ਖੇਤੀਬਾੜੀ

ਬੰਦੇ ਦਾ ਕਿੱਤਾ ਅਤੇ ਉਹਦਾ ਵਿਹਾਰ

By ਸਿੱਖ ਸਿਆਸਤ ਬਿਊਰੋ

February 06, 2024

ਬੰਦੇ ਦੇ ਸੁਭਾਅ ਤੇ ਵਿਹਾਰ ਉਪਰ ਉਸ ਦੇ ਕਿੱਤੇ ਦਾ ਖਾਸ ਅਸਰ ਹੁੰਦਾ ਹੈ। ਕਿੱਤਾ ਬੰਦੇ ਦੀ ਰੋਜੀ-ਰੋਟੀ ਦਾ ਵਸੀਲਾ ਤੇ ਵਿਹਾਰ ਉਸ ਦਾ ਜਿਓਣ ਢੰਗ ਮੰਨਿਆ ਜਾ ਸਕਦਾ ਹੈ। ਇਸ ਨੂੰ ਪੰਜਾਬੀ ਸਮਾਜ ਸੱਭਿਆਚਾਰਕ ਪ੍ਰਸੰਗ ਵਿਚ ਰੱਖ ਕੇ ਸਮਝ ਸਕਦੇ ਹਾਂ। ਬਾਣੀਏ/ਸ਼ਾਹ ਦਾ ਆਮ ਜੀਵਨ ‘ਚ ਵਿਹਾਰ ਉਸ ਦੇ ਕਿੱਤੇ ਦੇ ਪ੍ਰਭਾਵ ਤੋਂ ਸੱਖਣਾ ਨਹੀਂ ਹੁੰਦਾ। ਪੰਜਾਬੀ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਆਪਣੀ ਕਹਾਣੀ ‘ਤੱਖੀ’ ਵਿਚ ਸੱਪ ਦੇ ਡੰਗੇ ਦਾ ਇਲਾਜ ਕਰਨ ਵਾਲੇ ਸਪੇਰੇ ਦੇ ਕਿੱਤੇ ਤੇ ਉਹਦੇ ਮਨ ਦੀ ਪਰਤ ਖੋਲ੍ਹਦਾ ਹੈ “ਜੱਗੂ ਦੀ ਮਾਂ ਕਈ ਵਾਰ ਲੜਦੀ ਆਖਦੀ ਹੁੰਦੀ ਏ ਤੂੰ ਕਦੇ ਕਿਸੇ ਦੀ ਖ਼ੈਰ ਨਹੀਂ ਮੰਗਦਾ, ਹਰ ਵੇਲੇ ਉਡੀਕਦਾ ਰਹਿਨੈਂ। ਜਦੋਂ ਕੋਈ ਓਪਰਾ ਬੰਦਾ ਆਉਂਦਾ, ਅੰਦਰੋਂ ਤੂੰ ਚਾਹੁੰਨੈ ਉਹ ਨਾਗ ਦਾ ਡੰਗਿਆ ਹੋਵੇ ਤੇਰੇ ਚਾਰ ਪੈਸੇ ਬਣਨ। ਉੱਪਰੋਂ‌ ਪੁੱਛਦੈਂ ਸੁੱਖ ਐ ਲਾਣੇਦਾਰਾ, ਤੇਰਾ ਨੱਗਰ ਖੇੜਾ ਵੱਸੇ।”

ਦੂਜੇ ਪਾਸੇ ਕਿਰਸਾਣੀ ਖਾਸ ਕਰ ਪੰਜਾਬ ਦੀ ਕਿਰਸਾਣੀ ਨੂੰ ਵੇਖੀਏ ਤਾਂ ਇਹ ਮਹਿਜ਼ ਰੋਜ਼ੀ-ਰੋਟੀ ਦਾ ਵਸੀਲਾ ਨਹੀਂ ਬਲਕਿ ਸਦਭਾਵਨਾ ਤੇ ਸਰਬੱਤ ਦੇ ਭਲੇ ਦੀ ਮੰਗ ਵਿਚੋਂ ਨਿਕਲਿਆ ਖੁੱਲ੍ਹ ਕੇ ਜਿਓਣ ਦੀ ਰੰਗਤ ਦਾ ਨਾਂ ਹੈ। ਪੰਜਾਬੀ ਖਿੱਤੇ ਵਿਚ ਖੇਤੀ ਕਰਨ ਵਾਲੇ ਦੀਆਂ ਜੜ੍ਹਾਂ ਧਰਤੀ ਵਿੱਚ ਤੇ ਸੁਰਤ ਅਸਮਾਨੀਂ ਰਹਿੰਦੀ ਹੈ। ਪੰਜਾਬ ‘ਚ ਖੇਤੀ ਦਾ ਸੰਬੰਧ ਬੰਦੇ ਦੇ ਅੰਦਰਲੇ ਸਕੂਨ, ਸਬਰ, ਸ਼ੁਕਰ, ਅਣਥੱਕ ਮਿਹਨਤ, ਵੰਡ ਕੇ ਛਕਣ ਤੇ ਭਰੋਸੇ ਨਾਲ ਹੈ। ਬੀਅ ਬੀਜਣ ਤੋਂ ਉੱਗਣ, ਫਸਲ ਨਿੱਸਰਣ ਤੇ ਪੱਕਣ ਤਕ ਦਾ ਪੂਰਾ ਵਰਤਾਰਾ ਰੱਬੀ ਸ਼ੁਕਰ, ਭਰੋਸੇ ਤੇ ਅਰਦਾਸ ਦੇ ਅਨੁਭਵ ਵਿਚੋਂ ਗੁਜ਼ਰਦਾ ਹੈ। ਪੰਜਾਬ ਦੀ ਫ਼ਿਜ਼ਾ ਵਿੱਚ ਗੁਰੂ ਸਾਹਿਬਾਨ, ਸੂਫ਼ੀ ਸੰਤਾਂ, ਭਗਤਾਂ ਦੀ ਅੱਲਾਹੀ ਬਾਣੀ ਗੂੰਜਦੀ ਹੈ। ਜਿਸ ਧਰਤੀ ‘ਤੇ ਰਹਿਬਰ ਪੁਰਖ ਆਪ ਖੇਤੀ ਕਰਕੇ, ਵੰਡ ਛਕਣ ਤੇ ਉਸ ਨੂੰ ਫਲ ਲਾਉਣ ਵਾਲੇ ਸੋਹਣੇ ਰੱਬ ਦਾ ਸੁਨੇਹਾ ਦਿੰਦਾ ਹੈ ਉੱਥੇ ਪੈਦਾ ਹੋਏ ਕਿਸਾਨ ਦਾ ਵਿਹਾਰ, ਸੁਭਾਅ ਹੋਰਨਾਂ ਕਿੱਤੇਕਾਰਾਂ ਬਲਕਿ ਹੋਰਨਾਂ ਧਰਤੀਆਂ ਦੇ ਕਿਸਾਨਾਂ ਨਾਲੋਂ ਵੀ ਵੱਖਰਾ ਹੋਣਾ ਤੈਅ ਹੈ।

ਵੱਡੀਆਂ-ਵੱਡੀਆਂ ਕੰਪਨੀਆਂ, ਨਿੱਜੀ ਅਦਾਰਿਆਂ ਤੇ ਕਾਰਪੋਰੇਟ ਸੈਕਟਰ ਬੰਦੇ ਤੋਂ ਮਸ਼ੀਨਾਂ ਵਾਂਗ ਕੰਮ ਲੈਂਦਾ ਹੈ। ਬੰਦੇ ਦੇ ਮਨ ਦਾ ਸੁਹਜ, ਵਿਹਾਰ ਦੀ ਕੋਮਲਤਾ, ਠਹਿਰਾਅ ਤੇ ਜਿਓਣ ਦਾ ਅਦਬ ਖਤਮ ਕਰਕੇ ਡਿਪਰੈਸ਼ਨ ਨਾਂ ਦਾ ਨਵਾਂ ਰੋਗ ਦਿੱਤਾ ਹੈ। ਇਸ ਦੇ ਮੁਕਾਬਲੇ ਖੇਤੀ ਬੰਦੇ ਨੂੰ ਖੇੜਾ ਬਖਸ਼ਦੀ ਹੈ। ਕੁਦਰਤ ਦੇ ਅੰਗ-ਸੰਗ ਵਿਚਰਦਿਆਂ ਬੰਦਾ ਮਾਨਸਿਕ ਤਣਾਓ, ਦਬਾਅ ਤੇ ਨਿਰਾਸ਼ਤਾ ਤੋਂ ਬਚਿਆ ਰਹਿੰਦਾ ਹੈ। ਫਸਲ ਬੀਜਣ ਦੇ ਚਾਅ ਤੇ ਪੱਕਣ ਦੀਆਂ ਰੀਝਾਂ ਤੋਂ ਲੈ ਕੇ ਕੁਦਰਤੀ ਆਫ਼ਤਾਂ ਸਮੇਂ ਢੇਰੀ ਢਾਹੁਣ ਜਾਂ ਨਿਰਾਸ਼ ਹੋਣ ਨਾਲੋਂ ਮੁੜ ਉੱਠਣ ਤੇ ਬੀਜਣ ਦੀ ਰੀਝ ਕਿਸਾਨ ਦੇ ਵਿਹਾਰ ਵਿਚ ਪੱਕ ਜਾਂਦੀ ਹੈ ਤੇ ਮਨ ਖਿੜਿਆ ਰਹਿੰਦਾ ਹੈ। ਅਜਿਹੇ ਵਿਚ ਬੰਦਾ ਵੱਡੀ ਬਿਪਤਾ ਨੂੰ ਹੌਂਸਲੇ ਨਾਲ ਕੱਟ ਵੀ ਲੈਂਦਾ ਹੈ ਤੇ ਜਰਵਾਣੇ ਅੱਗੇ ਡਟ ਵੀ ਜਾਂਦਾ ਹੈ।।

ਪੰਜਾਬ ਦੀ ਫ਼ਿਜ਼ਾ ਵਿੱਚ ਰੱਬੀ ਬਾਣੀ ਦੇ ਰਸ ਤੇ ਸਿੱਖ ਇਤਿਹਾਸ ਨੇ ਕਿਰਤੀਆਂ ਨੂੰ ਕਦੇ ਨਿਰਾਸ਼ਾ ਵਲ ਨਹੀਂ ਧੱਕਿਆ ਸਗੋਂ ਹੁਕਮ, ਸਬਰ ਸ਼ੁਕਰ ਤੇ ਅਰਦਾਸ ਨੇ ਕਰੜੀ ਮਿਹਨਤ ਕਰਦਿਆਂ ਹੌਲ਼ਾ ਫੁੱਲ ਕਰੀ ਰੱਖਿਆ। ਅੱਜ ਖੇਤੀ ਤੇ ਕਿਰਤ ਤੋਂ ਟੁੱਟੇ ਬੰਦੇ ਦੇ ਵਿਹਾਰ ਦੀਆਂ ਆਪਣੀਆਂ ਸੌਂ ਦਿੱਕਤਾਂ ਨੇ। ਖੇਤੀ ਤੇ ਨੌਂਕਰੀ ਦੋਹਾਂ ਦਾ ਨਿੱਜੀ ਤਜ਼ਰਬਾ ਕਰਦਿਆਂ ਇਕ ਗੱਲ ਪੱਕੀ ਸਮਝ ਆਈ ਹੈ ਕਿ ਸਿਆਣਿਆਂ ਠੀਕ ਕਿਹਾ ਸੀ: ਉੱਤਮ ਖੇਤੀ, ਮੱਧਮ ਵਪਾਰ, ਨਿਖਿੱਧ ਚਾਕਰੀ।

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: