ਆਪਸੀ ਵੱਖਰੇਵਿਆਂ ਦੇ ਹੁੰਦਿਆਂ ਵੀ ਸਾਂਝੇ ਦੁਸ਼ਮਣ ਖਿਲਾਫ ਇਕੱਠੇ ਹੋ ਕੇ ਲੜਨਾ ਸਿਆਣਪ ਹੁੰਦੀ ਹੈ। ਲੜਾਈ ਦੌਰਾਨ ਅਕਸਰ ਇਹ ਨੀਤੀ ਵਰਤ ਲਈ ਜਾਂਦੀ ਹੈ। ਇਸ ਤੋਂ ਇਲਾਵਾ ਸੰਘਰਸ਼ ਵਿੱਚ ਕਈ ਵਾਰ ਕੁਝ ਅਜਿਹੇ ਬੰਦੇ ਵੀ ਨਾਲ ਤੋਰਨੇ ਪੈਂਦੇ ਹਨ ਜਿਹਨਾਂ ਦਾ ਪਤਾ ਹੁੰਦਾ ਕਿ ਇਹ ਧੁਰ ਤੱਕ ਜਾਣ ਦੇ ਸਮਰੱਥ ਨਹੀਂ, ਕਿਸੇ ਵਕਤ ਵੀ ਧੋਖਾ ਦੇ ਸਕਦੇ ਹਨ, ਪਰ ਨਾਲ ਚੱਲਣਾ ਕਈ ਵਾਰ ਵਕਤ ਦੀ ਮਜ਼ਬੂਰੀ ਹੁੰਦੀ ਅਤੇ ਕਈ ਵਾਰ ਲੋੜ, ਪਰ ਨਾਲ ਚੱਲਦੇ ਹੋਏ ਹਰ ਪਲ ਸੁਚੇਤ ਰਹਿਣਾ ਲਾਜ਼ਮੀ ਹੁੰਦਾ ਹੈ। ਜਦੋਂ ਕੋਈ ਸੰਘਰਸ਼ ਲੋਕਾਂ ਦਾ ਬਣ ਜਾਵੇ ਅਤੇ ਤਕਰੀਬਨ ਹਰ ਵਰਗ ਉਸ ਦੇ ਸਹਿਯੋਗ ਵਿੱਚ ਖੜ ਜਾਵੇ ਤਾਂ ਅਗਵਾਈ ਕਰਨ ਵਾਲਿਆਂ ਦੀ ਜਿੰਮੇਵਾਰੀ ਹੋਰ ਵੱਧ ਜਾਂਦੀ ਹੈ, ਓਦੋਂ ਸਹਿਯੋਗੀਆਂ ਅਤੇ ਹਮਦਰਦੀਆਂ ਦੀਆਂ ਭਾਵਨਾਵਾਂ ਦੀ ਮਜ਼ਬੂਤੀ ਦੇ ਨਾਲ ਤਰਜ਼ਮਾਨੀ ਕਰਨੀ ਲਾਜ਼ਮੀ ਹੋ ਜਾਂਦੀ ਹੈ। ਬਹੁਤ ਕੁਝ ਝੱਲਣਾ ਪੈਂਦਾ ਹੈ ਅਤੇ ਬਹੁਤ ਕੁਝ ਅਣਡਿੱਠ ਕਰਨਾ ਪੈਂਦਾ ਹੈ। ਜੇ ਕੋਈ ਕਦਮ ਲੈਣਾ ਵੀ ਪਵੇ ਤਾਂ ਉਹ ਵੀ ਸੰਘਰਸ਼ ਦਾ ਹਰ ਪੱਖ ਇਮਾਨਦਾਰੀ ਅਤੇ ਦੂਰਅੰਦੇਸ਼ੀ ਨਾਲ ਵਿਚਾਰ ਕੇ ਹੀ ਲਿਆ ਜਾਂਦਾ ਹੈ। ਜਦੋਂ ਇਸ ਤਰ੍ਹਾਂ ਨਹੀਂ ਹੁੰਦਾ ਫਿਰ ਆਪਸੀ ਵਖਰੇਵੇਂ ਵੱਧਦੇ ਰਹਿੰਦੇ ਹਨ ਜਿਸ ਦਾ ਸਾਂਝੇ ਦੁਸ਼ਮਣ ਨੂੰ ਲਾਭ ਹੁੰਦਾ ਹੈ। ਸੰਘਰਸ਼ਾਂ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ, ਆਪਣੇ ਮੁੱਖ ਮੁੱਦੇ ਉੱਤੇ ਕੇਂਦਰਿਤ ਰਹਿਣਾ ਅਤੇ ਏਕਾ ਬਣਾਈ ਰੱਖਣਾ ਅਹਿਮ ਹੁੰਦਾ ਹੈ। ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਵੀ ਹੁਣ ਤੱਕ ਕਾਫੀ ਉਤਰਾਅ ਚੜਾਅ ਆਏ। ਆਗੂਆਂ ਅਤੇ ਲੋਕਾਂ ਵਿੱਚ ਸੰਵਾਦ ਨਾ ਹੋਣ ਕਰਕੇ ਅਗਵਾਈ ਕਰ ਰਹੇ ਆਗੂਆਂ ਦੇ ਫੈਸਲੇ/ਬਿਆਨ ਅਤੇ ਸਹਿਯੋਗੀਆਂ ਦੀਆਂ ਭਾਵਨਾਵਾਂ ਵਿੱਚ ਪਾੜਾ ਨਜ਼ਰ ਆਇਆ ਜਿਸ ਸਦਕਾ ਆਪਸੀ ਪਾੜੇ ਵੀ ਸਾਹਮਣੇ ਆਏ ਅਤੇ ਸਰਕਾਰ ਨੇ ਇਹਨਾਂ ਵੱਖਰੇਵਿਆਂ ਦਾ ਲਾਭ ਵੀ ਲਿਆ। ਬੀਤੇ ਦਿਨੀਂ ਮਹਿਰਾਜ ਵਿਖੇ ਨੌਜਵਾਨਾਂ ਨੇ ਇਕੱਠ ਰੱਖਿਆ ਜਿਸ ਵਿੱਚ ਬਿਨ੍ਹਾਂ ਕਿਸੇ ਪ੍ਰਚਲਤ ਤਰੀਕਿਆਂ ਨੂੰ ਅਮਲ ‘ਚ ਲਿਉਂਦਿਆਂ ਕਾਫੀ ਗਿਣਤੀ ਵਿੱਚ ਇਕੱਠ ਹੋਇਆ। ਇਸ ਇਕੱਠ ਕਰਨ ਦੇ ਕੀ ਕਾਰਨ ਬਣੇ?, ਓਥੇ ਹੋਇਆ ਕੀ ਅਤੇ ਇਸ ਦੇ ਨਤੀਜੇ ਵਜੋਂ ਕੀ ਹੋਣਾ ਚਾਹੀਦਾ ਹੈ ਜਾਂ ਕੀ ਹੋ ਸਕਦਾ ਹੈ?, ਇਹ ਸਾਰੀਆਂ ਗੱਲਾਂ ਨੂੰ ਵੱਖ ਵੱਖ ਰੱਖ ਕੇ ਵੇਖਣ ਨਾਲੋਂ ਸਾਂਝੇ ਤੌਰ ਉੱਤੇ ਰੱਖ ਕੇ ਸਮਝਣ ਨਾਲ ਵੱਧ ਸਪਸ਼ਟਤਾ ਆ ਸਕਦੀ ਹੈ।
ਸੰਘਰਸ਼ ਦੀਆਂ ਪਿਛਲੀਆਂ ਕੁਝ ਘਟਨਾਵਾਂ ਅਜਿਹੀਆਂ ਵਾਪਰੀਆਂ ਜਿਹੜੀਆਂ ਇਕ ਤਰ੍ਹਾਂ ਮਨੋਵਿਗਿਆਨਕ ਹਮਲਾ ਹੀ ਹੋ ਨਿਬੜੀਆਂ। ਸੰਘਰਸ਼ ਕਰ ਰਹੀਆਂ ਧਿਰਾਂ ਅਤੇ ਸੰਘਰਸ਼ ਦੇ ਸਹਿਯੋਗੀਆਂ ਦਾ ਵੱਡਾ ਹਿੱਸਾ ਆਪਸੀ ਕਲੇਸ਼ ਵਿੱਚ ਪੈ ਗਿਆ ਅਤੇ ਸਰਕਾਰ ਨੇ ਆਪਣਾ ਡੰਗ ਤੇਜ਼ ਕਰ ਦਿੱਤਾ। ਇਸ ਸਭ ਦੌਰਾਨ ਆਗੂਆਂ ਦੀ ਕਾਰਵਾਈ ਤੋਂ ਨੌਜਵਾਨਾਂ ਦਾ ਵੱਡਾ ਹਿੱਸਾ ਨਿਰਾਸ਼ ਹੋਇਆ। ਸਿਰਫ ਨਿਰਾਸ਼ ਹੀ ਨਹੀਂ ਸਗੋਂ ਬੇਚੈਨ ਵੀ ਦਿਖਾਈ ਦੇ ਰਿਹਾ ਹੈ ਅਤੇ ਸਹੀ ਅਗਵਾਈ ਦੀ ਭਾਲ ਵਿੱਚ ਹੱਥ ਪੈਰ ਮਾਰਦਾ ਜਾਪ ਰਿਹਾ ਹੈ। ਇਸ ਦਾ ਕਾਰਨ ਕਿਤੇ ਨਾ ਕਿਤੇ ਆਗੂਆਂ ਵੱਲੋਂ ਉਹਨਾਂ ਦੀਆਂ ਭਾਵਨਾਵਾਂ ਦੀ ਸਹੀ ਤਰਜ਼ਮਾਨੀ ਨਾ ਕਰਨਾ, ਉਹਨਾਂ ਦੇ ਸੁਝਾਵਾਂ ਨੂੰ ਅੱਖੋਂ ਪਰੋਖੇ ਕਰਨਾ ਅਤੇ ਬਿਪਤਾ ਵਕਤ ਉਹਨਾਂ ਦੇ ਨਾਲ ਨਾ ਖੜੇ ਹੋਣਾ ਹੈ। ਸ਼ਾਇਦ ਇਹ ਗੱਲ ਹੁਣ ਆਗੂ ਵੀ ਮਹਿਸੂਸ ਕਰਨ ਲੱਗ ਪਏ ਹਨ। ਨਿਰਾਸ਼ਾ ਵਿੱਚ ਆਏ ਨੌਜਵਾਨ ਸੰਘਰਸ਼ ਵਿੱਚ ਆਗੂਆਂ ਰਾਹੀਂ ਆਪਣੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਵਾਉਣ ਲਈ ਕਾਰਗਰ ਤਰੀਕਿਆਂ ਦੀ ਭਾਲ ਵਿੱਚ ਯਤਨ ਕਰ ਰਹੇ ਹਨ। ਬਿਜਲ ਸੱਥ (ਸੋਸ਼ਲ ਮੀਡੀਆ) ਅਤੇ ਜ਼ਮੀਨੀ ਪੱਧਰ ਉੱਤੇ ਵੱਖੋ ਵੱਖਰੇ ਤਰੀਕੇ ਸੁਝਾਏ ਜਾ ਰਹੇ ਹਨ, ਇਕ ਸੁਝਾਅ ਨੌਜਵਾਨਾਂ ਦੀ ਵੱਖਰੀ ਯੂਨੀਅਨ ਦਾ ਚੱਲ ਰਿਹਾ ਹੈ ਅਤੇ ਇਕ ਸੁਝਾਅ ਵੱਖਰੀ ਸਟੇਜ ਦਾ ਵੀ ਚੱਲ ਰਿਹਾ ਹੈ। ਬਿਜਲ ਸੱਥ ਰਾਹੀਂ ਇਹ ਵੀ ਪ੍ਰਚਾਰਿਆ ਜਾ ਰਿਹਾ ਸੀ ਕਿ ਇਹਨਾਂ ਸੁਝਾਵਾਂ ਨੂੰ ਮਹਿਰਾਜ ਦੇ ਇਕੱਠ ਵਿੱਚ ਅਮਲੀ ਰੂਪ ਦਿੱਤਾ ਜਾਣਾ ਚਾਹੀਦਾ ਹੈ। ਇਕੱਠ ਵਿੱਚ ਮੌਜੂਦ ਨੌਜਵਾਨਾਂ ਵਿਚੋਂ ਵੱਡਾ ਹਿੱਸਾ ਵੱਖਰੇ ਚੱਲਣ ਉੱਤੇ ਸਿਹਮਤ ਵੀ ਹੋ ਜਾਣਾ ਸੀ ਜਾਂ ਕਹਿ ਲਈਏ ਕਿ ਸਿਰਫ ਸਿਹਮਤ ਹੀ ਨਹੀਂ ਬਲਕਿ ਖੁਸ਼ ਵੀ ਹੋਣਾ ਸੀ। ਹੁਣ ਇਕੱਠ ਤੋਂ ਬਾਅਦ ਵੀ ਲਗਾਤਾਰ ਬਿਜਲ ਸੱਥ ਉੱਤੇ ਇਸ ਤਰ੍ਹਾਂ ਨਾ ਕੀਤੇ ਜਾਣ ਉੱਤੇ ਇਕ ਹਿੱਸੇ ਵੱਲੋਂ ਨਿਰਾਸ਼ਾ ਵੀ ਪ੍ਰਗਟਾਈ ਜਾ ਰਹੀ ਹੈ। ਪਰ ਇਸ ਤਰ੍ਹਾਂ ਨਾ ਕੀਤੇ ਜਾਣਾ ਵਕਤ ਅਨੁਸਾਰ ਸੰਘਰਸ਼ ਲਈ ਬਹੁਤ ਮਾਇਨੇ ਰੱਖਦਾ ਹੈ। ਇਸ ਤਰ੍ਹਾਂ ਦੇ ਸਮੇਂ ਉੱਤੇ ਵੱਖਰੇ ਚੱਲਣ ਦਾ ਫੈਸਲਾ ਲੈਣਾ ਕੋਈ ਔਖਾ ਕਾਰਜ ਨਹੀਂ ਹੁੰਦਾ, ਨਾ ਹੀ ਉਹ ਤੁਹਾਡੇ ਤੋਂ ਕਿਸੇ ਤਿਆਗ ਦੀ ਮੰਗ ਕਰਦਾ ਹੈ ਸਗੋਂ ਔਖਾ ਕਾਰਜ ਤਾਂ ਸੰਘਰਸ਼ ਨੂੰ ਮੁੱਖ ਰੱਖ ਕੇ ਇਕੱਠੇ ਚੱਲਣ ਅਤੇ ਸਹਿਯੋਗ ਕਰਨਾ ਹੁੰਦਾ ਹੈ। ਮਹਿਰਾਜ ਦੇ ਇਕੱਠ ਵਿੱਚ ਵੀ ਗੁਰੂ ਪਾਤਸ਼ਾਹ ਦੀ ਮਿਹਰ ਨਾਲ ਇਸੇ ਤਰ੍ਹਾਂ ਹੀ ਹੋਇਆ। ਇਕੱਠੇ ਚੱਲਣ ਦਾ ਫੈਸਲਾ ਕੀਤਾ ਗਿਆ, ਆਗੂਆਂ ਨਾਲ ਖੜਨ ਦੀ ਗੱਲ ਦੁਹਰਾਈ ਗਈ ਅਤੇ ਆਗੂਆਂ ਨੂੰ ਇਹ ਵੀ ਕਿਹਾ ਗਿਆ ਕਿ ਜੇਕਰ ਤੁਹਾਡੇ ‘ਤੇ ਕੋਈ ਬਿਪਤਾ ਆਉਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ।
ਗੁਰੂ ਪਾਤਸ਼ਾਹ ਦੀ ਮਿਹਰ ਨਾਲ ਹੀ ਇਸ ਤਰ੍ਹਾਂ ਵਾਪਰਦਾ ਹੈ। ਇਸ ਤਰ੍ਹਾਂ ਦੇ ਫੈਸਲੇ ਨਾਲ ਆਗੂਆਂ ਉੱਤੇ ਬਹੁਤ ਵੱਡੀ ਜਿੰਮੇਵਾਰੀ ਪੈ ਗਈ ਹੈ। ਹੁਣ ਇਹ ਆਗੂਆਂ ਦੇ ਵਿਚਾਰਨ ਦਾ ਮਸਲਾ ਹੈ ਕਿ ਅੱਗੇ ਕਿਵੇਂ ਚੱਲਣਾ ਹੈ। ਆਗੂਆਂ ਨੂੰ ਚਾਹੀਦਾ ਹੈ ਕਿ ਬੀਤੇ ਦੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਿਆ ਜਾਵੇ ਅਤੇ ਸਿਆਣਪ ਵੀ ਇਸੇ ਗੱਲ ‘ਚ ਹੀ ਹੋਵੇਗੀ ਕਿ ਨੌਜਵਾਨਾਂ ਦੇ ਨਾਲ ਖੜਿਆ ਜਾਵੇ, ਸਹਿਯੋਗੀ ਅਤੇ ਹਮਦਰਦ ਭਾਵਨਾਵਾਂ ਦੀ ਤਰਜ਼ਮਾਨੀ ਕੀਤੀ ਜਾਵੇ ਅਤੇ ਅਸਲ ਮੁੱਦੇ ‘ਤੇ ਕੇਂਦਰਿਤ ਰਹਿ ਕੇ ਸਾਂਝੇ ਦੁਸ਼ਮਣ ਖਿਲਾਫ ਏਕਾ ਬਣਾ ਕੇ ਲੜਿਆ ਜਾਵੇ। ਜਿੱਥੇ ਕੱਲ੍ਹ ਦੇ ਇਕੱਠ ਦੇ ਫੈਸਲੇ ਨੌਜਵਾਨਾਂ ਲਈ ਸ਼ਾਬਾਸ਼ੀ ਹੋ ਨਿਬੜੇ ਹਨ ਓਥੇ ਭਵਿੱਖ ਲਈ ਇਹ ਗੱਲ ਸਿੱਖਣਯੋਗ ਰਹੀ ਹੈ ਕਿ ਜਿੰਨਾਂ ਮਸਲਾ ਗੰਭੀਰ ਸੀ ਉਸ ਮੁਤਾਬਿਕ ਜਾਬਤਾ ਜਿਸ ਪੱਧਰ ਦਾ ਚਾਹੀਦਾ ਸੀ ਓਹਦੇ ‘ਚ ਕਾਫੀ ਢਿੱਲ ਰਹੀ।
ਗੁਰੂ ਪਾਤਸ਼ਾਹ ਮਿਹਰ ਕਰਨ, ਸਾਨੂੰ ਇਮਾਨਦਾਰੀ, ਤਿਆਗ ਅਤੇ ਦੂਰ ਅੰਦੇਸ਼ੀ ਬਖਸ਼ਣ ਅਤੇ ਅਸੀਂ ਆਪਣਾ ਏਕਾ ਕਾਇਮ ਕਰਨ ਲਈ ਹਰ ਸੰਭਵ ਯਤਨ ਕਰਦੇ ਰਹੀਏ ਅਤੇ ਸਾਂਝੇ ਦੁਸ਼ਮਣ ਖਿਲਾਫ ਇਕੱਠੇ ਲੜੀਏ।