“ਕਿਹੋ ਜਿਹਾ ਹੋਵੇ ਖ਼ਾਲਸਾਈ ਅਮਲ ਦਾ ਜੀਵਨ-ਨਿਜ਼ਾਮ” ਸਿਰਲੇਖ ਵਾਲੀ ਇਹ ਲਿਖਤ ਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਅਪ੍ਰੈਲ 2006 ਅੰਕ ਵਿੱਚ ਛਪੀ ਸੀ। ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇਹ ਲਿਖਤ ਇੱਥੇ ਮੁੜ ਛਾਪ ਰਹੇ ਹਾਂ – ਸੰਪਾਦਕ।
ਗੁਰੂ ਗ੍ਰੰਥ ਸਾਹਿਬ, ਖ਼ਾਲਸਾ ਪੰਥ ਦਾ ਗੁਰੂ ਹੈ, ਪਰ ਸ਼ਬਦ ਰੂਪ ਵਿਚ। ਸੋ ਉਸ ਦਾ ਸਤਿਕਾਰ ਸ਼ਬਦ ਗੁਰੂ ਦੀਆਂ ਕੁਦਰਤੀ ਸ਼ਰਤਾਂ ਮੁਤਾਬਕ ਹੀ ਹੋਣਾ ਚਾਹੀਦਾ ਹੈ। ਰੁਮਾਲੇ, ਪੀਹੜੀ, ਸਰਹਾਣੇ ਅਤੇ ਚੌਰ ਵਗੈਰਾ ਉਸ ਦੇ ਸਤਿਕਾਰ ਦਾ ਯੋਗ ਸਮਾਨ ਹਨ ਅਤੇ ਉਸ ਅੱਗੇ ਸਤਿਕਾਰ ਨਾਲ ਖਲੋ ਕੇ ਮੱਥਾ ਟੇਕਣਾ, ਖ਼ਾਲਸਾ-ਅਰਦਾਸ ਦੀ ਇਕ ਸ਼ਕਲ ਹੈ। ਐਨਾ ਕੁ ਸਤਿਕਾਰ ਉਸ ਦੇ ਸ਼ਬਦ ਰੂਪ ਦੇ ਦੈਵੀ ਰਹੱਸ ਦੇ ਅਨੁਕੂਲ ਹੈ, ਪਰ ਗੁਰੂ ਗ੍ਰੰਥ ਸਾਹਿਬ ਲਈ ਮਨੁੱਖੀ ਸਰੀਰ ਵਾਲੇ ਸਾਮਾਨ ਮੁਹੱਈਆ ਕਰਨੇ, ਉਸ ਦੀ ਮਹਾਨ ਆਤਮਾ ਦਾ ਅਪਮਾਨ ਕਰਨਾ ਹੈ। ਅਜਿਹੀ ਬੁੱਤਪ੍ਰਸਤੀ ਜਾਂ ਪੈਰੋਡੀ ਕਰਦਿਆਂ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਦੇ ਧਿਆਨ ਅਤੇ ਮਿਲਣੀ ਦੀ ਮੁੂਕ ਅਰਦਾਸ ਨੂੰ ਰੋਗੀ ਕਰਮ-ਕਾਂਡ ਵਿਚ ਬਦਲ ਰਿਹਾ ਹੋਵੇਗਾ, ਜਿਸ ਦੀ ਨੀਂਹ ਕਮਜ਼ੋਰ ਇੰਦ੍ਰਿਆਵੀ ਅਨੁਭਵ ਹੈ।
ਖ਼ਾਲਸਾ ਪੰਥ, ਗੁਰੂ ਗ੍ਰੰਥ ਸਾਹਿਬ ਦੀ ਕਿਸੇ ਤੁਕ ਨੂੰ ਆਪਣੇ ਅਮਲ ਦੀ ਮਿਸਾਲ ਬਣਾਉਣ ਲਈ ਉਸ ਦੀ ਸਮੁੱਚੀ ਆਤਮਾ ਨੂੰ ਧਿਆਨ ਵਿਚ ਰੱਖੇਗਾ। ਗੁਰੂ ਗ੍ਰੰਥ ਸਾਹਿਬ ਦੀ ਦੈਵੀ ਅੰਤਰ-ਦ੍ਰਿਸ਼ਟੀ ਵਿਚ ਬਾਹਰੋਂ ਆਪਾ ਵਿਰੋਧੀ ਲੱਗਦੇ ਨੈਤਿਕ ਤੇ ਸਦਾਚਾਰਕ ਦ੍ਰਿਸ਼ਟਾਂਤਾਂ ਦਾ ਅੰਤਰ ਸੁਰਤਾਲ ਲੱਭ ਕੇ ਉਹ ਆਪਣੀ ਸੇਧ ਲਈ ਜ਼ਰੂਰੀ ਫੈਸਲੇ ਲਵੇਗਾ। ਉਹ ਕਿਸੇ ਤੁਕ ਨੂੰ ਸਦਾਚਾਰ ਦੀ ਵਿਧਾਨ ਰੂਪੀ ਇਕੱਲਤਾ ਵਿਚ ਨਹੀਂ ਅਰਥਾਵੇਗਾ। ਸ਼ਬਦ-ਅਸਗਾਹ ਦੀ ਗੁਰੁ ਰੂਪੀ ਸੁਹਿਰਦਤਾ ਅਨੁਭਵ ਕਰਨ ਪਿੱਛੋਂ ਖਾਲਸਾ-ਅਮਲ ਗੁਰਬਾਣੀ ਕਿਸੇ ਦੀ ਤੁਕ ਵਿਚੋਂ ਵਿਸ਼ਾਲ ਪ੍ਰਤੀਤੀ ਲੈ ਕੇ ਤੁਰਦਾ ਹੈ, ਪਰ ਗੁਰਬਾਣੀ ਦੀ ਕਿਸੇ ਤੁਕ ਦੀ ਸਦਾਚਾਰਕ ਰਮਜ਼ ਨੂੰ ਸੁੰਗੜੀ ਵਿਧਾਨਕ ਸੇਧ ਬਣਾ ਕੇ ਵਰਤਣਾ ਉਸ ਦਾ ਆਦਰਸ਼ ਨਹੀਂ। ਖਾਲਸਾ ਜੀ ਆਪਣੇ ਗੁਰੂ-ਰੂਪ ਨੂੰ ਹਮੇਸ਼ਾ ਹੀ ਆਪਣੇ ਸਮੂਹਿਕ ਧਿਆਨ ਵਿਚ ਸਥਾਪਤ ਰੱਖਣਗੇ। ਗੁਰੂ ਸਾਹਿਬ ਦਾ ਗੁਰੂ-ਰੂਪ ਅਤੇ ਖਾਲਸਾ ਜੀ ਦਾ ਗੁਰੂ-ਰੂਪ ਆਪੋ ਵਿਰੋਧੀ ਸੰਕਲਪ ਨਹੀਂ ਸਮਝਣੇ ਚਾਹੀਦੇ। ਦਸਮ ਪਾਤਸ਼ਾਹ ਨੇ ਜਦੋਂ ਚਮਕੌਰ ਦੀ ਗੜੀ ਵਿਚ ਖਾਲਸੇ ਨੂੰ ਗੁਰਿਆਈ ਬਖਸ਼ੀ ਸੀ, ਉਨ੍ਹਾਂ ਨੇ ਖ਼ਾਲਸੇ ਦੇ ਇਸ ਸਦੀਵੀ ਸੰਗਤ ਦੇ ਨਿਰਾਕਾਰੀ ਰੂਪ ਦਾ ਸੱਚ ਹੀ ਦਿੜ ਕਰਵਾਇਆ ਸੀ।
ਖਾਲਸਾ ਗੁਰੂ-ਲਿਵ ਉੱਤੇ ਪਹੁੰਚ ਕੇ ਗੁਰੂ ਹੈ। ਦਸਮ ਪਾਤਸ਼ਾਹ ਪਿਛੋਂ ਗੁਰੂ ਲਿਵ ਅਤੇ ਗੁਰੂ ਗ੍ਰੰਥ ਸਾਹਿਬ ਇਕ ਹਨ। ਜਦੋਂ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਵਿਚ ਸਰੀਰਕ ਰੂਪ ਵਿਚ ਹਾਜ਼ਰ ਸਨ, ਉਦੋਂ ਉਨ੍ਹਾਂ ਖਾਲਸਾ ਜੀ ਨੂੰ ਗੁਰੂ ਲਿਵ ਉਤੇ ਪਹੁੰਚੇ ਹੋਣ ਦਾ ਫੈਸਲਾ ਦਿੰਦਿਆਂ ਉਸ ਨੂੰ ਗੁਰੂ ਪ੍ਰਵਾਨ ਕਰ ਲਿਆ ਸੀ। ਉਸ ਵੇਲੇ ਖਾਲਸਾ ਸਰੀਰਕ ਰੂਪ ਵਿਚ ਨਿਰਾਕਾਰ ਸਦੀਵੀ ਸੰਗਤ ਦਾ ਪ੍ਰਤੀਨਿਧ ਸੀ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਖਾਲਸਾ ਜੀ ਦਾ ਗੁਰੂ ਰੂਪ ਨਿਰਾਕਾਰ ਸਦੀਵੀ ਸੰਗਤ ਦੇ ਨੇੜੇ ਚਿਤਵਣ ਲਈ ਸਾਡੇ ਕੋਲ ਕੋਈ ਦ੍ਰਿਸ਼ਟੀਮਾਨ ਮਿਆਰ ਨਹੀਂ ਹਨ। ਹੁਣ ਤਾਂ ਸਿਰਫ ਕਿਸੇ ਮਹਾਨ ਸ਼ਹਾਦਤ ਦੇ ਇਲਾਹੀ ਜ਼ੋਰ ਰਾਹੀਂ ਹੀ ਖਾਲਸਾ ਜੀ ਨੂੰ ਕਿਸੇ ਖਾਸ ਸਮੇਂ ਹੀ ਦੇਹਧਾਰੀ ਖ਼ਾਲਸਾ-ਸੰਗਤ ਨੂੰ ਗੁਰੂ ਕਹਿਣ ਦਾ ਹੱਕ ਮਿਲ ਸਕਦਾ ਹੈ। ਮਹਾਨ ਸ਼ਹਾਦਤ ਦੇ ਅਰਥਾਂ ਦੀ | ਵਿਸ਼ਾਲਤਾ ਅਤੇ ਉਸ ਦੇ ਸੁਹਜ ਦੀ ਬਹੁਪਾਸਾਰੀ ਸ਼ਿੱਦਤ ਹੀ ਉਸ ਦਾ ਦੈਵੀ ਚਰਿੱਤਰ ਸਥਾਪਤ ਕਰਦੀਆਂ ਹਨ।
ਹਰ ਸਮੇਂ ਵਿਚ ਖਾਲਸਾ ਜੀ ਨੂੰ ਆਪਣੇ ਇਤਿਹਾਸਕ ਗੁਰਮਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਰਨੇ ਚਾਹੀਦੇ ਹਨ, ਕਿਉਂਕਿ ਇਹ ਉਸ ਹਾਲਾਤ ਵਿਚ ਆਪਣੇ ਗੁਰੂ ਰੂਪ ਦੇ ਸਭ ਤੋਂ ਨੇੜੇ ਹੁੰਦਾ ਹੈ। ਜੇ ਖਾਲਸਾ ਜੀ ਦੀ ਮੂਕ ਅਰਦਾਸ ਉਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਲਿਵ ਵਿਚ ਅਭੇਦ ਕਰ ਦੇਵੇ ਤਾਂ ਗੁਰੁ ਅਤੇ ਉਸ ਵਿਚਕਾਰ ਕੋਈ ਭਿੰਨ-ਭੇਦ ਨਹੀਂ ਰਹਿੰਦਾ। ਜੇ ਖਾਲਸਾ ਆਪਣੀ ਗੁਰ-ਲਿਵ ਦੇ ਛਿਣਾਂ ਦੇ ਅਮਰ ਵਿਸਮਾਦ ਵਿਚ ਜੀਣ ਵਾਲੀ ਮਹਾਂ-ਸੰਗਤ ਅਨੁਸਾਰ ਆਪਣੇ ਸਮੂਹਿਕ ਅਮਲ ਨੂੰ ਸੇਧ ਦੇਵੇ ਤਾਂ ਉਹ ਆਪਣੀ ਦੈਵੀ ਰੰਗ ਵਾਲੀ ਚੜ੍ਹਤਲ ਵਿਚ ਦੁਨੀਆਂ ਦੇ ਰਾਜਸੀ, ਸਭਿਆਚਾਰਕ, ਕਲਾਮਈ ਅਤੇ ਆਤਮਕ ਖੇਤਰਾਂ ਵਿਚ ਮਹਾਨ ਜਿੱਤਾਂ ਪ੍ਰਾਪਤ ਕਰ ਸਕਦਾ ਹੈ।
ਜੰਗ ਅਤੇ ਸ਼ਹਾਦਤ ਖਾਲਸਾ ਜੀ ਦੀ ਰੂਹਾਨੀ ਬਣਤਰ ਦਾ ਅਨਿੱਖੜ ਅੰਗ ਹਨ। ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ, ਗੁਰੂ ਗ੍ਰੰਥ ਸਾਹਿਬ ਦੀ ਅਧਿਆਤਮਕ ਰਮਜ਼ ਤੋਂ ਬਾਹਰ ਨਹੀਂ ਹਨ। ਇਨ੍ਹਾਂ ਅੰਦਰ ਕਿਸੇ ਉੱਚੇ ਕਾਵਿ-ਆਵੇਸ਼ ਵਰਗਾ ਕੁਦਰਤੀਪਨ ਅਤੇ ਸਹਿਜ ਹੈ। ਜੰਗ ਅਤੇ ਅਮਨ ਦੋਵੇਂ ਹੀ ਗੁਰੂ ਸਾਹਿਬਾਨ ਦੇ ਮਹਾਨ ਆਦਰਸ਼ ਦੇ ਅਧੀਨ ਹਨ, ਵਕਤ ਦੇ ਚਿਤਰਪਟ ਉੱਤੇ ਸਮੁੰਦਰ ਦੀਆਂ ਲਹਿਰਾਂ ਵਾਂਗ ਫੈਲਦੇ ਹਨ। ਕਿਤੇ ਵੀ ਸ਼ੈ-ਵਿਰੋਧ ਨਹੀਂ।
ਖਾਲਸੇ ਨੇ ਜੰਗ ਅਤੇ ਅਮਨ ਨੂੰ ਇਖਲਾਕ ਦੇ ਵੱਡੇ ਨਕਸ਼ੇ ਵਿਚ ਅਭੇਦ ਕੀਤਾ ਹੋਇਆ ਹੈ। ਉਸ ਦੀ ਗੁਰੁ-ਲਿਵ (ਉੱਚੀ ਸੁਰਤਿ ਤੇ ਪ੍ਰਤਿਭਾ) ਜ਼ਿੰਦਗੀ ਵਿਚ ਆਪਣੀ ਆਦਰਸ਼ਕ ਖੂਬਸੂਰਤੀ ਦੇ ਇਖ਼ਲਾਕੀ ਨਕਸ਼ ਉਤਾਰ ਰਹੀ-ਭਾਵੇਂ ਅਮਨ ਵਿਚ ਉਤਾਰ ਲਵੇ, ਭਾਵੇਂ ਜੰਗ ਰਾਹੀਂ ਉਤਾਰ ਲਵੇ। ਉਸ ਦੀ ਗੁਰੁ-ਲਿਵ ਦੀ ਇਖਲਾਕੀ ਰਮਜ਼ ਨੇ ਵਕਤ ਦੀਆਂ ਮੰਗਾਂ ਅਨੁਸਾਰ ਇਹ ਫੈਸਲਾ ਦੇਣਾ ਹੈ ਕਿ ਉਸ ਦੇ ਅਮਲ ਦਾ ਸਹੀ ਸੁਰਤਾਲ ਕਿਹੜਾ ਹੈ’? ਅਰਨਾਲਡ ਟਾਇਨਥੀ ਦਾ ਇਹ ਖਿਆਲ ਕਿ ਖਾਲਸੇ ਦਾ ਖੁਲ੍ਹਮ ਖੁੱਲ੍ਹਾ ਸੈਨਾਵਾਦ ਜਾਂ ਜੰਗੀ ਰੂਪ ਵਿਚ ਆਉਣਾ ਉਸ ਦੀ ਰੂਹਾਨੀ ਤਰੱਕੀ ਅਤੇ ਸੰਪੂਰਨਤਾ ਲਈ ਰੁਕਾਵਟ ਅਤੇ ਫੇਰ ਤਬਾਹੀ ਬਣਿਆ, ਖਾਲਸੇ ਦੀ ਰੂਹਾਨੀ ਬਣਤਰ ਜਾਂ ਉਸ ਦੇ ਇਖਲਾਕ ਦੀਆਂ ਰੂਹਾਨੀ ਲੋੜਾਂ ਪ੍ਰਤੀ ਅਣਜਾਣਤਾ ਵਿਖਾਉਣੀ ਹੈ। ਉਨ੍ਹਾਂ ਨੇ ਇਸ ਕਿਸਮ ਦੇ ਖਿਆਲ ਵਾਰ-ਵਾਰ ਪ੍ਰਗਟਾਏ ਹਨ। ਉਦਾਹਰਣ ਵਜੋਂ ਉਨ੍ਹਾਂ ਨੇ ਕਥਨ ਕੀਤਾ ਹੈ:
‘‘ਤੇ ਮੁਲ ਸਿੱਖ ਧਰਮ, ਹਿੰਦੂ ਧਰਮ ਦੇ ਇਸਲਾਮ ਨਾਲ ਸਮਝੌਤੇ ਵਿਚੋਂ ਪੈਦਾ ਹੋਇਆ ਅਤੇ ਇਹ ਇਸ ਧਰਮ ਸਿਖਰ ਤੋਂ ਸਿਆਸੀ ਟੋਏ ਵਿਚ ਡਿੱਗ ਪਿਆ, ਕਿਉਂਕਿ ਸਿੱਖ ਧਰਮ ਗੁਰੂਆਂ (ਗੁਰੂ ਹਰਿਗੋਬਿੰਦ ਸਾਹਿਬ ਜੀ) ਅਤੇ ਗੁਰੂ ਗੋਬਿੰਦ ਸਿੰਘ (ਜੀ) ਅਤੇ ਉਨ੍ਹਾਂ ਦਾ ਸੰਭਾਵਿਤ ਸਿਆਸੀ, ਜਾਨਸ਼ੀਨ ਸਿੱਖ ਯੁੱਧਾਂ ਦਾ ਸਰਦਾਰ ਰਣਜੀਤ ਸਿੰਘ ਪੈਗੰਬਰ ਮੁਹੰਮਦ (ਸਾਹਿਬ) ਵਾਂਗ ਤਾਕਤ ਵਰਤਣ ਦੀ ਲਾਲਸਾ ਤੋਂ ਨਾਂਹ ਬਚ ਸਕੇ।”
ਮਹਾਨ ਅਖਵਾਉਂਦਾ ਇਤਿਹਾਸਕਾਰ ਇਸ ਰਾਜ਼ ਤੋਂ ਨਾਵਾਕਿਫ ਹੈ ਕਿ ਭਾਵੇਂ ਖੁੱਲ੍ਹਮ-ਖੁੱਲ੍ਹੇ ਤਾਂ ਸੈਨਾਵਾਦ ਦਾ ਰੂਪ ਦੁਨਿਆਵੀ ਹੀ ਹੁੰਦਾ ਹੈ, ਪਰ ਖ਼ਾਲਸੇ ਦਾ ਅਮਲ ਆਪਣੀ ਸਮੁੂਹਿਕ ਇਤਿਹਾਸਕ ਗਤੀ ਅਤੇ ਸਰਵਪੱਖੀ ਗੁਰੂ-ਲਿਵ ਦੀ ਰਮਜ਼ ਵਿਚੋਂ ਹੀ ਜੰਗ ਦੀ ਸ਼ਕਲ ਪਕੜਦਾ ਹੈ। ਗੁਰੂ ਸਾਹਿਬਾਂ ਅਤੇ ਉਨ੍ਹਾਂ ਤੋਂ ਬਾਅਦ ਦੀਆਂ ਜੰਗਾਂ ਮੁਗ਼ਲ ਹਕੂਮਤ ਵੱਲ “ਹਿੰਦੂਆਂ ਦੇ ਸੈਨਿਕ ਪ੍ਰਤੀਕਰਮ” ਦਾ ਨਤੀਜਾ ਨਹੀਂ ਆਖੀਆਂ ਜਾ ਸਕਦੀਆਂ, ਬਲਕਿ ਇਹ ਤਾਂ ਅਧਿਆਤਮਕ ਚੜ੍ਹਤਲ ਵਿਚੋਂ ਉਤਪੰਨ ਹੋਈਆਂ ਸਨ। ਸਿੱਖ ਜੰਗਾਂ ਦੁਨਿਆਵੀ ਤ੍ਰਿਸ਼ਨਾ ਦਾ ਨਤੀਜਾ ਨਹੀਂ ਸਨ ਬਲਕਿ ਇਨ੍ਹਾਂ ਬਿਨਾਂ ਤਾਂ ਉਸ ਦੀ ਸਦੀਵੀ ਸੰਗਤ, ਜਿਸ ਦੇ ਸੰਕਲਪ ਨੂੰ ਛੱਡ ਕੇ ਉਸ ਦੇ ਇਤਿਹਾਸ ਵਿਚ ਹਰਕਤ ਹੀ ਪੈਦਾ ਨਹੀਂ ਹੋ ਸਕਦੀ, ਦਾ ਆਤਮਕ ਵਿਕਾਸ ਹੀ ਨਾਮੁਕੰਮਲ ਰਹੇਗਾ! ਜੰਗ ਖ਼ਾਲਸਾ ਆਪੇ ਦੇ ਸਿਰਜਨਾਤਮਕ ਪਹਿਲੂ ਨਾਲ ਤਖਲੁਸ ਰੱਖਦੀ ਹੈ। ਖ਼ਾਲਸੇ ਦਾ ਪਾਸਾਰ ਬਹੁਤ ਵੱਡਾ ਹੈ। ਅਮਨ ਤੋਂ ਜੰਗ ਤਕ ਰੂਹਾਨੀ ਜਲਾਲ ਦੇ ਅਨੇਕਾਂ ਦ੍ਰਿਸ਼ ਨਿਰਵਿਘਨ ਚੱਲ ਰਹੇ ਹਨ। ਖਾਲਸਾ ਜੀ ਦੀ ਅਧਿਆਤਮਕ ਬਿਰਤੀ ਸੂਰਜ ਦੇ ਬਦਲਦੇ ਪਰਛਾਵਿਆਂ ਵਰਗੀ ਚੁੱਪ ਵਿਚ ਜੰਗ ਅਤੇ ਅਮਨ ਇਕ ਦੂਜੇ ਅੰਦਰ ਲਗਾਤਾਰ ਤਬਦੀਲ ਹੋ ਰਹੇ ਹਨ। ਖ਼ਾਲਸਾ ਜੀ ਦੀ ਅਧਿਆਤਮਕ ਬਣਤਰ ਕੁਝ ਇਸ ਤਰ੍ਹਾਂ ਹੈ ਕਿ ਜੰਗ ਬਿਨਾਂ ਉਹ ਜ਼ਿੰਦਗੀ ਦੀ ਮੁਕੰਮਲ ਅਨੁਭਵ ਹੀ ਨਹੀਂ ਕਰ ਸਕਦਾ। ਜੇ ਜੰਗ ਨੂੰ ਖ਼ਾਲਸਾ ਅਨੁਭਵ ਵਿਚੋਂ ਕੱਢ ਦੇਈਏ ਤਾਂ ਉਸ ਦੀ ਇਖਲਾਕੀ ਪਾਕੀਜ਼ਗੀ ਦੀ ਤੀਬਰਤਾ ਇਕ ਦਮ ਘੁਟ ਜਾਵੇਗੀ, ਉਹ ਆਪਣੇ ਆਤਮਕ ਸੋਮਿਆਂ ਨਾਲੋਂ ਟੁੱਟ ਜਾਵੇਗਾ ਅਤੇ ਉਸ ਦੇ ਕਲਾਮਈ ਚਾਅ ਨੂੰ ਲੋੜੀਂਦਾ ਸੁਹਜ ਨਹੀਂ ਮਿਲ ਸਕੇਗਾ। ਇਥੋਂ ਤਕ ਕਿ ਉਸ ਦੀ ਅਹਿੰਸਾ ਦੀ ਪ੍ਰਤੀਤੀ ਵੀ ਕਮਜ਼ੋਰ ਪੈ ਜਾਵੇਗੀ। ਉਸ ਦੇ ਰਹਿਮ ਅਤੇ ਮੁਹੱਬਤ ਦੇ ਜਜ਼ਬਿਆਂ ਦਾ ਸੁਹਜ ਵੀ ਆਪਣੀ ਚਮਕ ਗੁਆ ਬੈਠੇਗਾ। ਸੋ ਉਸ ਦੇ ਰੂਹਾਨੀ ਤੌਰ ‘ਤੇ ਜੀਉਂਦੇ ਰਹਿਣ ਲਈ ਜੰਗ ਦਾ ਅਨੁਭਵ ਬਹੁਤ ਜ਼ਰੂਰੀ ਹੈ।
ਖ਼ਾਲਸੇ ਦੇ ਰੂਹਾਨੀ ਕੀਮਤਾਂ ਨੂੰ ਪਹਿਲ ਦੇਣ ਦੇ ਅਮਲ ਦੀ ਸਿਖਰ ਸ਼ਹਾਦਤ ਉੱਤੇ ਪਹੁੰਚ ਕੇ ਹੁੰਦੀ ਹੈ। ਸ਼ਹਾਦਤ ਜ਼ਿੰਦਗੀ ਦੇ ਕੁਲ ਡਰਾਂ, ਲਾਲਚਾਂ, ਸਰੀਰ ਦੀਆਂ ਅਸ਼ਲੀਲ ਭਾਵਨਾਵਾਂ, ਵੀਭਤਸ ਦੁਨਿਆਵੀ ਉਲਾਰਾਂ ਦੇ ਕਤੱਈ (ਮੁਕੰਮਲ) ਤਿਆਗ ਦਾ ਨਾਂ ਹੈ। ਖ਼ਾਲਸਾ ਚੇਤਨਾ ਦੀ ਸ਼ਹਾਦਤ ਦੇ ਅਮਲ ਦੌਰਾਨ ਹੀ ਵੱਧ ਤੋਂ ਵੱਧ ਰੋਸ਼ਨ ਅਤੇ ਵੱਧ ਤੋਂ ਵੱਧ ਖ਼ਾਲਸਾ ਰਹਿੰਦੀ ਹੈ। ਜਿੰਨਾ ਇਹ ਜੰਗ ਦਾ ਹਿੱਸਾ ਹੈ, ਓਨਾ ਹੀ ਅਮਨ ਦਾ ਹਿੱਸਾ ਹੈ। ਤੇਗਾਂ ਦੇ ਗਜ਼ਬ ਵਿਚ ਅਤੇ ਅਹਿੰਸਾ ਦੀ ਸ਼ਾਂਤ ਚੁੱਪ ਵਿਚ ਖ਼ਾਲਸਾ ਸ਼ਹਾਦਤ, ਗੁਰਬਾਣੀ ਦੀ ਸਦਾ ਜਾਗਦੀ ਗੁਰ-ਲਿਵ ਵਿਚੋਂ ਜਨਮ ਲੈਂਦੀ ਹੈ। ਇਸ ਦੇ ਦੋਵੇਂ ਰੂਪ, ਰੂਹ, ਅਕਲ ਅਤੇ ਇਖ਼ਲਾਕ ਨੂੰ ਇਕੋ ਤਰ੍ਹਾਂ ਦੀ ਰੂਹਾਨੀ ਖੁਰਾਕ ਦਿੰਦੇ ਹਨ। ਖ਼ਾਲਸਾ-ਸ਼ਹਾਦਤ ਦੇ ਜੰਗ ਰੂਪ ਅਤੇ ਸ਼ਾਂਤੀ ਰੂਪ ਵਿਚ ਇਕ ਸੁਰਤਾਲਮਈ ਨਿਰੰਤਰਤਾ ਹੈ, ਜਿਹੜੀ ਕਿ ਸਿੱਖ ਧਰਮ ਦੀ ਅੰਤਰੀਵ ਇਕਾਗਰਤਾ ਬਿਨਾਂ ਉਤਪੰਨ ਨਹੀਂ ਸੀ ਹੋ ਸਕਦੀ। ਅਰਨਾਲਡ ਟਾਇਨਬੀ ਦਾ ਇਹ ਖਿਆਲ ਬੇਬੁਨਿਆਦ ਹੈ ਕਿ ਮੁਗ਼ਲ ਹਕੂਮਤ ਨਾਲ ਗੁਰੂ-ਜੰਗਾਂ ਪਿੱਛੇ ਕੋਈ ਦੁਨਿਆਵੀ ਬਿਰਤੀ ਕੰਮ ਕਰ ਰਹੀ ਸੀ। ਉਹ ਇਹ ਨਹੀਂ ਜਾਣਦੇ ਕਿ ਜੰਗ ਅਤੇ ਅਮਨ ਦੇ ਸੁਮਿਲਵੇਂ ਹੁਸਨ ਵਿਚ ਹੀ ਤਾਂ ਖਾਲਸਾ ਅਮਲ ਦੀ ਰੂਹਾਨੀ ਤਸਵੀਰ ਬਣਦੀ ਹੈ! ਸਿੱਖ-ਆਦਰਸ਼ ਇਤਿਹਾਸ ਬਣਾਉਂਦਾ ਹੈ; ਇਤਿਹਾਸਕ ਆਦਰਸ਼ ਅਤੇ ਜੰਗ ਦੇ ਆਪਸੀ ਤਾਲਮੇਲ ਦਾ ਚੰਗਾ ਅਨੁਭਵ ਨਾ ਹੋਣ ਕਾਰਨ ਹੀ ਅਰਨਾਲਡ ਟਾਇਨਬੀ ਖਾਲਸਾ ਜੀ ਅਤੇ ਉਸ ਦੇ ਆਦਰਸ਼ ਨੂੰ ਲੈਨਿਨ ਦੀ ਕਮਿਊਨਿਸਟ ਪਾਰਟੀ ਦੇ ਪੂਰਬ (ਭੂਤ ਪੂਰਵ) ਦੇ ਤੌਰ ‘ਤੇ ਵੇਖਦੇ ਹਨ। ਸੋ ਖਾਲਸਾ ਜੀ ਨੇ ਰੂਹਾਨੀ ਕੀਮਤਾਂ ਨੂੰ ਪਹਿਲ ਦੇ ਕੇ ਆਦਰਸ਼ ਨੂੰ ਪਾਲਣਾ ਹੈ ਅਤੇ ਜੇ ਲੋੜ ਪਵੇ ਤਾਂ ਆਪਣੀ ਆਤਮਕ ਆਭਾ ਦਾ ਸ਼ਹਾਦਤ ਰਾਹੀਂ ਸਬੂਤ ਦੇਣਾ ਹੈ।
ਸ਼ਾਦੀ ਤੋਂ ਪਹਿਲਾਂ ਬਾਲਗ ਹੋਣ ਤਕ ਖਾਲਸੇ ਦੇ ਬੱਚੇ ਅਤੇ ਬੱਚੀਆਂ ਨੂੰ ਅੰਮ੍ਰਿਤ ਛਕ ਲੈਣਾ ਚਾਹੀਦਾ ਹੈ। ਅੰਮ੍ਰਿਤ ਛਕਣ ਪਿੱਛੋਂ ਪੰਜ ਕੱਕੇ ਜ਼ਰੂਰੀ ਤੌਰ `ਤੇ ਧਾਰਨ ਕੀਤੇ ਜਾਂਦੇ ਹਨ। ਕੇਸ, ਜਿਨ੍ਹਾਂ ਵਿਚ ਕਿ ਸਰੀਰ ਦਾ ਹਰ ਰੋਮ ਸ਼ਾਮਲ ਹੈ, ਖ਼ਾਲਸੇ ਦੇ ਬੱਚੇ ਅਤੇ ਬੱਚੀਆਂ ਦੇ ਜੰਮਣ ਤੋਂ ਲੈ ਕੇ ਉਮਰ ਦੇ ਆਖਰੀ ਸਵਾਸਾਂ ਤਕ ਰਹਿਣੇ ਲਾਜ਼ਮੀ ਹਨ। ਇਨ੍ਹਾਂ ਦੀ ਕਿਸੇ ਵੀ ਹਾਲਤ ਵਿਚ ਬੇਅਦਬੀ ਕਰਨੀ ਭਾਰੀ ਗੁਨਾਹ ਹੈ। ਸਿੱਖ ਖਿਡਾਰੀਆਂ, ਜਿਵੇਂ ਕਿ ਭਲਵਾਨਾਂ ਆਦਿ ਨੂੰ ਵੀ ਕੇਸਾਂ ਅਤੇ ਸਰੀਰ ਦੇ ਰੋਮਾਂ ਨੂੰ ਨਹੀਂ ਕੱਟਣਾ ਚਾਹੀਦਾ। ਬੱਚਿਆਂ ਨੂੰ ਕੇਸ ਕੱਟਣ ਦੀ ਛੋਟ ਦੇਣੀ ਜਾਂ ਪ੍ਰੇਰਨਾ ਦੇਣੀ, ਖੁਦ ਕੇਸ ਕੱਟਣ ਦੇ ਬਰਾਬਰ ਹੈ। ਅੰਮ੍ਰਿਤ ਛਕਣ ਤੋਂ ਪਹਿਲਾਂ ਜੇ ਕੰਘਾ ਅਤੇ ਕੜਾ ਲੋੜ ਅਨੁਸਾਰ ਧਾਰਨ ਕਰ ਲਏ ਜਾਣ ਤਾਂ ਘੱਟੋ ਘੱਟ ਇਹ ਇਕ ਪਵਿੱਤਰ ਆਦਤ ਮੰਨੀ ਜਾਵੇਗੀ। ਅੰਮ੍ਰਿਤ ਛਕਣ ਪਿੱਛੋਂ ਗਾਤਰੇ ਵਾਲੀ ਕਿਰਪਾਨ ਅਤੇ ਕਛਹਿਰੇ ਨੂੰ ਕੰਘੇ, ਕੇਸ ਅਤੇ ਕੜੇ ਸਮੇਤ ਧਾਰਨ ਕਰ ਲਿਆ ਜਾਵੇ।
ਪੰਜ ਪਵਿੱਤਰ ਕੱਕਿਆਂ ਨੂੰ ਖਾਲਸਾ ਇਕ ਕੁਦਰਤੀ ਸਹਿਜ ਵਿਚ ਪਹਿਨੇਗਾ। ਉਹ ਉਸ ਦੇ ਸਰੀਰ ਲਈ ਇਕ ਬੋਝਲ ਰਸਮ ਬਣ ਕੇ ਨਹੀਂ ਰਹਿਣਗੇ, ਬਲਕਿ ਸਰੀਰ ਨਾਲੋਂ ਜ਼ਿਆਦਾ ਉਸ ਦੀ ਰੂਹ ਅਤੇ ਅੰਤਰੀਵ ਸੁਹਜ ਵਿਚ ਟਿਕਣਗੇ। ਅੰਮ੍ਰਿਤ ਅਤੇ ਉਸ ਦੇ ਪੰਜ ਨਿਸ਼ਾਨਾਂ ਦੀ ਖ਼ਾਲਸਾ ਸੰਸਾਰੀ ਲਾਭ-ਹਾਨ ਦੀ ਬਿਰਤੀ ਅਤੇ ਬੌਧਿਕ ਵਿਸ਼ਲੇਸ਼ਣ ਅਨੁਸਾਰ ਨਹੀਂ ਪਹਿਨੇਗਾ, ਬਲਕਿ ਸਿੱਖ ਪੰਥ ਦੇ ਸਮੁੱਚੇ ਅਨੁਭਵ ਵਿਚ ਰੱਖ ਕੇ ਇਨ੍ਹਾਂ ਦੀ ਪਾਲਣਾ ਕਰੋ। ਖਾਲਸਾ, ਅੰਮ੍ਰਿਤ ਦੀ ਦਾਰਸ਼ਨਿਕ ਵਿਆਖਿਆ ਵਿਚ ਨਹੀਂ ਉਲਝੇਗਾ ਅਤੇ ਨਾ ਇਸ ਦੇ ਕਿਆਂ ਦੀ ਪ੍ਰਮਾਣਿਕਤਾ ਦਰਸਾਉਣ ਲਈ ਇਤਿਹਾਸਕ, ਮਿਥਿਹਾਸਕ, ਵਿਗਿਆਨਕ ਜਾਂ ਕੋਈ ਹੋਰ ਦੁਨਿਆਵੀ ਕਾਰਨ ਲੱਭੇਗਾ ਕਿਉਂਕਿ ਇਸ ਕਿਸਮ ਦੀਆਂ ਦਲੀਲਾਂ, ਅੰਮ੍ਰਿਤ ਦੇ ਅਨੁਭਵੀ ਸੱਚ ਉੱਤੇ ਪੂਰੀਆਂ ਨਹੀਂ ਉਤਰਦੀਆਂ। ਅੰਮ੍ਰਿਤ ਉੱਤੇ ਉਸ ਦੇ ਪਵਿੱਤਰ ਪੰਜ ਨਿਸ਼ਾਨ, ਖ਼ਾਲਸੇ ਦੇ ਦੈਵੀ ਸੁਹਜ ਦਾ ਅਨਿੱਖੜ ਹਿੱਸਾ ਹਨ। ਇਨ੍ਹਾਂ ਦੇ ਪਿਛੋਕੜ ਵਿਚ 1699 ਦੀ ਵੈਸਾਖੀ ਤਕ ਗੁਰੂ-ਇਤਿਹਾਸ ਦਾ ਅਨੁਭਵ ਹੈ। ਇਹ ਗੁਰੂ ਨਾਨਕ ਅਮਲ ਦੇ ਦਸਮ ਪਾਤਸ਼ਾਹ ਦੀ ਮੁਹੱਬਤ ਭਰੀ ਹਜ਼ੂਰੀ ਵਿਚ ਹੋਏ ਆਖਰੀ ਚਮਤਕਾਰੀ ਫੈਸਲੇ ਦੀ ਯਾਦਗਾਰ ਹਨ। ਇਨ੍ਹਾਂ ਦਾ ਸਬੰਧ ਗੁਰੂ-ਲਿਵ ਨਾਲ ਹੈ। ਇਸ ਕਾਰਨ ਇਹ ਅਨੁਭਵੀ ਸੱਚ ਨਾਲ ਜੁੜੇ ਹੋਏ ਹਨ। ਸੋ ਸਮੂਹਿਕ ਖਾਲਸਾ ਚੇਤਨਾ ਦੇ ਦੈਵੀ ਸੋਮਿਆਂ ਵਿਚੋਂ ਇਨਾ ਦੇ ‘ਹੋਣ’ ਦੀ ਦਲੀਲ ਨੂੰ ਢੂੰਡਿਆ ਜਾ ਸਕਦਾ ਹੈ, ਉਸ ਅਨੁਸਾਰ ਹੀ ਇਹ ਸੁਤੰਤਰ ਅਤੇ ਸੰਪੂਰਨ ਹਨ। ਇਨ੍ਹਾਂ ਦੇ ਸੱਚ ਦੀ ਪ੍ਰਮਾਣਿਕਤਾ ਨੂੰ ਇਤਿਹਾਸ, ਚਿੰਤਨ ਅਤੇ ਪੌਰਾਣ ਦੇ ਪ੍ਰਚੱਲਤ ਮਿਆਰਾਂ ਅਨੁਸਾਰ ਦ੍ਰਿੜ੍ਹ ਕਰਵਾਉਣ ਦਾ ਮਤਲਬ ਇਨ੍ਹਾਂ ਨੂੰ ਤੰਗ ਸਾਂਚਿਆਂ ਵਿਚ ਬੰਦ ਕਰਨਾ ਹੈ। | ਗੁਰ-ਇਤਿਹਾਸ, ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਅਤੇ ਚੋਣਵੀਆਂ ਪਰੰਪਰਾਵਾਂ, ਪ੍ਰੇਮ ਸੁਮਾਰਗ, ਰਹਿਤਨਾਮਿਆਂ ਅਤੇ ਅਠਾਰਵੀਂ ਸਦੀ ਦੀਆਂ ਕੱਚੀਆਂ-ਪੱਕੀਆਂ ਕਾਵਿ ਲਿਖਤਾਂ ਨੂੰ ਬੜੀ ਅਹਿਤਿਆਤ ਨਾਲ ਵਰਤਦਿਆਂ ਹੋਇਆਂ ਹੇਠਾਂ ਸਿੱਖ-ਆਦਰਸ਼ ਦੇ ਕੁਝ ਹੋਰ ਸੰਕੇਤ ਪੇਸ਼ ਕੀਤੇ ਜਾਂਦੇ ਹਨ। ਸਿੱਖ-ਆਦਰਸ਼, ਇਨ੍ਹਾਂ ਸੰਕੇਤਾਂ ਨੂੰ ਉਪਰੋਕਤ ਵਿਚਾਰਾਂ ਦੀ ਪ੍ਰਧਾਨ ਸੁਰ ਵਿਚ ਰੱਖ ਕੇ ਹੀ ਅਨੁਭਵ ਕਰਨਾ ਚਾਹੀਦਾ ਹੈ।
ਸਭ ਮਜ਼੍ਹਬ ਇਨਸਾਨੀਅਤ ਦੀਆਂ ਕੁਝ ਕੁ ਉਚੀਆਂ ਖੂਬੀਆਂ ਦਾ ਪ੍ਰਚਾਰ ਕਰਦੇ ਹਨ। ਖ਼ਾਲਸੇ ਨੂੰ ਵੀ ਇਮਾਨਦਾਰੀ, ਕੁਰਬਾਨੀ, ਰਹਿਮ ਅਤੇ ਸਬਰ ਸ਼ੁਕਰ ਵਰਗੀਆਂ ਮਹਾਨ ਇਖਲਾਕੀ ਸਿਫ਼ਤਾਂ ਦਾ ਮਾਲਕ ਹੋਣਾ ਚਾਹੀਦਾ ਹੈ। ਪਰ ਉਹ ਇਕ ਵਿਸ਼ੇਸ਼ ਸਿਫ਼ਤ ਦੀ ਪਾਲਣਾ ਨਿਆਰੇ ਰੂਪ ਵਿਚ ਕਰੇਗਾ। ਉਹ ਸਿਫ਼ਤ ਇਹ ਹੈ ਕਿ ਉਹ ਖੂਨ ਦੇ ਰਿਸ਼ਤੇ ਨਾਲੋਂ ਰੂਹਾਨੀ ਅਤੇ ਇਖਲਾਕੀ ਸਿਫਤਾਂ ਨੂੰ ਹਮੇਸ਼ਾ ਹੀ ਪਹਿਲ ਦੇਵੇਗਾ ? ਭਾਵੇਂ ਮਾਂ, ਭੈਣ, ਭਰਾ, ਪਿਤਾ, ਪੁੱਤਰ ਅਤੇ ਧੀ ਆਦਿ ਦੇ ਰਿਸ਼ਤਿਆਂ ਵਿਚ ਕੁਦਰਤੀ ਮੋਹ ਦੀ ਹੋਂਦ ਜ਼ਿੰਦਗੀ ਦੀ ਖੂਬਸੂਰਤੀ ਦੀ ਇਕ ਤਕੜੀ ਸ਼ਰਤ ਹੈ, ਪਰ ਖ਼ਾਲਸੇ ਦਾ ਤੀਬਰ ਆਦਰਸ਼ਕ ਜਜ਼ਬਾ ਇਨ੍ਹਾਂ ਰਿਸ਼ਤਿਆਂ ਦੇ ਮੋਹ ਵਿਚ ਖਪ ਕੇ ਨਹੀਂ ਰਹਿ ਜਾਵੇਗਾ। ਇਨ੍ਹਾਂ ਰਿਸ਼ਤਿਆਂ ਨਾਲ ਉਸ ਦਾ ਮੋਹ ਓਨਾ ਚਿਰ ਹੀ ਰਹੇਗਾ, ਜਿੰਨਾ ਚਿਰ ਉਹ ਉਸ ਨੂੰ ਉਸ ਦੀ ਸਮੁੱਚੀ ਜ਼ਿੰਦਗੀ ਦੇ ਪ੍ਰਸੰਗ ਵਿਚ ਆਤਮਕ ਖੁਰਾਕ ਦਿੰਦੇ ਹਨ, ਪਰ ਜੇ ਇਹ ਖੂਨ ਦੋ ਜਾਂ ਨੇੜੇ ਦੇ ਰਿਸ਼ਤੇ ( ਜਿਵੇਂ ਪਤਨੀ ਦਾ ਸਬੰਧ) ਉਸ ਲਈ ਅਜਿਹੀ ਸਿਫਤ ਨਾ ਰੱਖਦੇ ਹੋਣ, ਤਾਂ ਉਹ ਇਨ੍ਹਾਂ ਪ੍ਰਤੀ ਆਪਣੇ ਸਮਾਜਕ ਫ਼ਰਜ਼ ਦੀ ਪਾਲਣਾ ਕਰਨ ਤੋਂ ਸਿਵਾ ਹੋਰ ਕੋਈ ਉਲਾਰ ਖਿੱਚ ਨਹੀਂ ਰੱਖੇਗਾ। ਭਾਵੇਂ ਇਨ੍ਹਾਂ ਲਈ ਉਸ ਦਾ ਸਾਧਾਰਨ ਮੋਹ, ਫੇਰ ਵੀ ਰਹੇਗਾ, ਪਰ ਫਿਤਰਤ ਦੀ ਇਹ ਕੁਦਰਤੀ ਤਰੰਗ ਜ਼ਿੰਦਗੀ ਦੀਆਂ ਮਹਾਨ ਕੀਮਤਾਂ ਵੱਲ ਉਸ ਦੀ ਵਫਾ ਨੂੰ ਨੁਕਸਾਨ ਨਹੀਂ ਪਹੁੰਚਾਏਗੀ! ਜੇ ਖਾਲਸੇ ਦੇ ਅਮਲ ਵਿਚ ਇਸ ਪਾਸਿਓਂ ਕੋਈ ਸੰਕਟ ਵਾਪਰਨ ਲੱਗੇ ਤਾਂ ਉਹ ਅਵੱਸ਼ ਹੀ ਖੂਨ ਦੇ ਜਾਂ ਨੇੜੇ ਦੇ ਜਜ਼ਬਾਤੀ ਰਿਸ਼ਤੇ ਦਾ ਤਿਆਗ ਕਰ ਕੇ, ਇਸ ਨਾਲੋਂ ਵਧੇਰੇ ਪਾਕਿ ਕੀਮਤਾਂ ਦਾ ਰਿਸ਼ਤਾ ਅਪਣਾਅ ਲਵੇਗਾ। ਖਾਲਸਾ ਜੀ ਉਨ੍ਹਾਂ ਰਾਜਸੀ ਪ੍ਰਸਥਿਤੀਆਂ ਲਿਆਉਣ ਲਈ ਹਮੇਸ਼ਾ ਹੀ ਜੱਦੋ-ਜਹਿਦ ਕਰੇਗਾ, ਜਿਹੜੀਆਂ ਉਸ ਦੇ ਧਰਮ ਦੇ ਆਤਮਕ ਸਰੂਪ ਨੂੰ ਸੁਤੰਤਰ, ਸਵੱਛ ਅਤੇ ਤਾਜ਼ਾ ਰੱਖ ਸਕਣ। ਜੋ ਬਾਦਸ਼ਾਹਤ ਉਸ ਦੀ ਹੋਂਦ ਦੇ ਅਨੁਕੂਲ ਹੈ, ਤਾਂ ਉਸ ਦੀ ਰੂਹਾਨੀਅਤ ਦੇ ਪਾਵਨ ਚਸ਼ਮੇ ਬਾਦਸ਼ਾਹਤ ਨੂੰ ਹਰਾ-ਭਰਾ ਕਰ ਦੇਣਗੇ, ਪਰ ਜੇ ਜਮਹੂਰੀਅਤ ਉਸ ਨੂੰ ਬਾਂਝ ਕਰਦੀ ਹੈ ਤਾਂ ਉਸ ਦਾ ਗਜ਼ਬ ਜਮਹੂਰੀਅਤ ਨੂੰ ਤੋੜ ਦੇਵੇਗਾ ਭਾਵੇਂ ਕਿ ਇਨਸਾਫ ਉਤੇ ਖਲੋਤਾ ਕੋਈ ਵੀ ਰਾਜਸੀ ਢਾਂਚਾ, ਖਾਲਸੇ ਨੂੰ ਮਨਜ਼ੂਰ ਹੋਵੇਗਾ। ਖਾਲਸੇ ਦੀ ਰੂਹਾਨੀ ਅਤੇ ਇਖਲਾਕੀ ਅਮੀਰੀ ਜਿਸ ਦਾ ਅਮਲ ਜ਼ਿੰਦਗੀ ਦੇ ਬਾਹਰਮੁਖੀ ਸੁੰਦਰ ਅਨੁਪਾਤ ਵਿਚ ਬਾਖੂਬੀ ਚੱਲ ਰਿਹਾ ਹੈ, ਉਤੇ ਵਾਰ ਕਰਨ ਵਾਲਾ ਕੋਈ ਵੀ ਰਾਜਸੀ ਢਾਂਚਾ ਉਸ ਦੇ ਵਿਰੋਧ ਨੂੰ ਵੰਗਾਰੇਗਾ। ਖ਼ਾਲਸੇ ਦੀ ਧਾਰਮਿਕ ਗਤੀ ਰਾਜਸੀ ਨਿਜ਼ਾਮਾਂ ਨੂੰ ਜਨਮ ਦੇਵੇਗੀ ਅਤੇ ਉਨ੍ਹਾਂ ਨੂੰ ਆਪਣੇ ਸੁਰਤਾਲ ਵਿਚ ਰੱਖੇਗੀ, ਪਰ ਕਿਸੇ ਵੀ ਰਾਜਸੀ ਨਿਜ਼ਾਮ ਨੂੰ ਖਾਲਸਾ ਆਪਣੀ ਧਾਰਮਿਕ ਗਤੀ ਉੱਤੇ ਹਾਵੀ ਨਹੀਂ ਹੋਣ ਦੇਵੇਗਾ।
‘ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦੇ ਨਿਜ਼ਾਮ ਵਿਚ ਖ਼ਾਲਸਾ ਆਪਣੀ ਕੁੱਲ ਰੂਹਾਨੀਅਤ ਨੂੰ ਸਮੋ ਲਵੇਗਾ ਪਰ ਕਰਮ-ਕਾਂਡ ਦੇ ਸਭ ਖਲੋਤੇ ਰੂਪ ਇਸ ਤੋਂ ਬਾਹਰ ਰਹਿਣਗੇ। ਇਹ ਜੀਵਨ-ਨਿਜ਼ਾਮ ਖ਼ਾਲਸਈ ਇਖਲਾਕ ਦਾ ਦੈਵੀ ਸਰੀਰ ਹੋਵੇਗਾ, ਜਿਸ ਦੀ ਨਿਰਾਕਾਰ ਸ਼ਕਤੀ ਫੈਲਦੀ ਹੋਈ ਇਕ ਅਨੰਤ ਇਤਿਹਾਸ ਵਿਚ ਪਲਟ ਸਕਦੀ ਹੈ। ‘ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ” ਦਾ ਧਰਮ-ਸਿਧਾਂਤ ਜੋ ਵਿਅਕਤੀਗਤ ਜੀਵਨ-ਨਿਜ਼ਾਮ ਵਿਚ ਇਸੇ ਦਾ ਅਦ੍ਰਿਸ਼ਟ ਰੂਪ ਵਿਚ ਇਸ ਦਾ ਅਤੀ ਸੁਜੀਵ ਰਿਸ਼ਤਾ ਸਮੂਹਿਕ ਜੀਵਨ-ਨਿਜ਼ਾਮ ਵਿਚ ਵੀ ਰਹੇਗਾ। ਖਾਲਸੇ ਦਾ ਦੈਵੀ ਅਨੁਭਵ ਅਗਮ ਅਗੋਚਰ ਹੈ ਪਰ ਧਰਤੀ ਅਤੇ ਮਨੁੱਖ ਦਾ ਦਿਲ ਇਸ ਦੇ ਘਰ ਹਨ। ਉਹ ਕਿਤੇ ਵੀ ਚਲਾ ਜਾਵੇ ਆਖਰ ਘਰ ਦੀ ਅਪਣੱਤ ਉਸ ਨੂੰ ਘਰ ਲੈ ਆਵੇਗੀ। ਇਸ ਅਪਣੱਤ ਦਾ ਸਦਕਾ ਉਹ ਜ਼ਿੰਦਗੀ ਨੂੰ ਬਹਾਨੀ ਤੌਰ ਉਤੇ ਹਰੀ-ਭਰੀ ਰੱਖੇਗਾ।
ਕੋਈ ਵੀ ਨਸ਼ਾ ਸਿੱਖ ਇਖਲਾਕ ਦੀ ਪਾਕੀਜ਼ਗੀ ਦੇ ਅਨੁਕੂਲ ਨਹੀਂ। ਖ਼ਾਲਸਾ ਹਰ ਕਿਸਮ ਦੇ ਨਸ਼ੇ ਦਾ ਪੂਰਨ ਤਿਆਗ ਕਰੇਗਾ। ਖ਼ਾਲਸੇ ਨੇ ਤਮਾਕੂ ਨੂੰ ਨਸ਼ਿਆਂ ਵਿਚੋਂ ਸਭ ਤੋਂ ਨਖਿੱਧ ਮੰਨਿਆ ਹੈ ਅਤੇ ਇਸ ਨੂੰ ਵੱਡੀਆਂ ਕੁਰਹਿਤਾਂ ਵਿਚ ਸ਼ਾਮਲ ਕੀਤਾ ਗਿਆ ਹੈ, ਪਰ ਗੁਰਬਾਣੀ ਵਿਚ ਸ਼ਰਾਬ ਪੀਣ ਦਾ ਵੀ ਸਿੱਧੇ ਅਤੇ ਅਸਿੱਧੇ ਦੋਹਾਂ ਵਿਚ ਸਖ਼ਤ ਵਿਰੋਧ ਕੀਤਾ ਗਿਆ ਹੈ। ਗੁਰਬਾਣੀ ਵਿਚ ਨਸ਼ਿਆਂ ਦੇ ਅਸਿੱਧੇ ਵਿਰੋਧ ਦੇ ਅਨੇਕਾਂ ਦ੍ਰਿਸ਼ਟਾਂਤ ਮਿਲਦੇ ਹਨ। ਉਸ ਦੀ ਉਪਰ ਅਸਾਂ ਇਕ ਉਦਾਹਰਣ ਦਿੱਤੀ ਹੈ। ਸ਼ਰਾਬ ਪੀਣ ਦੇ ਸਿੱਧੇ ਵਿਰੋਧ ਦੀ ਇਕ ਸਿੱਧੀ ਉਦਾਹਰਣ ਹੇਠਾਂ ਦਰਜ ਕਰਦੇ ਹਾਂ:
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥
(ਪੰਨਾ 554)
ਸਭ ਪ੍ਰਸਿੱਧ ਰਹਿਤਨਾਮੇ ਗੁਰਬਾਣੀ ਦੇ ਉਪਰੋਕਤ ਵਿਚਾਰ ਦੀ ਪੁਸ਼ਟੀ ਕਰਦੇ ਹਨ ਜਿਵੇਂ:
ਪਰਨਾਰੀ ਜੁਆ ਅਸਤ ਚੋਰੀ ਮਦਿਰਾ ਜਾਨ।
ਪਾਂਚ ਐਬ ਏ ਜਗਤ ਮੇਂ ਤਜੈ ਸੁ ਸਿੰਘ ਸੁਜਾਨ।
(ਰਹਿਤਨਾਮਾ ਭਾਈ ਦਯਾ ਸਿੰਘ)
ਨਸ਼ਿਆਂ ਨੂੰ ਛੱਡ ਕੇ ਖ਼ਾਲਸੇ ਉੱਤੇ ਹੋਰ ਕੋਈ ਖਾਣ-ਪੀਣ ਦਾ ਬੰਧਨ ਨਹੀਂ ਹੈ। ਗੁਰੂ ਬਾਰੇ ਬੜੀ ਸਪੱਸ਼ਟ ਗਵਾਹੀ ਦਿੱਤੀ ਹੈ। ਆਪਣੀ ਵਿਅਕਤੀਗਤ ਭਾਵਨਾ ਅਨੁਸਾਰ ਖ਼ਾਲਸਾ ਕੁਝ ਵੀ ਖਾ ਸਕਦਾ ਹੈ, ਪਰ ਇਕ ਗੱਲ ਦਾ ਖਿਆਲ ਰੱਖਣਾ ਜ਼ਰੂਰੀ ਹੈ ਕਿ ਖਾਲਸਾ ਉਹ ਕੁਝ ਨਾ ਖਾਵੇ ਜਿਸ ਨਾਲ ਉਸ ਦੇ ਸਰੀਰਕ ਸੁਹਜ ਵਿਚ ਕਿਸੇ ਪ੍ਰਕਾਰ ਦਾ ਵਿਗਾੜ ਪਵੇ। ਖਾਣਾ ਐਨਾ ਜ਼ਿਆਦਾ ਨਾ ਖਾਧਾ ਜਾਵੇ ਕਿ ਸਿਹਤ ਦਾ ਸੰਤੁਲਨ ਹੀ ਖਰਾਬ ਹੋ ਜਾਵੇ। “… ਅੰਨੁ ਪਾਣੀ ਥੋੜਾ ਖਾਇਆ।” (ਪੰਨਾ 467) ਦਾ ਭਾਵ ਇਹੋ ਹੈ ਕਿ ਖਾਣ-ਪੀਣ ਵਿਚ ਬੇਸਬਰੀ ਜਾਂ ਬੇਨਿਯਮੀ ਨਾ ਵਰਤੀ ਜਾਵੇ। ਖਾਣੇ ਦੇ ਸਬੰਧ ਵਿਚ ਇਸ ਨਾਲੋਂ ਵੀ ਵਿਸ਼ੇਸ਼ ਗੱਲ ਇਹ ਹੈ ਕਿ ਭੈੜੇ ਤਰੀਕਿਆਂ ਨਾਲ ਕਮਾਏ ਪਦਾਰਥ ਨੂੰ ਖਾਣ ਤੋਂ ਪਰਹੇਜ਼ ਕੀਤਾ ਜਾਵੇ, ਕਿਉਂਕਿ ਇਸ ਨਾਲ ਵਿਅਕਤੀਗਤ ਤੌਰ ‘ਤੇ ਮਨੁੱਖ ਦੀ ਬੁੱਧੀ ਮਲੀਨ ਹੁੰਦੀ ਹੈ ਅਤੇ ਪੰਥਕ ਇਖ਼ਲਾਕ ਦੀ ਨਿਰਮਲਤਾ ਨੂੰ ਵੀ ਨੁਕਸਾਨ ਪਹੁੰਚਦਾ ਹੈ। ਖਾਣ-ਪੀਣ ਬਾਰੇ ਗੁਰਬਾਣੀ ਦੀਆਂ ਇਹ ਤੁਕਾਂ ਖਾਲਸਾ ਪੰਥ ਦੀ ਅਗਵਾਈ ਕਰਨਗੀਆਂ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥
(ਪੰਨਾ 16)
ਸੋ ਖ਼ਾਲਸੇ ਦਾ ਖਾਣ-ਪੀਣ ਬਾਰੇ ਆਦਰਸ਼ ਹੋਇਆ ਕਿ ਸ਼ੁੱਧ, ਸਹੀ ਅਤੇ ਇਮਾਨਦਾਰੀ ਨਾਲ ਕਮਾਈ ਚੀਜ਼ ਦਾ ਆਹਾਰ ਕੀਤਾ ਜਾਵੇ। ਮਾਨਵਤਾ ਅਤੇ ਦੋਸਤੀ ਦੇ ਜਜ਼ਬੇ, ਸੁਹਜਮਈ ਬਿਰਤੀ ਅਤੇ ਮਨ ਦੀ ਕਿਸੇ ਵੀ ਹੋਰ ਭਾਵਨਾ ਅਨੁਸਾਰ ਜੇ ਅੰਮ੍ਰਿਤਧਾਰੀ ਅਤੇ ਦੂਸਰੇ ਸਿੱਖਾਂ ਦਾ ਦਿਲ ਕਰੇ, ਤਾਂ ਉਹ ਹਰ ਇਕ ਵਿਅਕਤੀ ਨਾਲ ਭਾਵੇਂ ਉਹ ਕਿਸੇ ਵੀ ਮਜ਼ਬ ਨਾਲ ਤਾਅਲੁਕ ਰੱਖਦੇ ਹੋਣ, ਖਾਣ-ਪੀਣ ਦੀ ਖੁੱਲ੍ਹ ਲੈ ਸਕਦੇ ਹਨ। ਖ਼ਾਲਸੇ ਨੂੰ ਜੁਗੋ-ਜੁਗ ਅਟੱਲ ਲੰਗਰ ਦੇ ਮਹਾਨ ਆਦਰਸ਼ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਹੈ। ਸਿੰਘ ਗਿਆਨੀਆਂ, ਜਿਨ੍ਹਾਂ ਵਿਚੋਂ ‘ਗੁਰਮਤਿ ਮਾਰਤੰਡ’ ਦੇ ਕਰਤਾ ਜੀ ਸ਼੍ਰੋਮਣੀ ਹਨ, ਦਾ ਇਹ ਖਿਆਲ ਠੀਕ ਨਹੀਂ ਹੈ ਕਿ ਅੰਮ੍ਰਿਤਧਾਰੀ ਨਾਲ ਖਾਣ-ਪੀਣ ਤੋਂ ਪਰਹੇਜ਼ ਕਰਨਾ ਬ੍ਰਾਹਮਣਵਾਦ ਦੀ ਛੂਤ-ਛਾਤ ਦੇ ਭਰਮ ਦਾ ਨਤੀਜਾ ਹੈ।
ਉਂਜ ਤਾਂ ਖਾਲਸੇ ਦੇ ਬੱਚਿਆਂ ਨੂੰ ਉਹ ਸਭ ਪੁਸ਼ਾਕਾਂ ਪਹਿਨਣ ਦੀ ਇਜਾਜ਼ਤ ਹੈ, ਜਿਹੜੀਆਂ ਕਿਸੇ ਕਾਰੀ ਅਸ਼ਲੀਲਤਾ ਪ੍ਰਗਟ ਨਾ ਕਰਨ, ਪਰ ਉਹ ਪੁਸ਼ਾਕ ਪਹਿਨਣੀ ਸਭ ਤੋਂ ਚੰਗੀ ਗੱਲ ਹੈ, ਜਿਹੜੀ ਖਾਲਸਈ ਸਭਿਆਚਾਰ ਦੇ ਅਨੁਕੂਲ ਹੋਵੇ। ਪੁਸ਼ਾਕ ਦੀ ਚੋਣ ਸਮੇਂ ਮੌਲਿਕ ਸੋਚਣੀ ਵਰਤਣੀ ਚਾਹੀਦੀ ਹੈ। ਪੁਸ਼ਾਕ ਦਾ ਸੁਹਜ-ਸੁਆਦ ਰਿਵਾਜ਼ ਦੇ ਅਧੀਨ ਨਹੀਂ ਹੋਣਾ ਚਾਹੀਦਾ। ਖਾਲਸਾ ਇਸਤਰੀਆਂ ਨੂੰ ਅੰਗਾਂ ਦੀ ਨੁਮਾਇਸ਼ ਕਰਨ ਵਾਲੇ ਬਸਤਰ ਪਹਿਨਣੇ ਉਚਿਤ ਨਹੀਂ ਹਨ। ਜਿਹੜੇ ਬਸਤਰ ਇਸਤਰੀ ਦੇ ਸੁਹਜ ਦੀ ਕੋਮਲਤਾ ਘਟਾਉਂਦੇ ਹਨ ਅਤੇ ਉਸ ਦੇ ਇਸਤਰੀਪਨ ਨੂੰ ਕਮਜ਼ੋਰ ਕਰਦੇ ਹੋਏ ਇਸ ਨੂੰ ਮਰਦ ਦੇ ਪ੍ਰਚੱਲਤ ਪਹਿਰਾਵੇ ਦੇ ਰੂਪ ਦੇ ਨੇੜੇ ਲਿਆਂਦੇ ਹਨ, ਉਨ੍ਹਾਂ ਦੀ ਵਰਤੋਂ ਕਰਨ ਨਾਲ ਇਸਤਰੀ ਦੀ ਕੁਦਰਤੀ ਪ੍ਰਤਿਭਾ ਦਾ ਵਿਕਾਸ ਰੁਕ ਜਾਵੇਗਾ।
ਖਾਲਸੇ ਦੇ ਬੱਚੇ-ਬੱਚੀਆਂ ਬੇਸ਼ੱਕ ਸੁਹਣੀ ਤੋਂ ਸੁਹਣੀ ਪੁਸ਼ਾਕ ਪਹਿਨਣ, ਪਰ ਪੁਸ਼ਾਕ ਦਾ ਸੁਆਦ ਐਨਾ ਨਹੀਂ ਵਧਣਾ ਚਾਹੀਦਾ ਕਿ ਉਨ੍ਹਾਂ ਦੇ ਦਿਲੋ ਦਿਮਾਗ਼ ਉੱਤੇ ਹੀ ਛਾ ਜਾਵੇ, ਉਨ੍ਹਾਂ ਦੇ ਸੁਹਜ ਸੁਆਦ ਦੀ ਮੌਲਿਕਤਾ ਦੇ ਇਕ ਵੱਡੇ ਭਾਗ ਨੂੰ ਹੀ ਮੱਲ ਬੈਠੇ ਅਤੇ ਉਨ੍ਹਾਂ ਦੀ ਗੁਰ-ਲਿਵ ਵਲੋਂ ਇਸ ਦਾ ਧਿਆਨ ਵਧੇਰੇ ਪ੍ਰਬਲ ਹੋਵੇ। ਇਖ਼ਲਾਕੀ ਅਤੇ ਦਿਮਾਗੀ ਗੁਣਾਂ ਦੀ ਬੇਧਿਆਨੀ ਵਿਚ ਪਹਿਨੇ ਬਸਤਰ ਭਾਵੇਂ ਉਹ ਕਿੰਨੇ ਵੀ ਸੁੰਦਰ ਹੋਣ, ਇਨਸਾਨੀ ਅਕਲ ਦੀ ਬਾਰੀਕੀ ਘਟਾਉਣ ਅਤੇ ਚਰਿੱਤਰ ਦੀ ਪਵਿੱਤਰਤਾ ਨੂੰ ਕਲੰਕਤ ਕਰਨ ਦਾ ਕਾਰਨ ਬਣਦੇ ਹਨ। ਇਸ ਸਬੰਧ ਵਿਚ ਗੁਰੂ ਨਾਨਕ ਸਾਹਿਬ ਨੇ ਫ਼ਰਮਾਇਆ ਹੈ:
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥
(ਪੰਨਾ 16)
ਖ਼ਾਲਸੇ ਨੂੰ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਕਿਸੇ ਵੀ ਗੁਰਸਿੱਖ ਦੇ ਕਿਸੇ ਵੀ ਰੂਪ ਜਾਂ ਅਮਲ ਨੂੰ ਵਿੰਗੇ-ਟੇਢੇ ਢੰਗ ਨਾਲ ਨਾਟਕ ਵਿਚ ਬਦਲ ਕੇ ਰੰਗਮੰਚ ਉੱਤੇ ਖੇਡਣਾ ਨਹੀਂ ਚਾਹੀਦਾ ਅਤੇ ਨਾ ਹੀ ਗੁਰੁ ਸਾਹਿਬਾਨ ਦੀ ਕੋਈ ਤਸਵੀਰ ਬਣਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਗੁਰੂ ਸਾਹਿਬਾਨ ਦੇ ਦੈਵੀ ਰੂਪਾਂ ਦੀ ਅਨੰਤਤਾ ਕਮਜ਼ੋਰ ਦੁਨਿਆਵੀ ਸਾਂਚਿਆਂ ਵਿਚ ਸੁੰਗੜ ਕੇ ਰਹਿ ਜਾਵੇਗੀ ਅਤੇ ਸਾਂਝੇ ਸਿੱਖ ਅਨੁਭਵ ਵਿਚੋਂ ਗੁਰੂਆਂ ਦੀ ਮਹਾਨਤਾ ਦੇ ਬੇਨਜ਼ੀਰ ਸੁਪਨੇ ਸਦਾ ਲਈ ਅਲੋਪ ਹੋ ਜਾਣਗੇ ਜਾਂ ਕਮਜ਼ੋਰ ਪੈ ਜਾਣਗੇ। ਗੁਰੂਆਂ ਅਤੇ ਗੁਰ-ਲਿਵ ਦੇ ਨੇੜੇ ਦੇ ਸਿੱਖ ਇਤਿਹਾਸ ਉੱਤੇ ਪਲਣ ਵਾਲੀ ਖ਼ਾਲਸਾ ਸਾਈਕੀ (ਮਾਨਸਿਕਤਾ ਨੂੰ ਕਿਸੇ ਪ੍ਰਕਾਰ ਦੀ ਵੀ ਨਾਟਕੀ ਪ੍ਰਦਰਸ਼ਨੀ ਪਹਿਲਾਂ ਬੇਰਸ ਅਤੇ ਆਲਸੀ ਬਣਾਏਗੀ, ਫੇਰ ਥਕਾਵੇਗੀ ਅਤੇ ਅੰਤ ਵਿਚ ਠੰਡਾ ਯੁੱਖ ਕਰ ਦੇਵੇਗੀ।
ਗੁਰੂ ਗ੍ਰੰਥ ਸਾਹਿਬ ਦੇ ਪਾਠ ਅਤੇ ਸਿਮਰਨ ਤੋਂ ਸਿਵਾ ਜੰਮਣ ਤੋਂ ਮਰਨ ਤਕ ਖਾਲਸੇ ਨੂੰ ਕਿਸੇ ਹੋਰ ਕਰਮ-ਕਾਂਡ ਵਿਚ ਪੈਣ ਦੀ ਲੋੜ ਨਹੀਂ। ਕਿਸੇ ਦੇ ਜਨਮ ਸਮੇਂ ਉਹ ਗੈਰ-ਕੁਦਰਤੀ ਖੁਸ਼ੀਆਂ ਨਹੀਂ ਕਰੇਗਾ। ਮੌਤ ਸਮੇਂ ਉਹ ਖਵਾ ਰੁਦਨ ਅਤੇ ਵੈਣ ਪਾਉਣ ਦੀ ਰਸਮ ਨਹੀਂ ਕਰੇਗਾ; ਸਿਰਫ ਮੌਨ ਉਦਾਸੀ ਵਿਚ ਵਿਚਰੇਗਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਅਤੇ ਗੁਰਬਾਣੀ ਕੀਰਤਨ ਰਾਹੀਂ ਮਨ ਨੂੰ ਦੈਵੀ ਗੰਭੀਰਤਾ ਨਾਲ ਜੋੜੇਗਾ। ਗੁਰੁ ਗ੍ਰੰਥ ਸਾਹਿਬ ਅਤੇ ਗੁਰਦੁਆਰਿਆਂ ਨਾਲ ਮੁਹੱਬਤ ਕਰਨੀ ਖਾਲਸੇ ਦੀ ਸੱਚੀ-ਸੁੱਚੀ ਰੀਤ ਵਿਚ ਸ਼ਾਮਲ ਹੈ, ਪਰ ਗੁਰ-ਲਿਵ ਦੇ ਆਵੇਸ਼ ਵਿਚ ਉਹ ਕਿਸੇ ਹੋਰ ਕਰਮ-ਕਾਂਡ ਨੂੰ ਵਿਘਨ ਪਾਉਣ ਦੀ ਆਗਿਆ ਨਹੀਂ ਦੇਵੇਗਾ।
“ਗੁਰੂ ਦਾ ਸਿੱਖ ਮੱਠ, ਬੁੱਤ, ਤੀਰਥ, ਦੇਵੀ, ਦੇਵਤਾ, ਬੁੱਤ ਪੂਜਾ, ਅਰਚਾ, ਮੰਤਰ, ਜੰਤਰ, ਪੀਰ ਬਾਹਮਣ ਪੁੱਛਣਾ, ਸੁੱਖਣਾ, ਤਰਪਨ, ਗਾਯਤੀ, ਕਿਸੇ ਵੱਲ ਚਿੱਤ ਦੋਵੈ ਨਹੀਂ। ਖ਼ਾਲਸਾ ਸੋ ਜਿਨ ਤਨ, ਮਨ, ਧਨ ਅਕਾਲ ਪੁਰਖ ਨੂੰ ਸੌਂਪਿਆ ਹੈ।
(ਰਹਿਤਨਾਮਾ ਭਾਈ ਦਯਾ ਸਿੰਘ ਜੀ)