ਚੋਣਵੀਆਂ ਲਿਖਤਾਂ

ਭਵਿੱਖ ਬਾਰੇ ਜਵਾਬ ਇੰਨ੍ਹਾਂ ਘੱਲੂਘਾਰਿਆਂ ਵਿੱਚੋਂ ਹੀ ਮਿਲਣਗੇ

By ਸਿੱਖ ਸਿਆਸਤ ਬਿਊਰੋ

January 22, 2022

“ਇਹ ਸਮਾਗਮ ਇੱਕ ਵਾਰ ਫਿਰ ਇਹ ਗੱਲ ਸਪਸ਼ੱਟ ਕਰ ਦੇਣਾ ਚਾਹੁੰਦਾ ਹੈ ਕਿ ‘ੴ ਸਤਿਨਾਮੁ’ ਦੇ ਧਾਰਨੀ ਸਿੱਖਾਂ ਦਾ ਧਰਮ, ਰਾਜਨੀਤੀ ਅਤੇ ਗੁਰਧਾਮ ਅਨਿੱਖੜ ਹਨ ਅਤੇ ਉਹ ਇਹਨਾਂ ਦੀ ਵਰਤੋਂ ਪੰਥਕ ਨਵ-ਉਸਾਰੀ ਲਈ ਕਰਦੇ ਹੀ ਰਹਿਣਗੇ ਅਤੇ ਸਿੱਖ ਆਪਣਾ ਸ਼ਸਤਰਧਾਰੀ ਹੋਣ ਦਾ ਹੱਕ ਤੇ ਗੁਰਧਾਮਾਂ ਵਿੱਚ ਸ਼ਸਤਰਾਂ ’ਤੇ ਪਾਬੰਦੀ ਨੂੰ ਪ੍ਰਵਾਨ ਨਹੀਂ ਕਰਦੇ” – ਸਰਬੱਤ ਖਾਲਸਾ (ਜਨਵਰੀ ੧੯੮੬) ਦੇ ਗੁਰਮਤਿਆ ਵਿੱਚੋਂ

ਪਿਛਲੀ ਸਦੀ ਦੇ ਸਿੱਖ ਇਤਿਹਾਸ ’ਤੇ ਝਾਤ ਮਾਰਦਿਆਂ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਜੂਨ ੧੯੮੪ ਵਿੱਚ ਵਾਪਰੇ ਤੀਜੇ ਘੱਲੂਘਾਰੇ ਨੇ ਸਿੱਖ ਸਿਮਰਤੀ ’ਤੇ ਬਹੁਤ ਡੂੰਘਾ ਪ੍ਰਭਾਵ ਛੱਡਿਆ ਹੈ। ਪੰਜਾਬ ਦੀ ਧਰਤੀ ’ਤੇ ਸਿੱਖ ਜੁਝਾਰੂਆਂ ਅਤੇ ਸ਼ਰਧਾਲੂਆਂ ਦਾ ਡੁੱਲ੍ਹਾ ਇਹ ਸੱਜਰਾ ਖੂਨ ਅੱਜ ਵੀ ਸਿੱਖਾਂ ਨੂੰ ਇੱਕੋ ਸਮੇਂ ਇਤਿਹਾਸ, ਵਰਤਮਾਨ ਅਤੇ ਭਵਿੱਖ ਨਾਲ ਇੱਕ ਅਦੁੱਤੀ ਤਰੀਕੇ ਨਾਲ ਜੋੜ ਕੇ ਰੱਖਦਾ ਹੈੈ।

ਮਲਕੀਤ ਸਿੰਘ ਭਵਾਨੀਗੜ੍ਹ ਦੀ ਇਹ ਕਿਰਤ ਇਸ ਗੱਲ ਦਾ ਸਬੂਤ ਹੈ ਕਿ ਇਹ ਜ਼ਖਮ ਅੱਜ ਵੀ ਹਰੇ ਹਨ ਪਰ ਨਾਸੂਰ ਵਜੋਂ ਨਹੀਂ ਸਗੋਂ ਇਹ ਇੱਕ ਮੱਘਦੇ ਸੂਰਜ ਵਾਂਙ ਸਾਡਾ ਮਾਰਗ ਦਰਸ਼ਨ ਕਰਦੇ ਆ ਰਹੇ ਹਨ। ਭਾਵੇਂ ਕਿ ਸਮੁੱਚੇ ਸਿੱਖ ਜਗਤ ਲਈ ਇਸਦੀ ਅਹਿਮੀਅਤ ਹੈ ਪਰ ੧੯੯੦ ਤੋਂ ਬਾਅਦ ਜੰਮੀ ਸਾਡੀ ਪੀੜ੍ਹੀ ਲਈ ਇਸ ਦੀ ਕੁਝ ਖਾਸ ਮਹੱਤਤਾ ਹੈ। ਸਾਡੀ ਪੀੜ੍ਹੀ ਉਹ ਹੈ ਜਿਸ ਨੂੰ ਸੰਤ ਜਰਨੈਲ ਸਿੰਘ ਜੀ ਵੱਲੋਂ ਅਰੰਭੇ ਸਿੱਖ ਜੁਝਾਰੂ ਸੰਘਰਸ਼ ਦੀਆਂ ਖਾਲਸਾਈ ਤਰੰਗਾਂ ਦੇ ਪਰਤੱਖ ਦਰਸ਼ਨ ਨਸੀਬ ਨਹੀਂ ਹੋਏ ਅਤੇ ਸ਼ਹਾਦਤਾਂ ਤੋਂ ਪੰਥ ਵਿੱਚ ੮੦ਵਿਆਂ ’ਚ ਉੱਭਰੀ ਪਹਿਲਤਾਜ਼ਗੀ ਵੇਖਣ ਤੋਂ ਵਾਂਝੇ ਰਹਿ ਗਏ। ਅਸੀਂ ਉਸ ਦੌਰ ਵਿੱਚ ਸੁਰਤ ਸੰਭਾਲੀ ਜਦੋਂ ਸਟੇਟ ਵੱਲੋਂ ਵਹਿਸ਼ੀ ਨਸਲਕੁਸ਼ੀ ਤਹਿਤ ਪੰਥ ਦਰਦੀਆਂ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਕੋਹ-ਕੋਹ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਅਤੇ ਸਰਗਰਮ ਪੰਥਕ ਸੰਸਥਾਵਾਂ ਨੂੰ ਖਤਮ ਕਰਨ ਜਾਂ ਘੁਸਪੈਠ ਰਾਹੀਂ ਅੰਦਰੋਂ ਖੋਖਲੇ ਕਰਕੇ ਕਾਬੂ ਕੀਤਾ ਜਾ ਰਿਹਾ ਸੀ। ਪੁਲਸ ਦੀ ਛਤਰ ਛਾਇਆ ਹੇਠ ਸਭਿਆਚਾਰਕ ਵਿਗਾੜਾਂ ਨੂੰ ਉਭਾਰਿਆ ਗਿਆ ਅਤੇ ਸਾਮਰਾਜੀ ਨੀਤੀਆਂ ਤਹਿਤ ਨਵਉਦਾਰਵਾਦੀ ਆਰਥਿਕਤਾ ਨੇ ਪੰਜਾਬ ਦੇ ਰਾਜਸੀ ਅਤੇ ਸਮਾਜਕ ਢਾਂਚਿਆਂ ਨੂੰ ਬੇਰਹਿਮੀ ਨਾਲ ਤਹਿਸ-ਨਹਿਸ ਕਰਦਿਆਂ ਬੇਲਗਾਮ ਪਦਾਰਥਵਾਦ ਰਾਹੀਂ ਜਿੰਦਗੀ ਦੇ ਅਰਥ ਅਤੇ ਸਮਾਜਕ ਕਦਰਾਂ ਕੀਮਤਾਂ ਨੂੰ ਪੂੰਜੀ ਦੁਆਲੇ ਕੇਂਦ੍ਰਿਤ ਕਰ ਦਿੱਤਾ। ਖਿੱਤੇ ਦੀ ਸਿਆਸਤ ਨੂੰ ਇਸ ਹੱਦ ਤੱਕ ਲਾਚਾਰ ਕਰ ਦਿੱਤਾ ਕਿ ਅਗਵਾਈ ਦੀ ਉਮੀਦ ਤਾਂ ਦੂਰ ਦੀ ਗੱਲ ਰਹੀ ਸਗੋਂ ਸਿਆਸਤਦਾਨ ਆਪਣੀ ਧਰਤੀ ਅਤੇ ਲੋਕਾਂ ਦੇ ਭਲੇ ਲਈ ਕੋਈ ਵੀ ਨੀਤੀ ਲਾਗੂ ਕਰਨ ਤੋਂ ਬੇਵੱਸ ਹੋ ਗਏ ਜਾਂ ਨਿੱਜੀ ਮੁਫਾਦਾਂ ਨੂੰ ਅੱਗੇ ਰੱਖ ਕੇ ਪੁੱਠੇ ਰਸਤੇ ਪੈ ਗਏ।

ਸਾਡੀ ਪੀੜ੍ਹੀ ਉਨ੍ਹਾਂ ਸਮਿਆਂ ਵਿੱਚ ਜਵਾਨ ਹੋਈ ਜਦੋਂ ਸੰਤ ਜਰਨੈਲ ਸਿੰਘ ਜੀ ਬਾਰੇ ਮਹਿਜ਼ ਗੱਲ ਕਰਨੀ ਹੀ ਸਰਕਾਰੀ ਤਸ਼ੱਦਦ ਨੂੰ ਬੁਲਾਵਾ ਦੇਣ ਵਾਲੀ ਗੱਲ ਹੁੰਦੀ ਸੀ। ਇਸ ਸਾਰੇ ਵਰਤਾਰੇ ਰਾਹੀਂ ਸਹੀ ਪੰਥਕ ਜਥੇਬੰਦਕ ਢਾਂਚੇ ਅਤੇ ਅਗਵਾਈ ਤੋਂ ਵਾਂਝੇ ਰੱਖ ਕੇ ਇੱਕ ਰੂਪ ਵਿੱਚ ਸਾਨੂੰ ਲਾਵਾਰਿਸ ਕਰ ਦਿੱਤਾ ਗਿਆ। ਇਨ੍ਹਾਂ ਹਲਾਤਾਂ ਨੂੰ ਵੇਖਦਿਆਂ ਅਤੇ ਹੰਢਾਉਂਦਿਆਂ ਨਾ-ਉਮੀਦੀ ਦੇ ਸ਼ਿਕਾਰ ਸਾਡੇ ਕੁਝ ਹਾਣੀ ਨਸ਼ਿਆਂ ਦੀ ਦਲ-ਦਲ ਵਿੱਚ ਧੱਸ ਗਏ, ਕੁਝ ਚੰਗੇ ਭਵਿੱਖ ਦੀ ਤਲਾਸ਼ ਵਿੱਚ ਦੇਸ ਪੰਜਾਬ ਨੂੰ ਛੱਡ ਕੇ ਬਾਹਰ ਨੂੰ ਹਿਜਰਤ ਕਰਨ ਲੱਗੇ ਅਤੇ ਹੁਣ ਹਲਾਤ ਇਹ ਹੋ ਗਏ ਹਨ ਕਿ ਪੱਛਮੀ ਮੁਲਕਾਂ ਵਿੱਚ ਪਲ਼ੇ ਕੁਝ ਹਿੱਸੇ ਵਿਦੇਸ਼ਾਂ ਦੇ ਰਾਜਸੀ ਢਾਂਚਿਆਂ ਅਧੀਨ ਗੁਲਾਮੀ ਨਾਲ ਸੰਤੁਸ਼ਟ ਹੋ ਕੇ ਇਸ ਵਿੱਚੋਂ ਹੀ ਮਾਣ ਮਹਿਸੂਸ ਕਰਨ ਲੱਗੇ ਹਨ। ਇਸ ਹਨੇਰ ਵਰਗੇ ਮਹੌਲ ਵਿੱਚੋਂ ਨਿਕਲ ਰਹੇ ਨੌਜਵਾਨਾਂ ਵੱਲੋਂ ਅਣਗਿਣਤ ਚੁਣੌਤੀਆਂ ਨੂੰ ਮੁਖਾਤਿਬ ਹੁੰਦਿਆਂ ਇੱਕ ਸਵਾਲ ਵਾਰ-ਵਾਰ ਪੁੱਛਿਆ ਜਾਂਦਾ ਹੈ: ਹੁਣ ਕੀ ਕੀਤਾ ਜਾਵੇ? ਇਨ੍ਹਾਂ ਸੰਕਟਾਂ ਦਾ ਹੱਲ ਕੀ ਹੈ?

ਹੋਰ ਕਈ ਪੰਥ ਦਰਦੀਆਂ ਵਾਂਙ ਡਾ. ਗੁਰਭਗਤ ਸਿੰਘ ਦੀ ਪੈੜ ਫੜ੍ਹਦਿਆਂ ਮਲਕੀਤ ਸਿੰਘ ਨੇ ਹਥਲੀ ਕਿਤਾਬ ਰਾਹੀਂ ਜੂਨ ੧੯੮੪ ਦੇ ਜ਼ਖਮਾਂ ਨੂੰ ਸੂਰਜ ਬਣਾਉਂਦਿਆਂ ਸਾਨੂੰ ਇਸ ਦੇ ਜਵਾਬ ਵੱਲ ਇਸ਼ਾਰਾ ਕੀਤਾ ਹੈ ਕਿ ਸਾਡੇ ਭਵਿੱਖ ਬਾਰੇ ਸਵਾਲਾਂ ਦੇ ਜਵਾਬ ਇਸ ਘੱਲੂਘਾਰੇ ਵਿੱਚੋਂ ਹੀ ਮਿਲ ਸਕਦੇ ਹਨ। ਸੰਤ ਜਰਨੈਲ ਸਿੰਘ ਜੀ ਦੇ ਵਾਰਿਸ ਅਖਵਾਉਣ ਵਾਲੇ ਅੱਜ ਬੇਸ਼ੱਕ ਬਹੁਤ ਹਨ ਪਰ ਸਹੀ ਅਰਥਾਂ ਵਿੱਚ ਸਿੱਖ ਜੁਝਾਰੂਆਂ ਦੀ ਇੰਡੀਅਨ ਸਟੇਟ ਪ੍ਰਤੀ ਸਮਝ ਅਤੇ ਉਸ ਨਾਲ ਨਿਪਟਨ ਵਾਸਤੇ ਸਚਿਆਰੇ ਅਮਲ ਦੇ ਠੋਸ ਜਥੇਬੰਦਕ ਰੂਪ ਦੀ ਅਣਹੋਂਦ ਕਾਰਨ ਅੱਜ ਦੇ ਸਿੱਖ ਨੌਜਵਾਨਾਂ ਦਿਆਂ ਮੋਢਿਆਂ ’ਤੇ ਬਹੁਤ ਵੱਡੀ ਜਿੰਮੇਵਾਰੀ ਹੈ। ਇਸ ਘੱਲੂਘਾਰੇ ਦੇ ਧੁਰ ਤੱਕ ਜਾਣ ਦੀ ਲੋੜ ਹੈ ਤਾਂ ਕਿ ਸਾਡੇ ਦੁਸ਼ਮਣ ਦੀ ਸਹੀ ਨਿਸ਼ਾਨਦੇਹੀ ਕੀਤੀ ਜਾ ਸਕੇ ਅਤੇ ਖਾਲਸਾ ਜੀ ਦੇ ਬੋਲਬਾਲੇ ਵੱਲ੍ਹ ਜਾਂਦੇ ਸਾਰਥਕ ਰਾਹ ਪਛਾਣੇ ਜਾ ਸਕਣ।

ਤੀਜੇ ਘੱਲੂਘਾਰੇ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝੇ ਬਿਨਾਂ ਇਹ ਕਾਰਜ ਅਸੰਭਵ ਹੈ ਪਰ ਇਹ ਜਰੂਰੀ ਹੈ ਕਿ ਸਹੀ ਐਨਕ ਦੇ ਨਾਲ ਘੱਲੂਘਾਰੇ ਨੂੰ ਵਾਚੀਏ ਅਤੇ ਸਮਝੀਏ। ਇੰਡੀਅਨ ਖਬਰਖਾਨੇ, ਯੂਨੀਵਰਸਟੀਆਂ ਅਤੇ ਹੋਰ ਪੱਛਮੀ ਤਰਜ਼ ਦੇ ਆਧੁਨਿਕ ਅਦਾਰਿਆਂ ਵੱਲੋਂ ਰਚੇ ਬਿਰਤਾਂਤ ਹੁਣ ਤੱਕ ਸੱਚਾਈ ਨੂੰ ਉਜਾਗਰ ਕਰਨ ਦੀ ਬਜਾਏ ਰਾਸ਼ਟਰਵਾਦ ਅਤੇ “ਸੈਕੂਲਰਵਾਦ” ਦੀ ਆੜ੍ਹ ਹੇਠ ਇਸ ਨੂੰ ਵੱਧ ਤੋਂ ਵੱਧ ਇੱਕ ਮਨੁੱਖੀ ਅਧਿਕਾਰਾਂ ਤੱਕ ਜਾਂ ਸਟੇਟ ਦੇ ਅੰਤਰਮੁਖੀ ਰਾਜਨੀਤਕ ਮਸਲੇ ਤੱਕ ਹੀ ਸੀਮਤ ਕਰ ਦਿੰਦੇ ਹਨ ਜਿਸ ਕਾਰਨ ਸਿੱਖ ਹਲਕਿਆਂ ਵਿੱਚ ਵੀ ਇਸ ਦੇ ਡੂੰਘੇ ਮਨੋਵਗਿਆਨਿਕ ਅਸਰ ਪਏ ਹਨ। ਇਹੋ ਜਿਹੀ ਪੇਸ਼ਕਾਰੀ ਦੇ ਨਤੀਜੇ ਵਜੋਂ ਕੁਝ ਪੰਥਕ ਧਿਰਾਂ ਨੇ ਵੀ ਇਸ ਘੱਲੂਘਾਰੇ ਨੂੰ ਸਿੱਖ ਮੌਲਿਕ ਦ੍ਰਿਸ਼ਟੀਕੋਣ ਤੋਂ ਵੇਖਣ ਅਤੇ ਸਮਝਣ ਤੋਂ ਮੂੰਹ ਮੋੜ ਲਿਆ ਹੈ।

ਸਿੱਖ ਨੁਕਤਾ ਨਿਗ੍ਹਾ ਤੋਂ ਇਨ੍ਹਾਂ ਅਦਾਰਿਆਂ ਵੱਲੋਂ ਰਚੇ ਪ੍ਰਵਚਨਾਂ ਨੂੰ ਪਾਰ ਕਰਨ ਵਾਸਤੇ ਦੋ ਗੱਲਾਂ ਬਹੁਤ ਜਰੂਰੀ ਹਨ। ਪਹਿਲਾ, ਇਤਿਹਾਸ ਜਮੀਨੀ ਪੱਧਰ ਤੋਂ ਆਮ ਸੰਗਤਾਂ ਦੇ ਨਜ਼ਰੀਏ ਤੋਂ ਸਮਝਿਆ ਜਾਵੇ ਜੋ ਆਮ ਕਰਕੇ ਆਧੁਨਿਕ ਗਿਆਨ ਪ੍ਰਬੰਧ ਅਨੁਸਾਰ ਉਸਰੀਆਂ ਸੰਸਥਾਂਵਾਂ ਵੱਲੋਂ ਨਕਾਰਿਆ ਜਾਂਦਾ ਹੈ ਅਤੇ ਦੂਸਰਾ, ਇਸ ਖੋਜ ਨੂੰ ਕਲਮਬੱਧ ਕਰਨ ਵਾਲੇ ਜੀਅ ਗੁਰਮਤਿ ਸਿਧਾਂਤਾਂ ਨੂੰ ਪ੍ਰਣਾਏ ਅਤੇ ਆਧੁਨਿਕਤਾ ਦੀ ਗਿਆਨਾਤਮਕ ਹਿੰਸਾ (epistemic violence) ਬਾਰੇ ਜਾਗਰੂਕ ਹੋਣ। ਇਸ ਦੀ ਲੋੜ ਤਾਂ ਹੈ ਕਿਉਂਕਿ ਇਸ ਗਿਆਨ ਪ੍ਰਬੰਧ ਦੀ ਖਾਸੀਅਤ ਇਹੀ ਰਹੀ ਹੈ ਕਿ ਇਹ ਸੂਖਮ ਤਰੀਕੇ ਨਾਲ ਦੂਜਿਆਂ ਦੀ ਹੋਂਦ ਨੂੰ ਖਤਮ ਕਰਕੇ ਆਪਣੇ ਆਪ ਵਿੱਚ ਜਜ਼ਬ ਕਰ ਲੈਂਦੀ ਹੈ, ਇਹੀ ਕੁਝ ਇਸ ਘੱਲੂਘਾਰੇ ਨੂੰ ਸਿਰਫ ਮਨੁੱਖੀ ਅਧਿਕਾਰਾਂ ਅਤੇ ਮਹਿਜ਼ ਰਾਜਨੀਤਕ ਮਸਲੇ ਵਜੋਂ ਵੇਖਣ ਵਾਲਿਆਂ ਨਾਲ ਹੋਇਆ ਹੈ।

ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਮੌਖਿਕ ਇਤਿਹਾਸ (oral history) ਬਹੁਤ ਲਾਹੇਵੰਦ ਹੈ ਤਾਂ ਕਿ ਆਪਣੇ ਇਤਿਹਾਸ ਨੂੰ ਸਾਂਭਿਆ ਜਾਵੇ (ਜਿਸ ਨੂੰ ਮਿਟਾਉਣ ਜਾਂ ਗੰਦਲਾ ਕਰਨ ਦੀ ਹਰ ਕੋਸ਼ਿਸ਼ ਜਾਰੀ ਰਹਿੰਦੀ ਹੈ) ਅਤੇ ਸਹੀ ਨਜ਼ਰੀਏ ਤੋਂ ਸਮਝਿਆ ਜਾ ਸਕੇ। ਜੂਨ ੧੯੮੪ ਵਿੱਚ ਗੁਰਦੁਆਰਾ ਸਾਹਿਬਾਨਾਂ ’ਤੇ ਹੋਏ ਫੌਜੀ ਹਮਲਿਆਂ ਬਾਰੇ ਚਸ਼ਮਦੀਦ ਗਵਾਹਾਂ ਕੋਲੋਂ ਇਕੱਠੀ ਕੀਤੀ ਇਹ ਜਾਣਕਾਰੀ, ਇਸ ਕਾਰਜ ਨੂੰ ਬਹੁਤ ਅੱਗੇ ਲੈ ਗਈ ਹੈ। ਤੀਜੇ ਘੱਲੂਘਾਰੇ ਰਾਹੀਂ ਅਸੀਂ ਇਸ ਖਿੱਤੇ ਦੇ ਜਰਵਾਣੇ (ਇੰਡੀਅਨ ਸਟੇਟ) ਅਤੇ ਆਪਣੇ ਆਪ ਦੇ (ਗੁਰੂ ਖਾਲਸਾ ਪੰਥ ਦੇ) ਸ਼ੁੱਧ ਰੂਪ ਵਿੱਚ ਦਰਸ਼ਨ ਕਰ ਸਕਦੇ ਹਾਂ ਅਤੇ ਇਨ੍ਹਾਂ ਧਿਰਾਂ ਵਿਚਕਾਰ ਗੁਰਦੁਆਰਾ ਸਾਹਿਬਾਨ ਪ੍ਰਤੀ ਸਮਝ ਬਾਰੇ ਟਕਰਾਅ ਵੇਖ ਸਕਦੇ ਹਾਂ।

ਪੱਛਮ ਵਿੱਚ ਵਿਕਸਤ ਅਤੇ ਬਾਕੀ ਦੁਨੀਆਂ ’ਤੇ ਥੋਪਿਆ ਗਿਆ ਆਧੁਨਿਕ “ਸੈਕੂਲਰ” ਸਟੇਟ ਇੱਕ ਖਾਸ ਕਿਸਮ ਦਾ ਵਹਿਸ਼ੀ ਰਾਜ ਪ੍ਰਬੰਧ ਦਾ ਨਮੂਨਾ ਹੈ ਜੋ ਇਤਿਹਾਸ ਦੇ ਹੋਰ ਰਾਜ ਪ੍ਰਬੰਧਾਂ ਨਾਲੋਂ ਕਈ ਪੱਖਾਂ ਤੋਂ ਵੱਖਰਾ ਹੈ। ਸਭ ਤੋਂ ਅਹਿਮ ਉਸ ਦਾ ਪ੍ਰਭੂਸੱਤਾ ਦਾ ਸੰਕਲਪ ਅਤੇ ਪ੍ਰਬੰਧ ਹੈ ਜਿਸ ਤਹਿਤ ਸਟੇਟ ਕਿਸੇ ਵੀ ਕਿਸਮ ਦੀ ਤਾਕਤ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਰੱਬ ਤੋਂ ਵੀ ਉੱਪਰ ਆਪਣੇ ਆਪ ਨੂੰ ਸਮਝਦੀ ਹੈ। ਮੌਜੂਦਾ ਵਿਸ਼ਵ ਰਾਜ ਪ੍ਰਬੰਧ ਅਨੁਸਾਰ ਸਟੇਟ ਹੀ ਸਿਰਮੌਰ ਸੰਸਥਾ ਹੈ ਜਿਸ ਦਾ ਮੁੱਢਲਾ ਮਨੋਰਥ ਅਤੇ ਲੋੜ ਉਸ ਦੇ ਅਧੀਨ ਸਮੁੱਚੀ ਧਰਤ ਅਤੇ ਲੋਕਾਈ ਉੱਤੇ ਅਜਿਹਾ ਪ੍ਰਬੰਧ ਸਥਾਪਿਤ ਕਰਨਾ ਹੈ ਜਿਸ ਵਿੱਚ ਪ੍ਰਭੂਸੱਤਾ ਦਾ ਨਿਆਰਾ ਅਧਾਰ ਜਾਂ ਪ੍ਰਭੂਸੱਤਾ ਦਾ ਹੋਰ ਕੋਈ ਦਾਅਵੇਦਾਰ ਜਾਂ ਬਾਗੀ ਧਿਰ ਜਾਂ ਨਿਆਰੀ ਹਸਤੀ ਨਾ ਹੋਵੇ। ਇਸ ਨੂੰ ਯਕੀਨੀ ਬਣਾਉਣ ਲਈ ਹਥਿਆਰਾਂ ਦੀ ਵਰਤੋਂ ਦਾ ਅਧਿਕਾਰ ਸਿਰਫ ਸਟੇਟ ਅਦਾਰਿਆਂ ਕੋਲ ਹੈ (ਜਿਵੇਂ ਕਿ ਪੁਲਸ ਅਤੇ ਫੌਜ)। ਇਨਸਾਫ ਨੂੰ ਵੀ ਇੱਕ ਸੌੜੇ ਤਰੀਕੇ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਹੈ ਜਿਸ ਅਨੁਸਾਰ ਇਨਸਾਫ ਨੂੰ ਹੱਕ-ਸੱਚ ਨਾਲੋਂ ਤੋੜ ਕੇ ਸਿਰਫ ਸਟੇਟ ਦੇ ਹਿੱਤਾਂ ਅਤੇ ਪ੍ਰਵਚਨਾਂ ਨਾਲ ਹੀ ਜੋੜਿਆ ਜਾਂਦਾ ਹੈ। ਭਾਵ ਜੋ ਵੀ ਫੁਰਮਾਨ ਸਟੇਟ ਕਾਨੂੰਨ ਰਾਹੀਂ ਸਥਾਪਤ ਕਰਦਾ ਹੈ, ਉਹੀ ਇਨਸਾਫ ਬਣ ਜਾਂਦਾ ਹੈ ਅਤੇ ਪੁਲਸ ਜਾਂ ਫੌਜ ਇਸ ਨੂੰ ਲਾਗੂ ਕਰਨ ਵਾਸਤੇ ਜੇਕਰ ਕਤਲ ਵੀ ਕਰ ਦੇਵੇ ਤਾਂ ਵੀ ਇਹ “ਇਨਸਾਫ” ਹੀ ਹੈ ਪਰ ਜੇ ਕੋਈ ਧਿਰ ਸਟੇਟ ਦੀ ਨਾਦਰਸ਼ਾਹੀ ਨੂੰ ਵੰਗਾਰ ਕੇ ਹੱਕ-ਸੱਚ ਲਈ ਗੁਰੂ ਵੱਲੋਂ ਬਖਸ਼ੇ ਸ਼ਸਤਰਾਂ ਰਾਹੀਂ ਇਨਸਾਫ ਕਰੇ ਤਾਂ ਉਹ ਗੁਨਾਹਗਾਰ ਬਣ ਜਾਂਦੀ ਹੈ। ਹੋਰ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਟੇਟ ਦੀ ਬਿਨਾਂ ਸਵਾਲ ਕੀਤਿਆਂ ਗੁਲਾਮੀ ਕਰਨੀ ਹੀ ਇਨਸਾਫ ਹੈ ਅਤੇ ਜੋ ਵੀ ਗੁਲਾਮੀ ਜਾਂ ਜੁਲਮ ਦੇ ਖਿਲਾਫ ਸਟੇਟ ਤੋਂ ਬਾਗੀ ਹੋਵੇਗਾ ਉਹ ਸਟੇਟ ਦੀਆਂ ਨਜ਼ਰਾਂ ਵਿੱਚ ਮੁਜਰਿਮ ਜਾਂ “ਅੱਤਵਾਦੀ” ਹੀ ਹੋਵੇਗਾ।

ਇਸ ਵਿਚਾਰ ਦੀ ਤਹਿ ਤੱਕ ਜਾਂਦਿਆਂ ਹੋਰ ਵੀ ਘਾਤਕ ਸੱਚਾਈਆਂ ਸਾਹਮਣੇ ਆਉਂਦੀਆਂ ਹਨ। ਸਟੇਟ ਦੀ ਲੋੜ ਅਤੇ ਮੁੱਢਲੀ ਪਰਿਭਾਸ਼ਾ ਅਨੁਸਾਰ, ਪ੍ਰਭੂਸੱਤਾ ਦਾ ਸੋਮਾ ਅਤੇ ਇਸ ਦਾ ਕੇਂਦਰ ਸਿਰਫ ਸਟੇਟ ਖੁਦ ਹੀ ਹੋ ਸਕਦੀ ਹੈ। ਇਸ ਦੇ ਲਈ ਹਰ ਯੋਗ ਤਾਕਤ ਨੂੰ ਪੂਰੀ ਤਰ੍ਹਾਂ ਦਬਾ ਕੇ ਆਪਣੇ ਗਲਬੇ ਹੇਠ ਰੱਖ ਕੇ ਹੀ ਸਟੇਟ ਹੋਂਦ ਵਿੱਚ ਆਈ ਸੀ ਅਤੇ ਇਹ ਆਪਣੀ ਹੋਂਦ ਇਸੇ ਤਰ੍ਹਾਂ ਹੀ ਬਚਾ ਸਕਦੀ ਹੈ। ਫਰੰਗੀਆਂ ਦੇ ਸਰਕਾਰ-ਏ-ਖਾਲਸਾ ਹਥਿਆਉਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਰਬੱਤ ਖਾਲਸਾ ਦੀ ਅਹਿਮੀਅਤ ਨੂੰ ਸਿਧਾਂਤਿਕ ਪੱਖ ਤੋਂ ਖੋਰਾ ਲਾਉਣ ਨਾਲ ਹੀ ਇੰਡੀਅਨ ਸਟੇਟ ਦਾ ਪੰਜਾਬ ਉੱਤੇ ਗਲਬਾ ਸੰਭਵ ਹੋ ਸਕਿਆ। ਸਟੇਟ ਲਈ ਕੋਈ ਵੀ ਗੁਰਦੁਆਰਾ ਸਾਹਿਬ ਸਿਰਫ “ਧਾਰਮਿਕ” ਅਸਥਾਨ ਹੀ ਹੋ ਸਕਦਾ ਹੈ, ਸਟੇਟ ਇਸ ਨੂੰ ਇੱਕ ਅੱਡਰੀ ਪ੍ਰਭੂਸੱਤਾ ਦੇ ਕੇਂਦਰ ਵਜੋਂ ਜਾਂ ਉਸ ਦੇ ਮੁਕਾਬਲੇ ਵਜੋਂ ਇਕ ਤਾਕਤ ਦੇ ਰੂਪ ਵਿੱਚ ਬਰਦਾਸ਼ਤ ਨਹੀਂ ਕਰ ਸਕਦੀ। ਇਸ ਦੇ ਨਾਲ ਹੀ, ਪ੍ਰਭੂਸੱਤਾ ਨੂੰ ਚੁਣੌਤੀ ਦਿੰਦਿਆਂ ਜਾਂ ਇਨਸਾਫ ਦੀ ਰਾਖੀ ਲਈ ਹੋਰ ਕਿਸੇ ਵੀ ਧਿਰ ਨੂੰ ਹਥਿਆਰ ਰੱਖਣ ਦੀ ਸਟੇਟ ਇਜਾਜ਼ਤ ਨਹੀਂ ਦੇ ਸਕਦੀ ਜਦ ਕਿ ਇਹ ਦੋਵੇਂ ਗੱਲਾਂ ਗੁਰਦੁਆਰਾ ਸਾਹਿਬ ਦੀ ਮੁਢਲੀ ਪ੍ਰਭਾਸ਼ਾ ਵਿੱਚ ਆਉਂਦੀਆਂ ਹਨ।

ਇਸੇ ਸੰਧਰਭ ਵਿੱਚ ਜੂਨ ੧੯੮੪ ਦੇ ਫੌਜੀ ਹਮਲੇ ਨੂੰ ਸਿਰਫ ਕਿਸੇ ਵਿਅਕਤੀ ਜਾਂ ਕੁਝ ਘਟਨਾਵਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਇਹ ਹਮਲਾ, ਉੱਭਰ ਰਹੀ ਪੰਥਕ ਤਾਕਤ ਦੇ ਹੁੰਦਿਆਂ, ਸਟੇਟ ਦੀ ਅਣਸਰਦੀ ਲੋੜ ਸੀ। ਪਾਤਿਸਾਹੀ ਦਾਅਵੇ ਲਈ ਵਚਨਬੱਧ ਗੁਰੂ ਖਾਲਸਾ ਪੰਥ ਨੂੰ ਦਬਾਉਣ, ਗੁਰਦੁਆਰਿਆਂ ਉੱਤੇ ਸਟੇਟ ਦਾ ਮੁੜ ਕਬਜਾ ਜਮਾ ਕੇ ਸਿੱਖ ਸਵੈਮਾਣ ਨੂੰ ਰੋਲਣ ਅਤੇ ਹਿੰਸਾ ਦੇ ਏਕਾਅਧਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਹੀ ਸਟੇਟ ਵੱਲੋਂ ਬਿਨਾਂ ਕਿਸੇ ਵਿਰੋਧ ਤੋਂ ਇਨਾਂ ਵੱਡਾ ਹਮਲਾ ਮਿੱਥਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਅਨੇਕਾਂ ਗੁਰਦੁਆਰਾ ਸਾਹਿਬਾਨ ’ਤੇ ਹੋਇਆ ਫੌਜੀ ਹਮਲਾ ਅਜਿਹੇ ਬਸਤੀਵਾਦੀ ਹਮਲਿਆਂ ਦੀ ਇੱਕ ਕੜੀ ਹੀ ਹੈ। ੧੮੪੯ ਤੋਂ ਬਾਅਦ ਫਿਰੰਗੀਆਂ ਦੇ ਕਬਜੇ ਨੂੰ ਮਹਿਫੂਜ਼ ਰੱਖਣ ਦੇ ਲਈ ਬ੍ਰਿਟਿਸ਼ ਇੰਡੀਅਨ ਸਟੇਟ ਦੀ ਇੱਕ ਕਵਾਇਦ ਸੀ ਤਾਂ ਕਿ ਗੁਰੂ ਖਾਲਸਾ ਪੰਥ ਅਤੇ ਇਸ ਦੇ ਸੁਤੰਤਰ ਅਸਥਾਨ ਸਟੇਟ ਦੇ ਸ਼ਾਸਕੀ ਪ੍ਰਬੰਧ ਅਤੇ ਕਾਨੂੰਨ ਦੇ ਅਧੀਨ ਲਿਆਂਦੇ ਜਾਣ।

ਇਸ ਦੇ ਮੁਕਾਬਲੇ ਗੁਰੂ ਪੰਥ ਦੀਆਂ ਲਾਡਲੀਆਂ ਫੌਜਾਂ ਨੇ ਇਸ ਸਟੇਟ ਤੰਤਰ ਨੂੰ ਖਾਲਸਾਈ ਸਿਧਾਂਤਾਂ ਨਾਲ ਧੁਰ ਤੱਕ ਹਿਲਾ ਕੇ ਰੱਖ ਦਿੱਤਾ। ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਵਿੱਚ ਲੜੀਆਂ ਜੁਝਾਰੂ ਫੌਜਾਂ ਅਤੇ ਹੋਰ ਅਸਥਾਨਾਂ ਵਿੱਖੇ ਸਥਿਤ ਸੰਗਤਾਂ ਹਾਕਮਾਂ ਦੀਆਂ ਅੱਖਾਂ ’ਚ ਇਸ ਕਰਕੇ ਨਹੀਂ ਰੜਕਦੀਆਂ ਸਨ ਕਿ ਇਹਨਾਂ ਨੇ ਸਟੇਟ ਤੋਂ ਕੁਝ ਮੰਗਾਂ ਮਨਵਾਉਣ ਲਈ ਮੋਰਚਾ ਲਾਇਆ ਹੋਇਆ ਹੈ ਸਗੋਂ ਇਹ ਵੱਡੇ ਪੱਧਰ ਦਾ ਹਮਲਾ ਇਸ ਕਰਕੇ ਵਿੱਢਿਆ ਗਿਆ ਕਿਉਂਕਿ ਗੁਰੂ ਖਾਲਸਾ ਪੰਥ ਦਾ ਅਸਲ ਰੂਪ ਜਦੋਂ ਪ੍ਰਗਟ ਹੁੰਦਾ ਹੈ ਤਾਂ ਆਪਣੀ ਹੋਂਦ-ਹਸਤੀ ਰਾਹੀਂ ਸਟੇਟ ਦੀ ਪ੍ਰਭੂਸੱਤਾ ਲਈ ਚੁਣੌਤੀ ਬਣਦੀ ਹੈ। ਇਸ ਤੋਂ ਵੀ ਵੱਧ ਇੱਕ ਵਿਲੱਖਣ ਤਰਜ਼-ਏ-ਜ਼ਿੰਦਗੀ ਦਾ ਪਾਸਾਰ ਹੁੰਦਾ ਹੈ ਜੋ ਸਟੇਟ ਦੀਆਂ ਸਾਰੀਆਂ ਹੱਦਾਂ ਤੋੜਦੀ ਹੈ ਅਤੇ ਕਿਸੇ ਵੀ ਕੀਮਤ ’ਤੇ ਸੀਮਤ ਨਹੀਂ ਹੁੰਦੀ। ਖਾਲਸਾ ‘ਖੁਦ ਖੁਦਾ’ ਹੋ ਕੇ ਗਰੀਬ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਲਈ ਜਦੋਂ ਤੱਤਪਰ ਹੁੰਦਾ ਹੈ ਤਾਂ ਉਸ ਦਾ ਅਮਲ, ਉਸ ਦਾ ਨਿਸ਼ਾਨਾ ਅਤੇ ਉਸ ਦੀ ਟੇਕ ਆਧੁਨਿਕ ਸਟੇਟ ਦੀਆਂ ਹੱਦਾਂ ਜਾਂ ਕਾਇਦੇ ਕਾਨੂੰਨ ਵਿੱਚ ਪਾਬੰਦ ਨਹੀਂ ਹੁੰਦੇ।

ਅਕਾਲੀ ਪ੍ਰਭੂਸਤਾ ਦੇ ਆਸਰੇ ਖਾਲਸਾ ਪੰਥ ਗੁਰੂ ਰੂਪ ਹੋ ਕੇ ਜਦੋਂ ਕਿਰਿਆਸ਼ੀਲ ਅਤੇ ਜਥੇਬੰਦ ਹੁੰਦਾ ਹੈ ਤਾਂ ਉਸ ਦੇ ਸੰਘਰਸ਼ ਦਾ ਅਧਾਰ, ਆਦਰਸ਼ ਅਤੇ ਸੀਮਾ ਸਿਰਫ ਅਕਾਲ ਪੁਰਖ ਬੰਨ੍ਹਦੇ ਹਨ ਅਤੇ ਇਸ ਅਗੰਮੀ ਤਾਕਤ ਦੇ ਮੁੱਖ ਕੇਂਦਰ ਹਮੇਸ਼ਾ ਸਾਡੇ ਗੁਰਧਾਮ ਹੀ ਹੋਣਗੇ। ਅਸਮਾਨ ਵਿੱਚ ਝੂਲਦੇ ਸਾਡੇ ਨਿਸ਼ਾਨ ਸਾਹਿਬ ਸਿਰਫ ਧਾਰਮਿਕ ਚਿੰਨ੍ਹ ਨਹੀਂ ਹਨ ਬਲਕਿ ਇਹ ਉਸ ਸੁਤੰਤਰ ਅਸਥਾਨ ਦੀ ਨਿਸ਼ਾਨਦੇਹੀ ਕਰਦੇ ਹਨ ਜਿੱਥੇ ਗੁਰੂ ਖਾਲਸਾ ਪੰਥ ਦੀਆਂ ਫੌਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਸੱਚੇ ਪਾਤਿਸਾਹ ਤੋਂ ਇਲਾਵਾ ਹੋਰ ਕਿਸੇ ਬਾਹਰੀ ਤਾਕਤ ਦੇ ਅਧੀਨ ਨਹੀਂ ਹੋ ਸਕਦੀਆਂ। ਇਸੇ ਖਤਰੇ ਤੋਂ ਭੈਅ-ਭੀਤ ਹੋ ਕੇ ਸਟੇਟ ਨੇ ਫੈਸਲਾਕੁੰਨ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨਾਂ ’ਤੇ ਹਮਲਾ ਕੀਤਾ।

ਵਰਤਮਾਨ ਮਸਲਿਆਂ ਨਾਲ ਭਿੜਦਿਆਂ ਖਾਲਸਾ ਜੀ ਦੇ ਜਨਵਰੀ ੧੯੮੬ ਦੇ ਸਰਬੱਤ ਖਾਲਸਾ ਗੁਰਮਤੇ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਅੱਜ ਦੇ ਦੌਰ ਵਿੱਚ ਪੰਥਕ ਨਵ-ਉਸਾਰੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਪੰਥਕ ਸੰਘਰਸ਼ ਦਾ ਅਧਾਰ ਅਤੇ ਟੇਕ ਪਰ-ਅਧੀਨ ਸੰਸਥਾਂਵਾਂ (ਇੰਡੀਅਨ ਚੋਣ ਪ੍ਰਕਿਰਿਆ ਜਾਂ ਹੋਰ ਕੋਈ ਅਦਾਰੇ) ਉੱਤੇ ਕਦੇ ਨਹੀਂ ਰਿਹਾ। ਇਸ ਦੇ ਉਲਟ ਅਗਵਾਈ ਸਿਰਜਣ ਦੀ ਖਾਲਸਾਈ ਵਿਧੀ ਨੂੰ ਮੁੜ ਸੁਰਜੀਤ ਕਰਦਿਆਂ ਅਤੇ ਧਰਮ ਨੂੰ ਮੁੱਖ ਰੱਖਦਿਆਂ ਗੁਰਧਾਮਾਂ ਵਿੱਚ ਹੀ ਪੰਥ ਦੀ ਤਾਕਤ ਉਸਾਰੀ ਜਾਂਦੀ ਹੈ ਅਤੇ ਇਨ੍ਹਾਂ ਕੇਂਦਰਾਂ ਤੋਂ ਹੀ ਖਾਲਸਾ ਜੀ ਜਾਲਮਾਂ ਨੂੰ ਸੋਧਦਾ ਅਤੇ ਦੁਨਿਆਵੀ ਢਾਂਚਿਆਂ ਨੂੰ ਸਰਬੱਤ ਦੇ ਭਲੇ ਵਾਸਤੇ ਸਿਰਜਦਾ ਹੈ।

ਇਸ ਕਿਤਾਬ ਨੇ ਉਹ ਕਾਰਜ ਕੀਤਾ ਹੈ ਜੋ ਮੋਹਰੀ ਸੰਸਥਾਂਵਾਂ ਨੂੰ ਬਹੁਤ ਸਮਾਂ ਪਹਿਲਾਂ ਕਰਨਾ ਚਾਹੀਦਾ ਸੀ ਪਰ ਕਈ ਕਾਰਨਾਂ ਕਰਕੇ ਹੋਇਆ ਨਹੀਂ। ਮਲਕੀਤ ਸਿੰਘ ਦੇ ਉੱਦਮਾਂ ਤੋਂ ਇਹ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਬੇਅੰਤ ਔਕੜਾਂ ਦੇ ਬਾਵਜੂਦ ਸਾਡੀ ਪੀੜ੍ਹੀ ਨੇ ਇਸ ਸੰਘਰਸ਼ ਨੂੰ ਬੇਦਾਵਾ ਨਹੀਂ ਲਿਖਿਆ ਸਗੋਂ ਇੱਕ ਨਵੀਂ ਉਮੀਦ, ਸ਼ਿੱਦਤ ਅਤੇ ਉਤਸ਼ਾਹ ਨਾਲ ਮੈਦਾਨ ਵਿੱਚ ਉੱਤਰੀ ਹੈ ਅਤੇ ਭਵਿੱਖ ਦੇ ਨਵੇਂ ਰਾਹ ਤਲਾਸ਼ ਰਹੀ ਹੈ। ਜਿੱਥੇ ਕੋਈ ਕਮੀ ਜਾਂ ਘਾਟ ਲੱਗੀ ਹੋਰਨਾਂ ਨੂੰ ਦੋਸ਼ ਦੇਣ ਦੀ ਬਜਾਏ ਆਪ ਉੱਦਮ ਕਰਕੇ ਇੱਕ ਸ਼ੁਰੂਆਤ ਵਜੋਂ ਪੰਥ ਦੀ ਝੋਲੀ ਵਿੱਚ ਇਹ ਕਿਤਾਬ ਪਾਈ ਹੈ। ਇਸ ਤਰ੍ਹਾਂ ਹੋਰ ਬਹੁਤ ਨੌਜਵਾਨ ਹਨ ਜੋ ਆਪੋ ਆਪਣੀ ਮੁਹਾਰਤ ਅਤੇ ਬੁੱਧੀ ਅਨੁਸਾਰ ਪੰਥ ਸੇਵਾ ਵਿੱਚ ਤੁਰੇ ਹੋਏ ਹਨ ਜਿਨ੍ਹਾਂ ਦੇ ਕਦਮਾਂ ਨੂੰ ਪਾਤਿਸਾਹ ਆਪ ਸਹਾਈ ਹੋ ਕੇ ਇੱਕ-ਇੱਕ ਕਰਕੇ ਵੱਖੋ ਵੱਖਰੇ ਰਸਤਿਆਂ ਨੂੰ ਪੰਥ ਦੀ ਚੜ੍ਹਦੀਕਲਾ ਹਿੱਤ ਮਿਲਾ ਰਹੇ ਹਨ। ਇਸ ਪੈੜ ਵੱਲੋਂ ਪੁਰਾਣੀਆਂ ਲੀਹਾਂ ਨੂੰ ਪਾਰ ਕਰਦਿਆਂ ਧਰਮ ਵਿੱਚ ਰੰਗੀ ਇੱਕ ਨਵੀਂ ਬੌਧਿਕ ਜਾਗਰੁਕਤਾ ਅਤੇ ਜਥੇਬੰਦਕ ਸਫਬੰਦੀ ਚੱਲ ਰਹੀ ਹੈ ਜੋ ਗੁਰੂ ਗ੍ਰੰਥ-ਪੰਥ ਨੂੰ ਸਮਰਪਿਤ ਇੱਕ ਨਵੀਂ ਸਿਰਜਣਾ ਕਰਕੇ ਇਤਿਹਾਸ ਦੇ ਨਵੇਂ ਪੰਨੇ ਲਿਖੇਗੀ।

ਮਲਕੀਤ ਸਿੰਘ ਇਸੇ ਪੰਧ ਦਾ ਇੱਕ ਅਜਿਹਾ ਨੌਜਵਾਨ ਲਿਖਾਰੀ ਅਤੇ ਕਵੀ ਹੈ ਜਿਸ ਦੀ ਕਲਮ ਨੂੰ ਪਾਤਿਸਾਹ ਨੇ ਅਥਾਹ ਹੁਨਰ ਅਤੇ ਸਿਰੜ ਬਖਸ਼ਿਆ ਹੈ। ਭਵਿੱਖ ਦੀ ਤਲਾਸ਼ ਵਿੱਚ ਰਚੀ ਜਾਂਦੀ ਇਤਿਹਾਸਕਾਰੀ ਸਿਰਫ ਘਟਨਾਵਾਂ, ਸਖਸ਼ੀਅਤਾਂ, ਅੰਕੜੇ ਜਾਂ ਤੱਥਾਂ ਨਾਲ ਹੀ ਨਹੀਂ ਹੁੰਦੀ ਸਗੋਂ ਸਹੀ ਸਿਧਾਂਤਕ ਸੇਧ ਅਤੇ ਰੂਹਾਨੀ ਜਜ਼ਬੇ ਨਾਲ ਭਿੱਜੀ ਹੋਈ ਰੂਹ ਵੀ ਚਾਹੀਦੀ ਹੈ ਜੋ ਘਟਨਾਵਾਂ ਨੂੰ ਬਿਆਨ ਕਰਦਿਆਂ ਹੀ ਪਾਠਕ ਵਿੱਚ ਆਪਣੇ ਵਿਰਸੇ ਦੀ ਚਿਣਗ ਜਗਾ ਸਕਦੀ ਹੋਵੇ। ਮਲਕੀਤ ਸਿੰਘ ਦੀ ਕਲਮ ਇਸੇ ਹੀ ਤਰ੍ਹਾਂ ਉਮੀਦ ਅਤੇ ਗੁਰੂ ਪਿਆਰ ਵਿੱਚ ਭਿੱਜ ਕੇ ਚੱਲ ਰਹੀ ਹੈ ਜੋ ਪੰਥਕ ਨਵ-ਉਸਾਰੀ ਵਿੱਚ ਆਪਣਾ ਚੰਗਾ ਯੋਗਦਾਨ ਪਾ ਰਹੀ ਹੈ।

ਇਤਿਹਾਸ ਨੂੰ ਸਾਂਭਣ ਵਾਲੇ ਕਾਰਜ ਕਰਨ ਵਾਲਿਆਂ ਨੂੰ ਪਾਤਿਸਾਹ ਹੋਰ ਬਲ ਬਖਸ਼ਿਸ਼ ਕਰਨ ਤਾਂ ਕਿ ਇਨ੍ਹਾਂ ਘੱਲੂਘਾਰਿਆਂ ਦੀਆਂ ਯਾਦਾਂ ਰਾਹੀਂ ਇਕ ਤਾਂ ਉਹਨਾਂ ਮਹਾਨ ਜੀਵਨ ਮੁਕਤ ਰੂਹਾਂ ਦੇ ਦਰਸ਼ਨ ਕਰ ਸਕੀਏ ਜੋ ਗੁਰਸਿੱਖੀ ਦੇ ਮਾਰਗ ’ਤੇ ਚਲਦਿਆਂ ਸਾਡੇ ਭਵਿੱਖ ਦਾ ਰਾਹ ਰੁਸ਼ਨਾ ਰਹੇ ਹਨ ਅਤੇ ਦੂਸਰਾ, ਬੀਤੇ ਹੋਏ ਨੂੰ ਤਾਹਨੇ-ਮਿਹਣਿਆਂ ਤੋਂ ਅੱਗੇ ਲਿਜਾ ਕੇ ਭਵਿੱਖ ਲਈ ਚਾਨਣ ਮੁਨਾਰਿਆਂ ਵਜੋਂ ਵੇਖਣ-ਸਮਝਣ ਦੀ ਕਵਾਇਦ ਵਿੱਚ ਪੈਣ ਲਈ ਯਤਨਸ਼ੀਲ ਹੋ ਸਕੀਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: