂ ਕਰਕੇ ਕਿਤਨਾ ਹੋ ਰਿਹਾ ਹੈ? ਜੇ ਹੋ ਰਿਹਾ ਹੈ ਤੇ ਜਦ ਤਕ ਮੈਂ ਗੁਰਮੁਖਤਾ ਦਾ ਜਗਿਆਸੂ ਨਾ ਬਣਾਂ, ਮੈਂ ਗੁਰੂ ਦੇ ਪੰਥ ਨੂੰ, ਗੁਰੂ ਦੇ ਨਾਮ ਨੂੰ ਵੱਟਾ ਲਾ ਰਿਹਾ ਹਾਂ ਕਿ ਨਹੀਂ? 

੧੫. ਕੀ ਇਸ ਕਲਜੁਗ ਵਿਚ ਜਿਥੇ ਹਰ ਕੋਈ ਆਪਣੇ ਸ਼ਖ਼ਸੀ ਤੇ ਕੌਮ ਦੇ ਜੁੱਸੇ ਦੀ ਪਾਲਣਾ ਦੇ ਆਹਰ ਵਿਚ ਹੈ ਤੇ ਉਸ ਅਸੂਲ ਉੱਤੇ ਕੁਲ ਨਿਆਂਕਾਰੀ ਤੇ ਕੂੜ ਨੂੰ ਆਪਣੀਆਂ ਧਰਮ ਪੁਸਤਕਾਂ ਦਵਾਰਾ ਸੱਚ ਸਾਬਤ ਕਰਨ ਦੇ ਯਤਨ ਕਰ ਰਿਹਾ ਹੈ, ਖਾਲਸਾ ਧਰਮ ਗੁਰੂ ਸਾਹਿਬ ਨੇ ਵੀ ਬਸ ਹੋਰਨਾਂ ਵਾਂਗ ‘ਚਮ ਦਾ ਬੱਕਰਾ’ ਪਾਲਣ ਨੂੰ ਹੀ ਬਣਾਇਆ ਸੀ? ਯਾ ਜਿਵੇਂ ਦਸਵੇਂ ਪਾਤਿਸ਼ਾਹ ਜੀ ਹੁਕਮ ਦੇਂਦੇ ਹਨ : 

ਬਿਨ ਏਕ ਨਾਮ ਇਕ ਚਿਜ਼ਤ ਲੀਨ॥ ਫੋਕਟੋ ਸਰਬ ਧਰਮਾ ਬਿਹੀਨ॥

ਤੇ ਫੇਰ : 

ਸਭ ਕਰਮ ਫੋਕਟ ਜਾਨ॥ ਸਬ ਧਰਮ ਨਿਹਫਲ ਮਾਨ॥ ਬਿਨੁ ਏਕ ਨਾਮ ਅਧਾਰ॥ ਸਬ ਕਰਮ ਭਰਮ ਬਿਚਾਰ॥ 

 ਜੇ ਜੇ ਬਾਦਿ ਕਰਤ ਹੰਕਾਰਾ॥ ਤਿਨ ਤੇ ਭਿੰਨ ਰਹਤ ਕਰਤਾਰਾ॥ ਬੇਦ ਕਤੇਬ ਬਿਖੈ ਹਰਿ ਨਾਹੀ॥ ਜਾਨ ਲੇਹੁ ਹਰਿ ਜਨ ਮਨ ਮਾਹੀ॥ ਜਾਗਤਿ ਜੋਤਿ ਜਪੈ ਨਿਸਿ ਬਾਸੁਰ, ਏਕੁ ਬਿਨਾ ਮਨਿ ਨੈਕ ਨ ਆਨੈ॥ ਪੂਰਨ ਪ੍ਰੇਮ ਪ੍ਰਤੀਤਿ ਸਜੈ, ਬ੍ਰਤ ਗੋਰ ਮੜ੍ਹੀ ਮਠ ਭੂਲ ਨ ਮਾਨੈ॥ ਤੀਰਥ ਦਾਨ ਦਯਾ ਤਪ ਸੰਜਮ, ਏਕੁ ਬਿਨਾਂ ਨਹਿ ਏਕ ਪਛਾਨੈ॥ ਪੂਰਨ ਜੋਤਿ ਜਗੈ ਘਟ ਮੈਂ, ਤਬ ਖਾਲਿਸ ਤਾਹਿਂ ਨਖਾਲਿਸ ਜਾਨੈ॥ 

੧੬. ਕੀ ਅਸੀਂ ਹੋਰਨਾਂ ਮਜ਼ਬਾਂ ਵਾਂਗ ਇਕ ਗੱਲਾਂ ਕਰਨ ਵਾਲਾ ਟੋਲਾ ਹੋ ਗਏ ਹਾਂ? ਯਾ ‘ਕਿਰਤ ਕਰਨੀਂ’, ‘ਚੁੱਪ ਰਹਿਣਾ’, ‘ਨਾਮ ਜਪਣਾ’, ‘ਵੰਡ ਛਕਣਾ” ਸਤਿਗੁਰੂ ਜੀ ਦੇ ਜੀਵਨ ਚਰਿਤਰਾਂ ਦੇ ਪੂਰਨਿਆਂ ਤੇ ਟੁਰਨਾ ਸਾਡਾ ਧਰਮ ਹੈ? ਬਾਬਾ ਜੀ ਜਿਥੇ ਜਾਂਦੇ ਸੀ, ਪਹਿਲੇ ਨਿਰੰਕਾਰ ਦੀ ਧੁਨੀ ਦੁਆਰਾ ਸਭ ਕਾਵਾਂ ਰੌਲਾ ਚੁੱਪ ਕਰਾਂਦੇ ਸੀ। 

ਆਂਜਾ ਕਿ ਸੁਲਤਾਨ ਖੈਮਾ ਜ਼ਦ ਗੈਂਗਾ ਨ ਮਾਂਦ ਆਮ ਰਾ। 

ਖ਼ਾਲਸਾ ਸਜਾਇਆ, ਆਪਣਾ ਬਣਾਇਆ; ਆਮ ਥੀਂ ਉੱਚਾ ਕੀਤਾ। ਉਹ ਅੰਦਰ ਦੀ ਉਚਾਈ ਸਾਡੇ ਵਿਚ ਕਿੰਨੀ ਹੈ? ਦਿਨੋ ਦਿਨ ਵਧ ਰਹੀ ਹੈ ਕਿ ਘਟ ਰਹੀ ਹੈ? ਸਾਡੇ ਖ਼ਿਆਲ ਨੀਵਾਣਾਂ ਖੋਹਾਂ ਵਿਚ ਵਹਿਸ਼ੀ ਜਾਨਵਰਾਂ ਵਾਂਗ ਵੜ ਰਹੇ ਹਨ ਕਿ ਬਾਜ਼ਾਂ ਵਾਲੇ ਦੇ ਚਿੱਟੇ ਬਾਜ਼ਾਂ ਵਾਂਗ ਉੱਚੇ ਮੰਡਲਾਂ ਵਿਚ ਉੱਡ ਰਹੇ ਹਨ? ਸੱਚੇ ਪਾਤਿਸ਼ਾਹਾਂ ਨੇ ਸਤਿਨਾਮ ਦੇ ਝੰਡੇ ਲਾਏ ਸਨ ‘ਸਤਿਨਾਮ ਸਚ’ ਹੇਠ ਗ਼ਰੀਬਾਂ ਗੁਰਬਿਆਂ ਨੂੰ ਵੀ ਸੱਦਿਆ ਸੀ ਤੇ ਰਾਜਿਆਂ ਨੂੰ ਵੀ ਸੱਦਿਆ ਸੀ। ਰਾਜੇ ਦੁਪਿਆਰੇ ਨਹੀਂ ਸਨ:

ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗਿ ਵਰਤਾਇਆ।

ਕੀ ਸਾਡੀ ਸੁਰਤ ਵਿਚ ਰੱਖੀ ਬਰਾਬਰਤਾ, ਰੱਬੀ ਦਇਆ, ਰੱਬੀ ਨਿਆਂ, ਰੱਬੀ ਸੱਚ, ਰੱਬੀ ਉਚਾਈ, ਰੱਬੀ ਮਿੱਤਰਤਾ, ਰੱਬੀ ਬਖ਼ਸ਼ਿਸ਼ ਰੱਬ ਜੀ ਦੇ ਗੁਣ ਸਹਿਜੇ ਸਹਿਜੇ ਆ ਰਹੇ ਹਨ ਕਿ ਜਾ ਰਹੇ ਹਨ? 

੧੭. ਜਿਹਨਾਂ ਗੁਰਾਂ ਦਾ ਨਾਮ ਲੈ ਅਸੀਂ ਅਰਦਾਸ ਕਰਦੇ ਹਾਂ, ਉਹ ਆਪੇ ਥੀਂ ਵੱਧ ਚੰਗੇ ਲੱਗਦੇ ਹਨ ਕਿ ਆਪਾ ਵੱਧ ਚੰਗਾ ਲੱਗਦਾ ਹੈ? ਆਪੇ ਵਿਚ ਆਪਣੇ ਖ਼ਿਆਲ ਰਾਵਾਂ ਬੱਧੇ ਵਿਰਸੇ ਵਿਚ ਆਏ, ਵਹਿਮ, ਕੜ, ਰਇਆਕਾਰੀਆਂ, ਖ਼ਦਗਰਜ਼ੀਆਂ ਸਭ ਸ਼ਾਮਿਲ ਹਨ, ਜੋ ਆਪਾ ਚੰਗਾ ਲੱਗਦਾ ਹੈ, ਤਦ ਸਿੱਖੀ ਹਾਲੇ ਨੇੜੇ ਨਹੀਂ ਆ ਰਹੀ। 

ਮੁਰਦਾ ਹੋਇ ਮੁਰੀਦ ਨ ਗਲੀ ਹੋਵਣਾ॥

ਕਿਧਰੇ ਚੜ੍ਹਦੀ ਕਲਾ ਮੱਤ ਉੱਚੀ ਅਹੰਕਾਰ ਦੇ ਜੱਫੇ ’ਚ ਹੀ ਤਾਂ ਨਹੀਂ? 

੧੮. ਕੀ ਰੱਬ ਹਾਜ਼ਰ ਨਾਜ਼ਰ ਦਿੱਸਦਾ ਹੈ ਕੁਦਰਤ ਵਿਚ ‘ਕੁਦਰਤ-ਵਸਿਆ’ ਦੀਦਾਰ ਕੀਤਾ ਹੈ?

ਜੇ ਸਰਤ ਵੇਚ ਕੇ ਰੋਟੀ ਕਮਾਈ ਜਾ ਰਹੀ ਹੈ, ਤਦੇ ਸੁਰਤ ਅਕਾਲੀ ਕਿੱਥੇ? ਤੇ ਜੇ ਪਾਪ ਪੰਨ ਦੀ ਮਿੱਟੀ ਛਾਣ ਕੇ ਰੋਟੀ ਦਾ ਹੀ ਆਹਰ ਹੋ ਰਿਹਾ ਹੈ, ਤਦ ‘ਰੋਟੀਆ ਕਾਰਣਿ ਪੂਰਹਿ ਤਾਲ॥’ ਤੇ ਸਿੱਖਾਂ ਵਿਚ ਕੀ ਫ਼ਰਕ ਹੈ? ਫਿਰ ਆਪਣੇ ਥੀਂ ਨੀਵੇਂ ਭਰਾਵਾਂ ਉਪਰ ਜਬਰ ਕੀ? ਆਪਣੇ ਥੀਂ ਕਮਜ਼ੋਰ ਵੀਰਾਂ ਉਪਰ ਨੱਕ ਚੜਾਵਨਾ ਨੱਕ ਚਾੜ੍ਹਨਾ ਕੀ? ਆਪ ਵਿੱਚੋਂ ‘ਖ਼ੁਦਗ਼ਰਜ਼ੀ’ ਅਹੰਕਾਰ ਨਹੀਂ ਗਿਆ ਤੇ ਆਪਣੀ ਰਾਏ ਤੇ ਖਿਆਲ ਬਾਣੀ ਦੇ ਤੁੱਲ ਯਾ ਉਸ ਥੀਂ ਵੀ ਉੱਚੇ ਲੱਗਦੇ ਹਨ, ਤਦ ਆਪਣੇ ਥੀਂ ਜ਼ਰਾ ਵੱਧ ਕਸੂਰ ਵਾਲਿਆਂ ਤੇ ਕਰੋਪਵਾਨਗੀ ਕੀ? ਤੇ ਕਿਉਂ? 

ਜੇ ‘ਗੁਰਮੁਖਤਾਈ’ ਦੀ ਜਗਿਆਸਾ ਆਪਣੇ ਦਿਲ ਵਿਚ ਨਹੀਂ ਆਈ, ਤਦ ਆਪ-ਥੀਂ ਵੱਧ ਹਨੇਰੇ ਵਿਚ ਪਏ ਭਰਾਵਾਂ ਉਪਰ ਇਹ ਸਰਦ ਮਿਹਰੀ ਕੀ? ਜੇ ਰੁਪੈ-ਪੈਸੇ, ਜਾਇਦਾਦ ਵੰਡਣ ਦੇ ਝਗੜੇ ਸਾਡੀ ਸੁਰਤ ਨੂੰ ਨਾਮ ਗੁਰੂ ਸਚ ਥੀਂ ਛੁਡਾ ਰਹੇ ਹਨ, ਤਦ “ਚੂੰ ਕੁਫ਼ਰ ਅਜ਼ ਕਾਅਬਾ ਬਰਖੇਜ਼ਦ ਕੁਜਾ ਮਾਨਦ ਮੁਸਲਮਾਨੀ” ਵਾਲੀ ਗੱਲ ਹੋ ਰਹੀ ਹੈ ਕਿ ਨਹੀਂ? ਸਿੱਖੀ ਸਤਿਗੁਰ ਨੇ ਕਲਜੁਗ ਦੇ ਹਨੇਰੇ ਨੂੰ ਕੱਟਣ ਲਈ ਰਚੀ ਸੀ। ਸਾਡੇ ਅੰਦਰ ਇਲਾਹੀ ਪ੍ਰਕਾਸ਼ ਕਿੰਨਾ ਕੁ ਹੈ ਤੇ ਕਲਜੁਗ ਕਿੰਨਾ ਕੁ ਹੈ? ਗੱਲਾਂ ਨਾਲ ਨਹੀਂ ਤਰਾਜ਼ੂ ਉਪਰ ਪਿੱਛੇ ਵਜ਼ਨ ਰੱਖ ਕੇ: 

ਜੇ ਦੁਨੀਆ ਵਿਚ ਦ੍ਵੈਤਾ ਹੈ,
ਸਾਡੇ ਵਿਚ ਕਿੰਨੀ ਏਕਤਾ ਹੈ?
ਜੇ ਦੁਨੀਆ ਵਿਚ ਖ਼ੁਦਗ਼ਰਜ਼ੀ ਹੈ,
ਸਾਡੇ ਵਿਚ ਕਿੰਨੀ ਬੇਗਰਜ਼ੀ ਹੈ?
ਜੇ ਦੁਨੀਆ ਵਿਚ ਨਫ਼ਰਤ ਵਸਦੀ ਹੈ,
ਸਾਡੇ ਵਿਚ ਕਿੰਨਾ ਪਿਆਰ ਹੈ?
ਜੇ ਦੁਨੀਆ ਨੂੰ ਵਾਹਿਗੁਰੂ ਦਾ ਭੈਅ ਨਹੀਂ,
ਸਾਡੇ ਵਿਚ ਕਿੰਨਾ ਭੈਅ ਹੈ?
ਜੇ ਦੁਨੀਆ ਮਨਮੁਖ ਹੈ,
ਸਾਡੇ ਵਿਚ ਕਿੰਨੀ ਗੁਰਮੁਖਤਾ ਹੈ?

ਜੇ ਦੁਨੀਆ ਵਿਚ ਮਜ਼ਬਾਂ ਦੇ ਝਗੜੇ ਹਨ, ਤਦ ਸਾਡੇ ਵਿਚ ਕਿੰਨਾ ਕੁ ਨਰੋਲ ਪਿਆਰ ਹੈ?

ਕੀ ਅਸੀਂ ਗੁਰਬਾਣੀ ਨੂੰ ਅਮਲੀ ਜ਼ਿੰਦਗੀ ਥੀਂ ਚੁੱਕ ਕੇ ਵਾਦ-ਵਿਵਾਦ, ਅਕਲ ਤੇ ਮੁਲਕ ਵਿਚ ਤਾਂ ਨਹੀਂ ਸੁੱਟ ਰਹੇ?

ਜੇ ਦੁਨੀਆ ਵਿਚ ਲੜਾਈ ਫ਼ਸਾਦ ਜ਼ਰ, ਜ਼ਨ, ਜ਼ਮੀਨ ਪਿੱਛੇ (ਕੀ ਸ਼ਖ਼ਸੀ ਤੇ ਕੌਮੀ) ਪਏ ਹੁੰਦੇ ਹਨ ਤਾਂ ਕੀ ਅਸੀਂ ਵੀ ਉਨ੍ਹਾਂ ਗੱਲਾਂ ਲਈ ਸਿੱਧੇ ਯਾ ਪੁੱਠੇ ਵੈਸੇ ਹੀ ਮਰ ਤਾਂ ਨਹੀਂ ਰਹੇ? 

ਇਉਂ ਆਪਣੇ ਗਲਵਾਣ ਵਿਚ ਕੰਘੀ ਮਾਰ ਕੇ ਰੋਜ਼ ਤੱਕੀਏ। ਅੱਜ ਉਸ ਅਵਤਾਰੀ ਜੋਤੀ ਦਾ ਪ੍ਰਕਾਸ਼ ਦਿਨ ਹੈ। ਅੱਜ ਥੀਂ ਸ਼ੁਰੂ ਕਰੀਏ ਤੇ ਸਦਾ ਅਰਦਾਸ ਵਿਚ ਰਹੀਏ। “ਅਸੀਂ ਤੇਰੇ, ਤੇਰੇ” ਦਾ ਜਪ ਕਰੀਏ ਤੇ ਸਾਈਂ ਸਾਨੂੰ ਇਸ ਘੋਰ ਕਲਜੁਗ, ਜਿਸਮਾਨੀ ਕਲਜੁਗ ਵਿਚ ਰਹਿ ਕੇ ਕਲਜੁਗ ਥੀਂ ਕੱਢ ਕੇ ਆਪਣੇ ਵੱਲ ਕਰ ‘ਗੁਰਮੁਖਤਾ’ ਬਖ਼ਸ਼ੇ; ਸਾਨੂੰ ਆਪਣਾ ਨਾਮ ਧਰੀਕ ਕਰ, ਸਾਨੂੰ ਬਖ਼ਸ਼ਿਆਂ ਵਿਚ ਰੱਖ, ਸਾਨੂੰ ਆਪਣੇ ਸਾਜੇ ‘ਖ਼ਾਲਸੇ’ ਵਿਚ ਥਾਂ ਦੇਵੇ; ਆਪਣੇ ਚਰਨਾਂ ਦੀ ਪ੍ਰੀਤੀ ਦੇ, ਸਿੱਖੀ ਕੇਸਾਂ ਸਵਾਸਾਂ ਸਾਥ ਦੇਵੇ। “ਸੋਈ ਸਜਨ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ।” ਸਾਈਂ ਵਾਲਿਓ! ਗਰ ਵਾਲਿਓ! ਦਸਵੇਂ ਪਾਤਿਸ਼ਾਹ ਨੇ ਸਾਡੀਆਂ ਬਾਹਰਮੁਖੀ ਬਨਾਵਟਾਂ ਨੂੰ ਆਪਣੀ ਤਲਵਾਰ ਨਾਲ ਕੱਟਿਆ ਹੈ; ਬਾਹਰਮੁਖੀ ਕੁਰਾਤੀ ਨੂੰ ਆਪਣੇ ਦਰਬਾਰ ਵਿਚ ਥਾਂ ਨਹੀਂ ਦਿੱਤੀ, ਤੇ ਫੋਕੇ ਜਪ ਨੂੰ ਤੇ ਤਪ ਨੂੰ ਆਪਣੇ ਕਬਿੱਤ ਵਿਚ ਨਿਹਫਲ ਦੱਸਿਆ ਹੈ ਤੇ ਹੁਕਮ ਕੀਤਾ ਹੈ : 

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥

ਤੇ ਆਪਣੇ ਕਬਿੱਤ ਵਿਚ ਫੁਰਮਾਂਦੇ ਹਨ : 

ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਗਿਆਨ ਕੇ ਬਿਹੀਨ ਛਨਿ ਕੈਸੇ ਖੈ ਤਰਤ ਹੈਂ ॥੧॥੭੧॥… 

ਕਾਮਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਭਾਵਨਾ ਬਿਹੀਨ ਕੈਸੇ ਭੇਟੈ ਪਰਲੋਕ ਸੌ ॥੧o॥੮o॥

(ਅਕਾਲ ਉਸਤਤ)

ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ॥ ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ॥ 

(ਸਿਰੀਰਾਗੁ ਮ: ੩, ਅੰਗ ੨੮)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: