ਖਾਸ ਲੇਖੇ/ਰਿਪੋਰਟਾਂ

ਕਿਸਾਨ ਮੋਰਚੇ ਨੇ ਇਉਂ ਧਰਿਆ ਵਿਸ਼ਵ ਕਾਰਪੋਰੇਟ ਅਤੇ ਸਰਕਾਰਾਂ ਦੀ ਧੌਣ ‘ਤੇ ਗੋਡਾ

By ਸਿੱਖ ਸਿਆਸਤ ਬਿਊਰੋ

July 22, 2021

ਵਾਸ਼ਿੰਗਟਨ ਮੰਥਲੀ ਰਸਾਲੇ ਦਾ ਕਾਰਜਕਾਰੀ ਸੰਪਾਦਕ ਲਿਖਦਾ ਹੈ ਕਿ ਦਸੰਬਰ 2018 ‘ਚ ਦਸਤਾਰਧਾਰੀ ਅਮਰੀਕੀ ਪ੍ਰਦਰਸ਼ਨਕਾਰੀਆਂ ਨੇ ਫੇਸਬੁੱਕ ਦੇ ਮੈਨਲੋ ਪਾਰਕ ਵਿਚਲੇ ਮੁੱਖ ਦਫਤਰ ਦੇ ਬਾਹਰ ਵਿਚਾਰ ਰੱਖਣ ਦੀ ਖੁੱਲ੍ਹ ਵਾਲੇ ਬੈਨਰ ਫੜਕੇ ਪ੍ਰਦਰਸ਼ਨ ਕੀਤਾ। ਤਿੰਨ ਦਿਨਾਂ ਮਗਰੋਂ ਅਜਿਹੇ ਹੀ ਪ੍ਰਦਰਸ਼ਨ ਵੈਨਕੂਵਰ ਵਿਖੇ ਹੋਏ।

ਅਮਰੀਕਾ, ਕਨੇਡਾ ‘ਚ ਵੱਡੀਆਂ ਪੂੰਜੀਵਾਦੀ ਤਕਨੀਕੀ ਸੰਸਥਾਵਾਂ ਦਾ ਵਿਰੋਧ ਹੋਣਾ ਆਮ ਗੱਲ ਹੈ ਪਰ ਇਹ ਪ੍ਰਦਰਸ਼ਨ ਇਸ ਲਈ ਖਾਸ ਸਨ ਕਿਉਂਕਿ ਇਹ ਭਾਰਤ ਵਿੱਚ ਚੱਲ ਰਹੇ ਕਿਸਾਨ ਮੋਰਚੇ ਦੇ ਸਮਰਥਕਾਂ ਨੇ ਫੇਸਬੁੱਕ ਵੱਲੋਂ ਕਿਸਾਨੀ ਦੀ ਅਵਾਜ ਨੂੰ ਦੱਬਣ ਦੇ ਵਿਰੋਧ ਵਿੱਚ ਲਾਏ ਸਨ।

ਪੰਜਾਬ, ਹਰਿਆਣਾ ਅਤੇ ਇੰਡੀਆ ਦੇ ਹੋਰਨਾਂ ਸੂਬਿਆਂ ਦੇ ਕਿਸਾਨ ਤਿੰਨ ਖੇਤੀ ਕਨੂੰਨਾਂ ਦੇ ਵਿਰੋਧ ’ਚ ਡਟੇ ਹੋਏ ਹਨ, ਬਿਜਲ ਸੱਥ ਰਾਹੀਂ ਵਿਸ਼ਵ ਭਰ ਤੋਂ ਲੋਕ ਇਸ ਮੋਰਚੇ ਨਾਲ ਜੁੜ ਰਹੇ ਹਨ। ਇਸ ਮੌਕੇ ਬਿਜਲ ਸਾਧਨਾਂ ’ਤੇ ਕਿਸਾਨੀ ਦੀ ਅਵਾਜ ਦੱਬੇ ਜਾਣ ਦੇ ਵਰਤਾਰੇ ਬਾਰੇ ਮੋਰਚੇ ਦੇ ਹਾਮੀ ਵਿਸ਼ਵ ਕਾਰਪੋਰੇਟਾਂ ਦੇ ਮੁਨਾਫਾ ਸੰਬੰਧਾਂ ਵਿੱਚੋਂ ਇਸ ਦੇ ਕਾਰਣਾਂ ਦੀ ਪਛਾਣ ਕਰ ਰਹੇ ਹਨ।

ਅਪ੍ਰੈਲ 2020 ‘ਚ ਫੇਸਬੁੱਕ ਨੇ ਮੁਕੇਸ਼ ਅੰਬਾਨੀ ਦੇ ਅਦਾਰੇ ਰਿਲਾਇੰਸ ਜੀਓ ਵਿੱਚ 10 ਫੀਸਦੀ ਹਿੱਸੇ ਦਾ ਪੂੰਜੀ ਨਿਵੇਸ਼ ਕੀਤਾ। ਰਿਲਾਇੰਸ, ਟੈਲੀਕਮਯੂਨੀਕੇਸ਼ਨ ਦੇ ਨਾਲ-ਨਾਲ ਤੇਲ ਅਤੇ ਘਰੇਲੂ ਵਰਤੋਂ ਦੀਆਂ ਵਸਤਾਂ (ਕਰਿਯਾਨੇ) ਦੇ ਵਪਾਰ ਵਿੱਚ ਬਜ਼ਾਰ ਦੀ ਵੱਡੀ ਹਿੱਸੇਦਾਰੀ ਰੱਖਦਾ ਹੈ। ਅੰਦਾਜਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਰਿਲਾਇੰਸ ਹੇਠ ਵਸਤਾਂ ਦੇ ਵਪਾਰ ਦਾ 40 ਫੀਸਦ ਹਿੱਸਾ ਹੋਵੇਗਾ ਜਿਸ ਮਗਰੋਂ ਉਹ ਬਜ਼ਾਰ ਵਿੱਚ ਕਿਸਾਨਾਂ ਦੇ ਉਤਪਾਦਨ ਦਾ ਇਕੱਲਾ ਵੱਡਾ ਖਰੀਦਦਾਰ ਬਣ ਜਾਵੇਗਾ।

ਅਮਰੀਕਾ ਅਤੇ ਕਨੇਡਾ ਵਿੱਚ ਫੇਸਬੁੱਕ ਦੇ ਦਫਤਰਾਂ ਦੇ ਬਾਹਰ ਪ੍ਰਦਰਸ਼ਨ ਕਰਦੇ ਕਿਸਾਨ ਸਮਰਥਕ ਮੰਨਦੇ ਹਨ ਕਿ ਫੇਸਬੁੱਕ ਨੇ ਕਿਸਾਨ ਸਮਰਥਕਾਂ ਦੇ ਖਾਤੇ ਅੰਬਾਨੀ ਦੇ ਫਾਇਦੇ ਲਈ ਬੰਦ ਕੀਤੇ ਹਨ।

ਇਹ ਆਮ ਵਿਚਾਰ ਹੈ ਕਿ ਖੇਤੀ ਕਾਨੂੰਨਾਂ ਨਾਲ ਰਿਲਾਇੰਸ ਦੇ ਨਾਲ-ਨਾਲ ਫੇਸਬੁੱਕ ਨੂੰ ਵੀ ਵੱਡਾ ਫਾਇਦਾ ਹੋਵੇਗਾ। ਫੇਸਬੁੱਕ ਆਪਣੀ ਮਲਕੀਅਤ ਵਾਲੇ ਦੂਜੇ ਸਾਧਨ ਵਟਸਐਪ ਵਿੱਚ ਪੈਸੇ ਲੈਣ-ਦੇਣ ਵਾਲਾ ਜ਼ਰੀਆ ਲਾਗੂ ਕਰ ਰਹੀ ਹੈ ਅਤੇ ਨਾਲ ਹੀ ਜੀਓ ਮਾਰਟ (ਰਿਲਾਇੰਸ ਦਾ ਖਾਣ-ਪੀਣ ਜਾਂ ਹੋਰ ਘਰੇਲੂ ਵਸਤਾਂ ਮੰਗਵਾਉਣ ਲਈ ਆਨਲਾਈਨ ਬਜਾਰ) ਨੂੰ ਵੀ ਵਟਸਐਪ ਵਿੱਚ ਫਿੱਟ ਕਰ ਰਹੀ ਹੈ। ਜਿਸਦਾ ਮਤਲਬ ਬਣਦਾ ਹੈ ਕਿ ਰਿਲਾਇੰਸ ਦਾ ਕਿਸਾਨੀ ਉਤਪਾਦਨ ਵਿੱਚ ਵਧਦਾ ਹਿੱਸਾ ਵਟਸਐਪ ਨੂੰ ਵੀ ਫਾਇਦਾ ਦੇਵੇਗਾ।

ਵਟਸਐਪ ਵਿਚਲੀ ਖਰੀਦੋ-ਫਰੋਖਤ ਰਾਹੀਂ ਫੇਸਬੁੱਕ ਕੋਲ ਵਰਤੋਂਕਾਰਾਂ ਦੀ ਭਾਰੀ ਜਾਣਕਾਰੀ ਮੁਹੱਈਆ ਹੋਵੇਗੀ ਜਿਹੜੀ ਕਿ ਮਿੱਥ ਕੇ ਮਸ਼ਹੂਰੀਆਂ ਦਿਖਾਉਣ ਲਈ ਵਰਤੀ ਜਾਵੇਗੀ। ਮਸ਼ਹੂਰੀਆਂ ਦੇ ਨਾਲ-ਨਾਲ ਵਟਸਐਪ ਪੇਅ ਰਾਹੀਂ ਫੇਸਬੁੱਕ ਲੋਨ ਅਤੇ ਵਿਆਜ ਉੱਤੇ ਪੈਸੇ ਦੇਣ ਦੇ ਕੰਮ ਵਿੱਚ ਵੀ ਆਉਣਾ ਚਾਹੁੰਦੀ ਹੈ।

ਸਾਲ 2014 ‘ਚ ਮਾਰਕ ਜ਼ਕਰਬਰਗ ਇੰਡੀਆ ਵਿੱਚ ਫ੍ਰੀ ਬੇਸਿਕਸ ਨਾਂ ਦਾ ਪ੍ਰੌਜੈਕਟ ਲੈ ਕੇ ਆਇਆ ਸੀ ਜਿਸ ਤਹਿਤ ਕੰਪਨੀ ਮੋਬਾਈਲ ਵਰਤੋਂਕਾਰਾਂ ਨੂੰ ਮੁਫਤ ‘ਚ ਸੀਮਤ ਬਿਜਲ ਸੁਵਿਧਾਵਾਂ ਦੇਣੀਆਂ ਸਨ। ਫ੍ਰੀ ਬੇਸਿਕਸ ਤਹਿਤ ਕੇਵਲ 36 ਵੈਬਸਾਈਟਾਂ ਤੱਕ ਹੀ ਪਹੁੰਚ ਮਹੱਈਆ ਕਰਵਾਈ ਜਾਣੀ ਸੀ ਜਿਸ ਵਿੱਚ ਬਿਜਲ ਸੱਥ ਲਈ ਸਿਰਫ ਇਕੱਲੀ ਫੇਸਬੁੱਕ ਹੀ ਚੱਲਣੀ ਸੀ, ਸੁਹਿਰਦ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਫੇਸਬੁੱਕ ਮੁਫਤ ਸੁਵਿਧਾ ਦੇ ਨਾਂ ‘ਤੇ ਬਜ਼ਾਰ ‘ਚ ਆਪਣਾ ਦਬਦਬਾ ਵਧਾਉਣਾ ਚਾਹੁੰਦੀ ਹੈ। ਵਿਰੋਧ ਦੇ ਚਲਦਿਆਂ ਜ਼ੁਕਰਬਰਗ ਨੂੰ ਇਸ ਯੋਜਨਾਂ ਤੋਂ ਪੈਰ ਪਿੱਛੇ ਖਿੱਚਣਾ ਪਿਆ। ਇਸੇ ਦੌਰਾਨ ਹੀ ਵਟਸਐਪ ਇੰਡੀਆ ਵਿੱਚ ਸੁਨੇਹੇ ਭੇਜਣ ਦਾ ਮਸ਼ਹੂਰ ਜ਼ਰੀਆ ਬਣਕੇ ਉੱਭਰਿਆ।

2016 ਦੀ ਨੋਟਬੰਦੀ ਤੋਂ ਪੰਜ ਮਹੀਨੇ ਬਾਅਦ ਵਟਸਐਪ ਨੇ ਬਿਜਲ ਲੈਣ-ਦੇਣ ਵਾਲੇ ਸਾਧਨ ਵਟਸਐਪ-ਪੇਅ ਨੂੰ ਜਾਰੀ ਕਰਨ ਦਾ ਮਨ ਬਣਾਇਆ ਪਰ ਇਸ ‘ਤੇ ਵੀ ਸਰਕਾਰੀ ਰੋਕ ਲੱਗ ਗਈ ਕਿਉਂਕਿ ਇਸ ਨਾਲ ਭਾਰਤੀਆਂ ਦੀ ਵੱਡੇ ਪੱਧਰ ‘ਤੇ ਜਾਣਕਾਰੀ ਵਿਦੇਸ਼ੀ ਕੰਪਨੀ ਕੋਲ ਜਾਣ ਦਾ ਖਦਸ਼ਾ ਸੀ। ਫੇਸਬੁੱਕ ਵੱਲੋਂ ਅਪ੍ਰੈਲ 2020 ‘ਚ ਜੀਓ ‘ਚ ਹਿੱਸਾ ਪਾਉਣ ਤੋਂ ਬਾਅਦ ਅੰਬਾਨੀ ਅਤੇ ਜ਼ੁਕਰਬਰਗ ਨੇ ਵੀਡੀੳ ਰਾਹੀਂ ਮੀਟਿੰਗ ਕੀਤੀ ਅਤੇ ਵਟਸਐਪ, ਵਟਸਐਪ-ਪੇਅ ‘ਤੇ ਜੀਓ ਮਾਰਟ ਦੀ ਸਾਂਝ ਦਾ ਐਲਾਨ ਕੀਤਾ।

ਇਸੇ ਤਰੀਕੇ ਹੀ ਵਾਲਮਾਰਟ ਦਾ ਫੋਨ ਪੇਅ, ਗੂਗਲ ਦਾ ਗੂਗਲ ਪੇਅ ਅਤੇ ਹੋਰ ਵੱਡੇ ਕਾਰਪੋਰੇਟ ਅਦਾਰੇ ਬਜ਼ਾਰ ‘ਤੇ ਕਾਬਜ ਹੋ ਰਹੇ ਹਨ।

ਭਾਰਤ ਵਿੱਚ ਵੱਡੇ ਪੱਧਰ ‘ਤੇ ਹੋ ਰਹੇ ਇਸ ਵਰਤਾਰੇ ਨੂੰ ਕਾਰਕੁੰਨ ਅਤੇ ਸਿਆਣੇ ਬੰਦੇ ‘ਡਿਜੀਟਲ ਕੋਲੋਨੀਅਲਿਜ਼ਮ’ (ਬਿਜਲ ਬਸਤੀਵਾਦ) ਦਾ ਨਾਂ ਦੇ ਰਹੇ ਹਨ। ਇਹ ਨਵੇਂ ਕਿਸਮ ਦਾ ਬਸਤੀਵਾਦ ਕਿਸੇ ਇੱਕ ਮੁਲਕ ਦੇ ਲੋਕਾਂ ਦੀ ਦੂਜੇ ਮੁਲਕ ਲਈ ਲੁੱਟ ਨਹੀਂ ਹੈ ਸਗੋਂ ਇਸਦਾ ਅਸਰ ਸਾਰੇ ਮਨੁੱਖਾਂ ‘ਤੇ ਹੀ ਹੈ।

ਅਜਿਹੀ ਕਾਰਪੋਰੇਟ ਖੁੱਲ੍ਹ ਅਮਰੀਕੀ ਪੂੰਜੀਵਾਦੀ ਨੀਤੀਆਂ ਦੀ ਬਦੌਲਤ ਹੀ ਹੈ, ਇਸ ਲਈ ਅਮਰੀਕਾ ਹੀ ਸਿਲੀਕਾਨ ਵੈਲੀ ਵਿਚਲੇ ਇਹਨਾਂ ਅਦਾਰਿਆਂ ਨੂੰ ਨੱਥ ਪਾ ਸਕਦਾ ਹੈ। ਭਾਰਤੀ ਸਰਕਾਰ ਵੀ ਜੇਕਰ ਚਾਹੇ ਤਾਂ ਠੋਸ ਨੀਤੀਆਂ ਤਹਿਤ ਇਸ ਇੱਕ ਅਦਾਰੇ ਦੀ ਬਜ਼ਾਰ ‘ਤੇ ਅਜਾਰੇਦਾਰੀ ਨੂੰ ਨੱਥ ਪਾ ਸਕਦੀ ਹੈ।

ਇਸੇ ਲਈ ਕਿਸਾਨ ਮੋਰਚੇ ‘ਚ ਸ਼ਾਮਲ ਲੋਕਾਂ ਵੱਲੋਂ ਵਿਸ਼ਵ, ਘਰੇਲੂ ਕਾਰਪੋਰੇਟ ਅਤੇ ਸਰਕਾਰਾਂ ਵਿਚਾਲੇ ਸਾਂਝ ਦਾ ਵਿਰੋਧ ਇੱਕ ਨਵਾਂ ਅਤੇ ਬਹੁਤ ਢੁੱਕਵਾਂ ਫੈਸਲਾ ਹੈ। ਜੀਓ ਦੇ ਸਿੰਮ ਬਾਲਣੇ ਅਤੇ ਅੰਬਾਨੀ, ਜਕਰਬਰਗ ਦਾ ਵਿਰੋਧ ਕਿਸਾਨੀ ਸੰਘਰਸ਼ ਦੇ ਦਾਇਰੇ ਨੂੰ ਵੱਡਾ ਅਤੇ ਮੌਜੂਦਾ ਸਮੇਂ ਦਾ ਹਾਣੀ ਬਣਾਉਂਦਾ ਹੈ।

ਇਹ ਲਿਖਤ ਵਾਸ਼ਿੰਗਟਨ ਮੰਥਲੀ ਰਸਾਲੇ ‘ਚ ਛਪੀ ਵਿਸਤਾਰਤ ਕਹਾਣੀ ਦਾ ਸੰਖੇਪ ਰੂਪ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: