ਲੇਖ

ਗਰਮੀ ਦੀ ਮਾਰ ਅਤੇ ਬੇਕਾਬੂ ਹੋ ਰਿਹਾ ਮੌਸਮੀ ਚੱਕਰ

By ਸਿੱਖ ਸਿਆਸਤ ਬਿਊਰੋ

July 26, 2022

ਸਪੇਨ ਅਤੇ ਪੁਰਤਗਾਲ ਵਿਚ ਵਾਤਾਵਰਨ ਨਾਲ ਸਬੰਧਤ 1000 ਤੋਂ ਵੱਧ ਮੌਤਾਂ ਦਰਜ ਹੋਈਆਂ ਹਨ। ਉਥੇ ਅੰਤਾਂ ਦੀ ਗਰਮੀ ਨੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ। ਬਰਤਾਨੀਆ ਨੂੰ ਇਸ ਅਣਕਿਆਸੀ ਭਾਰੀ ਗਰਮੀ ਕਾਰਨ ਕੌਮੀ ਐਮਰਜੈਂਸੀ ਦਾ ਐਲਾਨ ਕਰਨਾ ਪਿਆ, ਉਥੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਟੱਪ ਗਿਆ (40.3) ਜੋ ਉਥੇ ਹੁਣ ਤੱਕ ਤਾਪਮਾਨ ਦਾ ਸਿਖਰਲਾ ਪੱਧਰ ਹੈ। ਸੰਯੁਕਤ ਰਾਸ਼ਟਰ (ਯੂਐੱਨ) ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਸੰਸਾਰ ਦੇ ਵੱਡੇ ਹਿੱਸੇ ਨੂੰ ਆਪਣੀ ਜ਼ੱਦ ਵਿਚ ਲੈ ਚੁੱਕੀ ‘ਰਿਕਾਰਡ ਤੋੜ ਦੇਣ ਵਾਲੀ’ ਗਰਮੀ ਦੀ ਲਹਿਰ ਨੂੰ ਇਕ ਤਰ੍ਹਾਂ ‘ਸਾਂਝੀ ਖ਼ੁਦਕੁਸ਼ੀ’ ਕਰਾਰ ਦਿੱਤਾ ਹੈ।

ਪਿਛਲੇ ਦਿਨੀਂ 40 ਮੁਲਕਾਂ ਦੇ ਮੰਤਰੀਆਂ ਦੀ ਵਾਤਾਵਰਨ ਤਬਦੀਲੀ ਬਾਬਤ ਬਰਲਿਨ ਵਿਚ ਦੋ ਰੋਜ਼ਾ ਕਾਨਫ਼ਰੰਸ ਦੌਰਾਨ ਸ੍ਰੀ ਗੁਟੇਰੇਜ਼ ਨੇ ਚਿਤਾਵਨੀ ਦਿੱਤੀ: “ਸੰਸਾਰ ਦੀ ਸਾਰੀ ਇਨਸਾਨੀ ਆਬਾਦੀ ਦਾ ਅੱਧਾ ਹਿੱਸਾ ਹੜ੍ਹਾਂ, ਸੋਕੇ, ਭਿਆਨਕ ਤੂਫ਼ਾਨਾਂ ਅਤੇ ਜੰਗਲੀ ਅੱਗਾਂ ਵਰਗੇ ਭਾਰੀ ਖ਼ਤਰੇ ਵਿਚ ਹੈ। ਕੋਈ ਵੀ ਮੁਲਕ ਇਨ੍ਹਾਂ ਦੇ ਖ਼ਤਰੇ ਤੋਂ ਮਹਿਫ਼ੂਜ਼ ਨਹੀਂ। ਇਸ ਦੇ ਬਾਵਜੂਦ ਅਸੀਂ ਆਪਣੀ ਖਣਿਜ ਤੇਲ (ਪੈਟਰੋਲੀਅਮ) ਦੀ ਵਰਤੋਂ ਦੀ ਆਦਤ ਨਹੀਂ ਛੱਡ ਰਹੇ। ਸਾਡੇ ਕੋਲ ਬਦਲ ਹੈ, ਜਾਂ ਤਾਂ ਅਸੀਂ ਸਾਂਝੀ ਕਾਰਵਾਈ ਕਰ ਕੇ ਬਚ ਜਾਈਏ, ਜਾਂ ਸਾਂਝੀ ਖ਼ੁਦਕੁਸ਼ੀ ਕਰ ਲਈਏ।”

ਇਹ ਚਿਤਾਵਨੀ ਉਸ ਮੌਕੇ ਆਈ ਹੈ ਜਦੋਂ ਅੰਤਾਂ ਦੇ ਕਹਿਰਵਾਨ ਮੌਸਮ ਦੇ ਹਾਲਾਤ ਸੰਸਾਰ ਨੂੰ ਤੇਜ਼ੀ ਨਾਲ ਤਬਾਹੀ ਵੱਲ ਲਿਜਾਂਦੇ ਪ੍ਰਤੀਤ ਹੁੰਦੇ ਹਨ। ਇਸ ਮੌਸਮੀ ਤਬਦੀਲੀ ਨੂੰ ਹੁਣ ‘ਮੌਸਮੀ ਖ਼ੁਦਕੁਸ਼ੀ’ ਕਿਹਾ ਜਾ ਰਿਹਾ ਹੈ। ਇਕ ਪਾਸੇ ਯੂਰੋਪ ਅਤੇ ਉੱਤਰੀ ਅਮਰੀਕਾ ਦੇ ਵਿਸ਼ਾਲ ਇਲਾਕਿਆਂ ਨੂੰ ਉਜਾੜ ਸੁੱਟਣ ਵਾਲੀਆਂ ਭਿਆਨਕ ਜੰਗਲੀ ਅੱਗਾਂ, ਅੰਤਾਂ ਦੀ ਗਰਮੀ ਦੇ ਹਾਲਾਤ ਤੇ ਨਾਲ ਹੀ ਭਾਰਤ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ, ਮੱਧ ਏਸ਼ੀਆ ਦੀ ਭਿਆਨਕ ਗਰਮੀ ਦੀ ਲਹਿਰ, ਤੇਜ਼ੀ ਨਾਲ ਖੁਰ ਤੇ ਸੁੰਗੜ ਰਹੇ ਆਰਕਟਿਕ ਤੇ ਅੰਟਾਰਕਟਿਕ ਦੇ ਬਰਫ਼ ਦੇ ਭੰਡਾਰਾਂ ਤੋਂ ਲੈ ਕੇ ਅਫ਼ਰੀਕਾ ਦੇ ਬਹੁਤ ਸਾਰੇ ਹਿੱਸਿਆਂ ਵਿਚ ਪੈ ਰਿਹਾ ਸੋਕਾ ਆਦਿ ਦਰਸਾਉਂਦੇ ਹਨ ਕਿ ਆਲਮੀ ਮੌਸਮੀ ਚੱਕਰ ਜਿਵੇਂ ਅਚਾਨਕ ਬੇਕਾਬੂ ਹੋ ਗਿਆ ਹੋਵੇ। ਅਜਿਹਾ ਨਹੀਂ ਕਿ ਮੌਸਮੀ ਤਬਦੀਲੀ ਕਾਰਨ ਵਾਪਰਨ ਵਾਲੇ ਇਸ ਕਹਿਰ ਦੀ ਪਹਿਲਾਂ ਜਾਣਕਾਰੀ ਨਹੀਂ ਸੀ ਪਰ ਜਿਹੜੀ ਭਿਆਨਕ ਤਬਾਹੀ ਵਾਪਰ ਰਹੀ ਹੈ, ਇਹ ਬਿਪਤਾ ਅੰਦਾਜਿ਼ਆਂ ਨਾਲੋਂ ਕਿਤੇ ਛੇਤੀ ਆਣ ਪਈ ਹੈ।

ਓਹਾਈਓ ਯੂਨੀਵਰਸਿਟੀ, ਅਮਰੀਕਾ ਵਿਚ ਗਣਿਤ ਦੇ ਪ੍ਰੋਫੈਸਰ ਰਹਿ ਚੁੱਕੇ ਪ੍ਰੋ. ਇਲੀਅਟ ਜੈਕਬਸਨ ਨੇ ਆਪਣੇ ਬਲੌਗ ‘ਵਾਚਿੰਗ ਦਾ ਵਰਲਡ ਗੋ ਬਾਏ’ (ਦੁਨੀਆ ਨੂੰ ਰੁਖ਼ਸਤ ਹੁੰਦੇ ਦੇਖਦਿਆਂ) ਵਿਚ ਲਿਖਿਆ ਹੈ: “ਇਸ ਸਮੇਂ ਸਾਡੀ ਧਰਤੀ ਫ਼ੀ ਸਕਿੰਟ 13.3 ਹੀਰੋਸ਼ੀਮਾ (ਉਤੇ ਸੁੱਟੇ ਗਏ) ਪਰਮਾਣੂ ਬੰਬਾਂ ਜਿੰਨੀ ਗਰਮੀ ਦੀ ਦਰ ਨਾਲ ਗਰਮ ਹੋ ਰਹੀ ਹੈ, ਜਾਂ 11.50 ਲੱਖ ਹੀਰੋਸ਼ੀਮਾ ਪਰਮਾਣੂ ਬੰਬਾਂ ਜਿੰਨੀ ਰੋਜ਼ਾਨਾ ਗਰਮ ਹੋ ਰਹੀ ਹੈ।” ਉਨ੍ਹਾਂ ਹੋਰ ਹਿਸਾਬ ਲਾਇਆ ਹੈ ਕਿ ਸਾਡੇ ਸਮੁੰਦਰ ਪ੍ਰਤੀ ਸਕਿੰਟ 12 ਹੀਰੋਸ਼ੀਮਾ ਪਰਮਾਣੂ ਬੰਬਾਂ ਦੀ ਦਰ ਨਾਲ ਗਰਮ ਹੋ ਰਹੇ ਹਨ।

ਇਹ ਬੜਾ ਡਰਾਉਣਾ ਮੰਜ਼ਰ ਹੈ। ਇਸ ਦੇ ਬਾਵਜੂਦ ਅਸੀਂ ਬਚਾਅ ਲਈ ਕੋਈ ਸਾਂਝਾ ਕਦਮ ਚੁੱਕਣ ਵਾਸਤੇ ਤਿਆਰ ਨਹੀਂ ਹਾਂ। ਜ਼ਾਹਿਰਾ ਤੌਰ ’ਤੇ ਚਿੰਤਤ ਤੇ ਪ੍ਰੇਸ਼ਾਨ ਯੂਐੱਨ ਮੁਖੀ ਨੇ ਪਹਿਲਾਂ ਟਿੱਪਣੀ ਕੀਤੀ ਸੀ: “ਸਰਕਾਰਾਂ ਅਤੇ ਕਾਰੋਬਾਰੀ ਆਗੂ ਕਹਿੰਦੇ ਕੁਝ ਹੋਰ ਹਨ ਤੇ ਕਰਦੇ ਕੁਝ ਹੋਰ ਹਨ। ਸਾਫ਼ ਲਫ਼ਜ਼ਾਂ ਵਿਚ ਆਖਿਆ ਜਾਵੇ ਤਾਂ ਉਹ ਝੂਠ ਬੋਲ ਰਹੇ ਹਨ।” ਉਹ ਕੁਝ ਸਮਾਂ ਪਹਿਲਾਂ ਮੌਸਮੀ ਤਬਦੀਲੀ ਬਾਰੇ ਅੰਤਰ-ਸਰਕਾਰੀ ਪੈਨਲ (IPCC) ਦੀ ਰਿਪੋਰਟ ਉਤੇ ਪ੍ਰਤੀਕਰਮ ਜ਼ਾਹਿਰ ਕਰ ਰਹੇ ਸਨ ਜਿਸ ਵਿਚ ਕਿਹਾ ਗਿਆ ਹੈ ਕਿ ਜੇ ਅਸੀਂ ਇਸ ਸਦੀ ਦੌਰਾਨ ਆਲਮੀ ਤਪਸ਼ ਦੇ ਵਾਧੇ ਨੂੰ 1.5 ਡਿਗਰੀ ਸੈਲਸੀਅਸ ਦੀ ਸੁਰੱਖਿਅਤ ਹੱਦ ਦੇ ਅੰਦਰ ਰੱਖਣਾ ਚਾਹੁੰਦੇ ਹਾਂ ਤਾਂ ਗਰੀਨਹਾਊਸ ਗੈਸਾਂ ਦਾ ਸਿਖਰ ਨਿਕਾਸ, 2022 ਵਾਲਾ ਹੀ ਰਹਿਣਾ ਚਾਹੀਦਾ ਹੈ ਪਰ ਅਜਿਹਾ ਹੁੰਦਾ ਨਹੀਂ ਜਾਪਦਾ। ਵਕਤ ਤੇਜ਼ੀ ਨਾਲ ਹੱਥੋਂ ਖਿਸਕ ਰਿਹਾ ਹੈ।

ਵਾਰ ਵਾਰ ਖ਼ਬਰਦਾਰ ਕਰਨ ਦੇ ਬਾਵਜੂਦ ਇਹ ਮਾਮਲਾ ਸਿਆਸੀ ਆਗੂਆਂ, ਕਾਰੋਬਾਰੀਆਂ, ਨਵ-ਉਦਾਰਵਾਦੀ ਅਰਥਸ਼ਾਸਤਰੀਆਂ, ਸਾਇੰਸਦਾਨਾਂ ਅਤੇ ਮੀਡੀਆ ਲਈ ਹਮੇਸ਼ਾ ਵਾਂਗ ਕਾਰੋਬਾਰ ਹੀ ਰਿਹਾ ਹੈ। ਡਾਢਾ ਅਸਰ ਛੱਡਣ ਵਾਲੀਆਂ ਇਹ ਆਵਾਜ਼ਾਂ ਲਗਾਤਾਰ ਇਹੋ ਸੁਨੇਹਾ ਦਿੰਦੀਆਂ ਹਨ ਕਿ ਲੋਕਾਂ ਨੂੰ ਵਾਤਾਵਰਨ ਬਾਰੇ ਬੇਲੋੜੇ ਘਬਰਾਉਣਾ ਨਹੀਂ ਚਾਹੀਦਾ, ਨਵੀਆਂ ਤਕਨਾਲੋਜੀਆਂ ਮੌਸਮੀ ਸੰਕਟ ਦਾ ਹੱਲ ਕਰ ਲੈਣਗੀਆਂ। ਦੁਨੀਆ ਭਰ ਵਿਚ ਅਜਿਹੇ ਅਣਗਿਣਤ ਲੇਖ ਨਸ਼ਰ ਹੋ ਰਹੇ ਹਨ ਜਿਨ੍ਹਾਂ ਵਿਚੋਂ ਕਈ ਲੇਖ ਤਾਂ ਆਲਮੀ ਤਾਪਮਾਨ ਵਿਚ ਹੋ ਰਹੇ ਗ਼ੈਰ-ਮਾਮੂਲੀ ਵਾਧੇ ਦਾ ਮੌਸਮੀ ਤਬਦੀਲੀ ਨਾਲ ਸਬੰਧ ਹੋਣ ਤੋਂ ਹੀ ਇਨਕਾਰੀ ਹਨ; ਅਜਿਹੇ ਲੇਖ ਮਾਲੀ ਤਰੱਕੀ ਦੇ ਨਾਂ ’ਤੇ ਕੁਦਰਤੀ ਵਸੀਲਿਆਂ ਦੀ ਤਬਾਹੀ ਤੱਕ ਨੂੰ ਵੀ ਜਾਇਜ਼ ਠਹਿਰਾਉਂਦੇ ਹਨ।

ਅੱਜ ਦੁਨੀਆ ਵਿਚ ਯਕੀਨਨ ਉਸ ਅਰਥਸ਼ਾਸਤਰ ਦਾ ਵਿਰੋਧ ਦਿਖਾਈ ਦੇ ਰਿਹਾ ਹੈ ਜਿਹੜਾ ਇਸ ਸੰਕਟ ਦਾ ਕਾਰਨ ਬਣਿਆ ਹੈ। ਖਣਿਜ ਤੇਲ (ਪੈਟਰੋਲੀਅਮ) ਦੀ ਵਰਤੋਂ ਬੰਦ ਕਰਨ ਦੀ ਮੰਗ ਵਧ ਰਹੀ ਹੈ। ਅਜਿਹੀਆਂ ਬਹੁਤ ਸਾਰੀਆਂ ਅਸਰਦਾਰ ਆਵਾਜ਼ਾਂ ਹਨ ਜਿਹੜੀਆਂ ਪ੍ਰਚਲਿਤ ਧਾਰਨਾ ਨਾਲ ਸਬੰਧਤ ਮੁੱਖਧਾਰਾ ਅਰਥਸ਼ਾਸਤਰੀਆਂ ਵਾਂਗ ਨਹੀਂ ਸੋਚਦੀਆਂ। ਅਜਿਹੀ ਇਕ ਆਵਾਜ਼ ਬਰਤਾਨਵੀ ਮੰਤਰੀ ਜ਼ੈਕ ਗੋਲਡਸਮਿਥ ਹਨ। ਉਨ੍ਹਾਂ ਟਵੀਟ ਕੀਤਾ ਹੈ: ‘‘ਜਿਵੇਂ ਯੂਰੋਪ ਤੇ ਦੁਨੀਆ ਭਰ ਵਿਚ ਅੱਗਾਂ ਲੱਗ ਰਹੀਆਂ ਹਨ, ਜਿਵੇਂ ਸੰਸਾਰ ਦੇ ਲਗਭਗ ਹਰ ਖਿੱਤੇ ਵਿਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਿਵੇਂ ਜੰਗਲਾਂ ਤੇ ਵਾਤਾਵਰਨ ਦੇ ਢਾਂਚੇ ਨੂੰ ਰਿਕਾਰਡ ਰਫ਼ਤਾਰ ਨਾਲ ਤਬਾਹ ਕੀਤਾ ਜਾ ਰਿਹਾ ਹੈ… ਇਹ ਗੱਲ ਗ਼ੌਰ ਕਰਨ ਵਾਲੀ ਹੈ ਕਿ ਹਾਲੇ ਵੀ ਅਜਿਹੇ ਸਿਆਸਤਦਾਨ ਚੁਣੇ ਜਾ ਰਹੇ ਹਨ ਜਿਹੜੇ ਸੋਚਦੇ ਹਨ ਕਿ ਸਾਡੀ ਧਰਤੀ ਦੀ ਰਾਖੀ ਕਰਨਾ ਲਾਗਤ ਪੱਖੋਂ ਕਿਫ਼ਾਇਤੀ ਨਹੀਂ ਤੇ ਮਹਿੰਗਾ ਕੰਮ ਹੈ।”

ਯੂਐੱਨ ਦੇ ਸਾਬਕਾ ਸਕੱਤਰ ਜਨਰਲ ਬਾਨ ਕੀ-ਮੂਨ ਨੇ ਆਲਮੀ ਆਰਥਿਕ ਫੋਰਮ ਦੀ ਮੀਟਿੰਗ ’ਚ ਕਿਹਾ ਕਿ ਸੰਸਾਰ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜਿਹੜੀ ਮੌਜੂਦਾ ਆਰਥਿਕ ਢਾਂਚੇ ਨੂੰ ਬਦਲ ਸਕੇ, ਇਹ ਆਰਥਿਕ ਢਾਂਚਾ ਸਾਨੂੰ ਮੌਸਮੀ ਤਬਾਹੀ ਵੱਲ ਲਿਜਾ ਰਿਹਾ ਹੈ। ਮੇਰੇ ਖਿਆਲ ਵਿਚ ਮੌਸਮੀ ਸੰਕਟ ਦੀ ਜੜ੍ਹ ਇਹੋ ਹੈ ਕਿ ਸਿਆਸੀ ਲੀਡਰਸ਼ਿਪ ਇਸ ਨੂੰ ਹੱਥ ਪਾਉਣ ਤੋਂ ਡਰਦੀ ਹੈ। ਜਦੋਂ ਤੱਕ ਵਿਕਾਸ ਦੇ ਸਾਂਚੇ ਵਜੋਂ ਜੀਡੀਪੀ ਪ੍ਰਤੀ ਜਨੂਨ ਖ਼ਤਮ ਨਹੀਂ ਹੋ ਜਾਂਦਾ, ਉਦੋਂ ਤੱਕ ਉਮੀਦ ਦੀ ਕੋਈ ਕਿਰਨ ਦਿਖਾਈ ਨਹੀਂ ਦਿੰਦੀ। ਅਸੀਂ ਮੰਨੀਏ ਭਾਵੇਂ ਨਾ, ਹਕੀਕਤ ਵਿਚ ਇਹ ਸਾਡਾ ਆਰਥਿਕ ਢਾਂਚਾ ਹੀ ਹੈ ਜਿਸ ਨੇ ਨਾ ਸਿਰਫ਼ ਨਾ-ਬਰਾਬਰੀ ਵਿਚ ਇਜ਼ਾਫ਼ਾ ਕੀਤਾ ਹੈ ਸਗੋਂ ਇਸ ਨੇ ਵਾਤਾਵਰਨ ਦਾ ਅਜਿਹਾ ਸੰਕਟ ਪੈਦਾ ਕਰ ਦਿੱਤਾ ਹੈ ਜਿਸ ਨੇ ਦੁਨੀਆ ਨੂੰ ਡੂੰਘੀ ਖਾਈ ਕੰਢੇ ਲਿਆ ਖੜ੍ਹੀ ਕਰ ਦਿੱਤਾ ਹੈ। ਇਸ ਲਈ ਇਸ ਮਾਰੂ ਆਰਥਿਕ ਢਾਂਚੇ ਨੂੰ ਠੀਕ ਕਰਨ ਲਈ ਬੁਨਿਆਦੀ ਆਰਥਿਕ ਤਬਦੀਲੀ ਦੀ ਲੋੜ ਹੈ। ਅਜਿਹਾ ਪ੍ਰਬੰਧ ਜਿ਼ਆਦਾ ਚਿਰ ਨਹੀਂ ਚੱਲ ਸਕਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: