ਲੇਖ

ਭਾਈ ਅੰਮ੍ਰਿਤਪਾਲ ਸਿੰਘ ਵਰਤਾਰਾ: ‘ਸਾਥ ਦਿਓ ਜਾਂ ਚੁੱਪ ਰਹੋ’ ਦੀ ਦਲੀਲ ਦਾ ਮੁਲਾਂਕਣ

By ਸਿੱਖ ਸਿਆਸਤ ਬਿਊਰੋ

April 24, 2023

1.0. 18 ਮਾਰਚ ਤੋਂ ਬਾਅਦ ਸਿੱਖ ਨੌਜਵਾਨਾਂ ਦੀ ਫੜੋ-ਫੜੀ ਅਤੇ ਭਾਰਤੀ ਹਕੂਮਤ ਦੁਆਰਾ ਵਿਆਪਕ ਪੱਧਰ ਤੇ ਚਲਾਈ ਦਮਨ-ਸਹਿਮ ਦੀ ਮੁਹਿੰਮ ਖਿਲਾਫ ਭਾਈ ਦਲਜੀਤ ਸਿੰਘ ਅਤੇ ਹੋਰ ਸਿੰਘਾਂ ਵਲੋਂ ਇਕ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਵਲੋਂ ਸੱਤਾ ਦੇ ਹਮਲੇ ਦੀਆਂ ਪਰਤਾਂ ਖੋਲ੍ਹਣ ਦੇ ਨਾਲ-ਨਾਲ ਸਿੱਖ ਨੌਜਵਾਨਾਂ ਦੀ ਅਗਵਾਈ ਵਿਚ ਹੋਈ ਕਾਹਲ ਅਤੇ ਉਕਾਈਆਂ ਨੂੰ ਵੀ ਧਿਆਨ ਵਿਚ ਲਿਆਂਦਾ ਗਿਆ ਅਤੇ ਸਰਬੱਤ ਖਾਲਸਾ ਸੱਦਣ ਬਾਰੇ ਵੀ ਇਕ ਰਾਇ ਦਿੱਤੀ ਗਈ ਜਿਸ ਦਾ ਉਹ ਪਹਿਲਾਂ ਤੋਂ ਹੀ ਪਰਚਾਰ ਕਰ ਰਹੇ ਹਨ। ਇਸ ਪੱਤਰਕਾਰ ਵਾਰਤਾ ਦਾ ਮੁਹਾਵਰਾ ਸੱਤਾ ਪ੍ਰਤੀ ਸਖਤ ਅਤੇ ਸਿੱਖ ਨੌਜਵਾਨਾਂ ਦੀ ਅਗਵਾਈ ਪ੍ਰਤੀ ਕੁਝ ਵਰਜਣਾ ਅਤੇ ਸਾਥ ਵਾਲਾ ਸੀ। ਵਾਰਤਾ ਦੀ ਇਬਾਰਤ ਤੋਂ ਜਾਪਦਾ ਇਸ ਦਾ ਅਧਾਰ ਪੰਥਕ ਸੀ।

ਇਸ ਨੂੰ ਲੱਖਾਂ ਦੀ ਤਾਦਾਦ ਵਿਚ ਸੁਣਿਆ ਅਤੇ ਸਲਾਹਿਆ ਵੀ ਗਿਆ ਹੈ। ਵਾਰਤਾਕਾਰਾਂ ਦੇ ਦਾਅਵੇ ਅਨੁਸਾਰ ਬੇਸ਼ਕ ਇਸ ਵਾਰਤਾ ਦਾ ਉਦੇਸ਼ ਪੰਥ-ਪ੍ਰਸਤੀ ਸੀ ਅਤੇ ਸਿੱਖ ਨੌਜਵਾਨਾਂ ਦੀ ਅਗਵਾਈ ਲਈ ਵਰਜਣਾ ਅਤੇ ਉਕਾਈਆਂ ਜਣਾਊ ਹਿੱਸਾ ਬਹੁਤ ਥੋੜ੍ਹਾ ਸੀ ਪਰ ਤਾਂ ਵੀ ਇਕ ਹਿੱਸੇ ਵਲੋਂ ਇਸ ਵਾਰਤਾ ਨੂੰ ਦੀ ਸਖਤ ਆਲੋਚਨਾ ਕੀਤੀ ਗਈ ਅਤੇ ਧਾਰਨਾ ਦਿੱਤੀ ਗਈ ਕਿ ਇਹ ਪੱਤਰਕਾਰ ਵਾਰਤਾ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸੀ। ਇਸ ਖਾਤਰ ਦਲੀਲ ਇਹ ਦਿੱਤੀ ਗਈ ਕਿ ਇਸ ਹਾਲਤ ਵਿਚ ਜਦੋਂ ਨੌਜਵਾਨਾਂ ਦੀ ਫੜੋ-ਫੜੀ ਹੋਵੇ ਅਤੇ ਆਗੂ ਫਰਾਰ ਹੋਣ ਤਾਂ ਇਸ ਤਰ੍ਹਾਂ ਸਿੱਖ ਨੌਜਵਾਨਾਂ ਨੂੰ ਗਲਤ ਕਹਿਣਾ ਹਕੂਮਤ ਦੀ ਗੱਲ ਨੂੰ ਜਾਇਜ ਕਰਾਰ ਦੇਣਾ ਹੈ। ਇਸ ਚਰਚਾ ਵਿਚੋਂ ਇਕ ਨਾਅਰਾਨੁਮਾ ਵਾਕੰਸ਼ ‘ਸਾਥ ਦਿਓ ਜਾਂ ਚੁੱਪ ਰਹੋ’ ਉਭਾਰਿਆ ਗਿਆ। ਇਸ ਪਰਚੇ ਵਿਚ ‘ਸਾਥ ਦਿਓ ਜਾਂ ਚੁੱਪ ਰਹੋ’ ਦੀ ਧਾਰਨਾ ਦਾ ਮੁਲਾਂਕਣ ਕਰਨ ਦਾ ਜਤਨ ਹੈ।

2.1. ਕਿਸੇ ਮਹਿਕੂਮ ਧਿਰ ਲਈ ਵੱਡੇ ਸੰਘਰਸ਼ ਦੇ ਸਮੇਂ ‘ਸਾਥ ਦਿਓ ਜਾਂ ਚੁੱਪ ਰਹੋ’ ਦੀ ਧਾਰਨਾ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਕੋਈ ਵੀ ਸਮਾਜ ਆਪਣੀਆਂ ਮੰਜਲਾਂ ਸਾਂਝੇ ਸਾਥ ਵਿੱਚ ਹੀ ਸਰ ਕਰ ਸਕਦਾ ਹੈ। ਇਸ ਵਿਚ ਮਹੱਤਵਪੂਰਨ ਪੱਖ ਇਹ ਹੁੰਦਾ ਹੈ ਕਿ ਜਦੋਂ ਮਹਿਕੂਮ ਸਮਾਜ ਨੂੰ ਕਿਸੇ ਮਨੁੱਖ/ ਆਗੂ/ ਜਥੇ/ ਜਥੇਬੰਦੀ ਵਿਚੋਂ ਸਭ ਦੇ ਸਾਂਝੇ ਹੋਣ ਦੀ ਆਸ ਦਿਖਣ ਲੱਗੇ ਤਾਂ ਸਮਾਜ ਦੇ ਹਿੱਸੇ ਖੁਦਬਖੁਦ ਇਸ ਧਾਰਨਾ ਤੇ ਆ ਜਾਂਦੇ ਹਨ। ਉਨ੍ਹਾਂ ਵਿਚੋਂ ਜਿਨ੍ਹਾਂ ਲੋਕਾਂ ਨੂੰ ਆਗੂ ਦੇ ਸਹੀ ਹੋਣ ਬਾਰੇ ਚਾਨਣ ਹੁੰਦਾ ਜਾਂਦਾ ਹੈ ਉਹ ਸਾਥ ਤੇ ਆ ਜਾਂਦੇ ਹਨ ਅਤੇ ਬਾਕੀ ਓਨੀ ਦੇਰ ਤੱਕ ‘ਚੁੱਪ ਰਹੋ’ ਦੇ ਧਾਰਨੀ ਬਣੇ ਰਹਿੰਦੇ ਹਨ। ਗੁਰਦੁਆਰਾ ਸੁਧਾਰ ਲਹਿਰ ਵੇਲੇ ਕਰਤਾਰ ਸਿੰਘ ਝੱਬਰ ਦੀ ਅਗਵਾਈ ਬਾਰੇ ਇਸ ਤਰ੍ਹਾਂ ਦੀ ਸਥਿਤੀ ਸੀ ਕਿ ਕੁਝ ਸਿੱਖ ਸਾਥ ਦੇ ਰਹੇ ਸਨ ਅਤੇ ਕੁਝ ਚੁੱਪ ਸਨ ਜਾਂ ਕੇਵਲ ਪੰਥ ਦੇ ਅੰਦਰ ਬੋਲ ਰਹੇ ਸਨ। ਏਸ ਤਰ੍ਹਾਂ ਦੀ ਹਾਲਤ ਵਿਚ ਜੇ ਕਿਸੇ ਨੂੰ ਅਗਵਾਈ ਵਿਚ ਕੋਈ ਉਕਾਈ ਜਾਪੇ ਜਾਂ ਓਸ ਆਦਰਸ਼ ਤੋਂ ਹੀ ਖੁੰਝਣ ਦਾ ਕਾਣ ਜਾਪੇ ਜਿਸ ਖਾਤਰ ਸੰਘਰਸ਼ ਵਿੱਢਿਆ ਹੈ ਤਾਂ ਓਸ ਖਾਸ ਨੁਕਤੇ ਤੇ ਗੱਲ ਕਹਿਣ/ ਸਵਾਲ ਕਰਨ ਵਾਲੇ ਨੂੰ ਧੱਕੇ ਨਾਲ ਚੁੱਪ ਕਰਾਉਣਾ ‘ਸਾਥ ਦਿਓ ਜਾਂ ਚੁੱਪ ਰਹੋ’ ਦੀ ਧਾਰਨਾ ਦੇ ਆਦਰਸ਼ ਰੂਪ ਦਾ ਹਿੱਸਾ ਨਹੀਂ ਹੁੰਦਾ। ਇਸ ਦਾ ਸਬੰਧ ਸਮਾਜ ਦੇ ਸਾਂਝੇ ਹਿਤ ਨਾਲ ਨਹੀਂ ਹੁੰਦਾ ਬਲਕਿ ਉਸ ਹਾਲਤ ਵਿਚ ਨਿੱਜੀ ਧੜੇ/ਬੰਦੇ ਦੇ ਹਿਤਾਂ ਨੂੰ ਪਹਿਲ ਦੀ ਗੁੰਜਾਇਸ਼ ਹੁੰਦੀ ਹੈ। ਨਤੀਜਨ ‘ਸਾਥ ਦਿਓ ਜਾਂ ਚੁੱਪ ਰਹੋ’ ਦੀ ਧਾਰਨਾ ਨੂੰ ਕਿਸੇ ਧਿਰ ਨੇ ਨਹੀਂ ਪਰਚਾਰਨਾ ਜਾਂ ਸਥਾਪਤ ਕਰਨਾ ਹੁੰਦਾ ਸਗੋਂ ਇਹ ਸਾਂਝੇ ਫੈਸਲੇ ਵਜੋਂ ਆਪੂੰ ਹੀ ਸਮਾਜ ਵਿਚ ਪਰਵਾਨ ਹੋ ਜਾਂਦੀ ਹੈ। ਦੂਜਾ ਪੱਖ ਇਹ ਹੈ ਕਿ ਹੁਣ ਦੇ ਜਮਾਨਿਆਂ ਵਿਚ ਹਰੇਕ ਕੋਲ ਬੋਲਣ ਦਾ ਹੱਕ ਹੋਣ ਕਰ ਕੇ ਇਹ ਧਾਰਨਾ ਤਾਂ ਹੀ ਲਾਗੂ ਹੋ ਸਕਦੀ ਹੈ ਜੇ ਇਸ ਨੂੰ ਸਾਰੇ ਸਮਾਜ ਦੀ ਪਰਵਾਨਗੀ ਹੈ।

2.2. ਇਸ ਧਾਰਨਾ ਦਾ ਇਕ ਪੱਖ ਸਾਥ ਦੇਣ ਨਾਲ ਸਬੰਧਤ ਹੈ। ਮਹਿਕੂਮ ਸਮਾਜ ਦੇ ਸਾਰੇ ਲੋਕ ਹੀ ਮੁਕਤੀ ਲੋਚਦੇ ਹੁੰਦੇ ਹਨ ਅਤੇ ਆਪਣੀ ਰਵਾਇਤ ਮੁਤਾਬਕ ਜਿਉਣ ਦੇ ਇੱਛੁਕ ਹੁੰਦੇ ਹਨ ਬੇਸ਼ਕ ਉਨ੍ਹਾਂ ਵਿਚੋਂ ਕਿੰਨੇ ਹੀ ਮੁਕਤੀ ਲਹਿਰ ਤੋਂ ਇਕ ਵਿੱਥ ਤੇ ਵਿਚਰਦੇ ਹਨ, ਮੂਕ ਰਹਿੰਦੇ ਜਾਂ ਵਿਰੋਧ ਵੀ ਕਰਦੇ ਹਨ। ਮੁਕਤੀ ਦੇ ਸੰਘਰਸ਼ ਲਈ ਕੁੱਲ ਸਮਾਜ ਦੇ ਸਾਂਝੇ ਸਮਰਥਨ ਦੀ ਕਿਸੇ ਨਾ ਕਿਸੇ ਰੂਪ ਵਿੱਚ ਸੰਭਾਵਨਾ ਹੁੰਦੀ ਹੀ ਹੈ। ਉਹ ਸਮਰਥਨ ਕੌਣ ਹਾਸਲ ਕਰਦਾ ਹੈ ਇਸ ਵਿਚ ਭੇਦ ਹਨ:

ਪਹਿਲਾ ਨੁਕਤਾ, ਆਦਰਸ਼ ਲਈ ਕਿਸੇ ਆਗੂ ਧਿਰ ਦੀ ਨੀਤੀ ਅਤੇ ਪੈਂਤੜਾ ਕੀ ਹੈ। ਉਸ ਦੀ ਨੀਤੀ ਅਤੇ ਪੈਂਤੜੇ ਨਾਲ ਸਹਿਮਤ ਲੋਕ ਨਾਲ ਤੁਰ ਪੈਂਦੇ ਹਨ। ਇਸ ਵਿਚ ਵੀ ਪਹਿਲਾਂ ਨੇੜਲੇ ਮਿੱਤਰ-ਰਿਸ਼ਤੇ ਵਾਲੇ ਅਤੇ ਅਗਾਂਹ ਹੋਰ ਲੋਕ ਤੁਰਦੇ ਹਨ।

ਦੂਜਾ, ਸਾਮੀ ਜਾਂ ਨੇੜੇ-ਤੇੜੇ ਦੀ ਵਿਚਾਰਧਾਰਾ ਵਾਲੇ ਲੋਕ ਤੁਰ ਪੈਂਦੇ ਹਨ।

ਤੀਜਾ, ਆਪਣੇ ਹਿਤਾਂ ਦੀ ਪੂਰਤੀ ਲਈ ਜਾਂ ਹਰ ਨਵੀਂ ਲਹਿਰ ਵਿਚ ਜੀ ਰੱਖਣ ਵਾਲੇ ਲੋਕ ਆਮ ਹੀ ਹਰੇਕ ਵੇਲੇ ਹਰੇਕ ਧਿਰ/ ਧੜੇ ਨਾਲ ਤੁਰ ਪੈਂਦੇ ਹਨ।

ਚੌਥੇ, ਕੋਈ ਧਿਰ ਜਾਂ ਆਗੂ ਵਖਰੇਵਾਂ ਰੱਖਣ ਵਾਲੇ ਲੋਕਾਂ ਤੱਕ ਪਹੁੰਚ ਕਰੇ ਅਰਥਾਤ ਉਨ੍ਹਾਂ ਨਾਲ ਸੰਵਾਦ ਵਿਚ ਆ ਕੇ ਉਨ੍ਹਾਂ ਨੂੰ ਸਹਿਮਤ ਕਰ ਲਵੇ। ਇਸ ਵਿਧ ਦਾ ਦਾਇਰਾ ਬਹੁਤ ਵਸੀਹ ਹੁੰਦਾ ਹੈ ਅਤੇ ਇਸ ਤਰੀਕੇ ਚੰਗੇ ਅਤੇ ਖੜ੍ਹਨ ਵਾਲੇ ਸਾਥੀਆਂ ਦੀ ਗਿਣਤੀ ਬਹੁਤ ਵਧ ਜਾਂਦੀ ਹੈ। ਸੰਤ ਜਰਨੈਲ ਸਿੰਘ ਨੇ ਕਿੰਨੇ ਹੀ ਸਿੰਘਾਂ ਨੂੰ ਇਸ ਤਰੀਕੇ ਮਿਲ-ਵਿਚਰ ਕੇ ਤਿਆਰ ਕੀਤਾ ਸੀ।

ਪੰਜਵਾਂ, ਜਦੋਂ ਕੋਈ ਲਹਿਰ ਜਾਂ ਬੰਦਾ ਵੱਡਾ ਸਾਂਝਾ ਕਾਰਜ ਨੇਪਰੇ ਚਾੜ੍ਹ ਦੇਵੇ ਜੋ ਸਮੁੱਚੇ ਸਮਾਜ ਲਈ ਨਿਆਂ ਦਾ ਸਵਾਲ ਹੋਵੇ ਤਾਂ ਲੋਕ ਸਹਿਜੇ ਹੀ ਉਨ੍ਹਾਂ ਵਿਚ ਸ਼ਾਮਲ ਹੋ ਜਾਂਦੇ ਹਨ ਜਿਵੇਂ 1984 ਤੋਂ ਮਗਰੋਂ ਸੱਤਾ ਦੇ ਵੱਡੇ ਥੰਮ ਸਿੱਟਣ ਵਾਲੇ ਸਿੰਘਾਂ ਨੂੰ ਅਤੇ ਉਨ੍ਹਾਂ ਦੀ ਲਹਿਰ ਨੂੰ ਬਹੁਤਾਤ ਸਿੱਖਾਂ ਦਾ ਸਮਰਥਨ ਮਿਲਿਆ।

ਉਪਰੋਕਤ ਵਿਚੋਂ ਪਹਿਲੇ ਤਿੰਨ ਤਰ੍ਹਾਂ ਦੇ ਸਮਰਥਨ ਤਾਂ ਆਮ ਹਨ ਇਹ ਦਾਅਵਿਆਂ/ ਵਾਅਦਿਆਂ ਜਾਂ ਮੁਢਲੀਆਂ ਕਾਰਵਾਈਆਂ ਨਾਲ ਹੀ ਮਿਲ ਜਾਂਦੇ ਹਨ। ਪੰਜਵੀਂ ਕਿਸਮ ਦਾ ਸਮਰਥਨ ਰੱਬੀ ਮਿਹਰ ਜਾਂ ਮੌਕੇ ਜਾਂ ਲੰਬੀ ਸਿਦਕੀ ਘਾਲਣਾ ਮਗਰੋਂ ਮਿਲਦਾ ਹੈ। ਦੁਨਿਆਵੀ ਪੱਧਰ ਤੇ ਰਾਜਸੀ ਸਮਾਜੀ ਲਹਿਰਾਂ ਅਤੇ ਸੰਘਰਸ਼ਾਂ ਲਈ ਵਧੇਰੇ ਕਾਰਗਰ ਤਰੀਕਾ ਚੌਥੀ ਤਰ੍ਹਾਂ ਦੇ ਸਮਰਥਨ ਵਿਚ ਹੀ ਲੁਕਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਪ੍ਰਸੰਗ ਵਿਚ ਜੇ ਵੱਧ ਤੋਂ ਵੱਧ ਵੀ ਆਂਕੀਏ ਤਾਂ ਪਹਿਲੀ ਤਿੰਨ ਤਰ੍ਹਾਂ ਦੇ ਸਾਥ ਹੀ ਆਇਦ ਹਨ ਉਹ ਵੀ ਪੂਰੇ ਨਹੀਂ ਕਹੇ ਜਾ ਸਕਦੇ। ਪੰਜਵਾਂ ਨੁਕਤਾ ਇਥੇ ਲਾਗੂ ਹੀ ਨਹੀਂ ਅਤੇ ਚੌਥੇ ਲਈ ਅੰਮ੍ਰਿਤਪਾਲ ਸਿੰਘ ਦੇ ਜਤਨ ਸਾਹਮਣੇ ਨਹੀਂ ਆਏ। ਬਲਕਿ ਸੰਵਾਦੀ ਤਰੀਕੇ ਅਤੇ ਮਿਲ-ਬੈਠ ਕੇ ਸਹਿਮਤੀ ਬਣਾਉਣ ਅਤੇ ਸਿੱਖਾਂ ਦੀ ਮੁਕਤੀ ਲਈ ਪਿੜ ਵਿਚ ਪਹਿਲਾਂ ਹਾਜਰ ਲੋਕਾਂ ਤੱਕ ਪਹੁੰਚ ਕਰਨ ਦਾ ਉਸ ਨੇ ਐਲਾਨੀਆ ਵਿਰੋਧ ਕੀਤਾ। ਉਨ੍ਹਾਂ ਦੇ ਸਮਰਥਕਾਂ ਨੇ ਬਿਜਲ ਸੱਥ ਉਪਰ ਲੋਕਾਂ ਨੂੰ ਸਮਰਥਨ ਦੇਣ ਦੇ ਆਦੇਸ਼ਨੁਮਾ ਮਸ਼ਵਰੇ ਦੇਣੇ ਸ਼ੁਰੂ ਕਰ ਦਿੱਤੇ ਜਿਸ ਦੌਰਾਨ ਉਹ ਸਮਰਥਨ ਲੈਣ ਵਿਚ ਬੇਸ਼ਕ ਸਫਲ ਨਾ ਹੋਏ ਪਰ ਉਨ੍ਹਾਂ ਨੇ ਚੁੱਪ ਕਰਾਉਣ ਵਿਚ ਜਰੂਰ ਕੁਝ ਸਫਲਤਾ ਹਾਸਲ ਕੀਤੀ। ਇਨ੍ਹਾਂ ਕਾਹਲੇ ਸਮਰਥਕਾਂ ਨੇ ਕਿਸੇ ਨੂੰ ਵੇਖਣ-ਵਿਚਾਰਨ ਦਾ ਮੌਕਾ ਵੀ ਨਹੀਂ ਦਿੱਤਾ।

ਅੰਮ੍ਰਿਤਪਾਲ ਸਿੰਘ ‘ਸਾਥ ਦਿਓ’ ਦੇ ਵੱਡੇ ਪ੍ਰਸੰਗ ਨੂੰ ਤਾਂ ਖੁਦ ਹੀ ਰੱਦ ਕਰ ਗਏ ਸਨ ਤਾਂ ਉਨ੍ਹਾਂ ਕੋਲ ਦੂਜਿਆਂ ਨੂੰ ‘ਚੁੱਪ ਰਹੋ’ ਕਹਿਣ ਦਾ ਪੱਖ ਹੀ ਬਚਿਆ ਜਿਸ ਲਈ ਉਨ੍ਹਾਂ ਦੇ ਸਮਰਥਕਾਂ ਨੇ ਬਹੁਤ ਉੱਚੀ ਸੁਰ ਵਿਚ ਆਪਣਾ ਪ੍ਰਵਚਨ ਵੀ ਖੜ੍ਹਾ ਕੀਤਾ। ਉਨ੍ਹਾਂ ਦਾ ਭਰਪੂਰ ਸਮਰਥਨ ਕਰਨ ਵਾਲੇ ਲੋਕ ਵੀ ਇਸ ਪ੍ਰਵਚਨ ਦਾ ਸ਼ਿਕਾਰ ਹੋਏ ਜਿਵੇਂ ਸ. ਅਤਿੰਦਰਪਾਲ ਸਿੰਘ (ਖਾਲਸਤਾਨੀ) ਹੋਰਾਂ ਨੇ ਭਰਪੂਰ ਸਮਰਥਨ ਦਿੱਤਾ ਅਖੀਰ ਉਨ੍ਹਾਂ ਨੂੰ ਵੀ ਅਸਹਿਮਤੀ ਜਾਹਰ ਕਰਨ ਬਦਲੇ ‘ਚੁੱਪ ਰਹੋ’ ਦੀ ਧਾਰਨਾ ਦਾ ਸ਼ਿਕਾਰ ਹੋਣਾ ਪਿਆ। ਅੱਗੇ ‘ਚੁੱਪ ਰਹੋ’ ਦੀ ਧਾਰਨਾ ਬਾਰੇ ਕੁਝ ਨੁਕਤੇ ਹਨ।

3.0. 18 ਮਾਰਚ ਤੋਂ ਬਾਅਦ ਸਿੱਖਾਂ ਉੱਪਰ ਹੋਏ ਹਮਲੇ ਵਿਚ ਕੇਵਲ ਅੰਮ੍ਰਿਤਪਾਲ ਸਿੰਘ ਜਾਂ ਉਨ੍ਹਾਂ ਦੀ ਜਥੇਬੰਦੀ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਥ ਨੂੰ ਅਨੇਕਾਂ ਮੁਸ਼ਕਲਾਂ ਦਰਪੇਸ਼ ਆਈਆਂ ਜਿਨ੍ਹਾਂ ਕਰ ਕੇ ਕੁਝ ਨੇ ਇਸ ਮਸਲੇ ਤੇ ਬੋਲਣ ਦਾ ਤਹੱਈਆ ਕੀਤਾ ਜਿਨ੍ਹਾਂ ਵਿਚੋਂ ਇਕ ਭਾਈ ਦਲਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਹਨ। ਉਨ੍ਹਾਂ ਨੇ ਸਿੱਖਾਂ ਦੇ ਹਵਾਲੇ ਨਾਲ ਬਹੁਤ ਗੱਲਾਂ ਆਖੀਆਂ ਪਰ ਜਿਨ੍ਹਾਂ ਕਰ ਕੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ ਗਿਆ ਉਹ ਇਹ ਹਨ, ‘ਅੰਮ੍ਰਿਤਪਾਲ ਸਿੰਘ ਹਕੂਮਤ ਦਾ ਨਿਸ਼ਾਨਾ ਬਣ ਗਿਆ ਹੈ’, ‘ਸਰਕਾਰ ਦੇ ਵਿਛਾਏ ਜਾਲ ਵਿਚ ਆ ਗਿਆ ਹੈ’। ‘ਨੌਜਵਾਨਾਂ ਦਾ ਹਿੱਸਾ ਜਿਹੜਾ ਬਹੁਤ ਕਾਹਲਾ ਬੇਸਬਰਾ ਹੈ ਪਰ ਅਮਲ ਹੈ ਨਹੀਂ’, ‘ਅਜੀਮ ਸ਼ਖਸੀਅਤਾਂ ਅਤੇ ਪਵਿੱਤਰ ਸੰਕਲਪਾਂ ਨੂੰ ਦੁਨਿਆਵੀ ਚਰਚਾ ਬਣਾਈ ਜਾ ਰਿਹਾ ਹੈ’। ਉਨ੍ਹਾਂ ਸਮੁੱਚੇ ਪੰਥ ਨੂੰ ਇਕ ਅਰਜੋਈ ਕੀਤੀ ਕਿ ਸ਼ਹਾਦਤ, ਗੁਰੂ ਗ੍ਰੰਥ, ਪੰਥ, ਪਰੰਪਰਾ ਦੀ ਗੱਲ ਭੋਲੇਪਣ ਨਹੀਂ ਮੰਨਣੀ ਚਾਹੀਦੀ ਸਗੋਂ ਟੋਕਣਾ ਚਾਹੀਦਾ ਹੈ, ਇਹ ਗੱਲ ਉਨ੍ਹਾਂ ਦੀਪ ਸਿੱਧੂ ਨੂੰ ਸ਼ਹੀਦ ਕਹਿ ਦੇਣ ਦੇ ਸੰਦਰਭ ਵਿਚ ਕਹੀ। ਖਾਲਸਤਾਨ ਜਾਂ ਸੰਤ ਜਰਨੈਲ ਸਿੰਘ ਦਾ ਨਾਂ ਲੈ ਕੇ ਕੋਈ ਗਲਤੀ ਕਰੇ ਤਾਂ ਟੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਘਟਨਾ ਵਿਚ ਵੀ ਹਕੂਮਤ ਨੇ ਹਾਲਾਤ ਬਣਾਏ ਜਿਸ ਵਿਚ ਅੰਮ੍ਰਿਤਪਾਲ ਸਿੰਘ ਆ ਗਏ ਅਤੇ ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਜਾਣ ਨੂੰ ਉਨ੍ਹਾਂ ਗਲਤ ਆਖਿਆ। ਸਰਬੱਤ ਖਾਲਸਾ ਬਾਰੇ ਓਹਨਾਂ ਆਖਿਆ ਕਿ ਇਹ ਕਰਨ ਤੋਂ ਪਹਿਲਾਂ ਪੰਥਕ ਰਵਾਇਤ ਸੁਰਜੀਤ ਹੋਣੀ ਚਾਹੀਦੀ ਹੈ ਅਰਥਾਤ ਜੇ ਫੈਸਲੇ ਗੁਰਮਤੇ ਅਨੁਸਾਰ ਨਹੀਂ ਹੋਣੇ ਤਾਂ ਸਰਬੱਤ ਖਾਲਸੇ ਦਾ ਲਾਹਾ ਸਿੱਖਾਂ ਨੂੰ ਨਹੀਂ ਹੋਣਾ। ਉਨ੍ਹਾਂ ਨੇ ਕਿਹਾ ਕਿ ਸਿੱਖਾਂ ਵਲੋਂ ਪਿਛਲੇ ਸਮੇਂ ਵਿਚ ਹਾਸਲ ਕੀਤੀ ਸਮਰੱਥਾ ਅਤੇ ਸਮਰਥਨ ਨੂੰ ਸਰਕਾਰ ਤੋੜਨਾ ਚਾਹੁੰਦੀ ਸੀ ਜਿਸ ਲਈ ਅੰਮ੍ਰਿਤਪਾਲ ਸਿੰਘ ਦਾ ਕਾਹਲ ਭਰਿਆ ਰਵੱਈਆ ਜਰੀਆ ਬਣ ਗਿਆ। ਸਰਕਾਰ ਨੇ ਹਮਲਾ ਛੋਟਾ ਕੀਤਾ ਅਤੇ ਵਿਖਾਵਾ ਜਿਆਦਾ ਕੀਤਾ। ਪੱਤਰਕਾਰ ਵਾਰਤਾ ਵਿਚੋਂ ਇਨ੍ਹਾਂ ਚੁਣਵੀਆਂ ਗੱਲਾਂ ਨੂੰ ਅਧਾਰ ਬਣਾ ਕੇ ਇਕ ਖਾਸ ਹਿੱਸੇ ਵਲੋਂ ਭਾਈ ਦਲਜੀਤ ਸਿੰਘ ਖਿਲਾਫ ਨਿੰਦਿਆ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀਆਂ ਹੋਰ ਬਹੁਤ ਸਾਰੀਆਂ ਪਰਤਾਂ ਹਨ ਪਰ ਇਥੇ ਇਕੋ ਧਾਰਨਾ ‘ਚੁੱਪ ਰਹੋ’ ਦੀ ਗੱਲ ਕਰਾਂਗੇ।

3.1. ਸਿੱਖ ਉੱਦਮੀ ਤੇ ਉਤਸ਼ਾਹੀ ਸਮਾਜ ਹੈ ਜਿਸ ਵਿਚ ਅਜਾਦੀ ਦੀ ਚਾਹ ਧੁਰ ਅੰਦਰ ਵਸੀ ਹੋਈ ਹੈ, ਜਿਸ ਲਈ ਇਥੇ ਅਨੇਕਾਂ ਪ੍ਰਵਚਨ ਮੌਜੂਦ ਹਨ। ਇਨ੍ਹਾਂ ਪ੍ਰਵਚਨਾਂ ਨੂੰ ਕਰਮਸ਼ੀਲ ਅਤੇ ਵਿਚਾਰ ਦੇ ਪੱਧਰ ਤੇ ਚਲਾਈ ਰੱਖਣ ਵਾਲੇ ਅਨੇਕਾਂ ਸੱਜਣ ਅੰਮ੍ਰਿਤਪਾਲ ਸਿੰਘ ਦੀ ਆਮਦ ਤੋਂ ਪਹਿਲਾਂ ਮੌਜੂਦ ਹਨ। ਉਨ੍ਹਾਂ ਵਿਚੋਂ ਬਹੁਤਾ ਹਿੱਸਾ ਅੰਮ੍ਰਿਤਪਾਲ ਸਿੰਘ ਦੀ ਆਮਦ, ਤਿੱਖੀ ਸਰਗਰਮੀ, ਭਾਰਤੀ ਮੀਡੀਆ ਵਿਚ ਪਰਚਾਰ ਆਦਿ ਨੂੰ ਨੀਝ ਨਾਲ ਵੇਖ-ਵਾਚ ਰਿਹਾ ਸੀ ਪਰ ਚੁੱਪ ਸੀ। ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਬੰਦਿਆਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਬਿਜਲ ਸੱਥ ਉੱਪਰ ਨਿਸ਼ਾਨਾ ਬਣਾਇਆ ਕਿ ਬੋਲਦੇ ਕਿਉਂ ਨਹੀਂ! ਇਸ ਵਿਚ ਇਹ ਹੋਇਆ ਕਿ ਕੁਝ ਸੱਜਣ ਉਨ੍ਹਾਂ ਗੱਲਾਂ ਤੇ ਬੋਲਣ ਲੱਗ ਗਏ ਜਿਨ੍ਹਾਂ ਵਿਚ ਅੰਮ੍ਰਿਤਪਾਲ ਸਿੰਘ ਦੀ ਤਈਦ ਕੀਤੀ ਜਾ ਸਕਦੀ ਸੀ। ਕੁਝ ਨੇ ਸਿੱਧੇ ਮੱਥੇ ਸਾਥ ਦੇਣ ਲਈ ਵੀ ਕਿਹਾ ਪਰ ਵੱਡਾ ਹਿੱਸਾ ਜੋ ਅੰਮ੍ਰਿਤਪਾਲ ਸਿੰਘ ਦੀ ਨੀਤੀ, ਪੈਂਤੜੇ ਅਤੇ ਮੁਹਾਵਰੇ ਨਾਲ ਸਹਿਮਤ ਨਹੀਂ ਸੀ ਉਹ ਮੇਹਣਿਆਂ ਦੇ ਬਾਵਜੂਦ ਵੀ ਚੁੱਪ ਕਰ ਗਿਆ ਪਰ ਇਸ ਹਿੱਸੇ ਨੇ ਭਾਈ ਦਲਜੀਤ ਸਿੰਘ ਅਤੇ ਸਾਥੀਆਂ ਦੁਆਰਾ ਪੱਤਰਕਾਰ ਵਾਰਤਾ ਵਿਚ ਕਹੀਆਂ ਗੱਲਾਂ ਦਾ ਭਰਪੂਰ ਸਮਰਥਨ ਕੀਤਾ। ਕਾਫੀ ਜਿੰਮੇਵਾਰ ਹਿੱਸੇ ਨੇ ਇਹ ਕਿਹਾ ਕਿ ਭਾਈ ਦਲਜੀਤ ਸਿੰਘ ਨੇ ਜੋ ਇਹ ਗੱਲਾਂ ਦੇਰੀ ਨਾਲ ਆਖੀਆਂ ਹਨ ਪਹਿਲਾਂ ਆਖਣੀਆਂ ਚਾਹੀਦੀਆਂ ਸਨ।

3.2. ਭਾਈ ਦਲਜੀਤ ਸਿੰਘ ਨੂੰ ‘ਚੁੱਪ ਰਹੋ’ ਕਹਿਣਾ ਆਪਣੇ ਆਪ ਵਿਚ ਇਕ ਸਵਾਲ ਹੈ ਕਿਉਂਕਿ ਸਿੱਖਾਂ ਵਿਚ ਭਾਈ ਦਲਜੀਤ ਸਿੰਘ ਤੋਂ ਵੱਧ ਚੁੱਪ ਰਹਿਣ ਵਾਲਾ ਆਗੂ ਲੱਭਣਾ ਮੁਸ਼ਕਲ ਹੈ। ਸਵਾਲ ਇਹ ਹੈ ਕਿ ਜੇ ਭਾਈ ਦਲਜੀਤ ਸਿੰਘ ਕੁਝ ਬੋਲ ਰਿਹਾ ਹੈ ਤਾਂ ਜਰੂਰ ਹੀ ਉਸ ਵਿਚ ਕੁਝ ਵਿਚਾਰਨਯੋਗ ਹੋਊ। ਭਾਈ ਦਲਜੀਤ ਸਿੰਘ ਨੂੰ ਮਿਲਣ ਵਾਲੇ ਸਾਰੇ ਜਾਣਦੇ ਹਨ ਕਿ ਉਹ ਕਿਵੇਂ ਮਿਲਦਾ ਹੈ, ਕਿੰਨਾ ਕੁ ਬੋਲਦਾ ਹੈ, ਜੋ ਬੋਲਦਾ ਹੈ ਉਸ ਦਾ ਕੀ ਮਤਲਬ ਹੁੰਦਾ ਹੈ। ਭਾਈ ਦਲਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਐਲਾਨਿਆ ਹੋਇਆ ਹੈ ਕਿ ਉਹ ਕਦੇ ਵੀ ਕੋਈ ਅਹੁਦਾ ਨਹੀਂ ਲੈਣਗੇ ਨਾ ਕਦੇ ਕੋਈ ਨਿੱਜੀ ਲਾਹਾ ਲੈਣਗੇ। ਏਸ ਤਰ੍ਹਾਂ ਦੇ ਨਿਸ਼ਕਾਮ ਬੰਦੇ ਦੇ ਬੋਲਾਂ ਨੂੰ ਉਵੇਂ ਹਲਾ-ਹਲਾ ਕਰ ਕੇ ਰੋਕਿਆ ਨਹੀਂ ਜਾ ਸਕਦਾ ਜਿਵੇਂ ਬਾਕੀ ਬਹੁਤ ਲੋਕਾਂ ਨਾਲ ਕੀਤਾ ਗਿਆ ਹੈ। ਅਗਲਾ ਪੱਖ ਇਹ ਹੈ ਕਿ ਭਾਈ ਦਲਜੀਤ ਸਿੰਘ ਨੇ ਇਸ ਵਰਤਾਰੇ ਤੇ ਇਹ ਕੋਈ ਪਹਿਲੀ ਗੱਲ ਨਹੀਂ ਕੀਤੀ ਸਗੋਂ ਉਹ ਪਹਿਲਾਂ ਵੀ ਲਗਾਤਾਰ ਸੁਚੇਤ ਕਰ ਰਹੇ ਸਨ। ਪੱਤਰਕਾਰ ਵਾਰਤਾ ਉਸ ਲਗਾਤਾਰਤਾ ਦਾ ਹੀ ਹਿੱਸਾ ਹੈ ਜੋ ਕੁਝ ਉਹ ਪਹਿਲਾਂ ਤੋਂ ਕਰ/ ਆਖ ਰਹੇ ਸਨ। ਉਨ੍ਹਾਂ ਨੇ ਕੁੱਲ ਪੱਤਰਕਾਰ ਵਾਰਤਾ ਵਿਚ ਬਹੁਤ ਕੁਝ ਆਖਿਆ ਅਤੇ ਲੋਕਾਂ ਵਲੋਂ ਉਸ ਨੂੰ ਮਹੱਤਵਪੂਰਨ ਮੰਨਿਆ ਗਿਆ। ਉਨ੍ਹਾਂ ਨੇ ਇਸ ਹਮਲੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਜਾਂ ਵਾਰਸ ਪੰਜਾਬ ਦੇ ਜਥੇਬੰਦੀ ਤੋਂ ਅਗਾਂਹ ਚੁੱਕ ਕੇ ਸਮੁੱਚੇ ਖਾਲਸਾ ਪੰਥ, ਪੰਜਾਬ, ਸੰਤ ਜਰਨੈਲ ਸਿੰਘ ਦੀ ਛਵੀ, ਸ਼ਹੀਦਾਂ ਅਤੇ ਪੰਥ ਵਿਚ ਜੋ ਕੁਝ ਵੀ ਪਵਿੱਤਰ ਹੈ ਉਸ ਉੱਪਰ ਹਮਲੇ ਵਜੋਂ ਪਰਿਭਾਸ਼ਤ ਕੀਤਾ। ਉਨ੍ਹਾਂ ਨੇ ਇਸ ਹਮਲੇ ਨੂੰ ਕਿਸਾਨ ਸੰਘਰਸ਼ ਦੀ ਸਫਲਤਾ ਨਾਲ ਜੋੜਿਆ ਜਿਸ ਦੌਰਾਨ ਸਿੱਖਾਂ ਨੂੰ ਸਮੁੱਚੇ ਭਾਰਤ ਵਿਚੋਂ ਸਮਰਥਨ ਮਿਲਿਆ ਸੀ। ਉਨ੍ਹਾਂ ਨੇ ਇਸ ਹਮਲੇ ਦਾ ਦਾਇਰਾ ਵਸੀਹ ਕਰ ਦਿੱਤਾ ਜੋ ਅੰਮ੍ਰਿਤਪਾਲ ਸਿੰਘ ਦੇ ਆਪਣੇ ਥਿੰਕ ਟੈਂਕ ਜਾਂ ਵਿਚਾਰਵਾਨਾਂ ਅਤੇ ਖੁਦ ਭਾਈ ਅੰਮ੍ਰਿਤਪਾਲ ਸਿੰਘ ਤੋਂ ਸੰਭਵ ਨਹੀਂ ਹੋ ਸਕਿਆ ਸੀ। ਕਿਸੇ ਆਗੂ ਦਾ ਇਹ ਮੁਢਲਾ ਗੁਣ ਹੁੰਦਾ ਹੈ ਕਿ ਦੁਸ਼ਮਣ ਦੇ ਹਮਲੇ ਨੂੰ ਸਮੁੱਚੀ ਕੌਮ ਤੇ ਹਮਲੇ ਵਜੋਂ ਸਮਝਾਉਣ ਲਈ ਕੀ ਤਰੀਕਾਕਾਰ ਵਰਤਦਾ ਹੈ ਜਦਕਿ ਹਕੂਮਤ ਦਾ ਸਦਾ ਹੀ ਨਿਸ਼ਾਨਾ ਹੁੰਦਾ ਹੈ ਕਿ ਉਹ ਇਹ ਸਮਝ ਨਹੀਂ ਬਣਨ ਦੇਣਾ ਚਾਹੁੰਦੀ ਕਿ ਲੋਕ ਕਿਸੇ ਵੀ ਹਮਲੇ ਨੂੰ ਸਾਂਝਾ ਹਮਲਾ ਸਮਝਣ। ਹਕੂਮਤ ਜੂਨ 1984 ਦੇ ਹਮਲੇ ਨੂੰ ਵੀ ਕੇਵਲ ‘ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਆਪਰੇਸ਼ਨ’ ਕਹਿੰਦੀ ਸੀ ਅਤੇ ਹੈ। ਭਾਈ ਦਲਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਹ ਕੰਮ ਕੀਤਾ ਜਿਹੜਾ ਹੋਰ ਕਿਸੇ ਤੋਂ ਨਹੀਂ ਹੋ ਸਕਿਆ। ਇਸ ਲਈ ਸੋਚਣਾ ਬਣਦਾ ਕਿ ਕਿਤੇ ਭਾਈ ਦਲਜੀਤ ਸਿੰਘ ਨੂੰ ‘ਚੁੱਪ ਰਹੋ’ ਕਹਿਣ ਦੀ ਥਾਂ ‘ਸ਼ੁਕਰਾਨਾ’ ਕਹਿਣਾ ਤਾਂ ਨਹੀਂ ਸੀ ਬਣਦਾ! ਇਸ ਪੱਤਰਕਾਰ ਵਾਰਤਾ ਵਿਚ ਅਗਵਾਈ, ਸੰਘਰਸ਼, ਅਤੇ ਲੜਾਈ ਦੀ ਤਿਆਰੀ ਤੇ ਸਮਝ ਬਾਬਤ ਹੋਰ ਵੀ ਕਈ ਅਹਿਮ ਨੁਕਤੇ ਹਨ ਪਰ ਵੱਡੇ-ਵੱਡੇ ਮੇਹਣੇ, ਇਲਜਾਮ ਜਰ ਜਾਣ ਵਾਲੇ ਭਾਈ ਦਲਜੀਤ ਸਿੰਘ ਕਿਉਂ ਬੋਲੇ ਇਸ ਇਕੋ ਗੱਲ ਤੋਂ ਸਪਸ਼ਟ ਹੋ ਜਾਂਦਾ ਹੈ।

3.3. ‘ਚੁੱਪ ਰਹੋ’ ਦੀ ਧਾਰਨਾ ਦੇ ਧਾਰਨੀਆਂ ਨੂੰ ਇਹ ਗੱਲ ਵੀ ਸੋਚਣੀ ਚਾਹੀਦੀ ਹੈ ਕਿ ਪੁਲਸ ਵੀ ਜਿਨ੍ਹਾਂ ਨੌਜਵਾਨਾਂ ਨੂੰ ਛੱਡ ਰਹੀ ਹੈ ਉਨ੍ਹਾਂ ਨੂੰ ਚੁੱਪ ਰਹਿਣ ਲਈ ਹੀ ਕਹਿ ਰਹੀ ਹੈ ਅਤੇ ਉਹ ਬੀਬੇ ਬਣ ਕੇ ਚੁੱਪ ਰਹਿ ਰਹੇ ਹਨ। ‘ਚੁੱਪ ਰਹੋ’ ਦੀ ਧਾਰਨਾ ਇਕੋ ਸਮੇਂ ਲੜਨ ਵਾਲੇ ਦੋਵੇਂ ਪਾਸਿਓਂ ਆ ਰਹੀ ਹੈ! ਕੀ ਇਹ ਸਿੱਖ ਨੌਜਵਾਨਾਂ ਦੇ ਮਨਾਂ ਵਿਚ ਹਊਆ ਨਹੀਂ ਖੜ੍ਹਾ ਕਰ ਰਹੀ? ਕੀ ਜਿਹੜੇ ਅੱਜ ਚੁੱਪ ਹੋ ਗਏ ਮੁੜ ਕਦੇ ਬੋਲਣ ਜੋਗੇ ਹੋਣਗੇ? ਭਾਈ ਦਲਜੀਤ ਸਿੰਘ ਨੇ ਇਸ ਚੁੱਪ ਨੂੰ ਮਨੋਵਿਗਿਆਨਕ ਹਮਲੇ ਦੇ ਸਿੱਟੇ ਵਜੋਂ ਜਣਾਇਆ। ਉਹ ਇਸ ਨੂੰ ਸਾਰੇ ਮਹਿਕੂਮਾਂ ਉੱਪਰ ਨਿਖੇੜ-ਨਿਖੇੜ ਕੇ ਕੀਤੇ ਜਾਣ ਵਾਲੇ ਹਮਲੇ ਵਜੋਂ ਜਣਾ ਰਹੇ ਹਨ। ਉਨ੍ਹਾਂ ਅਨੁਸਾਰ ਇਹ ਸਿੱਖ ਨੌਜਵਾਨਾਂ ਵਿਚ ਆ ਰਹੇ ਸੰਘਰਸ਼ ਕਰਨ ਦੇ ਚਾਅ ਅਤੇ ਜੁਰਅਤ ਤੇ ਮਨੋਵਿਗਿਆਨਕ ਹਮਲਾ ਹੈ। ਜੇ ਬਿਨਾਂ ਤਿਆਰੀ ਤੋਂ ਲੜਾਈ ਵਿੱਢ ਲਈਏ ਤਾਂ ਅਗਲੀਆਂ ਪੀੜ੍ਹੀਆਂ ਲਈ ਸੰਘਰਸ਼ ਦੇ ਰਾਹ ਬੰਦ ਕਰਨ ਵਾਂਗ ਹੁੰਦਾ ਹੈ ਕਿਉਂਕਿ ਕਿਸੇ ਬੰਦੇ ਜਾਂ ਪੀੜ੍ਹੀ ਨੇ ਸਦਾ ਨਹੀਂ ਰਹਿਣਾ। ਇਸ ਵਰਤਾਰੇ ਵਿਚ ਨੌਜਵਾਨਾਂ ਨੂੰ ਭਜਾ ਕੇ ਹੰਭਾਉਣਾ ਜਾਂ ਚੁੱਪ ਕਰਾ ਕੇ ਘਰੀਂ ਬਿਠਾਉਣਾ ਬਹੁਤ ਮਹਿੰਗਾ ਪੈਣਾ ਹੈ। ਇਸ ਨੇ ਪੂਰੀ ਇਕ ਪੀੜ੍ਹੀ ਦਾ ਪਾੜਾ ਦੇਣਾ ਹੈ ਜੋ ਮੁੜ ਕਦੇ ਵੀ ਪੂਰਾ ਨਹੀਂ ਹੋਣਾ ਕਿਉਂਕਿ ਹਰ ਪੀੜ੍ਹੀ ਨੇ ਆਪਣੀ ਜਿੰਮੇਵਾਰੀ ਅੱਗੇ ਦੇਣੀ ਹੁੰਦੀ ਹੈ। ਜੇ ਅੱਗੇ ਲੜ ਫੜਾਉਣ ਵਾਲੀ ਪੀੜ੍ਹੀ ਹੀ ਚੁੱਪ ਕਰ ਕੇ ਘਰੀਂ ਬੈਠ ਗਈ ਤਾਂ ਸੰਘਰਸ਼ੀ ਜੋਤ ਕਿਵੇਂ ਜਗਦੀ ਰਹੂ! ਇਸ ਲਈ ਅੱਜ ਦੀ ਘੜੀ ਸਹਿਮ ਵਿਚ ਚਲੇ ਗਏ ਨੌਜਵਾਨਾਂ ਲਈ ਜਿੰਮੇਵਾਰ ਸੱਜਣਾਂ ਦਾ ਬੋਲਣਾ ਲਾਜਮੀ ਹੈ ਬੇਸ਼ਕ ਉਸ ਵਿਚ ਕਿੰਨੀ ਵੀ ਵਰਜਣਾ ਅਤੇ ਝਿੜਕ ਕਿਉਂ ਨਾ ਹੋਵੇ।

3.4.1. ਭਾਈ ਦਲਜੀਤ ਸਿੰਘ ਨੂੰ ‘ਚੁੱਪ ਰਹੋ’ ਇਸ ਲਈ ਵੀ ਕਿਹਾ ਗਿਆ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਕਾਹਲੇ ਆਖਿਆ ਹੈ। ਉਨ੍ਹਾਂ ਮੁਤਾਬਕ ਕਾਹਲੇ ਮੁੰਡਿਆਂ ਬਹਾਨੇ ਹਕੂਮਤ ਨੇ ਸਾਰੇ ਪੰਥ ਪੰਜਾਬ ਨੂੰ ਨਿਸ਼ਾਨਾ ਬਣਾਇਆ ਹੈ। ਭਾਈ ਦਲਜੀਤ ਸਿੰਘ ਨੌਜਵਾਨਾਂ ਦੀ ਚਾਲ ਨੂੰ ਸਿੱਖ ਸਮਾਜ ਦੇ ਮੇਚ ਦੀ ਕਰਨ ਲਈ ਕਹਿ ਰਹੇ ਹਨ ਕਿਉਂਕਿ ਨਹੀਂ ਤਾਂ ਲੜਨ ਵਾਲੇ ਇਕੱਲੇ ਰਹਿ ਜਾਣਗੇ। ਤਾਕਤਾਂ ਨੇ ਦੁਨੀਆ ਭਰ ਵਿਚ ਕਿੰਨੇ ਹੀ ਸੰਘਰਸ਼ ਸਮਾਜ ਦੀ ਚਾਲ ਨਾਲੋਂ ਨਿਖੇੜ ਕੇ ਖਤਮ ਕੀਤੇ ਹਨ। ਇਸ ਤਤਕਾਲੀ ਪ੍ਰਸੰਗ ਵਿਚ ਆਮ-ਖਾਸ ਲੋਕਾਂ ਦੇ ਬਿਜਲ ਸੱਥ ਖਾਤੇ ਬੰਦ ਕਰਨਾ, ਆਮ ਜਵਾਨਾਂ ਨੂੰ ਬਿਨ੍ਹਾ ਕਿਸੇ ਗੁਨਾਹ ਦੇ ਗ੍ਰਿਫਤਾਰ ਕਰਨਾ ਅਤੇ ਰਾਸ਼ਟਰੀ ਸੁਰੱਖਿਆ ਉਲੰਘਣਾ ਕਹਿ ਕੇ ਜੇਲ੍ਹਾਂ ਵਿਚ ਬੰਦ ਕਰਨਾ ਲੋਕਾਂ ਨੂੰ ਸੰਘਰਸ਼ ਨਾਲੋਂ ਅਲੱਗ-ਥਲੱਗ ਕਰਨ ਦੀ ਕਵਾਇਦ ਦੀਆਂ ਤੰਦਾਂ ਹਨ। ਹੁਣ ਸਰਕਾਰਾਂ ਜਿੰਨੀਆਂ ਤਾਕਤਵਰ ਹੋ ਗਈਆਂ ਹਨ ਅਤੇ ਜਿਸ ਤਰ੍ਹਾਂ ਰੂਸ-ਯੂਕਰੇਨ ਜੰਗ ਵਿਚ ਕੌਮਾਂਤਰੀਵਾਦ ਦੁਆਰਾ ਮਹਿਕੂਮ-ਕਮਜੋਰਾਂ ਦੀ ਰਾਖੀ ਕਰਨ ਦਾ ਪਾਜ ਵੀ ਖੁੱਲ੍ਹ ਗਿਆ ਹੈ। ਇਸ ਹਾਲਤ ਵਿਚ ਕੋਈ ਸੰਘਰਸ਼ ਲੋਕਾਂ ਦੇ ਸਮਰਥਨ ਤੋਂ ਬਿਨ੍ਹਾ ਲੜਿਆ ਹੀ ਨਹੀਂ ਜਾ ਸਕਦਾ। ਪਾਕਿਸਤਾਨ ਵਿਚ ਇਮਰਾਨ ਖਾਂ ਲੋਕਾਂ ਨਾਲ ਇਕਸੁਰਤਾ ਕਰ ਕੇ ਨਾ ਕੇਵਲ ਪਾਕਿਸਤਾਨ ਦੀ ਹਕੂਮਤ ਨਾਲ ਬਲਕਿ ਸਾਰੀ ਪੱਛਮੀ ਦੁਨੀਆ ਦੀ ਤਾਕਤ ਨਾਲ ਖਹਿ ਰਿਹਾ ਹੈ। ਉਹ ਲੋਕਾਂ ਦੇ ਕਿਲੇ ਵਿਚ ਆਪਣਾ ਬਚਾਅ ਕਰ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੇ ਸਮਰਥਕ ਬਿਜਲ ਸੱਥ ਤੇ ਕਹਿੰਦੇ ਰਹੇ ਹਨ ਕਿ ਜੇ ਸਾਰਾ ਪੰਜਾਬ ਸੜਕਾਂ ਤੇ ਆਵੇ ਫੇਰ ਫੌਜ-ਪੁਲਸ ਦੇ ਹਮਲੇ ਨੂੰ ਠੱਲ੍ਹ ਪਊ। ਉਨ੍ਹਾਂ ਦੀ ਇਹ ਗੱਲ ਬਿਲਕੁਲ ਦਰੁਸਤ ਹੈ ਪਰ ਇਹ ਤਾਂ ਹੀ ਹੋ ਸਕਦਾ ਜੇ ਸੰਘਰਸ਼ੀ ਅਤੇ ਸਮਾਜ ਇਕਸੁਰ ਅਤੇ ਇਕਚਾਲ ਹੋਣ। ਉਨ੍ਹਾਂ ਨੂੰ ਭਾਈ ਦਲਜੀਤ ਸਿੰਘ ਤੇ ਨਰਾਜ ਹੋਣ ਦੀ ਥਾਂ ਗੱਲ ਸਮਝਣੀ ਚਾਹੀਦੀ ਹੈ।

ਕਿਸੇ ਵੀ ਸੰਘਰਸ਼ ਦਾ ਸਮਾਜਕ ਨਿਆਂ ਦਾ ਧਾਰਨੀ ਹੋਣਾ ਬਹੁਤ ਜਰੂਰੀ ਹੁੰਦਾ ਹੈ। ਖਾੜਕੂ ਲਹਿਰ ਦੀ ਹਾਰ ਮਗਰੋਂ ਉਸ ਦੇ ਹਰ ਪੱਖ-ਪ੍ਰਸੰਗ ਨੂੰ ਗਲਤ ਸਿੱਧ ਕਰਨ ਲਈ ਸਰਕਾਰ ਨੇ ਅਕਾਦਮਿਕ, ਪੱਤਰਕਾਰੀ, ਖੋਜ, ਪਰਚਾਰ ਅਤੇ ਅਫਵਾਹ ਆਦਿ ਸਭ ਤਰੀਕੇ ਵਰਤੇ ਪਰ ਤਾਂ ਵੀ ਸਿੱਖ ਸਮਾਜ ਖਾੜਕੂ ਸੰਘਰਸ਼ ਤੇ ਮਾਣ ਕਰਦਾ ਹੈ। ਇਸ ਦੀ ਵਜਾਹ ਇਹੀ ਹੈ ਕਿ ਖਾੜਕੂਆਂ ਨੇ ਸਮਾਜਕ ਨਿਆਂ ਨੂੰ ਸਰਕਾਰ ਨਾਲ ਲੜਾਈ ਤੋਂ ਵੀ ਉੱਤੇ ਰੱਖਿਆ, ਸਰਕਾਰ ਨੇ ਉਨ੍ਹਾਂ ਦਾ ਲੋਕਾਂ ਨਾਲ ਸਾਵਾਂ ਨਾਤਾ ਤੋੜਨ ਲਈ ਹਰ ਵਾਹ ਲਾਈ ਜਿਸ ਦੇ ਅਖੀਰ ਵਿਚ ਸਰਕਾਰ ਕੁਝ ਸਫਲ ਵੀ ਹੋ ਗਈ। ਜਿੰਨਾ ਚਿਰ ਲੋਕ ਨਾਲ ਸਨ ਓਨਾ ਚਿਰ ਸਰਕਾਰ ਦਾ ਕੋਈ ਦਾਅ ਨਹੀਂ ਚੱਲਿਆ। ਆਮ ਹਾਲਤਾਂ ਵਿਚ ਲੋਕਾਈ ਸੁੱਤੀ ਹੀ ਹੁੰਦੀ ਹੈ, ਚੇਤਨਾ ਜਗਾ ਕੇ ਨਾਲ ਤੋਰਨੀ ਆਗੂਆਂ ਦੀ ਜਿੰਮੇਵਾਰੀ ਹੁੰਦੀ ਹੈ ਪਰ ਅੱਜ ਦੀ ਘੜੀ ਸਿੱਖ ਸਮਾਜ ਧਾਰਮਕ ਪੱਧਰ ਤੇ ਸਵਾਇਆ ਚੇਤੰਨ ਹੈ। ਇਸ ਲਈ ਉਸ ਨੂੰ ਕੋਈ ਰਾਜਸੀ ਤੇਜੀ ਦੀ ਚਾਲ ਰਿਝਾ ਨਹੀਂ ਸਕਦੀ। ਸਿੱਖ ਚੇਤਨਾ ਰਵਾਇਤ ਵਿਚੋਂ ਉੱਠਿਆ ਧਾਰਮਕ ਆਗੂ ਹੀ ਪਰਵਾਨ ਕਰੇਗੀ। ਸਿੱਖਾਂ ਦੀ ਧਾਰਮਕ ਚੇਤਨਤਾ ਤੇ ਰਾਜਸੀ ਸਵਾਰੀ ਕਰਨ ਲਈ ਬੜੇ ਲੋਕਾਂ ਨੇ ਜਤਨ ਕੀਤੇ ਪਰ ਉਹ ਲਿਹਾਜ ਅਧਵਾਟੇ ਟੁੱਟਦੀ ਰਹੀ। ਸਿੱਖਾਂ ਦਾ ਧਾਰਮਕ ਤੌਰ ਤੇ ਚੇਤੰਨ ਹੋਣ ਦਾ ਮਤਲਬ ਹੈ ਕਿ ਉਹ ਸਹਿਜ ਹਨ ਪਰ ਪੰਧਾਊਆਂ ਦੀ ਚਾਲ ਉੱਖੜਦੀ ਰਹੀ ਹੈ। ਪੰਧਾਊਆਂ ਨੂੰ ਕਾਹਲ ਤੋਂ ਵਰਜਣਾ ਜਾਇਜ ਹੈ।

3.5. ਅੰਮ੍ਰਿਤਪਾਲ ਸਿੰਘ ਦੀ ਪਰਚਾਰ ਮੁਹਿੰਮ ਨਾਲ ਅਜੇ ਨਾ ਸਾਰੇ ਕਿੱਤਾ ਵਰਗ, ਨਾ ਸਾਰੇ ਸਮਾਜਕ ਵਰਗ ਅਤੇ ਨਾ ਹੀ ਹੋਰ ਵੱਖ-ਵੱਖ ਖੇਤਰਾਂ ਦਾਇਰਿਆਂ ਦੇ ਲੋਕ ਸਮਰਥਨ ਵਿਚ ਆਏ ਸਨ। ਕਿਸੇ ਸੰਘਰਸ਼ ਲਈ ਦੂਜੇ ਸਮਾਜਾਂ ਦੇ ਲੋਕਾਂ ਨੂੰ ਵੀ ਆਪਣਾ ਸੱਚ ਜਤਾਉਣਾ ਹੁੰਦਾ ਹੈ ਪਰ ਉਨ੍ਹਾਂ ਤਕ ਕਦੋਂ ਪਹੁੰਚਿਆ ਜਾ ਸਕਦਾ ਹੈ ਜਦਕਿ ਆਪਣੇ ਸਮਾਜ ਅੰਦਰਲੇ ਲੋਕਾਂ ਦਾ ਸਮਰਥਨ ਵੀ ਹਾਸਲ ਨਹੀਂ ਹੋਇਆ। ਬਲਕਿ ਉਲਟਾ ਜੇ ਕਿਸੇ ਨੇ ਅਸਹਿਮਤੀ ਜਤਾਈ ਤਾਂ ਉਸ ਨੂੰ ਮੋੜਵਾਂ ਚੁੱਪ ਕਰਾਉਣ ਦੀ ਮੁਹਿੰਮ ਆਰੰਭ ਦਿੱਤੀ। ਅੱਜ ਸਿੱਖਾਂ ਅੰਦਰ ਜਿਹੜੇ ਲੋਕ ਅਗਵਾਈ ਦੇ ਦਾਅਵੇਦਾਰ ਹਨ ਅਤੇ ਸਿੱਖ ਸਮਾਜ ਨੂੰ ਇਕਸੁਰ ਕਰਨ ਲਈ ਹਿੱਸਾ ਪਾ ਸਕਦੇ ਹਨ ਉਨ੍ਹਾਂ ਨੂੰ ਚੁੱਪ ਰਹਿਣ ਦੀ ਨਹੀਂ ਸਗੋਂ ਠੀਕ ਗੱਲ ਜੋਰ ਨਾਲ ਰੱਖਣ ਦੀ ਦਲੀਲ ਦੀ ਲੋੜ ਹੈ ਕਿਉਂਕਿ ਸਭ ਜਾਣਦੇ ਹਨ ਕਿ ਸਦਮਿਆਂ/ ਸਮੂਹਕ ਹਲੂਣਿਆਂ ਵਿਚ ਸਮਾਜਾਂ ਵਿਚ ਬਹੁਤ ਕੁਝ ਵਿਰੋਧੀ ਚਾਲੂ ਕਰ ਦਿੱਤਾ ਜਾਂਦਾ ਹੈ। ਉਸ ਵਿਰੋਧੀ ਤੱਤ-ਵਰਤਾਰੇ ਨੂੰ ਰੋਕਣ ਲਈ ਸਿੱਖਾਂ ਅੰਦਰ ਸਾਰੇ ਸੁਹਿਰਦ ਸੱਜਣਾਂ ਨੂੰ ਪਿੜ ਵਿਚ ਆਉਣ ਦੀ ਲੋੜ ਹੈ ਬੇਸ਼ਕ ਉਨ੍ਹਾਂ ਨੂੰ ਮੁਢਲੇ ਪੜਾਅ ਤੇ ਨਿੰਦਿਆ ਵੀ ਕਿਉਂ ਨਾ ਝੱਲਣੀ ਪਵੇ। ਇਹ ਗੱਲ ਸਮਝਣ ਦੀ ਲੋੜ ਹੈ ਕਿ ਭਾਰਤੀ ਤਾਕਤ ਸਿੱਖਾਂ ਅੰਦਰੋਂ ਹੀ ਕੁਝ ਲੋਕਾਂ ਨੂੰ ਨਾਲ ਰਲਾ ਕੇ ਸਿੱਖਾਂ ਲਈ ਉਦਾਰ ਹੋਣ ਦਾ ਭਰਮ ਸਿਰਜ ਰਹੀ ਹੈ ਜਦਕਿ ਸਿੱਖ ਰਵਾਇਤ ਤੇ ਸੰਸਥਾਵਾਂ ਨੂੰ ਕਮਜੋਰ-ਦਰ-ਕਮਜੋਰ ਕਰ ਰਹੀ ਹੈ। ਸਿੱਖਾਂ ਦੀ ਅਗਵਾਈ ਦੇ ਸਾਰੇ ਦਾਅਵੇਦਾਰਾਂ ਜਾਂ ਰਹਿ ਚੁੱਕੇ ਆਗੂਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਿੱਖ ਸੰਗਤ ਵਲੋਂ ਸਰਕਾਰੀ ਉਦਾਰਤਾ ਦੇ ਭਰਮ ਤੋੜਨ ਦੇ ਆਪਮੁਹਾਰੇ ਪ੍ਰਵਾਹ ਦਾ ਹਿੱਸਾ ਬਣਨ ਅਤੇ ਇਸ ਨੂੰ ਕੋਈ ਪੰਥਕ ਦਿਸ਼ਾ ਦੇਣ ਲਈ ਅਹੁਲਣ। ਇਸ ਨਾਲ ਅਗਲੇਰੇ ਪੜਾਵਾਂ ਤੇ ਏਕੇ ਅਤੇ ਸਾਂਝੇ ਸਮਰਥਨ ਦੀ ਸੰਭਾਵਨਾ ਬਣ ਸਕਦੀ ਹੈ।

3.6. ਕਿਸਾਨ ਮੋਰਚੇ ਤੋਂ ਲੈ ਕੇ ਤਤਕਾਲੀ ਵਰਤਾਰੇ ਤੱਕ ਸਿੱਖਾਂ ਵਿਚ ਕੁਝ ਖਾਸ ਲੋਕਾਂ ਨੇ ਅੰਦਰਲੇ ਸੰਵਾਦ ਨੂੰ ਤੋੜਿਆ ਹੈ ਬਲਕਿ ਕੁਝ ਬੋਲਣ-ਆਖਣ ਦਾ ਹੀਆ ਕਰ ਰਹੇ ਲੋਕਾਂ ਨੂੰ ਬੇਇਜਤੀ ਕਰ ਕੇ ਪਿੜ ਵਿਚੋਂ ਬਾਹਰ ਕੱਢਿਆ ਹੈ। ਇਸ ਨਾਲ ਸਿੱਖਾਂ ਦਾ ਪਤਵੰਤਾ ਵਰਗ ਜਿਹੜਾ ਪਹਿਲਾਂ ਹੀ ਸਿੱਖ ਮਸਲਿਆਂ ਤੇ ਚੁੱਪ ਰਹਿੰਦਾ ਹੈ ਹੋਰ ਚੁੱਪ ਕਰ ਗਿਆ ਕਿਉਂਕਿ ਬਿਜਲ ਸੱਥ ਦੀ ਸ਼ਾਬਦਿਕ ਹਿੰਸਾ ਅਤੇ ਘੜੀਸਣੇ ਮੁਹਾਵਰੇ ਵਿਚ ਉਹ ਚੱਲ ਨਹੀਂ ਸਕਦੇ। ਕੁਝ ਕੁ ਅਪਵਾਦਾਂ ਨੂੰ ਛੱਡ ਕੇ ਸਿੱਖਾਂ ਦਾ ਵਿਦਵਾਨ ਵਰਗ ਬਿਲਕੁਲ ਚੁੱਪ ਵਰਗਾ ਹੀ ਹੈ ਜਦਕਿ ਸਭ ਤੋਂ ਵਜਨਦਾਰ ਗੱਲ ਅਜੇ ਤੱਕ ਇਸ ਵਰਗ ਦੀ ਹੀ ਮੰਨੀ ਜਾਂਦੀ ਹੈ। ਭਾਰਤੀ ਸੱਤਾ ਦੀ ਹਾਮੀ ਜਾਂ ਰਾਸ਼ਟਰਵਾਦੀ ਅਕਾਦਮਿਕਤਾ, ਪੱਤਰਕਾਰੀ, ਰਾਸ਼ਟਰਵਾਦੀ ਵਿਦਵਤਾ ਜਿਹੜੀ ਸਦਾ ਹੀ ਸਿੱਖਾਂ ਦੇ ਵਿਰੁੱਧ ਭੁਗਤਦੀ ਰਹੀ ਹੈ ਉਹ ਆਪਣਾ ਰਾਗ ਅਲਾਪੀ ਜਾ ਰਹੀ ਹੈ। ਬਿਜਲ ਸੱਥ ਦੀ ਸ਼ਾਬਦਿਕ ਹਿੰਸਾ ਅਤੇ ਘੜੀਸਣ ਤੋਂ ਡਰਦੇ ਰਾਗੀ, ਢਾਡੀ, ਕਥਾਕਾਰ, ਲੇਖਕ, ਵਿਦਵਾਨ ਅਤੇ ਚੰਗਾ ਅਸਰ ਰਸੂਖ ਰੱਖਣ ਵਾਲੇ ਹੋਰ ਲੋਕ ਸਿੱਖਾਂ ਦੇ ਰਾਜਸੀ ਅਤੇ ਅੰਦਰੂਨੀ ਸਵਾਲਾਂ ਤੇ ਬਿਲਕੁਲ ਚੁੱਪ ਹਨ। ਜੇ ਕਿਸੇ ਮਸਲੇ ਤੇ ਉਨ੍ਹਾਂ ਕੋਲ ਸਵਾਲ ਜਾਂ ਅਸਹਿਮਤੀ ਹੈ, ਉਹ ਨਹੀਂ ਆਖਦੇ ਨਾ ਹੀ ਕਿਸੇ ਸੰਘਰਸ਼ ਜਾਂ ਸੰਘਰਸ਼ੀ ਦਾ ਸਾਥ ਦੇ ਰਹੇ ਹਨ। ਬਿਜਲ-ਸੱਥੀ ਨਿੰਦਿਆ ਕਰ ਕੇ ਸਿੱਖਾਂ ਦੀ ਭਾਈਚਾਰਕ-ਸੱਤਿਆ (ਸੌਫਟ ਪਾਵਰ) ਅਜਾਈਂ ਜਾ ਰਹੀ ਹੈ। ਉਹ ਸਿੱਖਾਂ ਦੇ ਚਿਰਸਥਾਈ ਸਵਾਲਾਂ ਲਈ ਵਰਤੀ ਹੀ ਨਹੀਂ ਜਾ ਰਹੀ। ਬਿਰਤਾਂਤ ਦੀ ਜੰਗ ਵਿਚ ਸਿੱਖਾਂ ਦੇ ਵਿਰੋਧੀ ਉਨ੍ਹਾਂ ਨੂੰ ਕੁਝ ਕੁ ਊਣਾ ਬੋਲਣੇ ਲੋਕਾਂ ਕਰ ਕੇ ਅਸਭਿਅਕ ਗਰਦਾਨ ਰਹੇ ਹਨ। ਇਸ ਲਈ ਚੁੱਪ ਕਰਾਉਣ ਖਾਸ ਕਰ ਬੇਇਜਤੀ ਕਰ ਕੇ ਚੁੱਪ ਕਰਵਾਉਣ ਦਾ ਵਰਤਾਰਾ ਸਿੱਖਾਂ ਨੂੰ ਬਹੁਤ ਮਹਿੰਗਾ ਪੈ ਰਿਹਾ ਹੈ। ਇਹ ਸਿੱਖਾਂ ਨੂੰ ਬਾਕੀ ਸਾਰੇ ਹਮ-ਸੰਘਰਸ਼ੀਆਂ ਨਾਲੋਂ ਵੀ ਤੋੜ ਰਿਹਾ ਹੈ ਅਤੇ ਸਿੱਖਾਂ ਨੂੰ ਅੰਦਰੋ-ਅੰਦਰ ਵੀ ਖਿੰਡਾ ਰਿਹਾ ਹੈ।

4.0. ਉਪਰਲੀ ਸੰਖੇਪ ਜਿਹੀ ਚਰਚਾ ਤੋਂ ਹੇਠ ਲਿਖੀਆਂ ਗੱਲਾਂ ਨਿੱਤਰ ਕੇ ਸਾਹਮਣੇ ਆਈਆਂ ਹਨ:

4.1. ਸਿੱਖਾਂ ਵਿਚ ਅਸਹਿਮਤੀਆਂ/ ਵਿਰੋਧਾਂ ਨੂੰ ਚੁੱਪ ਕਰਵਾਉਣ ਦੀ ਦਲੀਲ ਪੰਜਾਬ ਦੇ ਮੂਲ ਮੁਹਾਵਰੇ ਤੋਂ ਉਲਟ ਹੈ। ਡਾ. ਗੁਰਭਗਤ ਸਿੰਘ ਅਨੁਸਾਰ ਪੰਜਾਬ ਦਾ ਮੂਲ ਖਾਸਾ ਵਿਰੋਧਾਂ ਨੂੰ ਮੇਲਣਾ ਹੈ। ਉਹ ਗੁਰਬਾਣੀ ਅਤੇ ਸਮੁੱਚੀ ਸਿੱਖ ਪਰੰਪਰਾ ਨੂੰ ਇਸੇ ਨੁਕਤੇ ਤੋਂ ਵੇਖਦੇ ਹਨ। ਪੰਜਾਬ ਅਤੇ ਸਿੱਖਾਂ ਦੀ ਪ੍ਰਾਪਤੀ ਹੀ ਇਹ ਹੈ ਕਿ ਇਥੇ ਸੰਵਾਦ ਦੀ ਪਰੰਪਰਾ ਹੈ ਜਿਸ ਨਾਲ ਪੀੜ੍ਹੀ ਪਾੜੇ, ਸਮਾਜੀ ਵੰਡਾਂ, ਰਾਜਸੀ ਵਿੱਥਾਂ, ਵਿਚਾਰਕ ਅਸਹਿਮਤੀਆਂ ਮੁੱਕਦੀਆਂ ਹਨ ਅਤੇ ਸਭ ਧਿਰਾਂ, ਵਰਗ ਇਕ ਹੋ ਤੁਰਦੇ ਹਨ। ਇਥੇ ਕੋਈ ਧੱਕੇ ਨਾਲ ਕਿਸੇ ਦਾ ਸਾਥ ਨਹੀਂ ਲੈ ਸਕਦਾ ਹੈ, ਸਾਥ ਲਈ ਰਵਾਇਤੀ ਤਰੀਕਾਕਾਰ ਲਾਗੂ ਰਹੇਗਾ।

4.2. ਨੇੜ ਭੂਤ ਵਿਚ ਸਿੱਖਾਂ ਵੱਲੋਂ ਖਾੜਕੂ ਸੰਘਰਸ਼ ਵਜੋਂ ਇਕ ਵੱਡੀ ਜੰਗ ਲੜੀ ਗਈ ਹੈ। ਹੁਣ ਜਿਹੜੇ ਵੀ ਲੋਕ ਸਿੱਖ ਅਗਵਾਈ ਵਿਚ ਆ ਰਹੇ ਹਨ ਉਹ ਉਸ ਜੰਗ ਦੀ ਮਾਨਤਾ ਅਤੇ ਪ੍ਰਾਪਤੀ ਵਿਚੋਂ ਉੱਠ ਰਹੇ ਹਨ। ਖਾੜਕੂ ਸੰਘਰਸ਼ ਰਾਹੀਂ ਹੁਣ ਸਿੱਖ ਸਿਆਸਤ ਇਸ ਪੜਾਅ ਤੇ ਪੁੱਜ ਗਈ ਹੈ ਕਿ ਹੁਣ ਕੋਈ ਸੱਤਾ ਮਾਣਨ ਦੀ ਇੱਛਾ ਨਾਲ ਸਿੱਖਾਂ ਦੀ ਅਗਵਾਈ ਨਹੀਂ ਕਰ ਸਕਦਾ, ਸਿੱਖਾਂ ਦੀ ਅਗਵਾਈ ਨਿਰੋਲ ਰੂਪ ਵਿਚ ਕੁਰਬਾਨੀ ਲੋੜਦੀ ਹੈ। ਭਾਰਤੀ ਵੋਟਤੰਤਰ ਨੇ ਕਿੰਨੇ ਹੀ ਨੌਜਵਾਨਾਂ ਨੂੰ ਵੱਖੋ-ਵੱਖ ਰਾਜਸੀ ਧੜਿਆਂ ਰਾਹੀਂ ਸੱਤਾ ਮਾਣਨੀ ਧਾਰਾ ਦਾ ਹਿੱਸਾ ਬਣਾ ਲਿਆ ਪਰ ਸਿੱਖ ਸਮਾਜ ਉਨ੍ਹਾਂ ਵਿਚੋਂ ਕਤਈ ਮੁਕਤੀ ਦੀ ਆਸ ਨਹੀਂ ਤੱਕ ਰਿਹਾ। ਜਦੋਂ ਕੋਈ ਕੁਰਬਾਨੀ ਵਾਲਾ ਆਗੂ ਜਾਂ ਧਿਰ ਸਿੱਖ ਸਮਾਜ ਵਿਚ ਪਰਵਾਨ ਹੋ ਗਿਆ ਤਾਂ ਸਾਥ ਮੰਗਣ ਜਾਂ ਚੁੱਪ ਕਰਾਉਣ ਦੀ ਲੋੜ ਹੀ ਨਹੀਂ ਰਹਿਣੀ, ਖੁਦਬਖੁਦ ਸਾਥ ਮਿਲ ਜਾਣਾ ਹੈ ਜਾਂ ਚੁੱਪ ਪਸਰ ਜਾਣੀ ਹੈ।

4.3. ਸਿੱਖਾਂ ਨੂੰ ਅੰਦਰਲੀ ਵਿਚਾਰ ਤੋਂ ਰੋਕ ਕੇ ਚੁੱਪ ਕਰਾਉਣ ਦੇ ਵਰਤਾਰੇ ਤੋਂ ਸੁਚੇਤ ਰੂਪ ਵਿਚ ਬਚਣਾ ਚਾਹੀਦਾ ਹੈ ਅਤੇ ਅਜਿਹੀ ਕਵਾਇਦ ਵਾਲੇ ਲੋਕਾਂ ਨੂੰ ਪਛਾਣਨਾ ਚਾਹੀਦਾ ਹੈ ਕਿਉਂਕਿ ਇਹ ਲੋਕ ਸਿੱਖ ਰਾਜਨੀਤੀ ਦੇ ਸਿਧਾਂਤ-ਦਰਸ਼ਨ ਖੇਤਰ ਵਿਚ ਦਾਖਲ ਹੋਣ ਵਿਚ ਅੜਿੱਕਾ ਬਣ ਰਹੇ ਅਤੇ ਸਿੱਖਾਂ ਦੀ ਰਾਜਸੀ ਮੁਕਤੀ ਨੂੰ ਦਿਨੋ-ਦਿਨ ਦੂਰ ਕਰੀ ਜਾ ਰਹੇ ਹਨ।

4.4. ਅੱਜ ਕਿਸੇ ਵੀ ਸਮਾਜ/ ਕੌਮ ਲਈ ਗੈਰਸੰਵਾਦੀ ਲਕਬ ਖੁਸ਼ਗਵਾਰ ਨਹੀਂ ਹੋ ਸਕਦਾ। ਰਾਏ ਨੂੰ ਚੁੱਪ ਵਿਚ ਬਦਲਣ ਵਾਲਾ ਖਿਆਲ ਦੁਨੀਆ ਭਰ ਵਿਚ ਬਸਤੀਵਾਦੀ-ਸਾਮਰਾਜਵਾਦੀ ਮੰਨਿਆ ਜਾਂਦਾ ਹੈ। ਚੁੱਪ ਰਹਿਣ/ ਕਰਾਉਣ ਦਾ ਵਰਤਾਰਾ ਮਹਿਕੂਮ ਸਮਾਜ ਲਈ ਤਾਂ ਮੁਕਤੀ ਦੇ ਰਾਹ ਵਿਚ ਅੜਿੱਕਾ ਹੈ ਕਿਉਂਕਿ ਕਾਬਜ ਧਿਰ/ ਸੱਤਾ ਕਦੇ ਵੀ ਨਹੀਂ ਚਾਹੁੰਦੀ ਕਿ ਮਹਿਕੂਮ ਸਮਾਜ ਸੰਵਾਦ ਵਿਚ ਪਵੇ। ਗੈਰਸੰਵਾਦੀ ਵਰਤਾਰਾ ਅਤੇ ਇਸ ਦੀ ਮਾਨਤਾ ਸਿੱਖਾਂ ਨੂੰ ਦੁਨੀਆ ਭਰ ਵਿਚ ਹਾਸ਼ੀਆਕ੍ਰਿਤ ਕਰ ਦੇਵੇਗੀ। ਇਸ ਨਾਲ ਸਿੱਖ ਰਾਜ ਦੇ ਨਿਆਂਕਾਰੀ ਹੋਣ ਦੀ ਦਲੀਲ ਵੀ ਸਵਾਲ ਹੇਠ ਆ ਜਾਵੇਗੀ ਅਤੇ ਸਿੱਖ ‘ਹਮ ਰਾਖਤ ਪਾਤਸ਼ਾਹੀ ਦਾਅਵਾ’ ਦੇ ਨਾਅਰੇ ਤੋਂ ਵੀ ਪਰੇ ਹੋ ਜਾਣਗੇ। ਇਸ ਲਈ ਇਹ ਸਵਾਲ ਸਿੱਖਾਂ ਨੂੰ ਗੰਭੀਰਤਾ ਸਹਿਤ ਨਜਿੱਠਣਾ ਚਾਹੀਦਾ ਹੈ।

4.5. ਹੁਣ ਲੋੜ ਹੈ ਕਿ ਜਿਹੜੇ ਬੇਕਸੂਰਾਂ ਨੂੰ ਸਰਕਾਰ ਨੇ ਆਨੀ-ਬਹਾਨੀ ਜੇਲ੍ਹੀਂ ਸੁੱਟਿਆ ਹੈ ਅਤੇ ਜਿਹੜੇ ਬੇਘਰ ਕੀਤੇ ਹਨ ਜਿਨ੍ਹਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖੁਦ ਵੀ ਹਨ, ਉਨ੍ਹਾਂ ਸਭ ਨੂੰ ਸਾਵੀਂ ਹਾਲਤ ਵਿੱਚ ਲਿਆਉਣਾ ਤਤਕਾਲੀ ਲੋੜ ਹੈ। ਇਸ ਪ੍ਰਸੰਗ ਵਿੱਚ ਸਭ ਸਹਿਮਤੀਆਂ-ਅਸਹਿਮਤੀਆਂ ਵਾਲੇ ਚੁੱਪ ਨਾ ਰਹਿਣ ਸਗੋਂ ਸੰਵਾਦ ਵਿੱਚ ਆਉਣ ਅਤੇ ਭਵਿੱਖਮੁਖੀ ਨੀਤੀਆਂ, ਪੈਂਤੜੇ ਅਤੇ ਦਿਸ਼ਾਵਾਂ ਤੈਅ ਕਰਨ। ਭਾਰਤੀ ਹਕੂਮਤ ਦੇ ਗੁਨਾਹਾਂ ਦੀ ਫ਼ਹਿਰਿਸਤ ਬਣਾਉਣ ਅਤੇ ਜੱਗ ਸਾਹਮਣੇ ਨਸ਼ਰ ਕਰਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: