ਲੇਖ

ਮੋਰਚਾ ਗੁਰੂ ਕਾ ਬਾਗ: ਬੀਤੇ ਦੀ ਰੌਸ਼ਨੀ ’ਚ ਭਵਿੱਖ

August 8, 2022 | By

ਗੁਰੂ ਕੇ ਬਾਗ ਦੇ ਮੋਰਚੇ ਨੂੰ ਵਾਪਰਿਆਂ ਅੱਜ ਇੱਕ ਸਦੀ ਬੀਤ ਗਈ। ਇਸ ਵਰ੍ਹੇ ਅਸੀਂ ਮੋਰਚੇ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਜਾਂ ਅਕਾਲੀ ਲਹਿਰ ਤਹਿਤ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਆ ਚੁੱਕੀਆਂ ਊਣਤਾਈਆਂ ਨੂੰ ਦੂਰ ਕਰਨ ਲਈ ਕਾਫ਼ੀ ਵੱਡਾ ਅਤੇ ਸਿਦਕ ਭਰਿਆ ਸੰਘਰਸ਼ ਹੋਇਆ ਜਿਸ ਵਿੱਚ ਗੁਰੂ ਪਿਆਰ ਵਿੱਚ ਭਿੱਜੀਆਂ ਰੂਹਾਂ ਨੇ ਸ਼ਹਾਦਤਾਂ ਦੇ ਕੇ ਅਤੇ ਬੇਅੰਤ ਤਸੀਹੇ ਝੱਲ ਕੇ ਫਤਹਿ ਹਾਸਲ ਕੀਤੀ ਅਤੇ ਮਹੰਤਾਂ ਪਾਸੋਂ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਅਜ਼ਾਦ ਕਰਵਾਇਆ। ਇੱਕ ਸਦੀ ਬਾਅਦ ਅੱਜ ਅਸੀਂ ਜਿਸ ਸਥਿਤੀ ਵਿੱਚ ਖੜ੍ਹੇ ਹਾਂ, ਸਾਡੇ ਲਈ ਇਸ ਮੋਰਚੇ ਨੂੰ ਯਾਦ ਕਰਨਾ ਅਤੇ ਮਹਿਸੂਸ ਕਰਨਾ ਬਹੁਤ ਜਿਆਦਾ ਜਰੂਰੀ ਹੈ, ਇਤਿਹਾਸ ਦੇ ਇਸ ਪਾਠ ਵਿੱਚੋਂ ਮਿਲ ਰਹੇ ਚਾਨਣ ਨਾਲ ਹੀ ਭਵਿੱਖ ਦੇ ਕਦਮਾਂ ਲਈ ਰਾਹ ਤਲਾਸ਼ਿਆ ਜਾਵੇਗਾ।   

ਗੁਰਦੁਆਰਾ:

ਗੁਰੂ ਨਾਨਕ ਪਾਤਿਸਾਹ ਜਿੱਥੇ-ਜਿੱਥੇ ਗਏ, ਸੰਗਤਾਂ ਬਣੀਆਂ। ਸੰਗਤ ਨੂੰ ਬਹੁਤ ਪਵਿੱਤਰ ਅਤੇ ਉੱਚਾ ਥਾਂ ਪ੍ਰਾਪਤ ਹੈ, “ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹਹਿ ਰਾਈ।।” (ਵਾਰਾਂ, ਭਾਈ ਗੁਰਦਾਸ ਜੀ)। ਸੰਗਤਾਂ ਜੁੜਦੀਆਂ ਅਤੇ ਗੁਰੂ ਦੀ ਗੱਲ ਹੁੰਦੀ, ਕੀਰਤਨ ਹੁੰਦਾ। ਸੰਗਤਾਂ ਦੇ ਮਿਲ ਕੇ ਬੈਠਣ ਲਈ ਧਰਮਸਾਲ ਬਣੀ, ਪਹਿਲੀ ਧਰਮਸਾਲ ਤੁਲੰਬਾ (ਪਾਕਿਸਤਾਨ ਵਿੱਚ ਮੁਲਤਾਨ ਦੇ ਨੇੜੇ) ਵਿਖੇ ਬਣਨ ਦਾ ਜਿਕਰ ਪੁਰਾਤਨ ਜਮਨ ਸਾਖੀਆਂ ਵਿੱਚੋਂ ਮਿਲਦਾ ਹੈ। ਹੌਲੀ-ਹੌਲੀ ਧਰਮਸਾਲ ਭੁੱਖਿਆਂ ਲਈ ਲੰਗਰ, ਰਾਹਗੀਰਾਂ ਲਈ ਵਿਸ਼ਰਾਮ ਦੀ ਥਾਂ, ਪੜ੍ਹਨ ਵਾਲਿਆਂ ਲਈ ਵਿਦਿਆਲਿਆ, ਰੋਗੀਆਂ ਲਈ ਸਫ਼ਾਖ਼ਾਨਾ ਅਤੇ ਲੋੜਵੰਦਾਂ ਲਈ ਕਿਲ੍ਹਾ ਬਣ ਗਈਆਂ। ‘ਧਰਮਸਾਲ’ ਜਿਸ ਨੂੰ ਹੁਣ ਆਪਾਂ ‘ਗੁਰਦੁਆਰਾ’ ਕਹਿੰਦੇ ਹਾਂ।  ‘ਭਾਈ ਕਾਨ੍ਹ ਸਿੰਘ ਨਾਭਾ’ ਵੀ ‘ਮਹਾਨ ਕੋਸ਼’ ਅੰਦਰ ਗੁਰਦੁਆਰਾ ਸਾਹਿਬ ਬਾਬਤ ਲਿਖਦੇ ਹਨ ਕਿ “ਗੁਰਦੁਆਰਾ ਉਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ….. ਸਿੱਖਾਂ ਦਾ ਗੁਰਦੁਆਰਾ ਵਿਦਯਾਰਥੀਆਂ ਲਈ ਸਕੂਲ, ਆਤਮਜਿਗਯਾਸਾ ਵਾਲਿਆਂ ਲਈ ਗਿਯਾਨਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ।” ਗੁਰਦੁਆਰਾ ਸਿੱਖਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸਭਿਆਚਾਰਕ ਜੀਵਨ ਦਾ ਕੇਂਦਰ ਹੈ। 

ਗੁਰਦੁਆਰਾ ਪ੍ਰਬੰਧ:

ਗੁਰਦੁਆਰਾ ਪ੍ਰਬੰਧ ਸਿੱਖ ਲਈ ਸਭ ਤੋਂ ਸਿਰਮੌਰ ਜਿੰਮੇਵਾਰੀ ਹੈ। ਇਤਿਹਾਸ ਦੇ ਵੱਖ-ਵੱਖ ਸਮਿਆਂ ’ਚ ਇਹ ਪ੍ਰਬੰਧ ਸਥਾਨਕ ਸੰਗਤਾਂ ਵੇਖਦੀਆਂ ਰਹੀਆਂ ਹਨ, ਸੰਗਤਾਂ ਹੀ ਕਿਸੇ ਗੁਣੀ ਸਖਸ਼ੀਅਤ ਨੂੰ ਇਸ ਪ੍ਰਬੰਧ ਦੀ ਜਿੰਮੇਵਾਰੀ ਦੇ ਦਿੰਦੀਆਂ ਅਤੇ ਜਦੋਂ ਕੋਈ ਪ੍ਰਬੰਧਕ ਗੁਰੂ ਆਸ਼ੇ ਅਨੁਸਾਰ ਨਾ ਚੱਲਦਾ ਤਾਂ ਸੰਗਤਾਂ ਉਸ ਪ੍ਰਬੰਧਕ ਨੂੰ ਬਦਲ ਦਿੰਦੀਆਂ। ਗੁਰਦੁਆਰਿਆਂ ਦੀ ਸੇਵਾ ਤੇ ਸਧਾਰਨ ਪ੍ਰਬੰਧ ਅਜਿਹੇ ਗੁਰਸਿੱਖਾਂ ਦੇ ਸਪੁਰਦ ਕੀਤਾ ਜਾਂਦਾ ਸੀ, ਜੋ ਹੋਰਨਾਂ ਲਈ ਸਿੱਖੀ ਦਾ ਨਮੂਨਾ ਬਣ ਕੇ ਜੀਵਨ ਗੁਜਾਰਨ ਅਤੇ ਸਿੱਖੀ ਰਹਿਣੀ-ਬਹਿਣੀ ਤੇ ਕਥਨੀ-ਕਰਨੀ ਦੇ ਪੂਰੇ ਹੋਣ, ਜੋ ਉੱਚ ਦਰਜੇ ਦੇ ਵਿਦਵਾਨ, ਗੁਰਮਿਤ ਅਤੇ ਸਿੱਖ ਰਹਿਤ ਵਿੱਚ ਪੱਕੇ ਅਤੇ ਉੱਚੇ-ਸੁੱਚੇ ਆਚਰਣ ਦੇ ਮਾਲਕ ਹੁੰਦੇ ਸਨ। ਤੀਜੇ ਪਾਤਿਸਾਹ ਨੇ ਪ੍ਰਚਾਰ ਲਈ 22 ਮੰਜੀਆਂ ਥਾਪੀਆਂ। ਚੌਥੇ ਪਾਤਿਸਾਹ ਨੇ ਇਸੇ ਪੱਖ ਤੋਂ ਹੋਰ ਮਸੰਦਾਂ ਨੂੰ ਵੀ ਜਿੰਮੇਵਾਰੀ ਦਿੱਤੀ। ਇਹ ਮਸੰਦ ਗੁਰ ਉਪਦੇਸ਼ ਦਾ ਪ੍ਰਚਾਰ ਕਰਦੇ ਅਤੇ ਸੰਗਤਾਂ ਦਾ ਦਸਵੰਧ ਗੁਰੂ ਤੱਕ ਪਹੁੰਚਾਇਆ ਕਰਦੇ ਸਨ। ਸਮੇਂ ਦੇ ਗੇੜ ਨਾਲ ਮਸੰਦ ਗੁਰੂ ਤੋਂ ਬੇਮੁੱਖ ਹੋਣ ਲੱਗੇ। ਉਹ ਇਥੋਂ ਤੱਕ ਆ ਗਏ ਕਿ ਉਹਨਾਂ ਨੇ ਨੌਵੇਂ ਪਾਤਿਸਾਹ ਨੂੰ ਹਰਮਿੰਦਰ ਸਾਹਿਬ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ। ਫਿਰ ਸਮਾਂ ਆਇਆ ਤਾਂ ਦਸਵੇਂ ਪਾਤਿਸਾਹ ਨੇ ਮਸੰਦਾਂ ਦਾ ਖ਼ਾਤਮਾ ਕੀਤਾ, ਸਿੱਖ ਸੰਗਤ ਨੂੰ ਇਹਨਾਂ ਨਾਲ ਨਾ-ਮਿਲਵਰਤਨ ਦੇ ਹੁਕਮ ਕੀਤੇ। ਕਿਸੇ ਵਕਤ ਆਪਣੇ ਹੱਥੀਂ ਥਾਪੇ ਮਸੰਦ ਆਪੇ ਖਤਮ ਕੀਤੇ। 

ਫਿਰ ਸਮਾਂ ਬੀਤਿਆ, ਸਿੰਘਾਂ ਨੂੰ ਘਰ ਘਾਟ ਛੱਡਣੇ ਪਏ, ਪ੍ਰਬੰਧ ਉਦਾਸੀ ਅਤੇ ਸਹਿਜਧਾਰੀ ਸਿੱਖਾਂ ਨੇ ਸੰਭਾਲਿਆ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਗੁਰੂ ਘਰਾਂ ਦੇ ਨਾਮ ਜਗੀਰਾਂ ਲੱਗੀਆਂ, ਫਿਰ ਹੌਲੀ-ਹੌਲੀ ਸਭ ਕੁਝ ਹੋਰ ਪਾਸੇ ਨੂੰ ਤੁਰਨ ਲੱਗਿਆ। ਫਿਰ ਵੀ ਕਾਫੀ ਚਿਰ ਸਥਾਨਕ ਸੰਗਤ ਦੇ ਡਰੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਿਹਨਾਂ ਨੂੰ ਪੁਜਾਰੀ ਜਾ ਮਹੰਤ ਵੀ ਕਿਹਾ ਜਾਂਦਾ ਸੀ, ਆਪਣੇ ਆਚਰਣ ਅਤੇ ਰਹਿਣੀ ਬਹਿਣੀ ਨੂੰ ਠੀਕ ਰੱਖਦੇ ਸਨ। ਪਰ ਅੰਗਰੇਜਾਂ ਦੇ ਆਉਣ ਨਾਲ ਹਲਾਤ ਹੋਰ ਬਦਲ ਗਏ। ਸਿੱਖਾਂ ਦੇ ਗੁਰਦੁਆਰਿਆਂ ਸਬੰਧੀ ਅੰਗਰੇਜ ਸਰਕਾਰ ਦੀ ਨੀਤੀ ਇਹ ਸੀ ਕਿ ਇਹਨਾਂ ਦੇ ਪ੍ਰਬੰਧ ਵਿੱਚ ਦਖਲ ਦਿੱਤਾ ਜਾਵੇ, ਇਹਨਾ ਨੂੰ ਆਪਣੇ ਅਧੀਨ ਜਾਂ ਘੱਟੋ-ਘੱਟ ਅਸਰ ਥੱਲੇ ਰੱਖਿਆ ਜਾਵੇ ਅਤੇ ਆਪਣੇ ਰਾਜ ਦੀ ਮਜਬੂਤੀ ਲਈ ਵਰਤਿਆ ਜਾਵੇ। 1881 ਵਿੱਚ ਪੰਜਾਬ ਦੇ ਲੈਫਟੀਨੈਂਟ ਗਵਰਨਰ ‘ਇਜਰਟਨ’ ਨੇ ‘ਲਾਟ ਰਿਪਨ’ ਨੂੰ ਚਿੱਠੀ ਲਿਖੀ ਜਿਸ ਵਿੱਚ ਉਸ ਨੇ ਆਖਿਆ, “ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਅਜਿਹੀ ਕਮੇਟੀ ਦੇ ਹੱਥਾਂ ਵਿੱਚ ਜਾਣ ਦੇਣ ਦੀ ਆਗਿਆ ਦੇਣਾ ਜਿਹੜੀ ਗੌਰਮੈਂਟ ਕੰਟਰੋਲ ਤੋਂ ਆਜ਼ਾਦ ਹੋ ਚੁੱਕੀ ਹੋਵੇ, ਰਾਜਸੀ ਤੌਰ ’ਤੇ ਖਤਰਨਾਕ ਹੋਵੇਗਾ।” ਸਹਿਜੇ-ਸਹਿਜੇ ਸ੍ਰੀ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਅੰਗਰੇਜ਼ ਸਰਕਾਰ ਦੇ ਹੱਥਾਂ ਵਿੱਚ ਚਲਾ ਗਿਆ। ਗੁਰਦੁਰਿਆਂ ਦੇ ਪ੍ਰਬੰਧਾਂ ਵਾਸਤੇ ਸਰਕਾਰ ਸਰਬਰਾਹ ਨੀਯਤ ਕਰਦੀ ਸੀ ਅਤੇ ਉਹ ਸਰਕਾਰ ਦੀ ਮਰਜੀ ਨਾਲ ਚੱਲਦਾ ਸੀ। ਨਵੇਂ ਲਾਗੂ ਹੋਏ ਕਨੂੰਨ ਅਨੁਸਾਰ ਪੁਜਾਰੀਆਂ ਅਤੇ ਮਹੰਤਾਂ ਨੂੰ ਗੁਰਦੁਆਰਿਆਂ ਸਬੰਧੀ ਤਕਰੀਬਨ ਉਸੇ ਤਰ੍ਹਾਂ ਦੇ ਹੀ ਹੱਕ ਮਿਲ ਗਏ ਜਿਸ ਤਰ੍ਹਾਂ ਹੋਰਨਾਂ ਨੂੰ ਨਿੱਜੀ ਜਾਇਦਾਦ ਸਬੰਧੀ ਸਨ। ਗੁਰਦੁਆਰਿਆਂ ਦੀ ਜਮੀਨ ਨੂੰ ਵੇਚਣ, ਖੁਰਦ ਬੁਰਦ ਕਰਨ, ਅਤੇ ਸਭ ਕਾਸੇ ’ਤੇ ਆਪਣੀ ਮਰਜੀ ਕਰਨ ਲੱਗ ਪਏ। ਮਹੰਤ ਅਤੇ ਪੁਜਾਰੀ ਸਿੱਖ ਸੰਗਤ ਤੋਂ ਆਕੀ ਹੋ ਗਏ।

ਗੁਰਦੁਆਰਾ ਪ੍ਰਬੰਧ ਸੁਧਾਰ ਲਈ ਸੰਗਤ ਸਰਗਰਮ:

ਸਮੇਂ ਨੇ ਫਿਰ ਗੇੜ ਖਾਧਾ, ਜਾਗ੍ਰਤੀ ਆਈ, ਸਿੰਘ ਸਭਾ ਲਹਿਰ ਹੋਂਦ ’ਚ ਆਈ ਅਤੇ ਖਾਲਸਾ ਦੀਵਾਨ ਬਣੇ। ਸੰਗਤ ਲੋੜੀਂਦੇ ਸੁਧਾਰ ਕਰਨ ਲਈ ਤਤਪਰ ਹੋ ਗਈ। ਸੰਗਤ ਨੇ ਆਪ ਹੀ ਹੰਭਲੇ ਮਾਰੇ, ਦੀਵਾਨ ਲਾਏ, ਪ੍ਰਚਾਰ ਕੀਤਾ ਅਤੇ ਕੁਝ ਸਫਲਤਾ ਵੀ ਮਿਲਦੀ ਗਈ। ਸਿੰਘ ਸਭਾਵਾਂ ਅਤੇ ਸਿੱਖ ਸੰਗਤਾਂ ਨੇ ਜ਼ੋਰ ਦਿੱਤਾ ਕਿ ਸਰਬਰਾਹ ਨੀਯਤ ਕਰਨ ਦਾ ਹੱਕ ਪੰਥ ਨੂੰ ਦਿੱਤਾ ਜਾਵੇ। ਹਾਲ ਦਿਨ ਪਰ ਦਿਨ ਹੋਰ ਮਾੜਾ ਹੁੰਦਾ ਗਿਆ, ਕਿਉਂਕਿ ਗੁਰਦੁਆਰਿਆਂ ਦੇ ਪ੍ਰਬੰਧ ਬਾਬਤ ਸਰਕਾਰ ਦੀ ਨੀਤੀ ਕੋਈ ਇਮਾਨਦਾਰੀ ਵਾਲੀ ਨਹੀਂ ਸੀ ਇਸ ਲਈ ਲਿਖਤਾਂ ਅਤੇ ਮਤਿਆਂ ਦਾ ਸਰਕਾਰ ’ਤੇ ਕੋਈ ਬਹੁਤਾ ਅਸਰ ਨਾ ਹੋਇਆ। ਸਮਾਂ ਲੰਘਦਾ ਗਿਆ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਵਿਖੇ ਸੰਗਤ ਦੀ ਸਹਿਮਤੀ ਤੋਂ ਬਿਨਾਂ ਇੱਕ ਪਤਿਤ ਨੂੰ ਗੁਰਦੁਆਰੇ ਦਾ ਸਰਬਰਾਹ ਬਣਾ ਦਿੱਤਾ ਗਿਆ ਤਾਂ ਸੰਗਤ ਵੱਲੋਂ ਵਿਰੋਧ ਸ਼ੁਰੂ ਹੋ ਗਿਆ, ਦੀਵਾਨ ਲਾਏ ਗਏ, ਪ੍ਰਚਾਰ ਕੀਤਾ ਗਿਆ, ਸਰਕਾਰ ਨੇ ਸਖ਼ਤੀ ਵੀ ਕੀਤੀ ਪਰ ਸੰਗਤ ਡਟੀ ਰਹੀ। ਅੰਤ ਇਕ ਵਾਰ ਕੱਚੇ ਤੌਰ ’ਤੇ ਸੰਗਤ ਨੇ ਪ੍ਰਬੰਧ ਸੰਭਾਲ ਲਿਆ। 5 ਅਕਤੂਬਰ 1920 ਨੂੰ ਪੰਥ ਦਾ ਵੱਡਾ ਇਕੱਠ ਹੋਇਆ ਅਤੇ 13 ਸਿੰਘਾਂ ਦੀ ਕਮੇਟੀ ਬਣਾਈ ਗਈ।

ਸਰਕਾਰ ਨੇ ਪੈਂਤੜੇ ਦੇ ਤੌਰ ’ਤੇ ਕਹਿ ਦਿੱਤਾ ਕਿ ਸਰਕਾਰ ਸਿੱਖਾਂ ਦੇ ਧਾਰਮਿਕ ਮਸਲੇ ’ਚ ਦਖਲ ਨਹੀਂ ਦੇਣਾ ਚਾਹੁੰਦੀ। ਸਿੱਖਾਂ ਨੂੰ ਖੁੱਲ੍ਹ ਹੈ ਉਹ ਜਿਵੇਂ ਚਾਹੁਣ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਰਨ।    

ਇਸੇ ਤਰ੍ਹਾਂ ਸੰਗਤ ਉੱਦਮ ਕਰਦੀ ਰਹੀ ਅਤੇ 12 ਅਕਤੂਬਰ 1920 ਨੂੰ ਜਦੋਂ ਕੜਾਹ ਪ੍ਰਸ਼ਾਦ ਵਾਲੀ ਘਟਨਾ ਵਾਪਰੀ (ਪੁਜਾਰੀ ਸਿੱਖਾਂ ਨੂੰ ਜਾਤਾਂ ਵਿੱਚ ਵੰਡ ਰਹੇ ਸਨ ਅਤੇ ਭੇਦ-ਭਾਵ ਕਰਦੇ ਸਨ, ਅਮ੍ਰਿਤਧਾਰੀ ਸਿੰਘ ਸਜ ਕੇ ਕੜ੍ਹਾਹ ਪ੍ਰਸ਼ਾਦ ਲੈ ਕੇ ਗਏ, ਪਹਿਲਾਂ ਪੁਜਾਰੀ ਨੇ ਮਨ੍ਹਾ ਕੀਤਾ, ਹੁਕਮ ਲਿਆ ਗਿਆ ਫਿਰ ਪੁਜਾਰੀਆਂ ਨੂੰ ਵੀ ਛਕਣਾ ਪਿਆ) ਫਿਰ ਸੰਗਤ ਅਕਾਲ ਤਖ਼ਤ ਵੱਲ ਗਈ ਤਾਂ ਪੁਜਾਰੀ ਅਕਾਲ ਤਖ਼ਤ ਸਾਹਿਬ ਛੱਡ ਕੇ ਚਲੇ  ਗਏ। ਗੁਰਮਤਾ ਹੋਇਆ ਕਿ ਅਕਾਲ ਤਖ਼ਤ ਸਾਹਿਬ ਨੂੰ ਇਸ ਤਰ੍ਹਾਂ ਛੱਡ ਕੇ ਨਹੀਂ ਸੀ ਜਾਣਾ ਚਾਹੀਦਾ, ਫਿਰ ਸ.ਕਰਤਾਰ ਸਿੰਘ ਝੱਬਰ ਹੁਰਾਂ ਦੀ ਜਥੇਦਾਰੀ ਹੇਠ 25 ਸਿੰਘਾਂ ਦਾ ਜਥਾ ਅਕਾਲ ਤਖ਼ਤ ਸਾਹਿਬ ਦੀ ਸੇਵਾ ਲਈ ਨੀਯਤ ਕੀਤਾ ਗਿਆ। ਸਰਬਰਾਹ ਕੋਲ ਵੀ ਗੱਲ ਪਹੁੰਚੀ, ਉਸ ਨੇ ਪੁਜਾਰੀਆਂ ਨੂੰ ਮੁਆਫੀ ਮੰਗਣ ਲਈ ਸੱਦਿਆ, ਉਹ ਨਾ ਆਏ। ਫਿਰ ਅਗਲੇ ਦਿਨ ਡਿਪਟੀ ਕਮਿਸ਼ਨਰ ਨੇ ਸਿੰਘਾਂ ਨੂੰ, ਸਰਬਰਾਹ ਨੂੰ ਅਤੇ ਪੁਜਾਰੀਆਂ ਨੂੰ ਸੱਦਿਆ। ਪੁਜਾਰੀ ਫਿਰ ਨਾ ਆਏ। ਜਿੰਨ੍ਹਾਂ ਸਮਾਂ ਕੋਈ ਪੱਕੀ ਕਮੇਟੀ ਨਹੀਂ ਬਣਦੀ ਉਤਨੇ ਸਮੇਂ ਤੱਕ  ਡਿਪਟੀ ਕਮਿਸ਼ਨਰ ਨੇ ਸਰਬਰਾਹ ਸਰਦਾਰ ਸੁੰਦਰ ਸਿੰਘ ਰਾਮਗੜ੍ਹੀਆ ਸਮੇਤ 9 ਮੈਂਬਰੀ ਆਰਜੀ ਕਮੇਟੀ ਬਣਾ ਦਿੱਤੀ।   

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਨਾ: 

ਗੁਰਦੁਆਰਾ ਪ੍ਰਬੰਧ ਸੁਧਾਰ ਲਈ ਲੱਗੇ ਜੀਆਂ ਨੇ ਮਹਿਸੂਸ ਕੀਤਾ ਕਿ ਪੰਥ ਦੇ ਚੋਣਵੇਂ ਸੱਜਣਾਂ ਦਾ ਇਕੱਠ ਸੱਦਿਆ ਜਾਵੇ ਅਤੇ ਇੱਕ ਸਾਂਝੀ ਕਮੇਟੀ ਬਣਾਈ ਜਾਵੇ। ਇਸ ਇਕੱਠ ਲਈ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ। ਇਕੱਠ 15 ਅਤੇ 16 ਨਵੰਬਰ 1920 ਨੂੰ ਹੋਣਾ ਹੈ, ਇਸ ਵਿੱਚ ਸ਼ਾਮਲ ਹੋਣ ਲਈ ਪੰਥ ਦੇ ਸਾਰੇ ਹਿੱਸਿਆਂ ਨੂੰ ਕਿਹਾ ਗਿਆ। ਇਕੱਠ ਤੋਂ ਦੋ ਦਿਨ ਪਹਿਲਾਂ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਇਸ ਨਾਲ ਸਬੰਧਿਤ ਹੋਰ ਗੁਰਦੁਆਰਿਆਂ ਦੇ ਪ੍ਰਬੰਧ ਲਈ 36 ਮੈਂਬਰੀ ਕਮੇਟੀ ਬਣਾ ਦਿੱਤੀ। ਇਹ ਮੈਂਬਰ ਵੀ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਦੇ ਹਾਮੀ ਸਨ। ਇਕੱਠ ਹੋਇਆ, 36 ਮੈਂਬਰੀ ਕਮੇਟੀ ਦੇ ਸਾਰੇ ਮੈਂਬਰਾਂ ਸਮੇਤ 175 ਮੈਂਬਰੀ ਕਮੇਟੀ ਬਣੀ, ਜਿਸ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਉਸ ਤੋਂ ਬਾਅਦ ਫਿਰ ਕੁਝ ਹੋਰ ਫੇਰ-ਬਦਲ ਵੀ ਹੋਏ। ਕੁੱਲ ਭਾਵ ਕਿ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ’ਚ ਆਈ। 

ਸ਼੍ਰੋਮਣੀ ਅਕਾਲੀ ਦਲ ਦਾ ਬਣਨਾ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਾਇਤਾ ਵਾਸਤੇ, ਉਸ ਦੇ ਫੈਸਲਿਆਂ ਅਤੇ ਹੁਕਮਾਂ ਨੂੰ ਵਰਤੋਂ ਵਿੱਚ ਲਿਆਉਣ, ਉਨ੍ਹਾਂ ਅਨੁਸਾਰ ਕਾਰਵਾਈ ਕਰਨ/ਕਰਵਾਉਣ ਲਈ ਇੱਕ ਵੱਖਰੀ ਜਥੇਬੰਦੀ ਬਣਾਉਣ ਦੀ ਲੋੜ ਮਹਿਸੂਸ ਹੋਈ। ਇਹਨਾਂ ਕਾਰਜਾਂ ਲਈ ਇੱਕ ਜਥੇਬੰਦੀ ਬਣਾਉਣ ਦਾ ਫੈਸਲਾ ਹੋਇਆ, ਇਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਰੱਖਿਆ ਗਿਆ। ਇਹਨਾਂ ਕਾਰਜਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਧਰਮ ਪ੍ਰਚਾਰ ਅਤੇ ਸਮਾਜ ਸੁਧਾਰ ਦੇ ਕਾਰਜ ਵੀ ਕਰਦਾ ਰਿਹਾ। ਬਾਅਦ ਵਿੱਚ ਇਹ ਰਾਜਨੀਤਕ ਮਾਮਲਿਆਂ ਵੱਲ ਨੂੰ ਜਾਂਦਾ-ਜਾਂਦਾ ਅੰਤ ਸਮਾਂ ਪਾ ਕੇ ਨਿਰੋਲ ਰਾਜਸੀ ਪਾਰਟੀ ਬਣ ਕੇ ਰਹਿ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੇਮਟੀ ਦੇ ਉੱਦਮ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਕਮੇਟੀ ਨੇ ਮਹੰਤਾਂ ਨੂੰ ਪ੍ਰੇਰਨ ਦੇ ਯਤਨ ਕੀਤੇ, ਜਿਹੜੇ ਮੰਨ ਗਏ ਉਹਨਾਂ ਨੇ ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤਾ ਅਤੇ ਕਮੇਟੀ ਨੇ ਉਹਨਾਂ ਦੇ ਗੁਜਰਾਨ ਲਈ ਤਨਖ਼ਾਹ ਅਤੇ ਰਹਿਣ ਦੇ ਪ੍ਰਬੰਧ ਆਦਿ ਦੀ ਜਿੰਮੇਵਾਰੀ ਲਈ। ਸਥਾਨਕ ਕਮੇਟੀਆਂ ਬਣਾਈਆਂ ਗਈਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਕੀਤੀਆਂ ਗਈਆਂ। ਕਈ ਥਾਂ ਦਿੱਕਤਾਂ ਵੀ ਆਈਆਂ ਜਿੱਥੇ ਪੁਜਾਰੀ / ਮਹੰਤ, ਪੰਥ ਤੋਂ ਬਾਗੀ ਹੋਏ ਜਾ ਪ੍ਰਬੰਧ ਦੇ ਸੁਧਾਰ ’ਚ ਅੜਿੱਕੇ ਡਾਹੇ, ਉਥੇ ਫਿਰ ਸੰਘਰਸ਼ ਹੋਇਆ। ਤਰਨਤਾਰਨ ਸਾਹਿਬ, ਸਾਕਾ ਨਨਕਾਣਾ ਸਾਹਿਬ, ਚਾਬੀਆਂ ਦਾ ਮੋਰਚਾ ਅਤੇ ਇਸੇ ਲੜੀ ’ਚ ਅੱਗੇ ਚੱਲ ਕੇ ਗੁਰੂ ਕੇ ਬਾਗ ਦਾ ਮੋਰਚਾ ਆਉਂਦਾ ਹੈ।

ਮੋਰਚਾ ਗੁਰੂ ਕਾ ਬਾਗ :

ਗੁਰਦੁਆਰਾ ਗੁਰੂ ਕਾ ਬਾਗ ਪਿੰਡ ਘੁਕੇਵਾਲਾ, ਤਹਿਸੀਲ ਅਜਨਾਲਾ, ਜਿਲ੍ਹਾ ਅੰਮ੍ਰਿਤਸਰ ਵਿੱਚ ਹੈ। ਇਹ ਅੰਮ੍ਰਿਤਸਰ ਤੋਂ ਥੋੜ੍ਹੀ ਦੂਰੀ ’ਤੇ ਹੀ ਸਥਿਤ ਹੈ। ਇਹ ਅਸਥਾਨ ਪੰਜਵੇਂ ਅਤੇ ਨੌਵੇਂ ਪਾਤਿਸਾਹ ਜੀ ਦਾ ਚਰਨ ਛੋਹ ਪ੍ਰਾਪਤ ਅਸਥਾਨ ਹੈ। ਪਹਿਲਾਂ ਇਸ ਦਾ ਨਾਮ ‘ਗੁਰੂ ਕਾ ਰੌੜ’ ਸੀ, ਨੌਵੇਂ ਪਾਤਿਸਾਹ ਵਕਤ ਇਹ ਗੁਰੂ ਕਾ ਬਾਗ ਨਾਮ ਨਾਲ ਜਾਣਿਆ ਜਾਣ ਲੱਗਾ।

ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਕਤ ਜਦੋਂ ਇਸ ਲਹਿਰ ਨੂੰ ਪਿੰਡਾਂ ਵਿਚੋਂ ਪੂਰਨ ਸਹਿਯੋਗ ਮਿਲ ਰਿਹਾ ਸੀ ਤਾਂ ਸਰਕਾਰ ਨੰਬਰਦਾਰਾਂ ਨੂੰ ਅਹੁਦਿਆਂ ’ਤੇ ਬਣੇ ਰਹਿਣ ਲਈ ਲਹਿਰ ਨਾਲ ਸਬੰਧਿਤ ਸਿੰਘਾਂ ਦੇ ਸਮਾਗਮ ਕਰਵਾਉਣ ਤੋਂ ਰੋਕਣ ਲਈ ਕਹਿਣ ਲੱਗੀ। ਪਰ ਹੋਇਆ ਉਲਟਾ, ਪਿੰਡਾਂ ’ਚੋਂ ਨੰਬਰਦਾਰ ਲਹਿਰ ਦੇ ਹੱਕ ਵਿੱਚ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਲੱਗੇ। ਸਰਕਾਰ ਨੂੰ ਲਹਿਰ ਦਾ ਉਭਾਰ ਪ੍ਰੇਸ਼ਾਨ ਕਰ ਰਿਹਾ ਸੀ। ਉਹ ਲਗਾਤਾਰ ਇਸ ਨੂੰ ਥੰਮਣ ਲਈ ਜੁਗਤਾਂ ਬਣਾ ਰਹੀ ਸੀ।  

ਇਸ ਵਕਤ ਗੁਰਦੁਆਰਾ ਗੁਰੂ ਕਾ ਬਾਗ ਦਾ ਮਹੰਤ ਸੁੰਦਰ ਦਾਸ ਸੀ। ਉਹ ਗੁਰੂ ਖਾਲਸਾ ਪੰਥ ਤੋਂ ਆਕੀ ਹੋ ਕੇ ਮਾੜੇ ਕੰਮਾਂ ’ਚ ਪੈ ਗਿਆ ਸੀ। ਉਸਦੇ ਮਾੜੇ ਕੰਮਾਂ ਦੀਆਂ ਸ਼ਿਕਾਇਤਾਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਪੁੱਜੀਆਂ ਤਾਂ 31 ਜਨਵਰੀ 1921 ਨੂੰ ਮਹੰਤ ਨੂੰ ਸਮਝਾਇਆ ਗਿਆ ਜਿਸ ਵਿੱਚ ਉਸਨੂੰ ਧੀ-ਭੈਣ ਦਾ ਸਤਿਕਾਰ ਕਰਨ, ਖੰਡੇ ਬਾਟੇ ਦੀ ਪਾਹੁਲ ਛਕਣ, ਅਨੰਦ ਕਾਰਜ ਕਰਵਾਉਣ ਲਈ ਕਿਹਾ ਗਿਆ। ਮਹੰਤ ਨੇ ਉਸ ਵਕਤ ਇਹ ਸਭ ਗੱਲਾਂ ਮੰਨਣ ਦੀ ਹਾਮੀ ਭਰੀ। ਗੁਰਦੁਆਰੇ ਦੇ ਪ੍ਰਬੰਧ ਲਈ 11 ਮੈਂਬਰਾਂ ਦੀ ਪ੍ਰਬੰਧਕ ਕਮੇਟੀ ਬਣਾਈ ਗਈ। ਮਹੰਤ ਇਸ ਕਮੇਟੀ ਦੇ ਅਧੀਨ ਰਹਿ ਕੇ ਸੇਵਾ ਕਰਨੀ ਮੰਨ ਗਿਆ ਅਤੇ ਇਕਰਾਰਨਾਮੇ ’ਤੇ ਦਸਤਖ਼ਤ ਕਰ ਦਿੱਤੇ। ਕੁਝ ਦਿਨਾਂ ਬਾਅਦ ਉਸਨੇ ਖੰਡੇ ਬਾਟੇ ਦੀ ਪਾਹੁਲ ਵੀ ਛਕ ਲਈ ਅਤੇ ਅਨੰਦ ਕਾਰਜ ਵੀ ਕਰਵਾ ਲਏ। 

ਫਿਰ ਫਰਵਰੀ ਦੇ ਅਖੀਰ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਵਾਪਰ ਜਾਂਦਾ ਹੈ ਜਿਸ ਤੋਂ ਬਾਅਦ ਸਰਕਾਰ ਸਿੱਖਾਂ ’ਤੇ ਸਖਤੀ ਵਧਾ ਦਿੰਦੀ ਹੈ। ਇਸ ਦੌਰਾਨ ਮਹੰਤ ਫਿਰ ਆਕੀ ਹੋ ਜਾਂਦਾ ਹੈ। ਫਿਰ 23 ਅਗਸਤ 1921 ਨੂੰ ਸ਼੍ਰੋਮਣੀ ਕਮੇਟੀ ਨੇ ਇੱਕ ਜਥਾ ਭੇਜ ਕੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲ ਲਿਆ। ਗੁਰਦੁਆਰਾ ਸਾਹਿਬ ਦੀ ਜਮੀਨ ਮਹੰਤ ਕੋਲ ਹੀ ਰਹੀ। ਮਹੰਤ ਨੇ ਸਰਕਾਰ ਤੋਂ ਮਦਦ ਮੰਗੀ ਪਰ ਕਿਉਂਕਿ ਪਹਿਲਾਂ ਮਹੰਤ ਨਾਲ ਸਮਝੌਤਾ ਹੋ ਗਿਆ ਸੀ ਅਤੇ ਉਸਨੇ ਸਾਰੀਆਂ ਗੱਲਾਂ ਮੰਨਣ ਲਈ ਕਿਹਾ ਸੀ ਜਿਸ ਕਰਕੇ ਪੁਲਸ ਨੇ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ’ਚ ਹੀ ਗੱਲ ਕੀਤੀ ਗਈ।

ਫਰਵਰੀ 1922 ਨੂੰ ਮਹੰਤ ਨਾਲ ਇੱਕ ਵਾਰ ਫਿਰ ਸਮਝੌਤਾ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹੰਤ ਨੂੰ ਗੁਜਾਰੇ ਲਈ 120 ਰੁਪਏ ਮਹੀਨਾ ਨੀਯਤ ਕੀਤਾ ਗਿਆ ਅਤੇ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਰਹਿਣ ਲਈ ਮਕਾਨ ਦਿੱਤਾ ਗਿਆ। ਪਰ ਥੋੜ੍ਹੇ ਸਮੇਂ ਬਾਅਦ ਮਹੰਤ ਫਿਰ ਆਕੀ ਹੋ ਗਿਆ। ਅਸਲ ਵਿੱਚ ਹੁੰਦਾ ਇਹ ਸੀ ਕਿ ਜਦੋਂ ਤਾਂ ਸਰਕਾਰ ਸਿੱਖਾਂ ਪ੍ਰਤੀ ਗੁੱਸੇ ’ਚ ਹੁੰਦੀ ਸੀ ਉਦੋਂ ਇਸ ਤਰ੍ਹਾਂ ਦੇ ਮਹੰਤ ਸਰਕਾਰ ਵੱਲ ਖੜ੍ਹ ਜਾਂਦੇ ਸਨ ਅਤੇ ਜਦੋਂ ਸਿੱਖਾਂ ਦਾ ਸਰਕਾਰ ਨਾਲ ਕੋਈ ਰੌਲਾ ਨਹੀਂ ਸੀ ਹੁੰਦਾ ਉਦੋਂ ਇਹ ਸਿੱਖਾਂ ਵੱਲ ਖੜ੍ਹ ਜਾਂਦੇ ਸਨ। 

ਜਦੋਂ ਤੋਂ ਗੁਰਦੁਆਰਾ ਗੁਰੂ ਕੇ ਬਾਗ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਇਆ ਸੀ ਉਦੋਂ ਤੋਂ ਹੀ ਇੱਥੇ ਲੰਗਰ ਚਾਲੂ ਸੀ। ਲੰਗਰ ਲਈ ਬਾਲਣ ਗੁਰਦੁਆਰਾ ਸਾਹਿਬ ਦੀ ਜਮੀਨ ਚੋਂ ਹੀ ਆਉਂਦਾ ਸੀ। ਉੱਥੇ ਕਿੱਕਰਾਂ ਦੀ ਝੰਗੀ ਸੀ ਜਿਥੋਂ ਬਾਲਣ ਲਿਆ ਜਾਂਦਾ ਸੀ। 8 ਅਗਸਤ 1922 ਨੂੰ ਇਸੇ ਥਾਂ ਤੋਂ 5 ਅਕਾਲੀਆਂ ਨੇ ਲੰਗਰ ਵਾਸਤੇ ਇੱਕ ਸੁੱਕੀ ਕਿੱਕਰ ਛਾਂਗ ਕੇ ਬਾਲਣ ਲਿਆਂਦਾ। 9 ਅਗਸਤ 1922 ਨੂੰ ਇੰਨ੍ਹਾ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮਹੰਤ ਨਾਲੋਂ ਜਿਆਦਾ ਸਰਕਾਰ ਦੇ ਇਰਾਦੇ ਨੇਕ ਨਹੀਂ ਸਨ। ਕਿੰਨੇ ਸਮੇਂ ਤੋਂ ਲੰਗਰ ਲਈ ਬਾਲਣ ਉਥੋਂ ਹੀ ਆ ਰਿਹਾ ਸੀ, ਹੁਣ ਇੱਕ ਸੁੱਕੀ ਕਿੱਕਰ ਨੂੰ ਅਧਾਰ ਬਣਾ ਕੇ ਸਿੰਘ ਗ੍ਰਿਫਤਾਰ ਕਰ ਲਏ ਗਏ। ਮਹੰਤ ਨੇ ਅਜੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ। 10 ਅਗਸਤ 1922 ਨੂੰ ਮਹੰਤ ਪਾਸੋਂ ਇਨ੍ਹਾਂ ਸਿੰਘਾਂ ਵਿਰੁੱਧ ਦਰਖ਼ਾਸਤ ਲਈ ਗਈ ਕਿ ਇਨ੍ਹਾਂ ਨੇ ਮੇਰੀ ਚੋਰੀ ਕੀਤੀ ਹੈ। ਉਸੇ ਹੀ ਦਿਨ ਇਨ੍ਹਾਂ ਸਿੰਘਾਂ ਨੂੰ 6-6 ਮਹੀਨੇ ਦੀ ਕੈਦ ਅਤੇ ਪੰਜਾਹ-ਪੰਜਾਹ ਰੁਪਏ ਜੁਰਮਾਨੇ ਦੀ ਸਜਾ ਦਿੱਤੀ ਗਈ। ਅਗਲੇ ਦਿਨ ਉਥੇ ਪੁਲਸ ਬਿਠਾ ਦਿੱਤੀ ਗਈ। ਸਿੰਘ ਪਹਿਲਾਂ ਦੀ ਤਰ੍ਹਾਂ ਲੱਕੜਾਂ ਲਿਜਾਂਦੇ ਰਹੇ, 10-12 ਦਿਨ ਕੋਈ ਹਰਕਤ ਨਾ ਹੋਈ। ਫਿਰ 22 ਅਗਸਤ 1922 ਤੋਂ ਅਚਾਨਕ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ। 

25 ਅਗਸਤ 1922 ਤੱਕ ਗ੍ਰਿਫਤਾਰ ਕੀਤੇ ਸਿੰਘਾਂ ਦੀ ਗਿਣਤੀ 210 ਹੋ ਗਈ। ਪਹਿਲਾਂ ਲੱਕੜਾਂ ਲਿਆਉਂਦੇ ਸਿੰਘ ਗ੍ਰਿਫਤਾਰ ਕੀਤੇ ਜਾਂਦੇ ਸਨ ਫਿਰ ਸੇਵਾ ਕਰਦੇ 4 ਸਿੰਘ ਵੀ ਗ੍ਰਿਫਤਾਰ ਕਰ ਲਏ ਗਏ। ਗੁਰਦੁਆਰੇ ਵਿੱਚ ਫੌਜ ਅਤੇ ਪੁਲਸ ਬਿਠਾਈ ਗਈ। ਸਿੰਘਾਂ ਦਾ ਬਾਹਰੋਂ ਰਸਦ-ਪਾਣੀ ਲਿਆਉਣਾ ਬੰਦ ਕਰ ਦਿੱਤਾ ਗਿਆ। ਸੰਗਤ ਰਸਦਾਂ ਦੇ ਗੱਡੇ ਲੈ ਕੇ ਆਈ ਤਾਂ ਉਹ ਵੀ ਰੋਕ ਲਏ ਗਏ। ਪੁਲਸ ਕਪਤਾਨ ਨੇ ਹੁਕਮ ਦੇ ਦਿੱਤਾ ਕਿ ਜੇ ਕੋਈ ਲੱਕੜਾਂ ਵੱਢਣ ਜਾਵੇ ਤਾਂ ਓਹਨੂੰ ਡਾਂਗਾਂ ਨਾਲ ਕੁੱਟਿਆ ਜਾਵੇ। ਲੰਗਰ ਮਸਤਾਨਾ ਹੋ ਗਿਆ। ਸਿੰਘ ਵਾਰੀ-ਵਾਰੀ ਲੱਕੜਾਂ ਲੈਣ ਜਾਂਦੇ ਰਹੇ, ਪੁਲਸ ਸਿੰਘਾਂ ਨੂੰ ਕੁੱਟਦੀ। ਇਸ ਤਰ੍ਹਾਂ 36 ਦੇ ਕਰੀਬ ਸਿੰਘ ਬੇ-ਸੁਰਤ ਕਰ ਦਿੱਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਘਟਨਾ ਦੀ ਖਬਰ ਗਈ, ਸਿੰਘਾਂ ਨੂੰ ਇਲਾਜ ਲਈ ਲਿਜਾਇਆ ਗਿਆ। 

 26 ਅਗਸਤ 1922 ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਵੱਡੀ ਗਿਣਤੀ ’ਚ ਸੰਗਤ ਇਕੱਤਰ ਹੋਈ। ਪੁਲਸ ਨੇ ਇਕੱਤਰ ਹੋਈ ਸੰਗਤ ’ਤੇ ਲਾਠੀਚਾਰਜ ਕਰ ਦਿੱਤਾ। ਅਕਾਲ ਤਖ਼ਤ ਸਾਹਿਬ ’ਤੇ ਇਸ ਮਸਲੇ ਨੂੰ ਵਿਚਾਰਨ ਲਈ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਹੋ ਰਹੀ ਸੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਚਿੱਠੀ ਭੇਜੀ ਜਿਸ ਵਿੱਚ ਲਿਖਿਆ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਛੇ ਹੋਰ ਮੁਖੀ ਮੈਂਬਰਾਂ ਦੀ ਗ੍ਰਿਫਤਾਰੀ ਦੇ ਵਰੰਟ ਜਾਰੀ ਹੋਏ ਹਨ। ਵੱਡੀ ਗਿਣਤੀ ’ਚ ਮਜੂਦ ਸੰਗਤ ਨੇ ਚੜ੍ਹਦੀਕਲਾ ਨਾਲ ਇਹਨਾਂ 9 ਸਿੰਘਾਂ ਦੀ ਗ੍ਰਿਫਤਾਰੀ ਦਿੱਤੀ। ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਜੁੜੀ ਸੰਗਤ ਨੇ ਐਲਾਨ ਕੀਤਾ ਕਿ ਗੁਰੂ ਕਾ ਬਾਗ ਪੰਥ ਦਾ ਹੈ, ਸਰਕਾਰ ਦਖਲ ਅੰਦਾਜੀ ਨਾ ਕਰੇ, ਨਹੀਂ ਅਸੀਂ ਸੰਘਰਸ਼ ਕਰਾਂਗੇ। ਸਰਕਾਰ ’ਤੇ ਇਸ ਐਲਾਨ ਦਾ ਕੋਈ ਅਸਰ ਨਾ ਹੋਇਆ, ਉਸ ਨੇ ਸਖਤੀ ਹੋਰ ਵਧਾ ਦਿੱਤੀ। 

29 ਅਗਸਤ 1922 ਨੂੰ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਜਥਾ ਇਹ ਪ੍ਰਣ ਕਰਕੇ ਰਵਾਨਾ ਹੋਇਆ ਕਿ ਉਹ ਸ਼ਾਂਤਮਈ ਰਹਿ ਕੇ ਹਰ ਤਰ੍ਹਾਂ ਦਾ ਕਸ਼ਟ ਸਹਾਰਦੇ ਹੋਏ ਗੁਰੂ ਕੇ ਬਾਗ ਵੱਲ ਜਾਣਗੇ। ਰਸਤੇ ਵਿੱਚ ਹੀ ਨਾਕਾ ਸੀ ਜਿਥੇ ਇਹਨਾਂ ਸਿੰਘਾਂ ’ਤੇ ਬਹੁਤ ਜਿਆਦਾ ਕਸ਼ਟ ਹੋਇਆ, ਡਾਂਗਾ ਮਾਰੀਆਂ ਗਈਆਂ, ਬੇਰਹਿਮੀ ਨਾਲ ਕੁੱਟਿਆ ਗਿਆ। ਸਿੰਘ ਵਾਹਿਗੁਰੂ ਦਾ ਜਾਪੁ ਕਰਦੇ ਰਹੇ ਪਰ ਸੀ ਨਹੀਂ ਕੀਤਾ। ਇਸੇ ਤਰ੍ਹਾਂ ਹਰ ਰੋਜ ਕਦੀ 50, ਕਦੀ 60 ਕਦੀ 100 ਸਿੰਘਾਂ ਦਾ ਜਥਾ ਜਾਂਦਾ ਅਤੇ ਸਰਕਾਰ ਦਾ ਤਸ਼ੱਦਦ ਝੱਲਦਾ। 13 ਦਿਨ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਿਹਾ। ਦੇਸ਼ਾਂ-ਵਿਦੇਸ਼ਾਂ ’ਚ ਸਰਕਾਰ ਦੇ ਜਬਰ ਦੀ ਗੱਲ ਹੋਣ ਲੱਗੀ, ਸਰਕਾਰ ਕਸੂਤੀ ਫਸ ਗਈ। ਹਰ ਪਾਸੇ ਸਰਕਾਰ ਦੀ ਨਿੰਦਾ ਹੋਣ ਲੱਗੀ। ਸਰਕਾਰ ਦੀਆਂ ਗਿਣਤੀਆਂ-ਮਿਣਤੀਆਂ ਧਰੀਆਂ ਧਰਾਈਆਂ ਰਹਿ ਗਈਆਂ, ਸਰਕਾਰ ਨੂੰ ਗੁਰੂ ਦੇ ਸਿੱਖਾਂ ਦੇ ਸਿਦਕ ਦਾ ਅੰਦਾਜਾ ਨਹੀਂ ਸੀ। 

ਫਿਰ 13 ਸਤੰਬਰ 1922 ਨੂੰ ਸਰਕਾਰ ਨੇ ਬਦਨਾਮੀ ਤੋਂ ਬਚਨ ਲਈ ਆਪਣਾ ਪੈਂਤੜਾ ਬਦਲਿਆ। ਗੁਰਦੁਆਰੇ ਦੇ ਰਾਹ ਵਿਚਲੀ ਚੌਂਕੀ ਪੁਲਸ ਨੇ ਚੱਕ ਲਈ ਤਾਂ ਕਿ ਜਥੇ ਗੁਰੂ ਕੇ ਬਾਗ ਪੁੱਜ ਸਕਣ। 13 ਸਤੰਬਰ ਮਗਰੋਂ ਮਾਰ ਕੁਟਾਈ ਬੰਦ ਕੀਤੀ ਗਈ ਅਤੇ ਮੁੜ ਗ੍ਰਿਫਤਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਸਰਕਾਰ ਦੀ ਨਵੀਂ ਚਾਲ ਅਤੇ ਆਪਣੀਆਂ ਗਿਣਤੀਆਂ-ਮਿਣਤੀਆਂ ਤਹਿਤ ਹੀ ਇਹ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਸਨ। ਜਥੇ ਹਰ ਰੋਜ਼ ਜਾਂਦੇ ਅਤੇ ਗ੍ਰਿਫਤਾਰ ਹੋ ਜਾਂਦੇ। ਇਸ ਤਰ੍ਹਾਂ 5605 ਸਿੰਘ ਗ੍ਰਿਫਤਾਰ ਹੋ ਗਏ। ਜਿੰਨ੍ਹਾ ਵਿੱਚ 35 ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ। ਗ੍ਰਿਫਤਾਰੀਆਂ ਦੀ ਗਿਣਤੀ ਵਧਦੀ ਗਈ, ਅੰਤ ਇੰਨੀਆਂ ਗ੍ਰਿਫਤਾਰੀਆਂ ਹੋ ਗਈਆਂ ਕਿ ਹੁਣ ਸਿਰਫ 900 ਬੰਦੇ ਦੀ ਹੀ ਹੋਰ ਥਾਂ ਜੇਲ੍ਹਾਂ ’ਚ ਬਚੀ ਸੀ।  

ਸਰਕਾਰ ਇਸ ਵਿਚੋਂ ਨਿਕਲਣਾ ਚਾਹੁੰਦੀ ਸੀ ਪਰ ਕੋਈ ਰਾਹ ਨਹੀਂ ਸੀ ਮਿਲ ਰਿਹਾ। ਸਰਕਾਰ ਚਾਬੀਆਂ ਦੇ ਮੋਰਚੇ ਦੇ ਬਦਲੇ ਵਜੋਂ ਸਿੰਘਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ ਪਰ ਹੋ ਉਲਟਾ ਗਿਆ। ਹੁਣ ਫਸੀ ਹੋਈ ਸਰਕਾਰ ਆਪਣਾ ਨੱਕ ਵੀ ਰੱਖਣਾ ਚਾਹੁੰਦੀ ਸੀ ਅਤੇ ਇਸ ਸਭ ਕਾਸੇ ’ਚੋਂ ਨਿਕਲਣਾ ਵੀ ਚਾਹੁੰਦੀ ਸੀ। ਸਰਕਾਰ ਕਿਸੇ ਵਿਚੋਲੇ ਦੀ ਭਾਲ ’ਚ ਸੀ ਜਿਸ ਰਾਹੀਂ ਇਸ ਵਿੱਚੋਂ ਬਾਹਰ ਨਿਕਲਿਆ ਜਾ ਸਕੇ ਅਤੇ ਇਹ ਵੀ ਨਾ ਜਾਪੇ ਕਿ ਸਰਕਾਰ ਨੇ ਹਾਰ ਮੰਨ ਲਈ ਹੈ।  

 ਅੰਤ ਸਰਕਾਰ ਨੂੰ ਭੱਜਣ ਦਾ ਰਾਹ ਮਿਲ ਗਿਆ, ਸੇਵਾ ਮੁਕਤ ਸਰਕਾਰੀ ਇੰਜੀਨੀਅਰ ਸਰ ਗੰਗਾ ਰਾਮ ਨੇ ਮਹੰਤ ਪਾਸੋਂ ਜਮੀਨ ਠੇਕੇ ’ਤੇ ਲੈ ਲਈ ਅਤੇ ਸਰਕਾਰ ਨੂੰ ਲਿਖ ਦਿੱਤਾ ਕਿ ਮੈਨੂੰ ਪੁਲਸ ਦੀ ਲੋੜ ਨਹੀਂ ਨਾ ਹੀ ਮੈਂ ਸਿੰਘਾਂ ਨੂੰ ਲੰਗਰਾਂ ਵਾਸਤੇ ਬਾਲਣ ਵੱਢਣ ਤੋਂ ਰੋਕਣਾ ਚਾਹੁੰਦਾ ਹਾਂ। 19 ਨਵੰਬਰ 1922 ਨੂੰ ਪੁਲਸ ਵਾਪਸ ਬੁਲਾ ਲਈ ਗਈ। ਇਸ ਤਰ੍ਹਾਂ ਸਰਕਾਰ ਨੂੰ ਵੀ ਸੌਖਾ ਰਾਹ ਮਿਲ ਗਿਆ। ਅੰਤ ਸਿਦਕ, ਦ੍ਰਿੜਤਾ ਅਤੇ ਗੁਰੂ ’ਤੇ ਭਰੋਸੇ ਵਾਲਿਆਂ ਦੀ ਜਿੱਤ ਹੋਈ।

ਜਿਹੜੇ ਸਿੰਘ ਗ੍ਰਿਫਤਾਰ ਹੋਏ ਸਨ, ਜਦੋਂ ਉਹਨਾਂ ਨੂੰ ਇੱਕ ਜੇਲ੍ਹ ’ਚੋਂ ਦੂਸਰੀ ਜੇਲ੍ਹ ਲਿਜਾਇਆ ਜਾਂਦਾ ਸੀ ਤਾਂ ਸੰਗਤ ਵੱਲੋਂ ਸਟੇਸ਼ਨਾਂ ’ਤੇ ਸਿੰਘਾਂ ਦੀ ਸੇਵਾ ਲਈ ਪ੍ਰਸ਼ਾਦਾ-ਪਾਣੀ ਦਾ ਪ੍ਰਬੰਧ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਜਦੋਂ ਗੁਰੂ ਕੇ ਬਾਗ ਦੇ ਮੋਰਚੇ ’ਚ ਗ੍ਰਿਫਤਾਰ ਹੋਏ ਸਿੰਘਾਂ ਦੇ ਇੱਕ ਜਥੇ ਨੂੰ ਅਟਕ ਜੇਲ੍ਹ ਵਿੱਚ ਭੇਜਣ ਲਈ ਅੰਮ੍ਰਿਤਸਰੋਂ ਰੇਲ ਗੱਡੀ ’ਤੇ ਚਾੜ੍ਹਿਆ ਗਿਆ ਤਾਂ ਪੰਜਾ ਸਾਹਿਬ ਦੀ ਸੰਗਤ ਨੇ ਵੀ ਸਿੰਘਾਂ ਦੀ ਸੇਵਾ ਕਰਨ ਲਈ ਸਟੇਸ਼ਨ ਮਾਸਟਰ ਨੂੰ ਗੱਡੀ ਰੋਕਣ ਲਈ ਕਿਹਾ। ਬਾਬੂ ਨੇ ਨਾਂਹ ਕਰ ਦਿੱਤੀ ਕਿ ਗੱਡੀ ਬਿਨਾ ਰੁਕੇ ਹੀ ਜਾਣੀ ਹੈ। ਸੰਗਤ ਰੇਲ ਦੀ ਲੀਹ ’ਤੇ ਬੈਠ ਗਈ। ਗੱਡੀ ਆਈ, ਸੰਗਤ ਡਟੀ ਰਹੀ। ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਇੰਜਣ ਹੇਠਾਂ ਪੀਠੇ ਗਏ। ਬਾਕੀ ਸੰਗਤ ਫਿਰ ਵੀ ਅਡੋਲ ਬੈਠੀ ਰਹੀ, ਕੋਈ ਨਾ ਹਿੱਲਿਆ। ਅੰਤ ਗੱਡੀ ਰੋਕ ਲਈ ਗਈ। ਸੰਗਤ ਨੇ ਸਿੰਘਾਂ ਦੀ ਰੱਜ ਕੇ ਸੇਵਾ ਕੀਤੀ ਅਤੇ ਪ੍ਰਸ਼ਾਦਾ-ਪਾਣੀ ਛਕਾਇਆ। 14 ਮਾਰਚ 1923 ਸਿੰਘ ਰਿਹਾਅ ਹੋਏ।

ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ:

ਅਸੀਂ ਉੱਪਰ ਮੋਰਚਾ ਗੁਰੂ ਕਾ ਬਾਗ ਅਤੇ ਉਸ ਦੇ ਪਿਛੋਕੜ ਬਾਰੇ ਗੱਲ ਕਰਨ ਦੇ ਨਾਲ-ਨਾਲ ਗੁਰ-ਇਤਿਹਾਸ ਵਿੱਚੋਂ ਵੀ ਕੁਝ ਜਿਕਰ ਕੀਤਾ ਹੈ। ਇਸ ਸਭ ਵਿੱਚ ਇਤਿਹਾਸ ਨੇ ਸਮੇਂ-ਸਮੇਂ ’ਤੇ ਆਪਣੇ ਆਪ ਨੂੰ ਦੁਹਰਾਇਆ ਹੈ। ਕਿਸੇ ਵੇਲੇ ਗੁਰੂ ਪਾਤਿਸਾਹ ਨੇ ਮਸੰਦ ਥਾਪੇ। ਜਦੋਂ ਉਹ ਗੁਰੂ ਤੋਂ ਬੇਮੁੱਖ ਹੋਏ ਤਾਂ ਗੁਰੂ ਨੇ ਆਪਣੇ ਹੱਥੀਂ ਖਤਮ ਕੀਤੇ। ਫਿਰ ਸੰਗਤ ਨੇ ਮਹੰਤ ਅਤੇ ਪੁਜਾਰੀਆਂ ਨੂੰ ਓਹਨਾ ਦਾ ਬਣਦਾ ਸਤਿਕਾਰ ਦਿੱਤਾ ਪਰ ਜਦੋਂ ਉਹ ਵੀ ਗੁਰੂ ਤੋਂ ਮੂੰਹ ਫੇਰ ਗਏ ਤਾਂ ਸੰਗਤ ਨੇ ਉੱਦਮ ਕੀਤਾ ਅਤੇ ਉਹਨਾਂ ਦੇ ਹੱਥਾਂ ’ਚੋਂ ਗੁਰਦੁਆਰਾ ਪ੍ਰਬੰਧ ਨੂੰ ਵਾਪਸ ਲੈ ਲਿਆ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ’ਚ ਆਈ ਅਤੇ ਉਸ ਦੇ ਹੁਕਮਾਂ/ਫੈਸਲਿਆਂ ਨੂੰ ਲਾਗੂ ਕਰਨ/ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ। ਅੱਜ 100 ਸਾਲਾਂ ਬਾਅਦ ਹਲਾਤ ਇਹ ਹਨ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਇੱਕ ਨਿਰੋਲ ਰਾਜਸੀ ਪਾਰਟੀ ਬਣ ਕੇ ਰਹਿ ਗਿਆ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾ ਰਿਹਾ ਹੈ। ਇਹ ਦੋਵੇਂ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਪਾ ਰਹੇ ਅਤੇ ਪੰਥ ਦੀਆਂ ਰਵਾਇਤਾਂ ਅਨੁਸਾਰ ਨਹੀਂ ਚੱਲ ਰਹੇ। 100 ਸਾਲ ਪਹਿਲਾਂ ਜਿਸ ਪਵਿੱਤਰ ਕਾਰਜ ਲਈ ਇਹ ਕਮੇਟੀ ਬਣੀ ਸੀ ਅੱਜ ਇਹ ਉਸ ’ਤੇ ਸਹੀ ਨਹੀਂ ਨਿਭ ਰਹੀ।

ਸਿੱਖ ਸੰਗਤ ਦੀ ਜਿੰਮੇਵਾਰੀ:   

ਕੋਈ ਮਨੁੱਖ/ਸੰਸਥਾ/ਜਥਾ ਜਦੋਂ ਤੀਕ ਗੁਰੂ ਆਸ਼ੇ ਅਨੁਸਾਰ ਚੱਲਦਾ ਹੈ, ਗੁਰੂ ਦੀ ਬਖਸ਼ਿਸ਼ ਦਾ ਪਾਤਰ ਰਹਿੰਦਾ ਹੈ, ਜਦੋਂ ਉਹ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ ਉਦੋਂ ਉਸਦਾ ਖਤਮ ਹੋਣਾ ਸੁਭਾਵਿਕ ਹੈ, ਉਹ ਭਾਵੇਂ ਮਸੰਦ ਹੋਣ, ਭਾਵੇਂ ਮਹੰਤ ਤੇ ਭਾਵੇਂ ਕੋਈ ਪ੍ਰਬੰਧਕ ਕਮੇਟੀ। ਉਸ ਸਮੇਂ ’ਚ ਵਿਚਰ ਰਹੇ ਮਨੁੱਖਾਂ ’ਤੇ ਇਹ ਜਿੰਮੇਵਾਰੀ ਆਇਦ ਹੁੰਦੀ ਹੈ ਕਿ ਉਹ ਮੌਜੂਦਾ ਪ੍ਰਬੰਧ ਨੂੰ ਲੋੜ ਅਨੁਸਾਰ ਸੋਧ ਕੇ ਗੁਰਮਤਿ ਅਨੁਸਾਰ, ਆਪਣੀ ਰਵਾਇਤ ਅਨੁਸਾਰ ਕਰਨ ਲਈ ਉੱਦਮ ਕਰਨ। 

ਅੱਜ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਬਣਦੀ ਜਿੰਮੇਵਾਰੀ ਨਹੀਂ ਨਿਭਾਅ ਰਹੀ ਤਾਂ ਮੌਜੂਦਾ ਸਮੇਂ ’ਚ ਵਿਚਰ ਰਹੇ ਜੀਆਂ ’ਤੇ ਇਹ ਜਿੰਮੇਵਾਰੀ ਆਇਦ ਹੈ ਕਿ ਉਹ ਮਜੂਦਾ ਪ੍ਰਬੰਧ ਨੂੰ ਲੋੜ ਅਨੁਸਾਰ ਸੋਧ ਕੇ ਆਪਣੀ ਰਵਾਇਤ ਅਨੁਸਾਰ ਕਰਨ ਲਈ ਯਤਨਸ਼ੀਲ ਹੋਣ।

ਮੌਜੂਦਾ ਸਮੇਂ ’ਚ ਗੁਰਦੁਆਰਾ ਪ੍ਰਬੰਧ ਸਬੰਧੀ ਕਰਨਯੋਗ ਕਾਰਜ:

ਗੁਰੂ ਦੀ ਬਖਸ਼ਿਸ਼ ਦਾ ਪਾਤਰ ਓਹੀ ਬਣਦਾ ਹੈ ਜਿਹੜਾ ਗੁਰੂ ਦੇ ਦੱਸੇ ਰਾਹ ’ਤੇ ਚੱਲਦਾ ਹੈ। ਜਦੋਂ ਮੌਜੂਦਾ ਸਮੇਂ ’ਚ ਗੁਰਦੁਆਰਾ ਪ੍ਰਬੰਧ ਸਬੰਧੀ ਸਾਡੀ ਬਣਦੀ ਜਿੰਮੇਵਾਰੀ ਵਿਚਾਰਨੀ ਹੋਵੇ ਤਾਂ ਇਹ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਅਸੀਂ ਤਰੀਕਾ ਕਿਹੜਾ ਚੁਣ ਰਹੇ ਹਾਂ? ਜੇ ਸਾਡਾ ਤਰੀਕਾ ਸਾਡੀ ਪੰਥਕ ਰਵਾਇਤ ਦੇ ਹਾਣਦਾ ਨਹੀਂ ਹੈ ਫਿਰ ਸਾਡੇ ਅਮਲਾਂ ’ਚ ਬਰਕਤ ਨਹੀਂ ਹੋ ਸਕਦੀ। 

ਹੁਣ ਜਿਸ ਸਥਿਤੀ ’ਚ ਆਪਾਂ ਹਾਂ, ਇੱਥੇ ਸਾਡੇ ਲਈ ਦੋ ਗੱਲਾਂ ਬਹੁਤ ਅਹਿਮ ਹਨ। ਪਹਿਲੀ ਇਹ ਕਿ ਜੋ ਗੁਰਦੁਆਰਾ ਸਾਹਿਬ ਦੀ ਪਰਿਭਾਸ਼ਾ ਆਪਾਂ ਸ਼ੁਰੂ ਵਿੱਚ ਵਿਚਾਰੀ ਹੈ, ਕੀ ਸਾਡੇ ਗੁਰਦੁਆਰਿਆਂ ਵਿੱਚ ਉਹ ਸਭ ਕੁਝ ਕਾਰਜਸ਼ੀਲ ਹੈ ਜਾਂ ਇੱਕ-ਇੱਕ ਕਰਕੇ ਮਨਫ਼ੀ ਹੋ ਗਿਆ ਹੈ। ਜੇਕਰ ਨਹੀਂ ਹੈ, ਤਾਂ ਇਹ ਸਾਡੇ ਮੁੱਢਲੇ ਕਾਰਜਾਂ ਅਤੇ ਜਿੰਮੇਵਾਰੀਆਂ ’ਚੋਂ ਇੱਕ ਹੈ ਕਿ ਅਸੀਂ ਜਿੱਥੇ ਵੀ ਸੰਭਵ ਹੋਵੇ ਉੱਥੇ ਆਪਣੇ ਗੁਰਦੁਆਰੇ ਦਾ ਅਸਲ ਪ੍ਰਬੰਧ ਮੁੜ ਸੁਰਜੀਤ ਕਰੀਏ। ਸਾਡੇ ਗੁਰਦੁਆਰੇ ਮੁੜ ਤੋਂ ਵਿਦਯਾਰਥੀਆਂ ਲਈ ਸਕੂਲ ਬਣਨ, ਰੋਗੀਆਂ ਲਈ ਸ਼ਫਾਖਾਨਾ ਬਣਨ, ਭੁੱਖਿਆਂ ਲਈ ਲੰਗਰ ਹੋਵਣ, ਲੋੜਵੰਦਾਂ ਲਈ ਕਿਲ੍ਹਾ ਬਣਨ,  ਆਤਮਜਿਗਯਾਸਾ ਵਾਲਿਆਂ ਲਈ ਗਿਯਾਨਉਪਦੇਸ਼ਕ ਆਚਾਰਯ ਬਣਨ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਅਸਥਾਨ।  

ਇੱਕ ਜਿੰਮੇਵਾਰੀ ਸਾਡੇ ’ਤੇ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧਕ ਉੱਚੇ-ਸੁੱਚੇ ਗੁਣਾਂ ਦੇ ਧਾਰਨੀ ਹੋਵਣ। ਗੁਰਦੁਆਰਿਆਂ ਦਾ ਪ੍ਰਬੰਧ ਸਾਡੀ ਪੰਥਕ ਰਵਾਇਤ ਅਨੁਸਾਰ ਚੱਲੇ। ਮੌਜੂਦਾ ਸਮੇਂ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਪ੍ਰਬੰਧਕ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਜੋ ਕਿ ਸਾਡਾ ਤਰੀਕਾ ਨਹੀਂ ਹੈ। ਗੁਰੂ ਖਾਲਸਾ ਪੰਥ ਵਿੱਚ ਸ੍ਰੀ ਗੁਰੂ ਨਾਨਕ ਸੱਚੇ ਪਾਤਿਸਾਹ ਹਜੂਰ ਦੇ ਸਮੇਂ ਤੋਂ ਹੀ ਆਗੂ ਚੁਣਨ ਦੀ ਰਵਾਇਤ ਗੁਣ ਅਧਾਰਤ ਰਹੀ ਹੈ। ਸੇਵਾ ਅਤੇ ਸਿਰੜ ਰਾਹੀਂ ਆਪਣੇ ਆਪ ਉਚੀਆਂ ਸ਼ਖਸੀਅਤਾਂ ਪ੍ਰਤੱਖ ਨਿੱਤਰ ਆਉਦੀਆਂ ਹਨ। ਗੁਰੂ ਖਾਲਸਾ ਪੰਥ ਅੰਦਰ ਅਗਵਾਈ ਦੀ ਪੰਚ-ਪ੍ਰਧਾਨੀ ਪ੍ਰਣਾਲੀ ਦੀ ਪਰੰਪਰਾ ਹੈ। ਅਗਵਾਈ ਵਿੱਚ ਸ਼ਬਦ ਦੇ ਅਭਿਆਸੀ-ਬਾਣੀ ਦੇ ਰਸੀਏ, ਪੰਥ ਦਰਦੀ ਤੇ ਦੁਨਿਆਵੀ ਗੁਣਾਂ ਵਿੱਚ ਮਾਹਰ ਸ਼ਖਸੀਅਤ ਦਾ ਤਵਾਜਨ ਹੋਣਾ ਚਾਹੀਦਾ ਹੈ।

ਇਹ ਵੀ ਹਕੀਕਤ ਹੈ ਕਿ ਹੁਣ ਵੋਟਾਂ ਵਾਲੇ ਪ੍ਰਬੰਧ ਨੂੰ ਇਕਦਮ ਖਤਮ ਨਹੀਂ ਕੀਤਾ ਜਾ ਸਕਦਾ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜੋ ਤਰੀਕਾ ਗੁਰੂ ਦਾ ਹੈ ਉਹ ਹਰ ਹਾਲ, ਹਰ ਹਲਾਤ ਵਿੱਚ ਲਾਗੂ ਹੋਣ ਦੀ ਸਮਰੱਥਾ ਰੱਖਦਾ ਹੈ। ਸਾਨੂੰ ਸ਼ੁਰੂਆਤੀ ਤੌਰ ’ਤੇ ਘੱਟੋ-ਘੱਟ ਆਪਣੇ ਫੈਸਲੇ ਪੰਥਕ ਰਵਾਇਤ ਅਨੁਸਾਰ ਕਰਨ ਦੇ ਰਾਹ ਵੱਲ ਜਰੂਰ ਪਰਤਣਾ ਚਾਹੀਦਾ ਹੈ, ਇੱਥੋਂ ਹੀ ਅਗਲੇ ਸਾਰੇ ਰਾਹ ਨਿਕਲਣੇ ਹਨ। ਗੁਰੂ ਖਾਲਸਾ ਪੰਥ ਵਿੱਚ ਫੈਸਲੇ ਲੈਣ ਲਈ ‘ਗੁਰਮਤਾ’ ਸੰਸਥਾ ਦੀ ਪ੍ਰਣਾਲੀ ਪ੍ਰਚਲਤ ਹੈ। ਗੁਰਮਤਾ, ਸਰਬਤ ਗੁਰ-ਸੰਗਤਿ ਦੇ ਕਿਸੇ ਖਾਸ ਵਿਸ਼ੇ ਸੰਬੰਧੀ ਸਪਸ਼ਟ ਨਜਰੀਆ ਹੈ। ਗੁਰੂ ਖਾਲਸਾ ਪੰਥ ਵਿੱਚ ਫੈਸਲੇ ਸੰਗਤੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਚ-ਪ੍ਰਧਾਨੀ ਅਗਵਾਈ ਪ੍ਰਣਾਲੀ ਤਹਿਤ ਕੀਤੇ ਜਾਂਦੇ ਹਨ। ਗੁਰੂ ਖਾਲਸਾ ਪੰਥ ਦੀ ਪਰੰਪਰਾ ਵਿੱਚ ਪੰਜ ਸਿੰਘ ਸਾਹਿਬ ਗੁਰ-ਸੰਗਤਿ ਦੇ ਵਿਚਾਰ ਸੁਣਦੇ ਹਨ। ਗੁਰਬਾਣੀ ਅਤੇ ਤਵਾਰੀਖ ਦੀ ਅੰਤਰ-ਦ੍ਰਿਸ਼ਟੀ ਨਾਲ ਨਤੀਜੇ ਉਪਰ ਪਹੁੰਚਦੇ ਹਨ। ਪੰਜ ਸਿੰਘ ਸਾਹਿਬਾਨ ਦਾ ਹੁਕਮ ਅੰਤਿਮ ਹੁੰਦਾ ਹੈ। ਫੈਸਲਾ ਲੈਣ ਵਿੱਚ ਸਿਰਫ ਵਿਚਾਰ ਵਟਾਂਦਰਾ ਹੀ ਆਖਰੀ ਪਹਿਲੂ ਨਹੀਂ ਹੁੰਦਾ ਸਗੋਂ ਅਕਾਲਪੁਰਖ ਦੀ ਰਜਾ ਉਤੇ ਭਰੋਸਾ ਅਹਿਮ ਹੁੰਦਾ ਹੈ। ਕਿਉਂਕਿ ਪੰਜਾਂ ਪਿਆਰਿਆਂ ਨੂੰ ਅਕਾਲਪੁਰਖ ਦਾ ਰੂਪ ਮੰਨਿਆ ਜਾਂਦਾ ਹੈ। ਫੈਸਲਾ ਲੈਣ ਵਾਲੇ ਪੰਜ ਸਿੰਘ ਸਾਹਿਬ ਮੌਕੇ ਤੇ ਹੀ ਸੰਗਤ ਵਿੱਚੋਂ ਚੁਣੇ ਜਾਂਦੇ ਹਨ। ਅੰਤਮ ਫੈਸਲਾ ਲੈਣ ਤੋਂ ਬਾਅਦ ਮੁੜ ਸੰਗਤ ਦਾ ਹੀ ਹਿੱਸਾ ਬਣ ਜਾਂਦੇ ਹਨ।

ਹੁਣ ਦੀ ਸਥਿਤੀ ਵਿੱਚ ਜੇਕਰ ਕੁਝ ਹੋਰ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਇਸ ਰਾਹ ਵੱਲ ਨੂੰ ਮੁੜਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਕਤ ਅਸੀਂ ਆਪਣੇ ਉਮੀਦਵਾਰ ਦੀ ਚੋਣ ਜਰੂਰ ‘ਗੁਰਮਤਾ’ ਕਰਕੇ ਕਰਨ ਦੇ ਰਾਹ ਪਈਏ। ਸੰਗਤ ਆਪਣੇ ਹਲਕੇ ਵਿਚੋਂ ਗੁਰਮਤਾ ਕਰਕੇ ਯੋਗ ਉਮੀਦਵਾਰ ਨੂੰ ਇਸ ਪ੍ਰਬੰਧ ਲਈ ਚੁਣੇ। ਜਿਹੜੀਆਂ ਪਾਰਟੀਆਂ ਜਾਂ ਜਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਵੋਟਾਂ ਰਾਹੀਂ ਬਦਲਣ ਲਈ ਉੱਦਮ ਕਰ ਰਹੇ ਹਨ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਸੰਗਤ ਨੂੰ ਬੇਨਤੀ ਕਰਨ ਕਿ ਹਲਕੇ ਦੀ ਸੰਗਤ ਹੀ ਗੁਰਮਤਾ ਕਰਕੇ ਉਹਨਾਂ ਨੂੰ ਆਪਣਾ ਉਮੀਦਵਾਰ ਦਵੇ। ਗੁਰਮਤਾ ਅਤੇ ਪੱਛਮੀ ਤਰਜ ਦੀ ਸਰਬ-ਸੰਮਤੀ ਜਾਂ ਆਮ ਸਹਿਮਤੀ ਦੇ ਮਤੇ ਵਿਚ ਬਹੁਤ ਫਰਕ ਹੈ। ਪੱਛਮੀ ਤਰਜ ਦੀ ਸਰਬ-ਸੰਮਤੀ ਬਣਾਉਣ ਲਈ ਸਭਾ ਵਿੱਚ ਇੱਕਤਰ ਮਨੁੱਖ ਆਪਣੀ ਨਿੱਜ-ਹੋਂਦ ਨੂੰ ਸਭਾ ਦੀ ਸਾਂਝੀ ਹੋਂਦ ਵਿੱਚ ਜਜ਼ਬ ਨਹੀਂ ਕਰਦੇ ਸਗੋਂ ਆਪੋ ਆਪਣੀਆਂ ਰਾਵਾਂ ਨੂੰ ਥੋੜ੍ਹਾ ਵਧਾ ਘਟਾ ਕੇ ਆਮ ਸਹਿਮਤੀ ਬਣਾਈ ਜਾਂਦੀ ਹੈ, ਪਰ ਗੁਰਮਤੇ ਵਿੱਚ ਹਾਜਰ ਸਾਰੇ ਸਿੰਘ ਆਪਣੀ ਨਿੱਜ ਹੋਂਦ ਤੋਂ ਉਪਰ ਉਠਕੇ ਆਤਮਕ ਤੌਰ ’ਤੇ ਇਕਮਿਕ ਅਵਸਥਾ ਵਿੱਚ ਹੁੰਦੇ ਹਨ। 

ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੀਯਤ ਕੀਤੇ ਜਾਂਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਸ਼੍ਰੋਮਣੀ ਅਕਾਲੀ ਦਲ ਕਾਬਜ ਹੈ ਜੋ ਇੱਕ ਨਿਰੋਲ ਸਿਆਸੀ ਪਾਰਟੀ ਹੈ। ਕੱਲ੍ਹ ਨੂੰ ਵੋਟ ਸਿਆਸਤ ਵਿੱਚ ਸਰਗਰਮ ਹੋਰ ਧਿਰਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਹੋ ਸਕਦੀਆਂ ਹਨ, ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਵੱਲੋਂ ਨੀਯਤ ਕੀਤੇ ਜਾਇਆ ਕਰਨਗੇ। ਜੋ ਕਿ ਬਿਲਕੁਲ ਪੁੱਠਾ ਰਾਹ ਹੈ, ਇਹ ਰਾਹ ਸਾਨੂੰ ਦਿਨ ਪਰ ਦਿਨ ਹੋਰ ਨਿਗਾਰ ਵੱਲ ਲੈ ਕੇ ਜਾਵੇਗਾ। ਇਸ ਵਿੱਚੋਂ ਨਿਕਲਣ ਲਈ ਸੰਗਤ ਦੀ ਜਿੰਮੇਵਾਰੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਨੂੰ ਵੋਟ ਸਿਆਸਤ ਤੋਂ ਮੁਕਤ ਕਰਵਾਉਣ ਲਈ ਉੱਦਮ ਕਰੇ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਉਸ ਜਥੇ ਕੋਲ ਹੋਣ ਚਾਹੀਦਾ ਹੈ ਜੋ ਨਿਸ਼ਕਾਮ ਸੰਘਰਸ਼ ਕਰੇ, ਜਿਹੜਾ ਸਾਰੀਆਂ ਵੋਟ-ਸਿਆਸਤ ਵਾਲੀਆਂ ਧਿਰਾਂ ਤੋਂ ਅਜ਼ਾਦ ਵਿਚਰਦਾ ਹੋਵੇ।        

ਗੁਰੂ ਪਾਤਿਸਾਹ ਮਿਹਰ ਕਰਨ ਅਸੀਂ ਆਪਣੀ ਸਭ ਤੋਂ ਸਿਰਮੌਰ ਜਿੰਮੇਵਾਰੀ ਗੁਰੂ ਦੇ ਅਦਬ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਸਬੰਧੀ ਬੀਤੇ ਦੀ ਰੌਸ਼ਨੀ ’ਚ ਭਵਿੱਖ ਲਈ ਯਤਨਸ਼ੀਲ ਹੋ ਸਕੀਏ।


ਸਰੋਤਃ

੧. ਅਕਾਲੀ ਮੋਰਚਿਆਂ ਦਾ ਇਤਿਹਾਸ – ਸੋਹਣ ਸਿੰਘ ਜੋਸ਼

੨. ਅਕਾਲੀ ਲਹਿਰ – ਮਹਿੰਦਰ ਸਿੰਘ

੩. ਸਿੱਖ ਇਤਿਹਾਸ ਭਾਗ-੨ – ਪ੍ਰੋ. ਕਰਤਾਰ ਸਿੰਘ ਐਮ.ਏ

੪. ਅਗਾਂਹ ਵੱਲ ਨੂੰ ਤੁਰਦਿਆਂ – ਸੰਵਾਦ ਵੱਲੋਂ ਜਾਰੀ ਖਰੜਾ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: