ਚੋਣਵੀਆਂ ਲਿਖਤਾਂ » ਲੇਖ » ਸਾਹਿਤਕ ਕੋਨਾ » ਸਿੱਖ ਇਤਿਹਾਸਕਾਰੀ

ਜਬ ਲਗ ਖ਼ਾਲਸਾ ਰਹੇ ਨਿਆਰਾ

April 13, 2020 | By

“ਜਬ ਲਗ ਖ਼ਾਲਸਾ ਰਹੇ ਨਿਆਰਾ ” ਸਿਰਲੇਖ ਵਾਲੀ ਇਹ ਲਿਖਤ ਮਾਸਿਕ ਰਸਾਲੇ ਸਿੱਖ ਸ਼ਹਾਦਤ ਦੇ ਅਪ੍ਰੈਲ 2001 ਅੰਕ ਵਿੱਚ ਛਪੀ ਸੀ। ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਲਈ ਇਹ ਲਿਖਤ ਇੱਥੇ ਮੁੜ ਛਾਪ ਰਹੇ ਹਾਂ – ਸੰਪਾਦਕ।

 -ਡਾ.ਗੁਲਜਾਰ ਸਿੰਘ ਕੰਗ

ਖ਼ਾਲਸਾ ਸ਼ਬਦ ਫਾਰਸੀ ਭਾਸਾ ਤੋਂ ਲਿਆ ਗਿਆ ਹੈ ਜਿਸ ਦਾ ਭਾਵ ਹੈ-ਉਹ ਜ਼ਮੀਨ ਜਿਸ ਉਪਰ ਸਿੱਧੀ ਬਾਦਸ਼ਾਹ ਦੀ ਸਿਰਦਾਰੀ ਹੋਵੇ। ਭਾਵ ਖ਼ਾਲਸਾ ਸਿੱਧਾ ਪਰਮਾਤਮਾ ਨਾਲ ਜੁੜਿਆ ਹੋਇਆ  ਹੈ। ਇਹ ਸ਼ਬਦ ਭਾਵੇਂ ਅਰਬੀ ਜਾਂ ਫਾਰਸੀ ਸੋਮਿਆਂ ਤੋਂ ਸਿੱਖ ਸ਼ਬਦਾਵਲੀ ਵਿਚ ਆਇਆ ਹੈ ਪਰ ਇਥੇ ਇਹ ਕੇਵਲ ਸ਼ਬਦੀ ਅਰਥ ਨਹੀਂ ਰੱਖਦਾ, ਸਗੋਂ ਇਸ ਦਾ ਸਿਧਾਂਤੀਕਰਣ ਹੋਇਆ ਹੈ। ਇਹ ਸ਼ਬਦ ਸਿੱਖੀ ਸਰੋਕਾਰਾਂ ਵਿਚ ਉਸ ਸੰਕਲਪ ਨੂੰ ਉਜਾਗਰ ਕਰਦਾ ਹੈ ਜੋ ਮਾਨਵੀ ਆਦਰਸ਼ ਦੀ ਚਰਮ ਸੀਮਾ ਦਾ ਬੋਧ ਕਰਵਾਉਂਦਾ ਹੈ। ਖ਼ਾਲਸਾ ਸ਼ਬਦ ਗੁਰੂ ਦੇ ਉਨ੍ਹਾਂ ਆਦਰਸ਼ਕ ਸਿੰਘਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਪਣੇ ਜੀਵਨ ਦਾ ਪੁਨਰ ਨਿਰਮਾਣ ਕਰ ਲਿਆ ਹੈ।

ਸਿੱਖ ਧਰਮ ਵਿਚ ਆਦਰਸ਼ਕ ਮਨੁੱਖ ਨੂੰ ਚਿਤਵਦੇ ਸ਼ਬਦ ਸੰਤ, ‘ਗੁਰਮੁਖ’ ,’ਬ੍ਰਹਮ ਗਿਆਨੀ’ ਵੀ ਆਏ ਹਨ ਪਰ ਸਿੱਖ ਦਾ ਖ਼ਾਲਸਾ ਰੂਪ ਤਕ ਪਹੁੰਚਣਾ ਇਕ ਲੰਮੇਰੇ ਸਫਰ ਦਾ ਸੂਚਕ ਵੀ ਹੈ। ਸਾਧਨਾ ਦੇ ਇਸ ਲੰਮੇਰੇ ਸਫਰ ਦੀ ਗੱਲ ਕਰਦੇ ਭਗਤ ਕਬੀਰ ਜੀ ਕਹਿੰਦੇ ਹਨ

ਕਹੁ ਕਬੀਰ ਜਨ ਖ਼ਾਲਸੇ ਪ੍ਰੇਮ ਭਗਤ ਜਿਹ ਜਾਨੀ

(ਸੋਰਠਿ,ਪੰਨਾ 654)

ਗੁਰਸਿੱਖਾਂ ਨੂੰ ਇਸ ਮੁਕਾਮ ਤਕ ਪਹੁੰਚਾਉਣ ਲਈ ਨਾਨਕ ਜੋਤਿ ਨੂੰ ਦਸ ਜਾਮਿਆਂ ਤਕ ਦਾ ਲੰਮੀ ਨਦਰਿ ਦੇ ਇਲਾਹੀ ਪੈਂਡਿਆਂ ਦਾ ਸਫਰ ਤਹਿ ਕਰਨਾ ਪਿਆ ਹੈ। ਇਸ ਸਾਧਨਾ ਪ੍ਰਤੀ ਸਾਡਾ ਇਕ ਫੱਕਰ ਸਿੱਖ ਵਿਦਵਾਨ ਲਿਖਦਾ ਹੈ –‘ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ  ਡੂੰਘੀ ਲਿਵ ਅੰਦਰ ਪੈਦਾ ਹੋਈਆਂ ਅਨੇਕ ਤਰੰਗਾ ਜਦ ਅਮਲੀ ਰੂਪ ਵਿਚ ਆਈਆਂ ਤਾਂ ਖ਼ਾਲਸਾ ਪੈਦਾ ਹੋਇਆ।

ਖ਼ਾਲਸਾ ਦੀ ਸਿਰਜਣਾ ਵਿਅਕਤੀਗਤ ਰੂਪ (ਵਿਅਕਤੀਗਤ ਰੂਪ ਵਿਚ ਖ਼ਾਲਸਾ ਸਿੰਘ ਹੈ) ਵਿਚ ਨਹੀਂ ਹੋਈ ਪੰਥ ਰੂਪ (ਪੰਜ ਸਿੰਘਾਂ ਰਾਹੀਂ) ਵਿਚ ਹੋਈ ਹੈ। ਪੰਥ ਦਾ ਅਰਥ ਹੈ-ਰਾਸਤਾ, ਮਾਰਗ। ਇਹ ਨਾਮ ਸਿਮਰਨ ਦੇ ਅੰਤਰਮੁਖੀ ਜੀਵਨ ਜਿਉਣ ਦਾ ਉਹ ਮਾਰਗ ਹੈ ਜਿਸ ਉਪਰ ਚਲ ਕੇ ‘ਭਗਤੀ ਤੇ ਸ਼ਕਤੀ’, ‘ਮੀਰੀ ਤੇ ਪੀਰੀ’ , ‘ਹਲਤਮੁਖੀ ਤੇ ਪਲਤਮੁਖੀ’ ਪ੍ਰਭਤਾ ਆਪਣੇ ਜਲੌ ਦਾ ਪ੍ਰਕਾਸ਼ਨ ਕਰਦੀ ਹੈ। ਇਤਿਹਾਸਕ ਘਟਨਾ ਕ੍ਰਮ ਅਨੁਸਾਰ ਖ਼ਾਲਸੇ ਦੀ ਸਿਰਜਣਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1699 ਈ ; ਨੂੰ ਕੀਤੀ ਪਰ ਇਹ ਇਤਿਹਾਸਕ ਵਾਕਿਆ ਹੋਣ ਦੇ ਬਾਵਜੂਦ ਵੀ ਮਾਨਵੀ ਕ੍ਰਿਸ਼ਮਾ ਨਹੀਂ ਸਗੋਂ ਜੋਤਿ ਦਾ ਜੁਗਤਿ ਵਿਚਲਾ ਵਰਤਾਰਾ ਹੈ। ਸਿੱਖ ਚੇਤਨਾ ਵਿਚ ਜਿਥੇ ਸ਼ਬਦ ਗੁਰੂ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ) ਅਤੇ ‘ਹਰਿਮੰਦਰ ਸਾਹਿਬ’ ਅਬਚਲੀ ਜੋਤਿ ਦੇ ਪ੍ਰਤੀਕ ਹਨ, ਉਥੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਖ਼ਾਲਸਾ ਪੰਥ ਇਸ ਅਬਚਲੀ ਜੋਤਿ ਦੀ ਜੁਗਤਿ ਦਾ ਵਰਤਾਰਾ ਹਨ। ਇਹ ਕੋਈ ਵਖਰੀਆਂ ਪਰਤਾਂ ਵੀ ਨਹੀਂ ਹਨ ਕਿਉਂਕਿ ਜੋਤਿ ਸੈਭੰ ਹੈ- ਆਪਣੇ ਆਪ ਤੋਂ ਪ੍ਰਗਟ ਹੋਈ ਹੈ ਅਤੇ ਆਤਮ ਨਿਰਭਰ ਹੈ। ਇਹ ਆਪਣੀ ਜੁਗਤਿ ਰਾਹੀਂ ਇਤਿਹਾਸ ਕਾਲ ਵਿਚ ਵਿਚਰਦੀ ਹੈ। ਖ਼ਾਲਸਾ ਇਸ ਸ਼ੁਧ ਰੂਹਾਨੀਅਤ ਦਾ ਉਜਾਗਰ ਹੋਣਾ ਹੈ। ਖ਼ਾਲਸੇ ਦੇ ਰੂਹਾਨੀ ਸਰੂਪ ਨੂੰ ਉਜਾਗਰ ਕਰਦੇ ਸਿੱਖ ਇਤਿਹਾਸ ਦੇ ਇਹਨਾਂ ਬਚਨਾਂ ਨੂੰ ਵਿਚਾਰਨਾ ਜ਼ਰੂਰੀ ਹੈ-

1. ਖ਼ਾਲਸਾ ਅਕਾਲ ਪੁਰਖ ਕੀ ਫਉਜ।

    ਪਰਗਟਿਓ ਖ਼ਾਲਸਾ ਪਰਮਾਤਾਮ ਕੀ ਮੌਜ।।

     (ਸਰਬਲੋਹ ਗ੍ਰੰਥ)

 

2 . ਗੁਰਬਾਰ ਅਕਾਲ ਕੇ ਹੁਕਮ ਸਿਓ

    ਉਪਜਿਓ ਬਿਗਿਆਨਾ।

    ਤਬ ਸਹਿਜੇ ਰਚਿਓ ਖ਼ਾਲਸਾ

    ਸਾਬਤ ਮਰਦਾਨਾ।।

    (ਗੁਰਦਾਸ ਸਿੰਘ)

 

3. ਦੁਹੀ ਪੰਥ ਮੈ ਕਪਟ ਵਿਦਯਾ ਚਲਾਨੀ।

     ਬਹੁੜ ਤੀਸਰੋ ਪੰਥ ਕੀਨੋ ਪ੍ਰਧਾਨੀ ।।

    ( ਦਸਮ ਗ੍ਰੰਥ)

 

4. ਖ਼ਾਲਸਾ ਮੇਰੋ ਰੂਪ ਹੈ ਖ਼ਾਸ ।

    ਖ਼ਾਲਸੇ ਮਹਿ ਹੋ ਕਰੋ ਨਿਵਾਸ

    (ਸਰਬਲੋਹ ਗ੍ਰੰਥ)

 

ਇਨ੍ਹਾਂ ਬਚਨਾਂ ਵਿਚੋਂ ਖ਼ਾਲਸੇ ਦੇ ਸਰੂਪ ਦੀ ਜੋ ਨਿਸ਼ਾਨਦੇਹੀ ਹੁੰਦੀ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਖ਼ਾਲਸਾ ਸਿਰਜਣਾ ਪ੍ਰਮਾਤਮ ਮੌਜ ਜਾਂ ਬਖਸ਼-ਦਰ ਹੈ। ਦੂਜਾ ਖ਼ਾਲਸਾ  ਸਹਿਜ ਅਵਸਥਾ ਅਤੇ ਸਹਿਜ ਪ੍ਰਕ੍ਰਿਆ ਦਾ ਫਲ ਹੈ। ਤੀਜਾ ਖ਼ਾਲਸੇ ਦਾ ਨਿਆਰਾਪਣ ਇਸ ਦੇ ਤੀਸਰਾ ਪੰਥ ਬਣ ਕੇ ਰਹਿਣ ਵਿਚ ਹੈ ਅਤੇ ਚੌਥਾ ਖ਼ਾਲਸਾ  ਗੁਰੂ ਗੋਬਿੰਦ ਸਿੰਘ ਜੀ ਦਾ ਖਾਸ ਰੂਪ ਹੈ। ਜੇਕਰ ਖ਼ਾਲਸੇ ਨੂੰ ਪਰਿਭਾਸ਼ਤ ਕਰਨਾ ਹੋਵੇ ਤਾਂ ਖ਼ਾਲਸਾ ਅਗੰਮੀ ਹਸਤੀ ਦੀ ਪਛਾਣ ਹੈ ਜੋ ਨਿਰਾਕਾਰ ਹੈ ਅਤੇ ਮਨ ਮੰਦਰ ਅੰਦਰ ਨਾਮ ਜੋਤਿ ਦੇ ਰੂਪ ਵਿਚ ਨਿਸਬਾਸਰ ਬਲ ਰਹੀ ਹੈ। ਗੁਰੂ ਸਾਹਿਬ ਦਾ ਫਰਮਾਨ ਹੈ।

ਜਾਗਤਿ ਜੋਤਿ ਜਪੈ ਨਿਸ ਬਾਸੁਰ

ਏਕੁ ਬਿਨਾ ਮਨਿ ਨੈਕ ਨ ਐਨ।

ਪੂਰਨ ਪ੍ਰਮ ਪ੍ਰਤੀਤਿ ਸਜੈ ਬ੍ਰਤ

ਗੋਰ ਮੜ੍ਹੀ ਮਠ ਭੂਲ ਨ ਮਾਨੈ।

ਤੀਰਥ ਦਾਨ ਦਯਾ ਤਪ ਸੰਜਮ

ਏਕੁ ਬਿਨਾਂ ਨਹੀਂ ਏਕ ਪਛਾਨੈ।

ਪੂਰਨ ਜੋਤਿ ਜਗੈ ਘਟ ਮੈਂ ਤਬ

ਖਾਲਸਿ ਤਾਹਿ ਨਾ ਖਾਲਿਸ ਜਾਨੈ।।

(ਸ਼ਬਦਾਰਥ ਦਸਮ ਗ੍ਰੰਥ (ਪੋਥੀ ਤੀਜੀ), ਪੰਨਾ 1235)

ਖ਼ਾਲਸਾ ਪੰਥ ਦੀ ਸਿਰਜਣਾ ਬਾਰੇ ਸਾਡਾ ਦਰਵੇਸ਼ ਸਿੱਖ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਲਿਖਦਾ ਹੈ- “ਖ਼ਾਲਸਾ ਪੰਥ ਦੂਜੇ ਪੰਥਾਂ ਦੇ ਸਮਾਨਅੰਤਰ ਕੋਈ ਵਿਸ਼ੇਸ਼ ਫਿਰਕਾ ਨਹੀਂ ਸਗੋਂ ਇਤਿਹਾਸ ਦੀਆਂ ਮੂਕ ਕਰਵਟਾਂ, ਕੌਮ ਦੇ ਅਵਚੇਤਨ, ਪਰਾ ਸਰੀਰਕ ਅਨੁਭਵ, ਲੋਕ ਜਜ਼ਬੇ ਵਿਚ ਸੁੱਤੇ ਬ੍ਰਹਿਮੰਡੀ ਲਾਸਾਨੀ ਜੌਹਰਾਂ ਅਤੇ ਖ਼ੁਦਾਈ ਰਮਜ਼ਾਂ ਦਾ ਉਹ ਖਿਆਲ ਹੈ ਜੋ ਪਰਮਾਤਮ ਮੌਜ ‘ਚ ਪ੍ਰਗਟ ਹੋਇਆ ।“ ਉਹ ਅੱਗੇ ਚਲਦਾ ਹੋਇਆ ਫਿਰ ਕਹਿੰਦਾ ਹੈ-ਯੁਗਾਂ ਉਤੇ ਫੈਲੀ ਹੋਈ ਅਰਦਾਸ ਨਾਲ ਜਦ ਸਾਮੂਹਿਕ ਅਤੇ ਵਿਅਕਤੀਗਤ ਸਿੱਖ ਅਮਲ ਅਭੇਦ ਹੋ ਗਿਆ ਤਾਂ ਇਕ ਮਹਾਨ ਰੂਹਾਨੀ ਸੰਕਲਪ ਸਾਕਾਰ ਹੋਇਆ ਜੋ ਖ਼ਾਲਸਾ ਪੰਥ ਹੈ। ਇਸ ਵਿਚ ਰੂਹਾਨੀਅਤ ਉਹੀ ਜੋਤਿ ਹੈ ਜੋ ਦਸਾਂ ਪਾਤਸ਼ਾਹੀਆਂ ਰਾਹੀਂ ਵਿਚਰਦੀ ਹੋਈ ਖ਼ਾਲਸੇ ਦੇ ਮਰਤਬੇ ਤੇ ਪਹੁੰਚ ਕੇ ਗੁਰੂ ਅਤੇ ਸਿੱਖ ਦਾ ਭੇਤ ਖਤਮ ਹੋ ਜਾਂਦਾ ਹੈ ।ਇਥੇ ਗੁਰੂ ਸਿੱਖ ਅਤੇ ਸਿੱਖ ਗੁਰੂ ਦੇ ਵਰਤਾਰੇ ਵਿਚ ਵਿਚਰਦਾ ਹੈ ਜਿਸਦਾ ਸਪੱਸ਼ਟੀਕਰਣ ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਇਉਂ ਕਰਦੇ ਹਨ:

 ਇਉਂ ਤੀਸਰ ਪੰਥ ਰਚਾਇਅਨ ਵਡ ਸੂਰ ਗਹੇਲਾ।

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।। (੧੬)

ਸਿੱਖ ਰਵਾਇਤਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਅੰਤਿਮ ਸਮੇਂ ਸਿੱਖ ਨੇ ਗੁਰੂ ਜੀ ਨੂੰ ਪ੍ਰਸ਼ਨ ਕੀਤਾ ਸੀ ਕਿ ਤੁਹਾਡੇ ਤੋਂ ਬਾਅਦ ਸਿੱਖਾਂ ਦਾ ਗੁਰੂ ਕੌਣ ਹੋਵੇਗਾ ਜਾਂ ਪੰਥ ਕਿਸਦੇ ਲੜ ਲੱਗੇਗਾ । ਤਾਂ ਗੁਰੂ ਜੀ ਦਾ ਜੁਆਬ ਸੀ ਕਿ ਜੋਤਿ ਗ੍ਰੰਥ ਵਿਚ ਅਤੇ ਦੇਹ ਪੰਥ ਵਿਚ ਵਿਚਰੇਗੀ, ਪਰ ਜੁਗਤਿ ਤੋਂ ਬਿਨਾ ਜੋਤਿ ਦਾ ਵਰਤਾਰਾ ਨਹੀਂ ਵਾਪਰ ਸਕਦਾ। ਇਸੇ ਲਈ ਗੁਰੂ ਸਾਹਿਬ ਦਾ ਆਦੇਸ਼ ਹੈ- ‘ਤੁਸਾਂ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਦੀਦਾਰ ਖ਼ਾਲਸੇ ਦਾ ਕਰਨਾ ਹੈ।‘

ਖ਼ਾਲਸਾ ਪੰਥ ਦੀ ਸਿਰਜਣਾ ਸਮੇਂ ਗੁਰੂ ਜੀ ਨੇ ਸਿਰਾਂ ਦੀ ਭੇਟਾ ਮੰਗੀ ਸੀ। ਇਹ ਭੇਟਾ ਇਸ ਕਰਕੇ ਮੰਗੀ ਗਈ ਸੀ ਕਿ ਸਿੱਖ ਰੂਹ ਵਿਚ ਜਾਗ ਕੇ ਬਦੇਹ ਹੋ ਜਾਵੇ ਇਸੇ ਲਈ ਖ਼ਾਲਸੇ ਲਈ ਜੀਵਨ ਅਤੇ ਮੌਤ ਇਕ ਹੀ ਹਨ। ਜੀਵਨ ਨਾ ਜਨਮ ਨਾਲ ਸ਼ੁਰੂ ਹੁੰਦਾ ਹੈ ਅਤੇ ਨਾ ਹੀ ਮੌਤ ਨਾਲ ਸਮਾਪਤ ਹੁੰਦਾ ਹੈ, ਸਗੋਂ ਇਹ ਤਾਂ ਆਪਣੀ ਨਿਰੰਤਰਤਾ ਵਿਚ ਕਾਇਮ ਰਹਿੰਦਾ ਹੈ। ਇਸ ਨਿਰੰਤਰਤਾ ਵਿਚ ਸਰੀਰ ਇਕ ਵਾਹਨ ਹੈ ਜੋਂ ਇਥੋਂ ਹੀ ਪ੍ਰਾਪਤ ਹੋਣਾ ਹੈ ਅਤੇ ਇਥੇ ਹੀ ਰਹਿ ਜਾਣਾ ਹੈ। ਇਵੇਂ ਖ਼ਾਲਸਾ ਉਨ੍ਹਾਂ ਅਣਖੀ ਅਤੇ ਸਦਜੀਵਤ ਸੂਰਮਿਆਂ ਦਾ ਪੰਥ ਹੈ ਜੋ ਸੰਸਾਰ ਦੀ ਤ੍ਰੈਗੁਣੀ ਰਚਨਾ ਤੋਂ ਸਦਾ ਸਦਾ ਲਈ ਮੁਕਤ ਹੈ। ਜਦੋਂ ਸਿਮਰਨ ਦੀ ਅੰਤਰਮੁਖੀ ਜੋਤਿ ਖ਼ਾਲਸੇ ਵਿਚ ਜਗ ਪੈਂਦੀ ਹੈ ਤਾਂ ਬਾਹਰਮੁਖੀ ਵਿਕਾਰਾਂ ਵਿਚ ਸਿੱਖ ਮਰ ਜਾਂਦਾ ਹੈ। ਸਿਮਰਨ ਉਸ ਦਾ ਖੇੜਾ ਬਣ ਜਾਂਦਾ ਹੈ ਅਤੇ ਉਹ ਮਹਾਂਅਨੰਦ ਦੇ ਉਤਸਵ ਵਿਚ ਝੂੰਮਦਾ ਹੋਇਆ ਆਪਣਾ ਸਭ ਕੁਝ (ਤਨ,ਮਨ,ਧਨ) ਗੁਰੂ ਦੇ ਭਰੋਸੇ ਛੱਡ ਦਿੰਦਾ ਹੈ। ਉਸ ਨੂੰ ਇਹ ਸੋਝੀ ਵੀ ਪੈ ਜਾਂਦੀ ਹੈ ਕਿ ਖ਼ਾਲਸਾ ਸੰਸਕਾਰ ਉਸ ਦੀ ਨਿੱਜੀ ਮਿਹਨਤ ਦਾ ਫਲ ਨਹੀਂ ਸਗੋਂ ਇਹ ਤਾਂ ਗੁਰੂ ਦੀ ਬਖਸ਼ਿਸ ਨਾਲ ਵਰਸੋਏ ਜਾਣਾ ਹੈ। ਉਹ ਆਪਣੀ ਹੋਂਦ ਤੇ ਹਸਤੀ ਨੂੰ ਅਕਾਲ ਪੁਰਖ ਨਾਲ ਏਨਾ ਅਭੇਦ ਕਰ ਲੈਂਦਾ ਹੈ ਕਿ ਉਹ ਜਨਮ ਮਰਨ ਤੋਂ ਮੁਕਤ ਹੋ ਕੇ ਜ਼ਿੰਦਗੀ ਵਿਚ ਸੁਤੰਤਰਤਾ ਦਾ ਅਹਿਸਾਸ ਤਲਾਸ ਕਰ ਲੈਂਦਾ ਹੈ।

ਸਿੱਖ ਸਿਧਾਂਤਾ ਤੋਂ ਅਭਿੱਜ ਵਿਦਵਾਨ ਖ਼ਾਲਸੇ ਦੀ ਸਿਰਜਣਾ ਨੂੰ ਇਸ ਗੱਲ ਨਾਲ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਖ਼ਾਲਸਾ ਤਾ ਰਾਜ ਕਰਨ ਲਈ ਪੈਦਾ ਕੀਤਾ ਗਿਆ ਸੀ। ਖ਼ਾਲਸਾ ਧੁਰ ਦੀ ਪਾਤਸ਼ਾਹੀ ਲੈ ਕੇ ਇਸ ਦ੍ਰਿਸ਼ਟਮਾਨ ਸੰਸਾਰ ਵਿਚ ਵਿਚਰਦਾ ਹੈ। ਇਹ ਪਾਤਸ਼ਾਹੀ ਇਤਿਹਾਸਕ ਪਰਤਾਂ ਤੋਂ ਮੁਕਤ ਹੈ। ਉਸ ਦੀ ਚਾਹਤ ਨਾ ਰਾਜ ਹੈ ਅਤੇ ਨਾ ਹੀ ਮੰਗ ਕੇ ਪ੍ਰਾਪਤ ਕੀਤੀ ਗਈ ਨਵਾਬੀ ਸਗੋਂ ਉਸ ਨੇ ਤਾਂ ‘ਚਕ੍ਰਵੇ ਪਦ ਦਾਤ ਧੁਰੋ ਪਾਯੋ’ ਹੈ  ਜੋ ਮਿਹਰਵਾਣ ਦਾ ਹੁਕਮ ਹੈ ਅਤੇ ਇਹੀ ਉਸ ਦਾ ਹਲੇਮੀ ਰਾਜ ਹੈ। ਇਹ ਰਾਜ ਰਣਜੀਤ ਸਿੰਘ ਕਦਰਾਂ ਕੀਮਤਾਂ ਵਾਲਾ ਨਹੀਂ ਹੋ ਸਕਦਾ। ਇਹੀ ਕਾਰਨ ਹੈ ਕਿ ਅੱਧੀ ਸਦੀ ਤੋਂ ਵਧੇਰਾ ਸਮਾਂ ਸਿੰਘਾਂ ਨੇ ਨਵਾਬੀਆਂ, ਸਰਦਾਰੀਆਂ, ਮੁਲਕਗੀਰੀਆਂ ਦੀ ਹਵਸ ਨੂੰ ਰੂਹਾਨੀ ਕੀਮਤਾਂ ਤੋਂ ਉਪਰ ਵੀ ਨਹੀਂ ਆਉਣ ਦਿੱਤਾ। ਖ਼ਾਲਸੇ ਦੀ ਚਾਹਤ ਮੁਕਤੀ ਵੀ ਨਹੀਂ ਹੈ ਕਿਉਂ ਕਿ ਮੁਕਤਿ ਬਪੁੜੀ ਭੀ ਗਿਆਨੀ ਤਿਆਗੈ( ਸਿਰੀ ਰਾਗੁ ਮ: ੫ ਪੰਨਾ 74) ਦੀ ਸੋਝੀ ਨਾਲ ਉਸਦੀ ਸੁਰਤਿ ਸ਼ਰਸ਼ਾਰ ਹੈ। ਬੈਕੁੰਠ ਧਾਮ ਵੀ ਉਸ ਦੇ ਗਿੱਟੇ ਗੋਡਿਆਂ ਤੋਂ ਨੀਵੇਂ ਹਨ(ਕਈ ਬੈਕੁੰਠ ਨਾਹੀ ਲਵੈ ਲਾਗੇ– ਮਾਰੂ ਮ.੫ ਪੰਨਾ 1078) ਉਸ ਦੀ ਚਾਹਤ ਤਾਂ ਮਨ ਪ੍ਰੀਤ ਚਰਨ ਕਮਲਾਰੇ ਦੀ ਹੈ। ਕਈ ਵਾਰ ਖ਼ਾਲਸੇ ਦੇ ਵਿਅਕਤੀਗਤ ਨੂੰ ਅਤੀਤ ਦੇ ਰਿਸ਼ੀਆਂ ਮੁਨੀਆਂ ਜਾਂ ਸਾਧੂਆਂ ਨਾਲ ਰੱਲ ਗੱਡ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾਂਦੀ ਹੈ। ਖ਼ਾਲਸਾ ਨਾ ਜੋਗੀਆਂ ਵਾਲਾ ਤਪ ਚਾਹੁੰਦਾ ਹੈ, ਨਾ ਰਿਸ਼ੀਆਂ ਮੁਨੀਆਂ ਵਾਲੀ ਸਮਾਧੀ, ਨਾ ਬੁੱਧ ਦੀ ਸ਼ੁਨਯਤਾ ਵਿਚ ਉਹ ਪਥਰਾਇਆ ਜਾਣਾ ਚਾਹੀਦਾ ਹੈ। ਵੇਦਾਂਤ ਦਾ ਫਲਸਫਾ ਵੀ ਉਸਦੇ ਨੇੜੇ ਨਹੀ ਢੁੱਕਦਾ। ਉਹ ਤਾਂ ਅਕਾਲ ਪੁਰਖ ਦੀ ਧੁਰੋ ਥਾਪੀ ਫੌਜ਼ ਦਾ ਸਿਪਾਹੀ ਜਿਸ ਦੀ ਸੁਰਤਿ ਗੁਰੂ ਬਖਸ਼ਿਸ਼ ਦੇ ਵਿਸਮਾਦ ਵਿਚ ਸ਼ਬਦ ਨਾਲ ਇਕਸੁਰ ਹੈ। ਇਸ ਵਿਸਮਾਦ ਵਿਚ ਰਹਿ ਕੇ ਖ਼ਾਲਸਾ ਆਪਣੀ ਰੂਹ ਦੇ ਟਾਂਗੇ ਦਾ ਕੋਚਵਾਨ ਬਣਦਾ ਹੈ। ਸਰੀਰ ਤਾਂ ਉਸਨੂੰ ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ਵਾਂਗ ਲਗਦਾ ਹੈ।

ਖ਼ਾਲਸੇ ਨੇ ਇਸ ਸੰਸਾਰ ਵਿਚ ਤੀਸਰ ਪੰਥ ਦੇ ਰੂਪ ਵਿਚ ਵਿਚਰਨਾ ਹੈ। ਤੀਸਰ ਪੰਥ ਉਹ ਚੇਤਨਾ ਹੈ ਜੋ ਹਿੰਦੋਸਤਾਨ ਵਿਚ ਵਿਆਪਕ ਹਿੰਦੂ ਅਤੇ ਮੁਸਲਮਾਨ (ਵੈਦਿਕ ਤੇ ਸਾਮੀ) ਦੋਹਾਂ ਦੀ ਵਿਚਾਰਧਾਰਾ ਤੋਂ ਮੁਕਤ ਹੈ। ਖ਼ਾਲਸੇ ਦੀ ਸਿਰਜਣਾ ਸਮੇਂ ਹਿੰਦੋਸਤਾਨ ਉਪਰ ਦੋ ਕੌਮਾਂ ਦਾ ਵਿਧਾਨ ਆਪਸ ਵਿਚ ਟਕਰਾ ਰਿਹਾ ਸੀ। ਹਿੰਦੂ ਬਹੁਦੇਵ ਪੂਜਾ ਵਿਚ ਉਲਝੇ ਹੋਣ ਕਰਕੇ ਕਿਸੇ ਇਕ ਦੇ ਲੜ ਨਾ ਲੱਗਣ ਕਰਕੇ ਡਰ ਡਰ ਕ ਜੀਅ ਰਹੇ ਸਨ। ਮੁਸਲਮਾਨ ਇਕ ਖ਼ੁਦਾ ਤੇ ਬਾਕੀ ਸਾਰਿਆਂ ਨੂੰ ਕਾਫਰ ਸਮਝਕੇ ਡਰਾ ਰਹੇ ਸਨ। ਖ਼ਾਲਸਾ ਤੀਸਰ ਪੰਥ ਦੇ ਰੂਪ ਵਿਚ ਇਸੇ ਕਰਕੇ ਉਜਾਗਰ ਹੋਇਆ ਕਿਉਂ ਉਹ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ( ਅੰਗ 1427) ਦਾ ਧਾਰਨੀ ਹੈ। ਅਧਿਆਤਮਿਕ ਚੇਤਨਾ ਦੇ ਪੱਖੋਂ ਖਾਲਸੇ ਦਾ ਨਿਆਰਾਪਣ ਇਸ ਸੋਝੀ ਉਪਰ ਆਧਾਰਿਤ  ਹੈ ਜੋ ਹਿੰਦੂ ਨੂੰ ਅੰਨਾ ਤੇ ਤੁਰਕ ਨੂੰ ਕਾਣਾ ਸਮਝਦੀ ਹੈ। ਇਸ ਉਲਾਰੂ ਵਿਚਾਰਧਾਰਾ ਤੋਂ ਨਿਰਾਲਮ ਰਹਿਣਾ ਹੀ ਉਸ ਦੇ ਤੀਸਰ ਪੰਥ ਹੋਣ ਦਾ ਨਿਰਾਲਾਪਨ ਹੈ। ਖ਼ਾਲਸੇ ਕਿਸੇ  ਦਾ ਦੁਬੇਲ ਬਣਕੇ ਨਹੀਂ ਰਹਿੰਦਾ, ਨਾ ਹੀ ਇਹ ਹਿੰਦੂ ਦੀ ਰੱਖਿਆ ਕਰਨ ਲਈ ਅਤੇ ਮੁਸਲਮਾਨਾਂ ਨਾਲ ਲੜਾਈਆਂ ਮੁੱਲ ਲੈਣ ਲਈ ਪੈਦਾ ਹੋਇਆ ਹੈ। ਇਹ ਤਾਂ ਦੀਨਾਂ ਦਾ ਬੰਧੂ, ਨਿਆਸਰਿਆਂ ਦਾ ਆਸਰਾ ਅਤੇ ਗਊ ਗਰੀਬ ਦਾ ਰੱਖਿਅਕ ਹੈ। ਇਸ ਦੀ ਸੋਚ ਧਰਮਾਂ, ਮਜ਼ਹਬਾਂ, ਦੇਸ਼ਾਂ. ਕੌਮਾਂ ਤੋਂ ਉਪਰ ਉਠਕੇ ਸੋਚਦੀ ਹੈ। ਇਸੇ ਕਰਕੇ ਇਹ ਪਰੰਪਰਾਵਾਦੀ ਚੇਤਨਾ ਤੋਂ ਮੁਕਤ ਹੋ ਕੇ ਗੁਰਮਤਿ ਦੇ ਸੱਚ ਨੂੰ ਅਮਲ ਦੀ ਸਚਿਆਰਤਾ ਦੇ ਰੂਪ ਵਿਚ ਹੰਢਾਉਣਾ ਲੋਚਦਾ ਹੈ।

ਕਈ ਵਾਰ ਸਾਡੇ ਖਿਆਲ ਖ਼ਾਲਸੇ ਦੀ ਪ੍ਰਤਿਭਾ ਨੂੰ ਮਹਾਮਾਨਵ ਰੂਪ ਵਿਚ ਚਿਤਵਣ ਲਈ ਤਰਲੇ ਮੱਛੀ ਹੋ ਜਾਂਦੇ ਹਨ। ਇਤਿਹਾਸ ਵਿਚ ਸਥਾਪਤ ਜੋ ਮਹਾਂਮਾਨਵ ਦਾ ਸੰਕਲਪ ਹੈ, ਉਹ ਜਰਮਨ ਫਿਲਾਸਫਰ ਨੀਤਸ਼ੇ ਨੇ ਦਿੱਤਾ ਹੈ। ਇਹ ਸੰਕਲਪ ਹੁੳਮੈ ਉਪਰ ਆਧਾਰਿਤ ਹੈ। ਪ੍ਰੋ.ਪੂਰਨ ਸਿੰਘ ਵਰਗਾ ਦਾਨਿਸ਼ਵੰਦ ਸਿੱਖ ਲੇਖਕ ਇਸ ਮਹਾਂਮਾਨਵ ਨੂੰ ਪਹਾੜ ਵਰਗਾ ਖੁਸ਼ਕ ਤੇ ਪੱਥਰ ਦਿਲ ਦੱਸਦਾ ਹੈ।ਜਿਸ ਦੇ ਮਗਰ ਲਾਮ ਲਸ਼ਕਰ ਤਾਂ ਹੋ ਸਕਦੇ ਹਨ ਪਰ ਆਪਣੇ ਪਤਨ ਤੇ ਆ ਕੇ ਇਹ ਇਕੱਲਤਾ ਮਹਿਸੂਸ ਕਰਦਾ ਹੈ। ਖ਼ਾਲਸਾ ਅਜਿਹਾ ਮਹਾਂਮਾਨਵ ਨਹੀਂ ਇਹ ਤਾਂ ‘ਵਡ ਸੂਰ ਗਹੇਲਾ’ ਹੈ ਜਿਸ ਨੂੰ ਦੈਵੀ ਲਸ਼ਕਰਾਂ ਦਾ ਸਾਥ ਪ੍ਰਾਪਤ ਹੈ। ਇਸ ਦਾ ਖੁਰਾਕ ਨਾਮ ਸਿਮਰਨ ਹੈ। ਨਾਮ ਦੀ ਚੇਤਨਾ ਨਾਲ ਸ਼ਰਸ਼ਾਰ ਹੋ ਕੇ ਇਸ ਦੀ ਸੁਰਤਿ ਆਪਣਾ ਪਿੱਛਾ ਵੇਖ ਕੇ ਅਵੇਸ਼ ਵਿਚ ਧੁਰ ਨਾਲ ਜੁੜ ਜਾਂਦੀ ਹੈ ਜੋ ਮਨੁੱਖ ਹਉਮੈਂ ਦੇ ਅਧੀਨ ਹੋ ਕੇ ਆਪਣਾ ਅੱਗਾ ਵੇਖਦਾ ਹੋਇਆ ਭਵਿੱਖ ਬਾਰੇ ਸੋਚਦਾ ਹੈ। ਉਹ ਅਜੇ ਘੱਟੇ ਵਿਚ ਕੌਡੀਆਂ ਹੀ ਲੱਭ ਰਿਹਾ ਹੈ। ਸਾਰਾ ਬਚਿੱਤਰ ਨਾਟਕ ਹਉਮੈ ਦੇ ਭਾਰ ਹੇਠ ਦੱਬੇ ਉਨ੍ਹਾਂ ਮਹਾਂਮਾਨਵਾਂ ਦੀ ਗੱਲ ਕਰਦਾ ਹੈ ਜੋ ਆਪਣਾ ਸਮਾਂ ਪੁਗਾਉਣ ਪਿਛੋਂ ਕਾਲ ਦੀਆਂ ਦਾੜ੍ਹਾਂ ਥੱਲੇ ਦਲੇ ਮਲੇ ਜਾਂਦੇ ਹਨ। ਖ਼ਾਲਸੇ ਨੂੰ ਪਤਾ ਹੈ ਕਿ ਹਲਤਮੁਖੀ ਪ੍ਰਤਿਭਾ ਪ੍ਰਾਪਤ ਕਰਕੇ ਕਦੇ ਵੀ ਉਚੇ ਨਹੀਂ ਹੋਇਆ ਜਾ ਸਕਦਾ ਹਲਤਮੁਖੀ ਹੋਣਾ ਹਉਮੈ ਨੂੰ ਪੱਠੇ ਪਾਉਣਾ ਹੈ ਅਤੇ ਹਉਮੈ ਨਾਵੇ ਨਾਲ ਵਿਰੋਧ ਹੈ ਦੁਇ ਨਾ ਵਸੇ ਇਕ ਠਾਇ (ਪੰਨਾ ਵਰਹੰਸ ਮ.੩ ਪੰਨਾ 560)ਹੈ। ਖਾਲਸਾ ਹਉਮੈ ਨੂੰ ਮਾਰ ਕੇ ਨਾਮ ਵਿਚ ਨਿਵਾਸ ਕਰਦਾ ਹੈ। ਇਹੀ ਉਸ ਦੀ ਸੁਰਤਿ ਦਾ ਅਨੰਦਪੁਰੀ ਸੋਚ ਦੇ ਹਾਣੀ ਹੋਣ ਦਾ ਸੰਦਰਭ ਹੈ। ਜਿਸ ਦੀ ਸੁਰਤ ਦਾ ਅਜਿਹਾ ਵਿਗਾਸ ਹੋ ਜਾਂਦਾ ਹੈ, ਉਹ ਸਮਝ ਲੈਦਾ ਹੈ ਕਿ ਖਾਲਸੇ ਦਾ ਕੇਸਗੜ੍ਹ ਖਾਲਸੇ ਨਾਲ ਹੈ। ਗੁਰੂ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਇਸ ਅਰਸ਼ੀ ਅਜੂਬੇ ਨੂੰ ਮਸਤਕ ਤੇ ਧਰ ਦਿੱਤਾ ਹੈ। ਖ਼ਾਲਸਾ ਆਪਣੀ ਜਨਮ ਭੂਮੀ ਨੂੰ ਦੁਨਿਆਵੀ ਅਜੂਬਿਆਂ ਦੀ ਕਤਾਰ ਵਿਚ ਖੜ੍ਹਾ ਕਰਕੇ ਇਸਦੇ ਦੈਵੀ ਪ੍ਰਭਾਵ ਤੋਂ ਵਿਰਵਾ ਹੋਣਾ ਨਹੀਂ ਲੋਚਦਾ। ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਨਾਲ ਇਹ ਇਕਰਾਰ ਕੀਤਾ ਹੈ ਕਿ ਜਿਸ ਹੱਦ ਤਕ ਖਾਲਸਾ ਆਪਣੇ ਆਦਰਸ਼ਕ, ਪਵਿੱਤਰ ਅਤੇ ਖ਼ਾਲਸ(ਸੁਧ) ਹੋਣ ਦਾ ਪਾਲਣ ਕਰੇਗਾ, ਉਸ ਹੱਦ ਤਕ ਗੁਰੂ ਬਰਕਤ ਅਤੇ ਗੁਰੂ ਬਖਸ਼ਿਸ਼ ਉਸ ਨਾਲ ਹਮਸਫਰ ਹੋਵੇਗੀ। ਆਓ ਇਸ ਇਕਰਾਰ ਦੀ ਪਾਲਣਾ ਲਈ ਆਪਣੇ ਅੰਤਰੀਵ ਨੂੰ ਜਾਗ੍ਰਿਤ ਕਰੀਏ ਅਤੇ ਇਨ੍ਹਾਂ ਬੋਲਾਂ ਦੇ ਹਾਣਦੇ ਬਣਾਈਏ।

ਜਬ ਲਗ ਖ਼ਾਲਸਾ ਰਹੇ ਨਿਆਰਾ,

ਤਬ ਲਗ ਤੇਜ ਦੀਓ ਮੈ ਸਾਰਾ।।

ਜਬ ਰਾਹ ਹੈ ਬਿਪ੍ਰਨ ਕੀ ਰੀਤ,

ਮੈ ਨ ਕਰੋ ਇਨ ਕੀ ਪ੍ਰਤੀਤ।।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।